ਉਤਪਤ 6
6
ਸੰਸਾਰ ਵਿੱਚ ਦੁਸ਼ਟਤਾ
1ਜਦੋਂ ਧਰਤੀ ਉੱਤੇ ਮਨੁੱਖਾਂ ਦੀ ਗਿਣਤੀ ਵੱਧਣ ਲੱਗੀ ਅਤੇ ਉਹਨਾਂ ਦੇ ਘਰ ਧੀਆਂ ਜੰਮੀਆਂ, 2ਤਾਂ ਪਰਮੇਸ਼ਵਰ ਦੇ ਪੁੱਤਰਾਂ ਨੇ ਵੇਖਿਆ ਕਿ ਮਨੁੱਖਾਂ ਦੀਆਂ ਧੀਆਂ ਸੋਹਣੀਆਂ ਹਨ, ਤਦ ਉਹਨਾਂ ਨੇ ਉਹਨਾਂ ਸਾਰੀਆਂ ਵਿੱਚੋਂ ਆਪਣੇ ਲਈ ਚੁਣ ਕੇ ਉਹਨਾਂ ਨਾਲ ਵਿਆਹ ਕਰ ਲਏ। 3ਤਦ ਯਾਹਵੇਹ ਨੇ ਆਖਿਆ, “ਮੇਰਾ ਆਤਮਾ#6:3 ਆਤਮਾ ਮਤਲਬ ਮੇਰੀ ਆਤਮਾ ਮਨੁੱਖ ਦੇ ਨਾਲ ਨਹੀਂ ਰਹੇਗੀ ਮਨੁੱਖਾਂ ਨਾਲ ਸਦਾ ਲਈ ਨਹੀਂ ਲੜੇਗਾ, ਕਿਉਂਕਿ ਉਹ ਮਰਨਹਾਰ ਹਨ, ਉਹਨਾਂ ਦੇ ਦਿਨ ਇੱਕ ਸੌ ਵੀਹ ਸਾਲ ਹੋਣਗੇ।”
4ਉਹਨਾਂ ਦਿਨਾਂ ਵਿੱਚ ਦੈਂਤ ਧਰਤੀ ਉੱਤੇ ਸਨ, ਅਤੇ ਉਸ ਤੋਂ ਬਾਅਦ ਵੀ, ਜਦੋਂ ਪਰਮੇਸ਼ਵਰ ਦੇ ਪੁੱਤਰ ਮਨੁੱਖਾਂ ਦੀਆਂ ਧੀਆਂ ਕੋਲ ਗਏ ਅਤੇ ਉਹਨਾਂ ਤੋਂ ਬੱਚੇ ਪੈਦਾ ਹੋਏ। ਉਹ ਸੂਰਬੀਰ ਸਨ ਜਿਹੜੇ ਸ਼ੁਰੂ ਤੋਂ ਪ੍ਰਸਿੱਧ ਹੋਏ।
5ਯਾਹਵੇਹ ਨੇ ਦੇਖਿਆ ਕਿ ਧਰਤੀ ਉੱਤੇ ਮਨੁੱਖਾਂ ਦੀ ਦੁਸ਼ਟਤਾ ਕਿੰਨੀ ਵੱਧ ਗਈ, ਅਤੇ ਉਸ ਦੇ ਮਨ ਦੀ ਭਾਵਨਾਂ ਸਾਰਾ ਦਿਨ ਬੁਰੀ ਹੀ ਰਹਿੰਦੀ ਹੈ। 6ਯਾਹਵੇਹ ਧਰਤੀ ਉੱਤੇ ਮਨੁੱਖਾਂ ਨੂੰ ਬਣਾ ਕੇ ਪਛਤਾਇਆ, ਅਤੇ ਉਸਦਾ ਦਿਲ ਬਹੁਤ ਦੁਖੀ ਹੋਇਆ। 7ਤਦ ਯਾਹਵੇਹ ਨੇ ਆਖਿਆ, “ਮੈਂ ਮਨੁੱਖਾਂ ਨੂੰ ਜਿਨ੍ਹਾਂ ਨੂੰ ਮੈਂ ਬਣਾਇਆ ਹੈ, ਆਦਮੀ, ਜਾਨਵਰ, ਘਿੱਸਰਨ ਵਾਲੇ ਅਤੇ ਅਕਾਸ਼ ਦੇ ਪੰਛੀਆਂ ਨੂੰ ਵੀ ਧਰਤੀ ਉੱਤੋਂ ਮਿਟਾ ਦਿਆਂਗਾ, ਕਿਉਂ ਜੋਂ ਮੈਂ ਉਹਨਾਂ ਨੂੰ ਬਣਾ ਕੇ ਪਛਤਾਉਂਦਾ ਹਾਂ।” 8ਪਰ ਨੋਹ ਉੱਤੇ ਯਾਹਵੇਹ ਦੀ ਕਿਰਪਾ ਹੋਈ।
ਨੋਹ ਅਤੇ ਜਲ-ਪਰਲੋ
9ਇਹ ਨੋਹ ਅਤੇ ਉਸਦੇ ਪਰਿਵਾਰ ਦਾ ਬਿਰਤਾਂਤ ਹੈ।
ਨੋਹ ਇੱਕ ਧਰਮੀ ਆਦਮੀ ਸੀ, ਆਪਣੇ ਸਮੇਂ ਦੇ ਲੋਕਾਂ ਵਿੱਚ ਸੰਪੂਰਨ ਸੀ ਅਤੇ ਉਹ ਪਰਮੇਸ਼ਵਰ ਦੇ ਨਾਲ ਵਫ਼ਾਦਾਰੀ ਨਾਲ ਚਲਦਾ ਸੀ। 10ਨੋਹ ਦੇ ਤਿੰਨ ਪੁੱਤਰ ਸਨ: ਸ਼ੇਮ, ਹਾਮ ਅਤੇ ਯਾਫ਼ਥ।
11ਹੁਣ ਧਰਤੀ ਪਰਮੇਸ਼ਵਰ ਦੀ ਨਿਗਾਹ ਵਿੱਚ ਭ੍ਰਿਸ਼ਟ ਸੀ ਅਤੇ ਹਿੰਸਾ ਨਾਲ ਭਰੀ ਹੋਈ ਸੀ। 12ਪਰਮੇਸ਼ਵਰ ਨੇ ਵੇਖਿਆ ਕਿ ਧਰਤੀ ਕਿੰਨੀ ਭ੍ਰਿਸ਼ਟ ਹੋ ਗਈ ਸੀ ਕਿਉਂ ਜੋ ਧਰਤੀ ਦੇ ਸਾਰੇ ਲੋਕਾਂ ਨੇ ਆਪਣੇ ਰਾਹ ਭ੍ਰਿਸ਼ਟ ਕਰ ਲਏ ਸਨ। 13ਇਸ ਲਈ ਪਰਮੇਸ਼ਵਰ ਨੇ ਨੋਹ ਨੂੰ ਆਖਿਆ, “ਮੈਂ ਸਾਰੇ ਲੋਕਾਂ ਦਾ ਨਾਸ ਕਰਨ ਵਾਲਾ ਹਾਂ ਕਿਉਂ ਜੋ ਧਰਤੀ ਉਹਨਾਂ ਦੇ ਕਾਰਨ ਜ਼ੁਲਮ ਨਾਲ ਭਰ ਗਈ ਹੈ। ਮੈਂ ਨਿਸ਼ਚੇ ਹੀ ਮਨੁੱਖ ਅਤੇ ਧਰਤੀ ਦੋਹਾਂ ਨੂੰ ਤਬਾਹ ਕਰ ਦਿਆਂਗਾ। 14ਇਸ ਲਈ ਆਪਣੇ ਲਈ ਗੋਫ਼ਰ ਦੀ ਲੱਕੜ ਤੋਂ ਇੱਕ ਕਿਸ਼ਤੀ ਬਣਾ; ਇਸ ਵਿੱਚ ਕਮਰੇ ਬਣਾਉ ਅਤੇ ਅੰਦਰੋਂ ਬਾਹਰੋਂ ਰਾਲ ਨਾਲ ਲਿੱਪੀਂ। 15ਤੁਸੀਂ ਇਸ ਨੂੰ ਇਸ ਤਰ੍ਹਾਂ ਬਣਾਉਣਾ ਹੈ: ਕਿਸ਼ਤੀ 450 ਫੁੱਟ ਲੰਮੀ, 75 ਫੁੱਟ ਚੌੜੀ ਅਤੇ 45 ਫੁੱਟ ਉੱਚੀ ਹੋਣੀ ਚਾਹੀਦੀ ਹੈ। 16ਤੂੰ ਕਿਸ਼ਤੀ ਵਿੱਚ ਇੱਕ ਖਿੜਕੀ ਬਣਾਈਂ ਅਤੇ ਉਸ ਦੇ ਉੱਪਰੋਂ ਉਸ ਦੀ 18 ਇੰਚ ਦੀ ਛੱਤ ਬਣਾਈਂ ਅਤੇ ਕਿਸ਼ਤੀ ਦੇ ਇੱਕ ਪਾਸੇ ਇੱਕ ਦਰਵਾਜ਼ਾ ਬਣਾਈਂ ਅਤੇ ਉਸ ਦੀਆਂ ਤਿੰਨ ਮੰਜ਼ਲਾਂ ਬਣਾਈ। 17ਮੈਂ ਧਰਤੀ ਉੱਤੇ ਜਲ ਪਰਲੋ ਲਿਆਉਣ ਵਾਲਾ ਹਾਂ ਤਾਂ ਜੋ ਅਕਾਸ਼ ਦੇ ਹੇਠਾਂ ਸਾਰਿਆ ਦੇ ਜੀਵਨ ਅਤੇ ਹਰ ਪ੍ਰਾਣੀ ਨੂੰ ਜਿਸ ਵਿੱਚ ਜੀਵਨ ਦਾ ਸਾਹ ਹੈ, ਧਰਤੀ ਉੱਤੇ ਸਭ ਕੁਝ ਨਾਸ਼ ਕਰ ਦਿਆਂਗਾ। 18ਪਰ ਮੈਂ ਤੇਰੇ ਨਾਲ ਆਪਣਾ ਨੇਮ ਕਾਇਮ ਕਰਾਂਗਾ ਅਤੇ ਤੂੰ ਅਤੇ ਤੇਰੇ ਪੁੱਤਰ ਅਤੇ ਤੇਰੀ ਪਤਨੀ ਅਤੇ ਤੇਰੇ ਪੁੱਤਰਾਂ ਦੀਆਂ ਪਤਨੀਆਂ ਤੇਰੇ ਨਾਲ ਕਿਸ਼ਤੀ ਵਿੱਚ ਜਾਣਗੇ। 19ਤੂੰ ਸਾਰੇ ਜੀਵਾਂ ਵਿੱਚੋਂ ਦੋ-ਦੋ ਅਰਥਾਤ ਨਰ ਅਤੇ ਮਾਦਾ ਨੂੰ ਕਿਸ਼ਤੀ ਵਿੱਚ ਲੈ ਆਈ ਤਾਂ ਜੋ ਉਹਨਾਂ ਨੂੰ ਆਪਣੇ ਨਾਲ ਜੀਉਂਦਾ ਰੱਖ ਸਕੇ। 20ਹਰ ਕਿਸਮ ਦੇ ਪੰਛੀਆਂ ਵਿੱਚੋਂ, ਹਰ ਕਿਸਮ ਦੇ ਜਾਨਵਰਾਂ ਵਿੱਚੋਂ ਅਤੇ ਹਰ ਪ੍ਰਕਾਰ ਦੇ ਜੰਤੂਆਂ ਵਿੱਚੋਂ ਜੋ ਜ਼ਮੀਨ ਉੱਤੇ ਘੁੰਮਦੇ ਹਨ, ਤੁਹਾਡੇ ਕੋਲ ਜੀਉਂਦਾ ਰਹਿਣ ਲਈ ਆਉਣਗੇ। 21ਤੁਸੀਂ ਹਰ ਪ੍ਰਕਾਰ ਦਾ ਭੋਜਨ ਜੋ ਖਾਣ ਲਈ ਹੈ, ਆਪਣੇ ਲਈ ਅਤੇ ਉਹਨਾਂ ਦੇ ਲਈ ਭੋਜਨ ਦੇ ਰੂਪ ਵਿੱਚ ਸੰਭਾਲਣਾ ਹੈ।”
22ਨੋਹ ਨੇ ਸਭ ਕੁਝ ਉਸੇ ਤਰ੍ਹਾਂ ਕੀਤਾ ਜਿਵੇਂ ਪਰਮੇਸ਼ਵਰ ਨੇ ਉਸਨੂੰ ਹੁਕਮ ਦਿੱਤਾ ਸੀ।
Selectat acum:
ਉਤਪਤ 6: PCB
Evidențiere
Împărtășește
Copiază
Dorești să ai evidențierile salvate pe toate dispozitivele? Înscrie-te sau conectează-te
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.