ਉਪਦੇਸ਼ਕ 3
3
ਹਰ ਕੰਮ ਦਾ ਇੱਕ ਸਮਾਂ ਹੈ
1ਹਰ ਕੰਮ ਦਾ ਇੱਕ ਸਮਾਂ ਹੈ,
ਅਤੇ ਅਕਾਸ਼ ਦੇ ਹੇਠਾਂ ਹਰ ਕੰਮ ਲਈ ਇੱਕ ਸਮਾਂ ਹੈ।
2ਇੱਕ ਜੰਮਣ ਦਾ ਸਮਾਂ ਅਤੇ ਇੱਕ ਮਰਨ ਦਾ ਸਮਾਂ ਹੈ,
ਇੱਕ ਲਾਉਣ ਦਾ ਸਮਾਂ ਅਤੇ ਇੱਕ ਪੁੱਟਣ ਸਮਾਂ,
3ਇੱਕ ਮਾਰਨ ਦਾ ਸਮਾਂ ਅਤੇ ਇੱਕ ਚੰਗਾ ਕਰਨ ਦਾ ਸਮਾਂ,
ਇੱਕ ਢਾਉਣ ਦਾ ਸਮਾਂ ਅਤੇ ਇੱਕ ਬਣਾਉਣ ਦਾ ਸਮਾਂ,
4ਇੱਕ ਰੋਣ ਦਾ ਸਮਾਂ ਅਤੇ ਇੱਕ ਹੱਸਣ ਦਾ ਸਮਾਂ,
ਇੱਕ ਸੋਗ ਕਰਨ ਦਾ ਸਮਾਂ ਅਤੇ ਇੱਕ ਨੱਚਣ ਦਾ ਸਮਾਂ,
5ਇੱਕ ਪੱਥਰਾਂ ਨੂੰ ਖਿੰਡਾਉਣ ਦਾ ਸਮਾਂ ਅਤੇ ਇੱਕ ਇਕੱਠਾ ਕਰਨ ਦਾ ਸਮਾਂ,
ਇੱਕ ਗਲੇ ਲਗਾਉਣ ਦਾ ਸਮਾਂ ਅਤੇ ਇੱਕ ਗਲ਼ ਲੱਗਣ ਤੋਂ ਦੂਰ ਰਹਿਣ ਦਾ ਸਮਾਂ,
6ਇੱਕ ਲੱਭਣ ਦਾ ਸਮਾਂ ਅਤੇ ਇੱਕ ਗੁਆਉਣ ਦਾ ਸਮਾਂ,
ਇੱਕ ਰੱਖਣ ਦਾ ਸਮਾਂ ਅਤੇ ਇੱਕ ਸੁੱਟਣ ਦਾ ਸਮਾਂ,
7ਇੱਕ ਪਾੜਨ ਦਾ ਸਮਾਂ ਅਤੇ ਇੱਕ ਸੁਧਾਰਨ ਦਾ ਸਮਾਂ,
ਇੱਕ ਚੁੱਪ ਰਹਿਣ ਦਾ ਸਮਾਂ ਅਤੇ ਇੱਕ ਬੋਲਣ ਦਾ ਸਮਾਂ,
8ਇੱਕ ਪਿਆਰ ਕਰਨ ਦਾ ਸਮਾਂ ਅਤੇ ਇੱਕ ਨਫ਼ਰਤ ਕਰਨ ਦਾ ਸਮਾਂ,
ਇੱਕ ਯੁੱਧ ਦਾ ਸਮਾਂ ਅਤੇ ਇੱਕ ਸ਼ਾਂਤੀ ਦਾ ਸਮਾਂ।
9ਮਜ਼ਦੂਰਾਂ ਨੂੰ ਆਪਣੀ ਮਿਹਨਤ ਤੋਂ ਕੀ ਲਾਭ ਹੁੰਦਾ ਹੈ? 10ਮੈਂ ਉਹ ਬੋਝ ਵੇਖਿਆ ਹੈ ਜੋ ਪਰਮੇਸ਼ਵਰ ਨੇ ਮਨੁੱਖਜਾਤੀ ਉੱਤੇ ਪਾਇਆ ਹੈ। 11ਉਸਨੇ ਆਪਣੇ ਸਮੇਂ ਵਿੱਚ ਹਰ ਚੀਜ਼ ਨੂੰ ਸੁੰਦਰ ਬਣਾਇਆ ਹੈ। ਉਸ ਨੇ ਮਨੁੱਖ ਦੇ ਦਿਲ ਵਿੱਚ ਸਦੀਪਕਤਾ ਵੀ ਕਾਇਮ ਕੀਤੀ ਹੈ, ਫਿਰ ਵੀ ਕੋਈ ਨਹੀਂ ਜਾਣ ਸਕਦਾ ਕਿ ਪਰਮੇਸ਼ਵਰ ਨੇ ਸ਼ੁਰੂ ਤੋਂ ਅੰਤ ਤੱਕ ਕੀ ਕੀਤਾ ਹੈ। 12ਮੈਂ ਜਾਣਦਾ ਹਾਂ ਕਿ ਲੋਕਾਂ ਲਈ ਖੁਸ਼ ਰਹਿਣ ਅਤੇ ਜਿਉਂਦੇ ਜੀ ਭਲਾ ਕਰਨ ਨਾਲੋਂ ਬਿਹਤਰ ਹੋਰ ਕੁਝ ਨਹੀਂ ਹੈ। 13ਅਤੇ ਇਹ ਵੀ ਜੋ ਹਰੇਕ ਆਦਮੀ ਖਾਵੇ-ਪੀਵੇ ਅਤੇ ਆਪੋ-ਆਪਣੀ ਮਿਹਨਤ ਦਾ ਲਾਭ ਉਠਾਵੇ, ਇਹ ਵੀ ਪਰਮੇਸ਼ਵਰ ਦੀ ਦਾਤ ਹੈ। 14ਮੈਂ ਜਾਣਦਾ ਹਾਂ ਕਿ ਪਰਮੇਸ਼ਵਰ ਜੋ ਵੀ ਕਰਦਾ ਹੈ ਉਹ ਹਮੇਸ਼ਾ ਲਈ ਬਣਿਆ ਰਹੇਗਾ ਇਸ ਵਿੱਚ ਨਾ ਕੁਝ ਵਾਧਾ ਹੋ ਸਕਦਾ ਹੈ, ਨਾ ਹੀ ਇਸ ਵਿੱਚ ਕੁਝ ਘਾਟਾ ਹੋ ਸਕਦਾ ਹੈ, ਅਤੇ ਪਰਮੇਸ਼ਵਰ ਅਜਿਹਾ ਇਸ ਲਈ ਕਰਦਾ ਹੈ ਤਾਂ ਜੋ ਲੋਕ ਉਸ ਤੋਂ ਡਰਨ।
15ਜੋ ਕੁਝ ਪਹਿਲਾ ਹੀ ਹੈ ਉਹ ਹੁਣ ਵੀ ਹੈ,
ਅਤੇ ਜੋ ਕੁਝ ਹੋਣ ਵਾਲਾ ਹੈ ਉਹ ਪਹਿਲਾ ਵੀ ਹੋ ਚੁੱਕਾ ਹੈ,
ਅਤੇ ਪਰਮੇਸ਼ਵਰ ਬੀਤ ਚੁੱਕੀਆਂ ਗੱਲਾਂ ਨੂੰ ਫਿਰ ਦੁਹਰਾਉਂਦਾ ਹੈ।
16ਅਤੇ ਮੈਂ ਸੂਰਜ ਦੇ ਹੇਠਾਂ ਕੁਝ ਹੋਰ ਦੇਖਿਆ
ਨਿਆਂ ਦੀ ਜਗ੍ਹਾ ਦੁਸ਼ਟਤਾ ਹੁੰਦੀ ਹੈ,
ਅਤੇ ਧਰਮ ਦੀ ਜਗ੍ਹਾ ਤੇ ਵੀ ਦੁਸ਼ਟਤਾ ਹੁੰਦੀ ਹੈ।
17ਮੈਂ ਆਪਣੇ ਆਪ ਨੂੰ ਕਿਹਾ,
“ਪਰਮੇਸ਼ਵਰ ਧਰਮੀ ਅਤੇ ਦੁਸ਼ਟ
ਦੋਹਾਂ ਦਾ ਨਿਆਂ ਕਰੇਗਾ,
ਕਿਉਂਕਿ ਹਰ ਕੰਮ ਦਾ ਇੱਕ ਸਮਾਂ ਹੋਵੇਗਾ,
ਹਰੇਕ ਕੰਮ ਦਾ ਨਿਆਂ ਕਰਨ ਦਾ ਸਮਾਂ ਹੋਵੇਗਾ।”
18ਮੈਂ ਆਪਣੇ ਆਪ ਨੂੰ ਇਹ ਵੀ ਕਿਹਾ, “ਜਿੱਥੋਂ ਤੱਕ ਮਨੁੱਖਾਂ ਦੀ ਗੱਲ ਹੈ, ਪਰਮੇਸ਼ਵਰ ਉਹਨਾਂ ਨੂੰ ਪਰਖਦਾ ਹੈ ਤਾਂ ਜੋ ਉਹ ਦੇਖ ਸਕਣ ਕਿ ਉਹ ਜਾਨਵਰਾਂ ਵਰਗੇ ਹੀ ਹਨ। 19ਕਿਉਂਕਿ ਜੋ ਮਨੁੱਖਾਂ ਉੱਤੇ ਬੀਤਦਾ ਹੈ ਉਹ ਪਸ਼ੂਆਂ ਉੱਤੇ ਵੀ ਬੀਤਦਾ ਹੈ; ਜਿਵੇਂ ਇਹ ਮਰਦਾ ਹੈ ਉਸੇ ਤਰ੍ਹਾਂ ਉਹ ਵੀ ਮਰਦਾ ਹੈ, ਹਾਂ ਸਭਨਾ ਵਿੱਚ ਇੱਕੋ ਜਿਹਾ ਸਾਹ#3:19 ਸਾਹ ਅਰਥਾਤ: ਆਤਮਾ ਹੈ ਅਤੇ ਮਨੁੱਖ ਪਸ਼ੂ ਨਾਲੋਂ ਜ਼ਿਆਦਾ ਉੱਤਮ ਨਹੀਂ ਹਨ, ਸਭ ਕੁਝ ਵਿਅਰਥ ਹੈ 20ਸਾਰੇ ਇੱਕੋ ਥਾਂ ਤੇ ਜਾਂਦੇ ਹਨ ਸਾਰੇ ਮਿੱਟੀ ਤੋਂ ਆਉਂਦੇ ਹਨ, ਅਤੇ ਸਾਰੇ ਮਿੱਟੀ ਵਿੱਚ ਵਾਪਸ ਚਲੇ ਜਾਂਦੇ ਹਨ। 21ਕੌਣ ਜਾਣਦਾ ਹੈ ਕਿ ਮਨੁੱਖ ਦਾ ਆਤਮਾ ਉੱਪਰ ਉੱਠਦਾ ਹੈ ਅਤੇ ਜਾਨਵਰ ਦਾ ਆਤਮਾ ਧਰਤੀ ਹੇਠਾਂ ਉਤਰਦਾ ਹੈ?”
22ਇਸ ਲਈ ਮੈਂ ਦੇਖਿਆ ਕਿ ਕਿਸੇ ਵਿਅਕਤੀ ਲਈ ਆਪਣੇ ਕੰਮ ਦਾ ਆਨੰਦ ਲੈਣ ਨਾਲੋਂ ਬਿਹਤਰ ਹੋਰ ਕੋਈ ਚੀਜ਼ ਨਹੀਂ ਹੈ, ਕਿਉਂਕਿ ਇਹ ਉਹਨਾਂ ਦੀ ਮੰਜ਼ਿਲ ਹੈ। ਉਹਨਾਂ ਨੂੰ ਇਹ ਵੇਖਣ ਲਈ ਕੌਣ ਲਿਆ ਸਕਦਾ ਹੈ ਕਿ ਉਹਨਾਂ ਤੋਂ ਬਾਅਦ ਕੀ ਹੋਵੇਗਾ?
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.