ਕਹਾਉਤਾਂ 8
8
ਸਿਆਣਪ ਦੀ ਪੁਕਾਰ
1ਕੀ ਬੁੱਧ ਨਹੀਂ ਪੁਕਾਰਦੀ ਹੈ?
ਕੀ ਸਮਝ ਆਵਾਜ਼ ਨਹੀਂ ਉਠਾਉਂਦੀ?
2ਉਹ ਰਾਹ ਦੇ ਲਾਗੇ ਉੱਚੇ-ਉੱਚੇ ਥਾਵਾਂ ਵਿੱਚ,
ਅਤੇ ਚੌਰਾਹਿਆਂ ਵਿੱਚ ਖੜ੍ਹੀ ਹੁੰਦੀ ਹੈ।
3ਸ਼ਹਿਰ ਵਿੱਚ ਜਾਣ ਵਾਲੇ ਫਾਟਕ ਦੇ ਕੋਲ,
ਬੂਹਿਆਂ ਦੇ ਖੜ੍ਹ ਕੇ ਉਹ ਉੱਚੀ ਆਵਾਜ਼ ਵਿੱਚ ਪੁਕਾਰਦੀ ਹੈ:
4“ਹੇ ਲੋਕੋ, ਮੈਂ ਤੁਹਾਨੂੰ ਪੁਕਾਰਦੀ ਹਾਂ,
ਮੈਂ ਸਾਰੀ ਮਨੁੱਖਜਾਤੀ ਲਈ ਆਪਣੀ ਆਵਾਜ਼ ਉਠਾਉਂਦੀ ਹਾਂ।
5ਹੇ ਭੋਲਿਓ, ਹੁਸ਼ਿਆਰੀ ਸਿੱਖੋ
ਹੇ ਮੂਰਖੋ, ਤੁਸੀਂ ਮਨ ਵਿੱਚ ਚਤਰ ਬਣੋ#8:5 ਚਤਰ ਬਣੋ ਅਰਥਾਤ: ਬੁੱਧਵਾਨ ਬਣੋ!
6ਸੁਣੋ, ਮੇਰੇ ਕੋਲ ਕਹਿਣ ਲਈ ਭਰੋਸੇਯੋਗ ਗੱਲਾਂ ਹਨ,
ਮੇਰੇ ਬੁੱਲ੍ਹ ਖਰੀਆਂ ਗੱਲਾਂ ਲਈ ਖੁੱਲ੍ਹਣਗੇ।
7ਮੇਰਾ ਮੂੰਹ ਸੱਚ ਬੋਲਦਾ ਹੈ,
ਕਿਉਂ ਜੋ ਮੇਰੇ ਬੁੱਲ ਬੁਰਿਆਈ ਤੋਂ ਘਿਣ ਕਰਦੇ ਹਨ।
8ਮੇਰੇ ਮੂੰਹ ਦੇ ਸਾਰੇ ਸ਼ਬਦ ਧਰਮ ਦੇ ਹਨ,
ਉਹਨਾਂ ਵਿੱਚੋਂ ਕੋਈ ਵੀ ਵਿੰਗਾ ਟੇਢਾ ਨਹੀਂ ਹੈ।
9ਸਮਝਦਾਰ ਲਈ ਉਹ ਸਾਰੇ ਸਹੀ ਹਨ,
ਗਿਆਨ ਪ੍ਰਾਪਤ ਕਰਨ ਵਾਲਿਆਂ ਦੇ ਲਈ ਓਹ ਖਰੇ ਹਨ।
10ਚਾਂਦੀ ਦੇ ਬਜਾਏ ਮੇਰੀ ਸਿੱਖਿਆ ਨੂੰ,
ਸੋਨੇ ਦੇ ਬਜਾਏ ਮੇਰੇ ਗਿਆਨ ਨੂੰ ਚੁਣੋ,
11ਕਿਉਂਕਿ ਬੁੱਧ ਹੀਰੇ ਮੋਤੀਆਂ ਨਾਲੋਂ ਵੱਧ ਕੀਮਤੀ ਹੈ,
ਅਤੇ ਜੋ ਕੁਝ ਵੀ ਤੁਸੀਂ ਚਾਹੁੰਦੇ ਹੋ ਉਸ ਨਾਲ ਤੁਲਨਾ ਨਹੀਂ ਕਰ ਸਕਦੇ।
12“ਮੈਂ ਬੁੱਧ ਸਿਆਣਪ ਨਾਲ ਵੱਸਦੀ ਹਾਂ,
ਅਤੇ ਗਿਆਨ ਤੇ ਸੋਝੀ ਨੂੰ ਮੈਂ ਹੀ ਭਾਲਦੀ ਹਾਂ।
13ਯਾਹਵੇਹ ਤੋਂ ਡਰਨਾ ਬੁਰਾਈ ਨਾਲ ਨਫ਼ਰਤ ਕਰਨਾ ਹੈ,
ਮੈਂ ਘੁੰਮਡ, ਹੰਕਾਰ,
ਭੈੜੇ ਵਿਹਾਰ ਅਤੇ ਭੈੜੀ ਚਾਲ ਤੋਂ ਨਫ਼ਰਤ ਕਰਦੀ ਹੈ।
14ਸਲਾਹ ਅਤੇ ਸਹੀ ਨਿਆਂ ਮੇਰਾ ਹੈ,
ਮੇਰੇ ਕੋਲ ਸੂਝ ਹੈ, ਮੇਰੇ ਕੋਲ ਸ਼ਕਤੀ ਹੈ।
15ਮੇਰੇ ਦੁਆਰਾ ਰਾਜੇ ਰਾਜ ਕਰਦੇ ਹਨ,
ਅਤੇ ਧਰਮੀ ਹਾਕਮ ਫ਼ਰਮਾਨ ਜਾਰੀ ਕਰਦੇ ਹਨ।
16ਮੇਰੇ ਦੁਆਰਾ ਰਾਜਕੁਮਾਰ,
ਅਤੇ ਪਤਵੰਤੇ ਸਾਰੇ ਜੋ ਧਰਤੀ ਉੱਤੇ ਰਾਜ ਕਰਦੇ ਹਨ।
17ਮੈਂ ਉਹਨਾਂ ਨੂੰ ਪਿਆਰ ਕਰਦੀ ਹਾਂ ਜੋ ਮੈਨੂੰ ਪਿਆਰ ਕਰਦੇ ਹਨ,
ਅਤੇ ਜਿਹੜੇ ਮੈਨੂੰ ਮਨੋਂ ਭਾਲਦੇ ਹਨ ਉਹ ਮੈਨੂੰ ਲੱਭ ਲੈਂਦੇ ਹਨ।
18ਮੇਰੇ ਕੋਲ ਦੌਲਤ ਅਤੇ ਇੱਜ਼ਤ ਹਨ,
ਦੌਲਤ ਅਤੇ ਖੁਸ਼ਹਾਲੀ ਹਮੇਸ਼ਾ ਲਈ ਹੈ।
19ਮੇਰਾ ਫਲ ਵਧੀਆ ਸੋਨੇ ਨਾਲੋਂ ਚੰਗਾ ਹੈ,
ਮੇਰੀ ਪ੍ਰਾਪਤੀ ਉੱਤਮ ਚਾਂਦੀ ਨਾਲੋਂ ਵੀ ਚੰਗੀ ਹੈ।
20ਮੈਂ ਧਰਮ ਦੇ ਮਾਰਗ ਉੱਤੇ,
ਨਿਆਂ ਦੇ ਰਾਹਾਂ ਉੱਤੇ ਚੱਲਦੀ ਹਾਂ,
21ਮੈਂ ਆਪਣੇ ਪ੍ਰੇਮੀਆਂ ਨੂੰ ਧਨ ਦੇ ਵਾਰਿਸ ਬਣਾਵਾਂਗੀ
ਤਾਂ ਜੋ ਉਹਨਾਂ ਦੇ ਖ਼ਜ਼ਾਨੇ ਭਰੇ ਰਹਿਣ।
22“ਯਾਹਵੇਹ ਨੇ ਆਪਣੇ ਕੰਮ ਦੇ ਅਰੰਭ ਵਿੱਚ,
ਸਗੋਂ ਆਪਣੇ ਪ੍ਰਾਚੀਨ ਕਾਲ ਦੇ ਕੰਮਾਂ ਤੋਂ ਵੀ ਪਹਿਲਾਂ ਮੈਨੂੰ ਰਚਿਆ।
23ਆਦ ਤੋਂ ਸਗੋਂ ਧਰਤੀ ਦੀ ਸਿਰਜਣਾ ਤੋਂ ਪਹਿਲਾਂ ਹੀ,
ਮੁੱਢੋਂ ਹੀ ਮੈਂ ਠਹਿਰਾਈ ਗਈ।
24ਜਿਸ ਵੇਲੇ ਪਾਣੀ ਦੀ ਡੂੰਘਾਈ ਨਹੀਂ ਸੀ, ਜਦੋਂ ਵਗਦੇ ਸੋਤੇ ਨਹੀਂ ਸਨ,
ਤਦ ਮੇਰਾ ਜਨਮ ਹੋਇਆ।
25ਪਹਾੜਾਂ ਅਤੇ ਪਹਾੜੀਆਂ ਦੀ ਸਥਾਪਨਾ ਤੋਂ ਪਹਿਲਾਂ ਹੀ
ਮੈਨੂੰ ਜਨਮ ਦਿੱਤਾ ਗਿਆ,
26ਇਸ ਤੋਂ ਪਹਿਲਾਂ ਕਿ ਉਸ ਨੇ ਸੰਸਾਰ ਨੂੰ ਜਾਂ ਇਸ ਦੇ ਖੇਤਾਂ ਨੂੰ ਬਣਾਇਆ
ਜਾਂ ਧਰਤੀ ਦੀ ਧੂੜ ਵਿੱਚੋਂ ਕੋਈ ਵੀ।
27ਮੈਂ ਉੱਥੇ ਸੀ ਜਦੋਂ ਉਸਨੇ ਅਕਾਸ਼ ਨੂੰ ਸਥਾਪਿਤ ਕੀਤਾ,
ਜਦੋਂ ਉਸਨੇ ਗਹਿਰੇ ਸਾਗਰਾਂ ਉੱਤੇ ਅਕਾਸ਼ ਮੰਡਲ ਠਹਿਰਾਇਆ,
28ਜਦੋਂ ਉਸਨੇ ਬੱਦਲਾਂ ਨੂੰ ਉੱਪਰ ਸਥਾਪਤ ਕੀਤਾ,
ਅਤੇ ਡੁੰਘਿਆਈ ਦੇ ਚਸ਼ਮੇ ਬਣਾਏ।
29ਜਦੋਂ ਉਸਨੇ ਸਮੁੰਦਰ ਦੀਆਂ ਹੱਦਾਂ ਠਹਿਰਾਈਆਂ,
ਤਾਂ ਜੋ ਪਾਣੀ ਉਹ ਦੇ ਹੁਕਮੋਂ ਬਾਹਰ ਨਾ ਜਾਵੇ,
ਅਤੇ ਜਦੋਂ ਉਸਨੇ ਧਰਤੀ ਦੀਆਂ ਨੀਂਹਾਂ ਨੂੰ ਸਥਾਪਤ ਕੀਤਾ।
30ਤਦ ਮੈਂ ਰਾਜ ਮਿਸਤਰੀ ਦੇ ਵਾਂਗੂੰ ਉਹ ਦੇ ਨਾਲ ਸੀ,
ਮੈਂ ਹਰ ਰੋਜ਼ ਉਸ ਦਾ ਅਨੰਦ ਸੀ,
ਹਰ ਵੇਲੇ ਉਹ ਦੇ ਸਾਮ੍ਹਣੇ ਮਗਨ ਰਹਿੰਦੀ ਸੀ,
31ਮੈਂ ਉਹ ਦੀ ਵਸਾਈ ਹੋਈ ਧਰਤੀ ਉੱਤੇ ਪ੍ਰਸੰਨ ਰਹਿੰਦੀ,
ਅਤੇ ਮੈਂ ਮਨੁੱਖਾਂ ਦੀ ਸੰਗਤੀ ਨਾਲ ਸੁਖੀ ਰਹਿੰਦੀ ਸੀ।
32“ਹੁਣ ਹੇ ਮੇਰੇ ਬੱਚਿਓ, ਮੇਰੀ ਗੱਲ ਸੁਣੋ,
ਮੁਬਾਰਕ ਹਨ ਉਹ ਜਿਹੜੇ ਮੇਰੇ ਰਾਹਾਂ ਦੀ ਪਾਲਨਾ ਕਰਦੇ ਹਨ।
33ਮੇਰੀ ਸਿੱਖਿਆ ਨੂੰ ਸੁਣੋ ਅਤੇ ਬੁੱਧਵਾਨ ਬਣੋ,
ਇਸ ਨੂੰ ਨਜ਼ਰ ਅੰਦਾਜ਼ ਨਾ ਕਰੋ।
34ਮੁਬਾਰਕ ਹਨ ਉਹ ਜਿਹੜੇ ਮੇਰੀ ਸੁਣਦੇ ਹਨ,
ਮੇਰੇ ਦਰਵਾਜ਼ੇ ਉੱਤੇ ਨਿੱਤ ਵੇਖਦੇ ਹਨ,
ਮੇਰੇ ਦਰਵਾਜ਼ੇ ਦੀ ਉਡੀਕ ਕਰਦੇ ਹਨ।
35ਕਿਉਂਕਿ ਜਿਹੜੇ ਮੈਨੂੰ ਲੱਭਦੇ ਹਨ
ਜੀਵਨ ਪਾਉਂਦੇ ਹਨ ਅਤੇ ਯਾਹਵੇਹ ਤੋਂ ਕਿਰਪਾ ਪ੍ਰਾਪਤ ਕਰਦੇ ਹਨ।
36ਪਰ ਜਿਹੜੇ ਮੈਨੂੰ ਨਹੀਂ ਲੱਭਦੇ ਉਹ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਉਹ ਸਾਰੇ ਜਿਹੜੇ ਮੈਨੂੰ ਨਫ਼ਰਤ ਕਰਦੇ ਹਨ ਮੌਤ ਨੂੰ ਪਿਆਰ ਕਰਦੇ ਹਨ।”
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.