Fò sí àkóónú

ਹੋਸ਼ੇਆ 5

5
ਇਸਰਾਏਲ ਦੇ ਵਿਰੁੱਧ ਨਿਆਂ
1“ਹੇ ਜਾਜਕੋ, ਇਹ ਸੁਣੋ!
ਹੇ ਇਸਰਾਏਲੀਓ, ਧਿਆਨ ਦਿਓ!
ਸ਼ਾਹੀ ਘਰਾਣੇ ਵਾਲਿਓ, ਸੁਣੋ!
ਇਹ ਨਿਆਂ ਤੁਹਾਡੇ ਵਿਰੁੱਧ ਹੈ:
ਤੁਸੀਂ ਮਿਸਪਾਹ ਵਿੱਚ ਇੱਕ ਫਾਹੀ ਹੋ,
ਤਾਬੋਰ ਉੱਤੇ ਇੱਕ ਜਾਲ ਵਿਛਾਇਆ।
2ਬਾਗ਼ੀ ਕਤਲੇਆਮ ਵਿੱਚ ਗੋਡੇ ਟੇਕ ਰਹੇ ਹਨ;
ਮੈਂ ਉਨ੍ਹਾਂ ਸਾਰਿਆਂ ਨੂੰ ਸੁਧਾਰਨ ਵਾਲਾ ਹਾਂ।
3ਮੈਂ ਇਫ਼ਰਾਈਮ ਬਾਰੇ ਸਭ ਕੁਝ ਜਾਣਦਾ ਹਾਂ;
ਇਸਰਾਏਲ ਮੇਰੇ ਤੋਂ ਲੁਕਿਆ ਨਹੀਂ ਹੈ।
ਹੇ ਇਫ਼ਰਾਈਮ, ਤੂੰ ਹੁਣ ਵੇਸਵਾ ਵੱਲ ਮੁੜਿਆ ਹੈ,
ਇਸਰਾਏਲ ਭ੍ਰਿਸ਼ਟ ਹੋ ਗਿਆ ਹੈ।
4“ਉਨ੍ਹਾਂ ਦੇ ਕੰਮ ਉਨ੍ਹਾਂ ਨੂੰ ਆਪਣੇ ਪਰਮੇਸ਼ਵਰ ਵੱਲ ਮੁੜਨ ਦੀ ਇਜਾਜ਼ਤ ਨਹੀਂ ਦਿੰਦੇ।
ਉਨ੍ਹਾਂ ਦੇ ਦਿਲ ਵਿੱਚ ਵਿਭਚਾਰ ਦੀ ਰੂਹ ਹੈ, ਉਹ ਯਾਹਵੇਹ ਨੂੰ ਨਹੀਂ ਮੰਨਦੇ।
5ਇਸਰਾਏਲ ਦਾ ਹੰਕਾਰ ਉਨ੍ਹਾਂ ਦੇ ਵਿਰੁੱਧ ਗਵਾਹੀ ਦਿੰਦਾ ਹੈ।
ਇਸਰਾਏਲੀ, ਇੱਥੋਂ ਤੱਕ ਕਿ ਇਫ਼ਰਾਈਮ,
ਆਪਣੇ ਪਾਪ ਵਿੱਚ ਠੋਕਰ ਖਾਂਦੇ ਹਨ;
ਯਹੂਦਾਹ ਵੀ ਉਨ੍ਹਾਂ ਨਾਲ ਠੋਕਰ ਖਾ ਰਿਹਾ ਹੈ।
6ਜਦੋਂ ਉਹ ਆਪਣੇ ਇੱਜੜਾਂ ਅਤੇ ਵੱਗਾਂ ਦੇ ਨਾਲ,
ਯਾਹਵੇਹ ਨੂੰ ਲੱਭਣ ਲਈ ਜਾਂਦੇ ਹਨ,
ਉਹ ਉਸ ਨੂੰ ਨਹੀਂ ਲੱਭਣਗੇ।
ਉਸ ਨੇ ਆਪਣੇ ਆਪ ਨੂੰ ਉਨ੍ਹਾਂ ਤੋਂ ਦੂਰ ਕਰ ਲਿਆ ਹੈ।
7ਉਹ ਯਾਹਵੇਹ ਦੇ ਪ੍ਰਤੀ ਬੇਵਫ਼ਾ ਹਨ;
ਉਹ ਨਜਾਇਜ਼ ਬੱਚਿਆਂ ਨੂੰ ਜਨਮ ਦਿੰਦੇ ਹਨ।
ਜਦੋਂ ਉਹ ਆਪਣੇ ਨਵੇਂ ਚੰਦ ਦੇ ਤਿਉਹਾਰ ਮਨਾਉਂਦੇ ਹਨ,
ਤਾਂ ਉਹ ਉਨ੍ਹਾਂ ਦੇ ਖੇਤਾਂ ਨੂੰ ਖਾ ਜਾਵੇਗਾ।
8“ਗਿਬਆਹ ਵਿੱਚ ਤੁਰ੍ਹੀ ਵਜਾਓ,
ਰਾਮਾਹ ਵਿੱਚ ਸਿੰਗ।
ਬੈਤ-ਆਵਨ ਵਿੱਚ ਲੜਾਈ ਦਾ ਨਾਅਰਾ ਬੁਲੰਦ ਕਰੋ;
ਹੇ ਬਿਨਯਾਮੀਨ! ਸਾਡੀ ਅਗਵਾਈ ਕਰੋ।
9ਇਫ਼ਰਾਈਮ ਨੂੰ ਲੇਖੇ ਦੇ ਦਿਨ ਬਰਬਾਦ ਕੀਤਾ ਜਾਵੇਗਾ,
ਇਸਰਾਏਲ ਦੇ ਗੋਤਾਂ ਵਿੱਚ ਮੈਂ ਉਸ ਗੱਲ ਦਾ ਐਲਾਨ ਕਰਦਾ ਹਾਂ ਜੋ ਨਿਸ਼ਚਿਤ ਹੈ।
10ਯਹੂਦਾਹ ਦੇ ਆਗੂ ਉਨ੍ਹਾਂ ਵਰਗੇ ਹਨ ਜਿਹੜੇ ਸਰਹੱਦ ਦੇ ਪੱਥਰਾਂ ਨੂੰ ਹਿਲਾਉਂਦੇ ਹਨ।
ਮੈਂ ਆਪਣਾ ਕ੍ਰੋਧ ਉਨ੍ਹਾਂ ਉੱਤੇ ਪਾਣੀ ਦੇ ਹੜ੍ਹ ਵਾਂਗ ਵਹਾਵਾਂਗਾ।
11ਇਫ਼ਰਾਈਮ ਸਤਾਇਆ ਗਿਆ,
ਨਿਆਉਂ ਵਿੱਚ ਮਿੱਧਿਆ ਗਿਆ,
ਕਿਉਂਕਿ ਉਹਨਾਂ ਨੇ ਮੂਰਤੀਆਂ ਦਾ ਪਿੱਛਾ ਕਰਨ ਦਾ ਇਰਾਦਾ ਕਰ ਲਿਆ ਹੈ।
12ਮੈਂ ਇਫ਼ਰਾਈਮ ਲਈ ਕੀੜੇ ਵਰਗਾ ਹਾਂ,
ਯਹੂਦਾਹ ਦੇ ਲੋਕਾਂ ਲਈ ਘੁਣ ਵਾਂਗੂੰ ਹਾਂ।
13“ਜਦੋਂ ਇਫ਼ਰਾਈਮ ਨੇ ਆਪਣੀ ਬਿਮਾਰੀ,
ਅਤੇ ਯਹੂਦਾਹ ਨੇ ਆਪਣੇ ਜ਼ਖਮ ਵੇਖੇ,
ਤਦ ਇਫ਼ਰਾਈਮ ਅੱਸ਼ੂਰ ਵੱਲ ਮੁੜਿਆ,
ਅਤੇ ਮਹਾਨ ਰਾਜੇ ਕੋਲ ਸਹਾਇਤਾ ਲਈ ਭੇਜਿਆ।
ਪਰ ਉਹ ਤੁਹਾਨੂੰ ਠੀਕ ਨਹੀਂ ਕਰ ਸਕਦਾ,
ਨਾ ਤੁਹਾਡੇ ਜ਼ਖਮਾਂ ਨੂੰ ਚੰਗਾ ਕਰ ਸਕਦਾ ਹੈ।
14ਕਿਉਂਕਿ ਮੈਂ ਇਫ਼ਰਾਈਮ ਲਈ ਸ਼ੇਰ ਵਰਗਾ ਹੋਵਾਂਗਾ,
ਯਹੂਦਾਹ ਲਈ ਇੱਕ ਵੱਡੇ ਸ਼ੇਰ ਵਰਗਾ ਹੋਵਾਂਗਾ।
ਮੈਂ ਉਨ੍ਹਾਂ ਨੂੰ ਪਾੜ ਦਿਆਂਗਾ ਅਤੇ ਚਲਾ ਜਾਵਾਂਗਾ।
ਮੈਂ ਉਨ੍ਹਾਂ ਨੂੰ ਚੁੱਕ ਲਵਾਂਗਾ, ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ।
15ਤਦ ਤੱਕ ਮੈਂ ਆਪਣੀ ਕੋਠੜੀ ਵਿੱਚ ਵਾਪਸ ਆਵਾਂਗਾ,
ਜਦ ਤੱਕ ਉਹ ਆਪਣਾ ਦੋਸ਼ ਨਹੀਂ ਚੁੱਕ ਲੈਣ
ਅਤੇ ਮੇਰੇ ਮੂੰਹ ਨੂੰ ਭਾਲਣ,
ਆਪਣੇ ਦੁੱਖ ਵਿੱਚ
ਉਹ ਮੈਨੂੰ ਦਿਲੋਂ ਭਾਲਣਗੇ।”