ਮੱਤੀ 18

18
ਵੱਡਾ ਕੌਣ ਹੈ?
1ਉਸੇ ਸਮੇਂ ਚੇਲੇ ਯਿਸੂ ਕੋਲ ਆ ਕੇ ਕਹਿਣ ਲੱਗੇ, “ਫਿਰ ਸਵਰਗ ਦੇ ਰਾਜ ਵਿੱਚ ਸਭ ਤੋਂ ਵੱਡਾ ਕੌਣ ਹੈ?” 2ਉਸ ਨੇ ਇੱਕ ਬੱਚੇ ਨੂੰ ਕੋਲ ਬੁਲਾ ਕੇ ਉਸ ਨੂੰ ਉਨ੍ਹਾਂ ਦੇ ਵਿਚਕਾਰ ਖੜ੍ਹਾ ਕੀਤਾ 3ਅਤੇ ਕਿਹਾ,“ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਤੁਸੀਂ ਨਾ ਬਦਲੋ ਅਤੇ ਛੋਟੇ ਬੱਚਿਆਂ ਵਾਂਗ ਨਾ ਬਣੋ, ਤੁਸੀਂ ਸਵਰਗ ਦੇ ਰਾਜ ਵਿੱਚ ਕਦੇ ਪ੍ਰਵੇਸ਼ ਨਾ ਕਰ ਸਕੋਗੇ। 4ਇਸ ਲਈ ਜੋ ਕੋਈ ਆਪਣੇ ਆਪ ਨੂੰ ਇਸ ਬੱਚੇ ਵਾਂਗ ਦੀਨ ਬਣਾਉਂਦਾ ਹੈ, ਉਹੀ ਸਵਰਗ ਦੇ ਰਾਜ ਵਿੱਚ ਸਭ ਤੋਂ ਵੱਡਾ ਹੈ 5ਅਤੇ ਜੋ ਕੋਈ ਮੇਰੇ ਨਾਮ ਵਿੱਚ ਅਜਿਹੇ ਇੱਕ ਬੱਚੇ ਨੂੰ ਸਵੀਕਾਰ ਕਰਦਾ ਹੈ ਉਹ ਮੈਨੂੰ ਸਵੀਕਾਰ ਕਰਦਾ ਹੈ।
6 “ਪਰ ਜੋ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ, ਇੱਕ ਨੂੰ ਵੀ ਠੋਕਰ ਖੁਆਵੇ, ਉਸ ਦੇ ਲਈ ਚੰਗਾ ਹੁੰਦਾ ਕਿ ਉਸ ਦੇ ਗਲ਼ ਦੁਆਲੇ ਚੱਕੀ ਦਾ ਪੁੜ ਬੰਨ੍ਹ ਕੇ ਉਸ ਨੂੰ ਸਮੁੰਦਰ ਦੀ ਡੂੰਘਾਈ ਵਿੱਚ ਡੋਬ ਦਿੱਤਾ ਜਾਂਦਾ। 7ਠੋਕਰਾਂ ਦੇ ਕਾਰਨ ਇਸ ਸੰਸਾਰ ਉੱਤੇ ਹਾਏ! ਕਿਉਂਕਿ ਠੋਕਰਾਂ ਦਾ ਲੱਗਣਾ ਤਾਂ ਜ਼ਰੂਰ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਸ ਦੇ ਕਾਰਨ ਠੋਕਰ ਲੱਗਦੀ ਹੈ। 8ਜੇ ਤੇਰਾ ਹੱਥ ਜਾਂ ਤੇਰਾ ਪੈਰ ਤੈਨੂੰ ਠੋਕਰ ਖੁਆਵੇ ਤਾਂ ਇਸ ਨੂੰ ਵੱਢ ਕੇ ਆਪਣੇ ਕੋਲੋਂ ਸੁੱਟ ਦੇ! ਤੇਰੇ ਲਈ ਟੁੰਡਾ ਜਾਂ ਲੰਗੜਾ ਹੋ ਕੇ ਜੀਵਨ ਵਿੱਚ ਪ੍ਰਵੇਸ਼ ਕਰਨਾ ਚੰਗਾ ਹੈ, ਬਜਾਇ ਇਸ ਦੇ ਕਿ ਦੋ ਹੱਥ ਜਾਂ ਦੋ ਪੈਰ ਹੁੰਦੇ ਹੋਏ ਤੂੰ ਸਦੀਪਕ ਅੱਗ ਵਿੱਚ ਸੁੱਟਿਆ ਜਾਵੇਂ। 9ਜੇ ਤੇਰੀ ਅੱਖ ਤੈਨੂੰ ਠੋਕਰ ਖੁਆਵੇ ਤਾਂ ਇਸ ਨੂੰ ਕੱਢ ਕੇ ਆਪਣੇ ਕੋਲੋਂ ਸੁੱਟ ਦੇ! ਤੇਰੇ ਲਈ ਕਾਣਾ ਹੋ ਕੇ ਜੀਵਨ ਵਿੱਚ ਪ੍ਰਵੇਸ਼ ਕਰਨਾ ਚੰਗਾ ਹੈ, ਬਜਾਇ ਇਸ ਦੇ ਕਿ ਦੋ ਅੱਖਾਂ ਹੁੰਦੇ ਹੋਏ ਤੂੰ ਨਰਕ ਦੀ ਅੱਗ ਵਿੱਚ ਸੁੱਟਿਆ ਜਾਵੇਂ।
ਭਟਕੀ ਹੋਈ ਭੇਡ ਦਾ ਦ੍ਰਿਸ਼ਟਾਂਤ
10 “ਵੇਖੋ, ਤੁਸੀਂ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਨੂੰ ਵੀ ਤੁੱਛ ਨਾ ਜਾਣੋ, ਕਿਉਂਕਿ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਸਵਰਗ ਵਿੱਚ ਇਨ੍ਹਾਂ ਦੇ ਦੂਤ ਮੇਰੇ ਸਵਰਗੀ ਪਿਤਾ ਦਾ ਮੂੰਹ ਸਦਾ ਵੇਖਦੇ ਹਨ। 11[ਮਨੁੱਖ ਦਾ ਪੁੱਤਰ ਗੁਆਚੇ ਹੋਇਆਂ ਨੂੰ ਬਚਾਉਣ ਲਈ ਆਇਆ ਹੈ।]#18:11 ਕੁਝ ਹਸਤਲੇਖਾਂ ਵਿੱਚ ਇਹ ਆਇਤ ਵੀ ਪਾਈ ਜਾਂਦੀ ਹੈ। 12ਤੁਸੀਂ ਕੀ ਸੋਚਦੇ ਹੋ? ਜੇ ਕਿਸੇ ਮਨੁੱਖ ਕੋਲ ਸੌ ਭੇਡਾਂ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਭਟਕ ਜਾਵੇ, ਤਾਂ ਉਹ ਨੜ੍ਹਿੰਨਵਿਆਂ ਨੂੰ ਪਹਾੜਾਂ ਉੱਤੇ ਛੱਡ ਕੇ ਉਸ ਭਟਕੀ ਹੋਈ ਨੂੰ ਲੱਭਣ ਨਾ ਜਾਵੇਗਾ? 13ਅਤੇ ਜੇ ਉਹ ਉਸ ਨੂੰ ਮਿਲ ਜਾਵੇ ਤਾਂ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਹ ਉਸ ਦੇ ਲਈ ਉਨ੍ਹਾਂ ਨੜ੍ਹਿੰਨਵਿਆਂ ਨਾਲੋਂ ਜਿਹੜੀਆਂ ਭਟਕੀਆਂ ਨਹੀਂ ਸਨ, ਜ਼ਿਆਦਾ ਅਨੰਦ ਮਨਾਵੇਗਾ। 14ਇਸੇ ਤਰ੍ਹਾਂ ਤੁਹਾਡਾ ਸਵਰਗੀ ਪਿਤਾ ਵੀ ਨਹੀਂ ਚਾਹੁੰਦਾ ਕਿ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਦਾ ਵੀ ਨਾਸ ਹੋਵੇ।
ਪਾਪ ਕਰਨ ਵਾਲੇ ਭਰਾ ਨਾਲ ਵਤੀਰਾ
15 “ਜੇ ਤੇਰਾ ਭਰਾ ਤੇਰੇ ਵਿਰੁੱਧ ਪਾਪ ਕਰੇ ਤਾਂ ਜਾ ਕੇ ਉਸ ਨੂੰ ਵੱਖਰਾ ਕਰਕੇ ਸਮਝਾ। ਜੇ ਉਹ ਤੇਰੀ ਸੁਣੇ ਤਾਂ ਤੂੰ ਆਪਣੇ ਭਰਾ ਨੂੰ ਜਿੱਤ ਲਿਆ। 16ਪਰ ਜੇ ਉਹ ਨਾ ਸੁਣੇ ਤਾਂ ਇੱਕ ਜਾਂ ਦੋ ਜਣਿਆਂ ਨੂੰ ਆਪਣੇ ਨਾਲ ਲੈ ਤਾਂਕਿ ਦੋ ਜਾਂਤਿੰਨ ਗਵਾਹਾਂ ਦੇ ਮੂੰਹੋਂ ਸਾਰੀ ਗੱਲ ਸਾਬਤ ਹੋ ਜਾਵੇ;#ਬਿਵਸਥਾ 19:15 17ਜੇ ਉਹ ਉਨ੍ਹਾਂ ਦੀ ਵੀ ਨਾ ਸੁਣੇ ਤਾਂ ਕਲੀਸਿਯਾ ਨੂੰ ਦੱਸ ਅਤੇ ਜੇ ਕਲੀਸਿਯਾ ਦੀ ਵੀ ਨਾ ਸੁਣੇ ਤਾਂ ਉਹ ਤੇਰੇ ਲਈ ਪਰਾਈ ਕੌਮ ਅਤੇ ਮਹਿਸੂਲੀਏ ਵਰਗਾ ਹੋਵੇ।
18 “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਕੁਝ ਤੁਸੀਂ ਧਰਤੀ ਉੱਤੇ ਬੰਨ੍ਹੋਗੇ ਉਹ ਸਵਰਗ ਵਿੱਚ ਬੰਨ੍ਹਿਆ ਜਾਵੇਗਾ ਅਤੇ ਜੋ ਕੁਝ ਤੁਸੀਂ ਧਰਤੀ ਉੱਤੇ ਖੋਲ੍ਹੋਗੇ ਉਹ ਸਵਰਗ ਵਿੱਚ ਖੋਲ੍ਹਿਆ ਜਾਵੇਗਾ। 19ਮੈਂ ਤੁਹਾਨੂੰ ਫੇਰ ਕਹਿੰਦਾ ਹਾਂ ਕਿ ਜੇ ਤੁਹਾਡੇ ਵਿੱਚੋਂ ਦੋ ਜਣੇ ਧਰਤੀ ਉੱਤੇ ਕਿਸੇ ਗੱਲ ਲਈ ਇੱਕ ਮਨ ਹੋ ਕੇ ਬੇਨਤੀ ਕਰਨ ਤਾਂ ਮੇਰੇ ਸਵਰਗੀ ਪਿਤਾ ਵੱਲੋਂ ਉਨ੍ਹਾਂ ਲਈ ਕੀਤਾ ਜਾਵੇਗਾ, 20ਕਿਉਂਕਿ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਵਿੱਚ ਇਕੱਠੇ ਹੋਣ, ਉੱਥੇ ਮੈਂ ਉਨ੍ਹਾਂ ਦੇ ਵਿਚਕਾਰ ਹਾਂ।”
ਦੁਸ਼ਟ ਦਾਸ ਦਾ ਦ੍ਰਿਸ਼ਟਾਂਤ
21ਤਦ ਪਤਰਸ ਨੇ ਕੋਲ ਆ ਕੇ ਉਸ ਨੂੰ ਕਿਹਾ, “ਪ੍ਰਭੂ ਜੀ, ਮੇਰਾ ਭਰਾ ਕਿੰਨੀ ਵਾਰੀ ਮੇਰੇ ਵਿਰੁੱਧ ਪਾਪ ਕਰੇ ਅਤੇ ਮੈਂ ਉਸ ਨੂੰ ਮਾਫ਼ ਕਰਾਂ? ਕੀ ਸੱਤ ਵਾਰ ਤੱਕ?” 22ਯਿਸੂ ਨੇ ਉਸ ਨੂੰ ਕਿਹਾ,“ਮੈਂ ਤੈਨੂੰ ਇਹ ਨਹੀਂ ਕਹਿੰਦਾ ਕਿ ਸੱਤ ਵਾਰ ਤੱਕ, ਸਗੋਂ ਸੱਤ ਦੇ ਸੱਤਰ ਗੁਣਾ ਤੱਕ। 23ਇਸ ਲਈ ਸਵਰਗ ਦਾ ਰਾਜ ਇੱਕ ਰਾਜੇ ਵਰਗਾ ਹੈ ਜਿਸ ਨੇ ਆਪਣੇ ਦਾਸਾਂ ਤੋਂ ਹਿਸਾਬ ਲੈਣਾ ਚਾਹਿਆ। 24ਜਦੋਂ ਉਹ ਹਿਸਾਬ ਲੈਣ ਲੱਗਾ ਤਾਂ ਦਸ ਹਜ਼ਾਰ ਤੋੜਿਆਂ#18:24 1 ਤੋੜਾ=ਲਗਭਗ 6,000 ਦੀਨਾਰ, 1 ਦੀਨਾਰ=ਇੱਕ ਦਿਨ ਦੀ ਮਜ਼ਦੂਰੀਦੇ ਇੱਕ ਕਰਜ਼ਾਈ ਨੂੰ ਉਸ ਦੇ ਕੋਲ ਲਿਆਂਦਾ ਗਿਆ। 25ਪਰ ਜਦੋਂ ਉਸ ਦੇ ਕੋਲ ਕਰਜ਼ ਚੁਕਾਉਣ ਲਈ ਕੁਝ ਨਹੀਂ ਸੀ ਤਾਂ ਮਾਲਕ ਨੇ ਹੁਕਮ ਦਿੱਤਾ ਕਿ ਕਰਜ਼ ਵਸੂਲਣ ਲਈ ਉਸ ਕਰਜ਼ਾਈ ਨੂੰ, ਉਸ ਦੀ ਪਤਨੀ ਅਤੇ ਬੱਚਿਆਂ ਨੂੰ ਅਤੇ ਜੋ ਕੁਝ ਉਸ ਦਾ ਹੈ, ਸਭ ਵੇਚਿਆ ਜਾਵੇ। 26ਤਦ ਉਸ ਦਾਸ ਨੇ ਉਸ ਦੇ ਪੈਰਾਂ ਉੱਤੇ ਡਿੱਗ ਕੇ ਕਿਹਾ, ‘#18:26 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸੁਆਮੀ” ਲਿਖਿਆ ਹੈ।ਮੇਰੇ ਨਾਲ ਧੀਰਜ ਰੱਖੋ, ਮੈਂ ਤੁਹਾਡਾ ਸਾਰਾ ਕਰਜ਼ ਚੁਕਾ ਦਿਆਂਗਾ’। 27ਸੋ ਉਸ ਦਾਸ ਦੇ ਮਾਲਕ ਨੇ ਤਰਸ ਖਾ ਕੇ ਉਸ ਨੂੰ ਛੱਡ ਦਿੱਤਾ ਅਤੇ ਉਸ ਦਾ ਕਰਜ਼ ਮਾਫ਼ ਕਰ ਦਿੱਤਾ। 28ਜਦੋਂ ਉਹ ਦਾਸ ਬਾਹਰ ਨਿੱਕਲਿਆ ਤਾਂ ਉਸ ਨੂੰ ਆਪਣੇ ਸੰਗੀ ਦਾਸਾਂ ਵਿੱਚੋਂ ਇੱਕ ਮਿਲ ਗਿਆ ਜਿਸ ਨੇ ਉਸ ਦੇ ਸੌ ਦੀਨਾਰ ਦੇਣੇ ਸਨ ਅਤੇ ਉਸ ਨੇ ਉਹਨੂੰ ਗਲ਼ੋਂ ਫੜ ਕੇ ਕਿਹਾ, ‘ਜੋ ਤੂੰ ਮੇਰਾ ਦੇਣਾ ਹੈ, ਸੋ ਦੇ’। 29ਤਦ ਉਸ ਦਾ ਸੰਗੀ ਦਾਸ#18:29 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਉਸ ਦੇ ਪੈਰਾਂ 'ਤੇ” ਲਿਖਿਆ ਹੈ।ਡਿੱਗ ਕੇ ਉਸ ਦੀ ਮਿੰਨਤ ਕਰਨ ਲੱਗਾ, ‘ਮੇਰੇ ਨਾਲ ਧੀਰਜ ਰੱਖ, ਮੈਂ ਤੇਰਾ ਕਰਜ਼ ਚੁਕਾ ਦਿਆਂਗਾ’। 30ਪਰ ਉਹ ਨਾ ਮੰਨਿਆ, ਸਗੋਂ ਜਾ ਕੇ ਉਸ ਨੂੰ ਕੈਦਖ਼ਾਨੇ ਵਿੱਚ ਪਾ ਦਿੱਤਾ ਜਦੋਂ ਤੱਕ ਕਿ ਉਹ ਕਰਜ਼ ਨਾ ਚੁਕਾ ਦੇਵੇ। 31ਤਦ ਉਸ ਦੇ ਸੰਗੀ ਦਾਸਾਂ ਨੇ ਜੋ ਕੁਝ ਹੋਇਆ ਸੀ,ਵੇਖਿਆ ਅਤੇ ਬਹੁਤ ਦੁਖੀ ਹੋਏ ਤੇ ਜਾ ਕੇ ਸਾਰੀ ਘਟਨਾ ਆਪਣੇ ਮਾਲਕ ਨੂੰ ਦੱਸੀ। 32ਤਦ ਉਸ ਦੇ ਮਾਲਕ ਨੇ ਉਸ ਨੂੰ ਕੋਲ ਬੁਲਾ ਕੇ ਕਿਹਾ, ‘ਓਏ ਦੁਸ਼ਟ ਦਾਸ, ਤੂੰ ਮੇਰੀ ਮਿੰਨਤ ਕੀਤੀ ਇਸ ਲਈ ਮੈਂ ਤੇਰਾ ਸਾਰਾ ਕਰਜ਼ ਮਾਫ਼ ਕਰ ਦਿੱਤਾ; 33ਫਿਰ ਜਿਵੇਂ ਮੈਂ ਤੇਰੇ ਉੱਤੇ ਦਇਆ ਕੀਤੀ, ਕੀ ਤੈਨੂੰ ਵੀ ਆਪਣੇ ਸੰਗੀ ਦਾਸ ਉੱਤੇ ਦਇਆ ਨਹੀਂ ਸੀ ਕਰਨੀ ਚਾਹੀਦੀ’? 34ਅਤੇ ਉਸ ਦੇ ਮਾਲਕ ਨੇ ਕ੍ਰੋਧ ਵਿੱਚ ਆ ਕੇ ਉਸ ਨੂੰ ਤਸੀਹੇ ਦੇਣ ਵਾਲਿਆਂ ਦੇ ਹਵਾਲੇ ਕਰ ਦਿੱਤਾ ਜਦੋਂ ਤੱਕ ਕਿ ਉਹ ਸਾਰਾ ਕਰਜ਼ ਚੁਕਾ ਨਾ ਦੇਵੇ। 35ਜੇ ਤੁਹਾਡੇ ਵਿੱਚੋਂ ਹਰ ਕੋਈ ਆਪਣੇ ਭਰਾ#18:35 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਦੇ ਅਪਰਾਧਾਂ” ਲਿਖਿਆ ਹੈ।ਨੂੰ ਦਿਲੋਂ ਮਾਫ਼ ਨਾ ਕਰੇ ਤਾਂ ਮੇਰਾ ਸਵਰਗੀ ਪਿਤਾ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਕਰੇਗਾ।”

Trenutno izbrano:

ਮੱਤੀ 18: PSB

Označeno

Deli

Kopiraj

None

Želiš, da so tvoji poudarki shranjeni v vseh tvojih napravah? Registriraj se ali se prijavi