ਇਬਰਾਨੀਆਂ 1
1
ਪਰਮੇਸ਼ਵਰ ਦਾ ਅੰਤਿਮ ਸ਼ਬਦ: ਉਸਦਾ ਪੁੱਤਰ
1ਅਤੀਤ ਵਿੱਚ ਪਰਮੇਸ਼ਵਰ ਨੇ ਸਾਡੇ ਪੁਰਖਿਆਂ ਨਾਲ ਨਬੀਆਂ ਦੁਆਰਾ ਕਈ ਵਾਰ ਅਤੇ ਕਈ ਤਰੀਕਿਆਂ ਨਾਲ ਗੱਲ ਕੀਤੀ, 2ਪਰ ਇਨ੍ਹਾਂ ਆਖਰੀ ਦਿਨਾਂ ਵਿੱਚ ਪਰਮੇਸ਼ਵਰ ਨੇ ਸਾਡੇ ਨਾਲ ਆਪਣੇ ਪੁੱਤਰ ਦੁਆਰਾ ਗੱਲ ਕੀਤੀ, ਜਿਸ ਨੂੰ ਉਸ ਨੇ ਸਾਰੀਆਂ ਚੀਜ਼ਾਂ ਦਾ ਵਾਰਸ ਨਿਯੁਕਤ ਕੀਤਾ ਅਤੇ ਜਿਸ ਦੁਆਰਾ ਉਸ ਨੇ ਸੰਸਾਰ ਨੂੰ ਬਣਾਇਆ।#1:2 ਯੋਹ 1:3; 1 ਕੁਰਿੰ 8:6 3ਪੁੱਤਰ ਹੀ ਪਰਮੇਸ਼ਵਰ ਦੀ ਮਹਿਮਾ ਦੀ ਰੌਸ਼ਨੀ ਅਤੇ ਉਸ ਦੇ ਵਜੂਦ ਦਾ ਸਹੀ ਵਰਣਨ ਹੈ, ਉਹ ਆਪਣੇ ਸ਼ਕਤੀਸ਼ਾਲੀ ਸ਼ਬਦ ਦੁਆਰਾ ਸਾਰੀਆਂ ਚੀਜ਼ਾਂ ਨੂੰ ਕਾਇਮ ਰੱਖਦਾ ਹੈ। ਜਦੋਂ ਉਸ ਨੇ ਪਾਪਾਂ ਲਈ ਸ਼ੁੱਧਤਾ ਪ੍ਰਦਾਨ ਕੀਤੀ, ਉਹ ਸਵਰਗ ਵਿੱਚ ਮਹਿਮਾ ਨਾਲ ਭਰੇ ਹੋਏ ਪਰਮੇਸ਼ਵਰ ਦੇ ਸੱਜੇ ਹੱਥ ਬੈਠ ਗਿਆ। 4ਇਸ ਲਈ ਉਹ ਸਵਰਗਦੂਤਾਂ ਨਾਲੋਂ ਐਨਾ ਉੱਤਮ ਬਣ ਗਿਆ ਜਿਵੇਂ ਉਸ ਨੂੰ ਵਿਰਾਸਤ ਵਿੱਚ ਪ੍ਰਾਪਤ ਹੋਇਆ ਨਾਮ ਉਹਨਾਂ ਨਾਲੋਂ ਉੱਤਮ ਹੈ।
ਪੁੱਤਰ ਦੂਤਾਂ ਨਾਲੋਂ ਉੱਤਮ ਹੈ
5ਕੀ ਪਰਮੇਸ਼ਵਰ ਨੇ ਕਦੀ ਸਵਰਗਦੂਤਾਂ ਵਿੱਚੋਂ ਕਿਸੇ ਨੂੰ ਇਹ ਕਿਹਾ ਸੀ ਕਿ,
“ਤੂੰ ਮੇਰਾ ਪੁੱਤਰ ਹੈ;
ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ?”
ਅਤੇ ਫਿਰ,
“ਮੈਂ ਉਸ ਦਾ ਪਿਤਾ ਹੋਵਾਂਗਾ
ਅਤੇ ਉਹ ਮੇਰਾ ਪੁੱਤਰ ਹੋਵੇਗਾ?”#1:5 2 ਸ਼ਮੁ 7:14; 1 ਇਤਿ 17:13; ਜ਼ਬੂ 2:7
6ਅਤੇ ਜਦੋਂ ਪਰਮੇਸ਼ਵਰ ਆਪਣੇ ਜੇਠੇ ਨੂੰ ਸੰਸਾਰ ਵਿੱਚ ਲਿਆਉਂਦਾ ਹੈ, ਉਦੋਂ ਉਹ ਕਹਿੰਦਾ ਹੈ,
“ਸਾਰੇ ਪਰਮੇਸ਼ਵਰ ਦੇ ਸਵਰਗਦੂਤਾਂ ਨੂੰ ਉਸ ਦੀ ਅਰਾਧਨਾ ਕਰਨ ਦਿਓ।”#1:6 ਬਿਵ 32:43; 1 ਪਤ 3:22
7ਸਵਰਗਦੂਤਾਂ ਦੀ ਗੱਲ ਕਰਦਿਆਂ ਪਰਮੇਸ਼ਵਰ ਕਹਿੰਦਾ ਹੈ,
“ਉਹ ਆਪਣੇ ਸਵਰਗਦੂਤਾਂ ਨੂੰ ਆਤਮਾ#1:7 ਆਤਮਾ ਯੂਨਾਨੀ ਵਿੱਚ ਹਵਾ ਬਣਾਉਂਦਾ ਹੈ,
ਅਤੇ ਆਪਣੇ ਸੇਵਕਾਂ ਨੂੰ ਅੱਗ ਦੀਆਂ ਲਾਟਾਂ ਬਣਾਉਂਦਾ ਹੈ।”#1:7 ਜ਼ਬੂ 104:4
8ਪਰ ਪੁੱਤਰ ਬਾਰੇ ਉਹ ਕਹਿੰਦਾ ਹੈ,
“ਹੇ ਪਰਮੇਸ਼ਵਰ, ਤੇਰਾ ਸਿੰਘਾਸਣ ਸਦਾ ਅਤੇ ਸਦਾ ਲਈ ਕਾਇਮ ਰਹੇਗਾ;
ਤੇਰੇ ਰਾਜ ਦਾ ਅਧਿਕਾਰ ਧਾਰਮਿਕਤਾ ਦਾ ਅਧਿਕਾਰ ਹੈ।
9ਤੂੰ ਧਰਮ ਨੂੰ ਪਿਆਰ ਕੀਤਾ ਹੈ ਅਤੇ ਦੁਸ਼ਟਤਾ ਨੂੰ ਨਫ਼ਰਤ ਕੀਤੀ ਹੈ;
ਇਸ ਲਈ ਪਰਮੇਸ਼ਵਰ,
ਤੇਰੇ ਪਰਮੇਸ਼ਵਰ, ਨੇ ਤੈਨੂੰ ਖੁਸ਼ੀ ਦੇ ਤੇਲ ਨਾਲ ਮਸਹ ਕਰਕੇ ਤੇਰੇ ਸਾਥੀਆਂ ਤੋਂ ਉੱਪਰ ਰੱਖਿਆ ਹੈ।”#1:9 ਜ਼ਬੂ 45:6-7
10ਉਹ ਇਹ ਵੀ ਕਹਿੰਦਾ ਹੈ,
“ਸ਼ੁਰੂ ਵਿੱਚ, ਪਰਮੇਸ਼ਵਰ, ਤੂੰ ਧਰਤੀ ਦੀ ਨੀਂਹ ਰੱਖੀ,
ਅਤੇ ਅਕਾਸ਼ ਤੇਰੇ ਹੱਥਾਂ ਦੀ ਰਚਨਾ ਹੈ।#1:10 ਜ਼ਬੂ 102:25; ਉਤ 1:1
11ਉਹ ਨਾਸ਼ ਹੋ ਜਾਣਗੇ, ਪਰ ਤੂੰ ਅਟੱਲ ਰਹੇਗਾ;
ਉਹ ਸਾਰੇ ਇੱਕ ਕੱਪੜੇ ਵਾਂਗ ਪੁਰਾਣੇ ਹੋ ਜਾਣਗੇ।
12ਤੂੰ ਉਹਨਾਂ ਨੂੰ ਚੋਗੇ ਵਾਂਗ ਲਪੇਟ ਲਵੇਗਾ;
ਕੱਪੜੇ ਵਾਂਗ ਉਹ ਬਦਲ ਜਾਣਗੇ।
ਪਰ ਤੂੰ ਉਹੀ ਹੈ,
ਤੇਰੇ ਜੀਵਨ ਦੇ ਵਰ੍ਹਿਆ ਦਾ ਕੋਈ ਅੰਤ ਨਹੀਂ ਹੋਵੇਗਾ।”
13ਪਰਮੇਸ਼ਵਰ ਨੇ ਕਿਸ ਸਵਰਗਦੂਤ ਨੂੰ ਕਦੋਂ ਕਿਹਾ,
“ਮੇਰੇ ਸੱਜੇ ਪਾਸੇ ਬੈਠ
ਜਦੋਂ ਤੱਕ ਮੈਂ ਤੇਰੇ ਦੁਸ਼ਮਣਾਂ ਨੂੰ
ਤੇਰੇ ਪੈਰ ਰੱਖਣ ਦੀ ਚੌਂਕੀ ਨਹੀਂ ਬਣਾਓਦਾ?”#1:13 ਜ਼ਬੂ 110:1; ਮੱਤੀ 22:44
14ਕੀ ਸਾਰੇ ਸਵਰਗਦੂਤ ਸੇਵਾ ਕਰਨ ਲਈ ਭੇਜੇ ਗਏ ਆਤਮਾਵਾਂ ਨਹੀਂ ਹਨ ਕੀ ਉਹ ਉਹਨਾਂ ਲੋਕਾਂ ਦੀ ਸੇਵਾ ਕਰਨ ਜੋ ਮੁਕਤੀ ਦੇ ਵਾਰਸ ਹੋਣਗੇ?#1:14 ਜ਼ਬੂ 103:20-21
Trenutno izabrano:
ਇਬਰਾਨੀਆਂ 1: PCB
Istaknuto
Kopiraj
Uporedi
Podeli
Želiš li da tvoje istaknuto bude sačuvano na svim tvojim uređajima? Kreiraj nalog ili se prijavi
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.