ਮੱਤੀ 2

2
ਖੋਜੀਆਂ ਦਾ ਆਉਣਾ
1ਰਾਜਾ ਹੇਰੋਦੇਸ ਦੇ ਦਿਨਾਂ ਵਿੱਚ ਯਹੂਦਿਯਾ ਦੇ ਬੈਤਲਹਮ ਵਿੱਚ, ਜਦ ਯਿਸੂ ਦਾ ਜਨਮ ਹੋਇਆ ਤਾਂ ਵੇਖੋ, ਕਈ ਵਿਦਵਾਨ ਖੋਜੀ ਪੂਰਬ ਵੱਲੋਂ ਯਰੂਸ਼ਲਮ ਵਿੱਚ ਆ ਕੇ ਪੁੱਛਣ ਲੱਗੇ, 2ਜਿਹੜਾ ਯਹੂਦੀਆਂ ਦਾ ਰਾਜਾ ਜੰਮਿਆ ਹੈ, ਉਹ ਕਿੱਥੇ ਹੈ? ਕਿਉਂ ਜੋ ਅਸੀਂ ਪੂਰਬ ਵੱਲ ਉਹ ਦਾ ਤਾਰਾ ਵੇਖਿਆ ਹੈ, ਅਤੇ ਉਹ ਨੂੰ ਮੱਥਾ ਟੇਕਣ ਆਏ ਹਾਂ। 3ਇਹ ਗੱਲ ਸੁਣ ਕੇ ਰਾਜਾ ਹੇਰੋਦੇਸ ਸਾਰੇ ਯਰੂਸ਼ਲਮ ਸਮੇਤ ਘਬਰਾ ਗਿਆ। 4ਅਤੇ ਉਸ ਨੇ ਸਾਰੇ ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਨੂੰ ਇਕੱਠਿਆਂ ਕਰ ਕੇ ਉਨ੍ਹਾਂ ਨੂੰ ਪੁੱਛਿਆ ਜੋ ਮਸੀਹ ਕਿੱਥੇ ਜੰਮੇਗਾ? 5ਉਨ੍ਹਾਂ ਨੇ ਉਸ ਨੂੰ ਕਿਹਾ, ਯਹੂਦਿਯਾ ਦੇ ਬੈਤਲਹਮ ਵਿੱਚ ਕਿਉਂ ਜੋ ਨਬੀ ਦੇ ਰਾਹੀਂ ਅਜਿਹਾ ਲਿਖਿਆ ਹੋਇਆ ਹੈ ਕਿ,
6ਹੇ ਬੈਤਲਹਮ, ਤੂੰ ਜੋ ਯਹੂਦਾਹ ਦੇ ਦੇਸ ਵਿੱਚੋਂ ਹੈਂ, ਹਾਕਮਾਂ ਵਿੱਚੋਂ ਕਿਸੇ ਨਾਲੋਂ ਛੋਟਾ ਨਹੀਂ, ਕਿਉਂ ਜੋ ਤੇਰੇ ਵਿੱਚੋਂ ਇੱਕ ਹਾਕਮ ਨਿੱਕਲੇਗਾ ਜਿਹੜਾ ਮੇਰੀ ਪਰਜਾ ਇਸਰਾਏਲ ਦੀ ਚਰਵਾਹੀ ਕਰੇਗਾ।
7ਤਦ ਹੇਰੋਦੇਸ ਨੇ ਵਿਦਵਾਨ ਖੋਜੀਆਂ ਨੂੰ ਗੁਪਤ ਵਿੱਚ ਬੁਲਾ ਕੇ ਉਨ੍ਹਾਂ ਕੋਲੋਂ ਸਹੀ ਜਾਣਕਾਰੀ ਪ੍ਰਾਪਤ ਕੀਤੀ ਕਿ ਤਾਰਾ ਕਦੋਂ ਵਿਖਾਈ ਦਿੱਤਾ। 8ਅਤੇ ਉਸ ਨੇ ਉਨ੍ਹਾਂ ਨੂੰ ਬੈਤਲਹਮ ਵੱਲ ਇਹ ਆਖ ਕੇ ਭੇਜਿਆ ਕਿ ਜਾਓ ਅਤੇ ਧਿਆਨ ਨਾਲ ਉਸ ਬਾਲਕ ਦੀ ਖ਼ੋਜ ਕਰੋ, ਜਦ ਉਹ ਮਿਲ ਜਾਵੇ, ਤਦ ਵਾਪਸ ਆ ਕੇ ਮੈਨੂੰ ਖ਼ਬਰ ਦਿਓ ਤਾਂ ਜੋ ਮੈਂ ਵੀ ਜਾ ਕੇ ਉਹ ਨੂੰ ਮੱਥਾ ਟੇਕਾਂ। 9ਉਹ ਰਾਜੇ ਦੀ ਗੱਲ ਸੁਣ ਕੇ ਤੁਰ ਪਏ, ਅਤੇ ਵੇਖੋ, ਉਹ ਤਾਰਾ ਜਿਹੜਾ ਉਨ੍ਹਾਂ ਨੇ ਪੂਰਬ ਵੱਲ ਵੇਖਿਆ ਸੀ, ਉਨ੍ਹਾਂ ਦੇ ਅੱਗੇ-ਅੱਗੇ ਚੱਲਿਆ ਅਤੇ ਉਸ ਥਾਂ ਜਾ ਟਿਕਿਆ ਜਿੱਥੇ ਉਹ ਬਾਲਕ ਸੀ। 10ਤਾਰੇ ਨੂੰ ਵੇਖ ਕੇ ਉਹ ਬਹੁਤ ਹੀ ਅਨੰਦ ਹੋਏ। 11ਅਤੇ ਉਨ੍ਹਾਂ ਨੇ ਉਸ ਘਰ ਵਿੱਚ ਜਾ ਕੇ ਬਾਲਕ ਨੂੰ ਉਹ ਦੀ ਮਾਤਾ ਮਰਿਯਮ ਦੇ ਨਾਲ ਵੇਖਿਆ, ਅਤੇ ਪੈਰੀਂ ਪੈ ਕੇ ਉਹ ਨੂੰ ਮੱਥਾ ਟੇਕਿਆ ਅਤੇ ਆਪਣੀਆਂ ਥੈਲੀਆਂ ਖੋਲ੍ਹ ਕੇ ਸੋਨਾ, ਲੁਬਾਣ ਅਤੇ ਗੰਧਰਸ ਦੀ ਭੇਟ ਚੜਾਈ। 12ਅਤੇ ਸੁਫ਼ਨੇ ਵਿੱਚ ਖ਼ਬਰ ਪਾ ਕੇ, ਜੋ ਉਹ ਹੇਰੋਦੇਸ ਦੇ ਕੋਲ ਫਿਰ ਨਾ ਜਾਣ, ਉਹ ਹੋਰ ਰਸਤੇ ਆਪਣੇ ਦੇਸ ਨੂੰ ਮੁੜ ਗਏ।
ਮਿਸਰ ਦੇਸ ਨੂੰ ਜਾਣਾ
13ਜਦ ਉਹ ਚਲੇ ਗਏ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਯੂਸੁਫ਼ ਨੂੰ ਸੁਫ਼ਨੇ ਵਿੱਚ ਦਰਸ਼ਨ ਦੇ ਕੇ ਆਖਿਆ, ਉੱਠ! ਬਾਲਕ ਅਤੇ ਉਹ ਦੀ ਮਾਤਾ ਨੂੰ ਲੈ ਕੇ ਮਿਸਰ ਦੇਸ ਨੂੰ ਭੱਜ ਜਾ, ਅਤੇ ਜਦੋਂ ਤੱਕ ਮੈਂ ਤੈਨੂੰ ਨਾ ਆਖਾਂ ਉੱਥੇ ਹੀ ਰਹੀਂ ਕਿਉਂ ਜੋ ਹੇਰੋਦੇਸ, ਇਸ ਬਾਲਕ ਨੂੰ ਮਾਰਨ ਲਈ ਲੱਭੇਗਾ। 14ਤਦ ਯੂਸੁਫ਼ ਉੱਠ ਕੇ ਰਾਤੋਂ ਰਾਤ ਬਾਲਕ ਅਤੇ ਉਹ ਦੀ ਮਾਤਾ ਨੂੰ ਨਾਲ ਲੈ ਕੇ ਮਿਸਰ ਵੱਲ ਤੁਰ ਪਿਆ। 15ਅਤੇ ਹੇਰੋਦੇਸ ਦੀ ਮੌਤ ਤੱਕ ਉੱਥੇ ਰਿਹਾ l ਇਸ ਲਈ ਕਿ ਜਿਹੜਾ ਬਚਨ ਪ੍ਰਭੂ ਨੇ ਨਬੀ ਦੀ ਜ਼ਬਾਨੀ ਆਖਿਆ ਸੀ ਪੂਰਾ ਹੋਵੇ ਕਿ, ਮੈਂ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਬੁਲਾਇਆ।
16ਜਦ ਹੇਰੋਦੇਸ ਨੇ ਵੇਖਿਆ ਕਿ ਵਿਦਵਾਨ ਖੋਜੀਆਂ ਨੇ ਮੇਰੇ ਨਾਲ ਚਲਾਕੀ ਕੀਤੀ, ਤਦ ਉਸ ਨੂੰ ਬਹੁਤ ਗੁੱਸਾ ਆਇਆ ਅਤੇ ਸਿਪਾਹੀਆਂ ਨੂੰ ਭੇਜ ਕੇ ਬੈਤਲਹਮ ਅਤੇ ਉਹ ਦੇ ਆਲੇ-ਦੁਆਲੇ ਦੇ ਸਭਨਾਂ ਬਾਲਕਾਂ ਨੂੰ ਮਰਵਾ ਦਿੱਤਾ, ਜਿਹੜੇ ਦੋ ਸਾਲਾਂ ਦੇ ਅਤੇ ਜੋ ਇਸ ਤੋਂ ਛੋਟੇ ਸਨ, ਉਸ ਸਮੇਂ ਦੇ ਅਨੁਸਾਰ ਜਿਹੜਾ ਵਿਦਵਾਨ ਖੋਜੀਆਂ ਤੋਂ ਠੀਕ ਪਤਾ ਪ੍ਰਾਪਤ ਕੀਤਾ ਸੀ। 17ਤਦ ਉਹ ਬਚਨ ਜਿਹੜਾ ਯਿਰਮਿਯਾਹ ਨਬੀ ਨੇ ਆਖਿਆ ਸੀ ਪੂਰਾ ਹੋਇਆ ਕਿ 18ਰਾਮਾਹ ਵਿੱਚ ਇੱਕ ਅਵਾਜ਼ ਸੁਣਾਈ ਦਿੱਤੀ, ਰੋਣਾ ਅਤੇ ਵੱਡਾ ਵਿਰਲਾਪ। ਰਾਖ਼ੇਲ ਆਪਣੇ ਬਾਲ ਬੱਚਿਆਂ ਨੂੰ ਰੋਂਦੀ ਹੈ, ਅਤੇ ਤਸੱਲੀ ਨਹੀਂ ਚਾਹੁੰਦੀ, ਇਸ ਲਈ ਜੋ ਉਹ ਨਹੀਂ ਹਨ।
ਮਿਸਰ ਦੇਸ ਤੋਂ ਵਾਪਸ ਆਉਣਾ
19ਜਦ ਹੇਰੋਦੇਸ ਮਰ ਗਿਆ ਤਾਂ ਵੇਖੋ ਪ੍ਰਭੂ ਦੇ ਇੱਕ ਦੂਤ ਨੇ ਮਿਸਰ ਵਿੱਚ ਯੂਸੁਫ਼ ਨੂੰ ਸੁਫ਼ਨੇ ਵਿੱਚ ਦਰਸ਼ਣ ਦੇ ਕੇ ਆਖਿਆ, 20ਉੱਠ, ਬਾਲਕ ਅਤੇ ਉਹ ਦੀ ਮਾਤਾ ਨੂੰ ਨਾਲ ਲੈ ਕੇ ਇਸਰਾਏਲ ਦੇ ਦੇਸ ਨੂੰ ਜਾ, ਕਿਉਂਕਿ ਜਿਹੜੇ ਬਾਲਕ ਦੀ ਜਾਨ ਦੇ ਵੈਰੀ ਸਨ, ਉਹ ਮਰ ਗਏ ਹਨ। 21ਤਦ ਯੂਸੁਫ਼ ਉੱਠਿਆ, ਬਾਲਕ ਅਤੇ ਉਹ ਦੀ ਮਾਤਾ ਨੂੰ ਨਾਲ ਲੈ ਕੇ ਇਸਰਾਏਲ ਦੇ ਦੇਸ ਵਿੱਚ ਆਇਆ। 22ਪਰ ਜਦ ਸੁਣਿਆ ਜੋ ਅਰਕਿਲਾਊਸ ਯਹੂਦਿਯਾ ਵਿੱਚ ਆਪਣੇ ਪਿਤਾ ਹੇਰੋਦੇਸ ਦੇ ਥਾਂ ਰਾਜ ਕਰਦਾ ਹੈ ਤਾਂ ਉੱਥੇ ਜਾਣ ਤੋਂ ਡਰਿਆ, ਪਰ ਸੁਫ਼ਨੇ ਵਿੱਚ ਚਿਤਾਵਨੀ ਪਾ ਕੇ ਗਲੀਲ ਦੇ ਇਲਾਕੇ ਵਿੱਚ ਚੱਲਿਆ ਗਿਆ। 23ਅਤੇ ਨਾਸਰਤ ਨਗਰ ਵਿੱਚ ਜਾ ਕੇ ਰਹਿਣ ਲੱਗ ਪਿਆ ਤਾਂ ਜੋ ਜਿਹੜਾ ਬਚਨ ਨਬੀਆਂ ਦੀ ਜ਼ਬਾਨੀ ਆਖਿਆ ਗਿਆ ਸੀ ਪੂਰਾ ਹੋਵੇ, ਜੋ ਉਹ ਨਾਸਰੀ ਅਖਵਾਵੇਗਾ।

Поточний вибір:

ਮੱਤੀ 2: IRVPun

Позначайте

Поділитись

Порівняти

Копіювати

None

Хочете, щоб ваші позначення зберігалися на всіх ваших пристроях? Зареєструйтеся або увійдіть