ਆਮੋਸ 3
3
ਇਸਰਾਏਲ ਦੇ ਵਿਰੁੱਧ ਗਵਾਹਾਂ ਨੂੰ ਬੁਲਾਇਆ ਜਾਣਾ
1ਹੇ ਇਸਰਾਏਲ ਦੇ ਲੋਕੋ, ਇਹ ਸ਼ਬਦ ਸੁਣੋ, ਉਹ ਸ਼ਬਦ ਜੋ ਯਾਹਵੇਹ ਨੇ ਤੁਹਾਡੇ ਵਿਰੁੱਧ ਬੋਲਿਆ ਹੈ; ਉਸ ਸਾਰੇ ਪਰਿਵਾਰ ਦੇ ਵਿਰੁੱਧ ਜਿਸ ਨੂੰ ਮੈਂ ਮਿਸਰ ਵਿੱਚੋਂ ਲਿਆਇਆ ਹਾਂ:
2“ਮੈਂ ਧਰਤੀ ਦੇ ਸਾਰੇ ਪਰਿਵਾਰਾਂ ਵਿੱਚੋਂ ਸਿਰਫ ਤੁਹਾਨੂੰ ਹੀ ਚੁਣਿਆ ਹੈ;
ਇਸ ਲਈ ਮੈਂ ਤੁਹਾਨੂੰ ਤੁਹਾਡੇ ਸਾਰੇ ਪਾਪਾਂ ਦੀ ਸਜ਼ਾ ਦਿਆਂਗਾ।”
3ਕੀ ਦੋ ਵਿਅਕਤੀ ਇਕੱਠੇ ਚੱਲਦੇ ਹਨ,
ਜਦ ਤੱਕ ਉਹ ਸਹਿਮਤ ਨਹੀਂ ਹੁੰਦੇ?
4ਕੀ ਸ਼ੇਰ ਝਾੜੀਆਂ ਵਿੱਚ ਗਰਜਦਾ ਹੈ
ਜਦੋਂ ਉਸ ਦਾ ਕੋਈ ਸ਼ਿਕਾਰ ਨਹੀਂ ਹੁੰਦਾ?
ਕੀ ਉਹ ਆਪਣੇ ਡੇਰੇ ਵਿੱਚ ਗੂੰਜਦਾ ਹੈ
ਜਦੋਂ ਇਸ ਨੇ ਕੁਝ ਫੜਿਆ ਹੀ ਨਹੀਂ ਹੁੰਦਾ?
5ਕੀ ਕੋਈ ਪੰਛੀ ਜ਼ਮੀਨ ਤੇ ਬਿਨਾਂ ਚਾਰੇ ਦੇ ਪਸਾਰੇ ਗਏ,
ਜਾਲ ਵੱਲ ਝਪਟਦਾ ਹੈ?
ਜੇ ਉਹਦੇ ਵਿੱਚ ਕੁਝ ਵੀ ਨਾ ਫੱਸਿਆ ਹੋਵੇ,
ਤਾਂ ਕੀ ਫੰਦਾ ਆਪਣੇ ਆਪ ਉੱਛਲ ਜਾਂਦਾ ਹੈ?
6ਜਦੋਂ ਨਗਰ ਵਿੱਚ ਤੁਰ੍ਹੀ ਵੱਜਦੀ ਹੈ,
ਕੀ ਲੋਕ ਕੰਬਦੇ ਨਹੀਂ?
ਭਲਾ, ਜੇ ਯਾਹਵੇਹ ਹੀ ਸ਼ਹਿਰ ਵਿੱਚ ਬਿਪਤਾ ਨਾ ਭੇਜੇ,
ਤਾਂ ਕੀ ਕੋਈ ਬਿਪਤਾ ਕਿਸੇ ਸ਼ਹਿਰ ਉੱਤੇ ਆਵੇਗੀ?
7ਸੱਚ-ਮੁੱਚ ਸਰਬਸ਼ਕਤੀਮਾਨ ਯਾਹਵੇਹ ਆਪਣੇ ਸੇਵਕਾਂ ਨਬੀਆਂ ਨੂੰ
ਆਪਣੀ ਯੋਜਨਾ ਨੂੰ ਪ੍ਰਗਟ ਕੀਤੇ ਬਿਨਾਂ
ਕੁਝ ਨਹੀਂ ਕਰਦਾ।
8ਜਦੋਂ ਸ਼ੇਰ ਗਰਜਦਾ ਹੈ,
ਕੌਣ ਹੈ ਜੋ ਨਹੀਂ ਡਰਦਾ?
ਸਰਬਸ਼ਕਤੀਮਾਨ ਯਾਹਵੇਹ ਨੇ ਬੋਲਿਆ ਹੈ,
ਸੋ ਕੌਣ ਹੈ ਜੋ ਅਗੰਮਵਾਕ ਨਾ ਕਰੇਗਾ?
9ਅਸ਼ਦੋਦ ਦੇ ਕਿਲ੍ਹਿਆਂ ਵਿੱਚ ਅਤੇ ਮਿਸਰ ਦੇ ਕਿਲ੍ਹਿਆਂ ਵਿੱਚ ਐਲਾਨ ਕਰੋ:
“ਸਾਮਰਿਯਾ ਦੇ ਪਹਾੜਾਂ ਉੱਤੇ ਇਕੱਠੇ ਹੋਵੋ;
ਉਸ ਦੇ ਅੰਦਰ ਵੱਡੀ ਬੇਚੈਨੀ
ਅਤੇ ਉਸ ਦੇ ਲੋਕਾਂ ਵਿਚਕਾਰ ਕਿੰਨਾਂ ਜ਼ੁਲਮ ਹੈ।”
10“ਉਹ ਨਹੀਂ ਜਾਣਦੇ ਕਿ ਕਿਵੇਂ ਸਹੀ ਕੰਮ ਕਰਨਾ ਹੈ,” ਯਾਹਵੇਹ ਦਾ ਵਾਕ ਹੈ,
“ਉਨ੍ਹਾਂ ਦੇ ਮਹਿਲਾਂ ਵਿੱਚ
ਉਨ੍ਹਾਂ ਦੀ ਲੁੱਟ ਅਤੇ ਖੋਹ ਹੋਈ ਦੌਲਤ ਕਿਸ ਨੇ ਇਕੱਠੀ ਕੀਤੀ ਹੈ?”
11ਇਸ ਲਈ ਪ੍ਰਭੂ ਯਾਹਵੇਹ ਇਹ ਆਖਦਾ ਹੈ:
“ਇੱਕ ਦੁਸ਼ਮਣ ਤੁਹਾਡੀ ਧਰਤੀ ਉੱਤੇ ਕਬਜ਼ਾ ਕਰ ਲਵੇਗਾ,
ਤੁਹਾਡੇ ਗੜ੍ਹਾਂ ਨੂੰ ਢਾਹ ਦੇਵੇਗਾ
ਅਤੇ ਤੁਹਾਡੇ ਕਿਲ੍ਹਿਆਂ ਨੂੰ ਲੁੱਟ ਲਵੇਗਾ।”
12ਯਾਹਵੇਹ ਇਹ ਆਖਦਾ ਹੈ:
“ਇੱਕ ਚਰਵਾਹਾ ਜੋ ਇੱਕ ਭੇਡ ਨੂੰ ਸ਼ੇਰ ਦੇ ਮੂੰਹ ਵਿੱਚੋਂ ਬਚਾਉਣ ਦੀ ਕੋਸ਼ਿਸ਼ ਕਰਦਾ ਹੈ
ਉਹ ਸਿਰਫ ਦੋ ਲੱਤਾਂ ਜਾਂ ਇੱਕ ਕੰਨ ਦਾ ਇੱਕ ਟੁਕੜਾ ਹੀ ਬਚਾ ਸਕਦਾ ਹੈ।
ਇਸੇ ਤਰ੍ਹਾਂ ਹੀ ਸਾਮਰਿਯਾ ਵਿੱਚ ਰਹਿਣ ਵਾਲੇ ਇਸਰਾਏਲੀ ਬਚ ਜਾਣਗੇ
ਜਿਵੇਂ ਮੰਜੇ ਦਾ ਸਰਾਨਾ
ਅਤੇ ਬਿਸਤਰੇ ਤੋਂ ਕੱਪੜੇ ਦਾ ਟੁਕੜਾ ਬਚਾਇਆ ਜਾਂਦਾ ਹੈ।
13“ਇਹ ਸੁਣੋ ਅਤੇ ਯਾਕੋਬ ਦੇ ਘਰਾਣੇ ਦੇ ਵਿਰੁੱਧ ਗਵਾਹੀ ਦਿਓ,” ਯਾਹਵੇਹ, ਸਰਬਸ਼ਕਤੀਮਾਨ ਪਰਮੇਸ਼ਵਰ ਦਾ ਵਾਕ ਹੈ।
14“ਜਿਸ ਦਿਨ ਮੈਂ ਇਸਰਾਏਲ ਨੂੰ ਉਸ ਦੇ ਪਾਪਾਂ ਦੀ ਸਜ਼ਾ ਦਿਆਂਗਾ,
ਮੈਂ ਬੈਤਏਲ ਦੀਆਂ ਜਗਵੇਦੀਆਂ ਨੂੰ ਤਬਾਹ ਕਰ ਦਿਆਂਗਾ।
ਜਗਵੇਦੀ ਦੇ ਸਿੰਗ ਕੱਟੇ ਜਾਣਗੇ
ਅਤੇ ਜ਼ਮੀਨ ਉੱਤੇ ਡਿੱਗ ਜਾਣਗੇ।
15ਮੈਂ ਸਰਦੀਆਂ ਦੇ ਘਰ
ਅਤੇ ਗਰਮੀਆਂ ਦੇ ਘਰ ਨੂੰ ਢਾਹ ਦਿਆਂਗਾ।
ਹਾਥੀ ਦੰਦ ਨਾਲ ਸਜਾਏ ਹੋਏ ਘਰ ਤਬਾਹ ਹੋ ਜਾਣਗੇ
ਅਤੇ ਮਹਿਲ ਢਾਹ ਦਿੱਤੇ ਜਾਣਗੇ,”
ਇਹ ਯਾਹਵੇਹ ਦਾ ਵਾਕ ਹੈ।
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.