YouVersion Logo
Search Icon

ਉਤਪਤ 27

27
1ਜਦੋਂ ਇਸਹਾਕ ਬੁੱਢਾ ਹੋ ਗਿਆ ਅਤੇ ਉਸ ਦੀਆਂ ਅੱਖਾਂ ਇੰਨੀਆਂ ਕਮਜ਼ੋਰ ਹੋ ਗਈਆਂ ਕਿ ਉਹ ਦੇਖ ਨਹੀਂ ਸਕਦਾ ਸੀ, ਤਾਂ ਉਸ ਨੇ ਆਪਣੇ ਵੱਡੇ ਪੁੱਤਰ ਏਸਾਓ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਮੇਰੇ ਪੁੱਤਰ।”
ਉਸਨੇ ਜਵਾਬ ਦਿੱਤਾ, “ਮੈਂ ਇੱਥੇ ਹਾਂ।”
2ਇਸਹਾਕ ਨੇ ਆਖਿਆ, “ਮੈਂ ਹੁਣ ਬੁੱਢਾ ਹੋ ਗਿਆ ਹਾਂ ਅਤੇ ਮੈਂ ਆਪਣੀ ਮੌਤ ਦਾ ਦਿਨ ਨਹੀਂ ਜਾਣਦਾ। 3ਤਾਂ ਹੁਣ ਆਪਣਾ ਸ਼ਸਤਰ ਅਰਥਾਤ, ਆਪਣਾ ਤਰਕਸ਼ ਅਤੇ ਧਨੁਸ਼ ਲੈ, ਅਤੇ ਮੈਦਾਨ ਵਿੱਚ ਜਾ ਕੇ ਮੇਰੇ ਸ਼ਿਕਾਰ ਮਾਰ। 4ਮੇਰੇ ਲਈ ਜਿਸ ਤਰ੍ਹਾਂ ਦਾ ਸੁਆਦਲਾ ਭੋਜਨ ਮੈਨੂੰ ਚੰਗਾ ਲੱਗਦਾ ਹੈ ਤਿਆਰ ਕਰ ਅਤੇ ਮੇਰੇ ਕੋਲ ਖਾਣ ਲਈ ਲਿਆਓ ਤਾਂ ਜੋ ਮੈਂ ਮਰਨ ਤੋਂ ਪਹਿਲਾਂ ਤੈਨੂੰ ਅਸੀਸ ਦੇ ਸਕਾਂ।”
5ਜਦੋਂ ਇਸਹਾਕ ਨੇ ਆਪਣੇ ਪੁੱਤਰ ਏਸਾਓ ਨਾਲ ਗੱਲ ਕੀਤੀ ਅਤੇ ਰਿਬਕਾਹ ਸੁਣ ਰਹੀ ਸੀ। ਜਦੋਂ ਏਸਾਓ ਸ਼ਿਕਾਰ ਖੇਡਣ ਅਤੇ ਇਸਨੂੰ ਵਾਪਸ ਲਿਆਉਣ ਲਈ ਮੈਦਾਨ ਵੱਲ ਚਲਾ ਗਿਆ, 6ਰਿਬਕਾਹ ਨੇ ਆਪਣੇ ਪੁੱਤਰ ਯਾਕੋਬ ਨੂੰ ਕਿਹਾ, “ਵੇਖ, ਮੈਂ ਤੇਰੇ ਪਿਤਾ ਨੂੰ ਤੇਰੇ ਭਰਾ ਏਸਾਓ ਨੂੰ ਇਹ ਕਹਿੰਦੇ ਹੋਏ ਸੁਣਿਆ, 7‘ਕਿ ਮੇਰੇ ਲਈ ਸ਼ਿਕਾਰ ਮਾਰ ਕੇ ਸੁਆਦਲਾ ਭੋਜਨ ਤਿਆਰ ਕਰ ਜੋ ਮੈਂ ਖਾਵਾਂ ਅਤੇ ਯਾਹਵੇਹ ਦੇ ਸਨਮੁਖ ਆਪਣੀ ਮੌਤ ਤੋਂ ਪਹਿਲਾਂ ਤੈਨੂੰ ਬਰਕਤ ਦੇਵਾਂ।’ 8ਹੁਣ, ਹੇ ਮੇਰੇ ਪੁੱਤਰ, ਧਿਆਨ ਨਾਲ ਮੇਰੀ ਗੱਲ ਸੁਣ ਅਤੇ ਉਹੀ ਕਰ ਜੋ ਮੈਂ ਤੈਨੂੰ ਦੱਸਦੀ ਹਾਂ। 9ਇੱਜੜ ਵਿੱਚ ਜਾ ਕੇ ਮੇਰੇ ਕੋਲ ਪਸੰਦੀਦਾ ਬੱਕਰੀ ਦੇ ਦੋ ਮੇਮਣੇ ਲਿਆ, ਤਾਂ ਜੋ ਮੈਂ ਤੇਰੇ ਪਿਤਾ ਲਈ ਕੁਝ ਸੁਆਦਲਾ ਭੋਜਨ ਤਿਆਰ ਕਰ ਸਕਾਂ, ਜਿਵੇਂ ਉਹ ਪਸੰਦ ਕਰਦੇ ਹਨ। 10ਫੇਰ ਆਪਣੇ ਪਿਤਾ ਕੋਲ ਲੈ ਕੇ ਜਾਵੀਂ ਤਾਂ ਜੋ ਉਹ ਮਰਨ ਤੋਂ ਪਹਿਲਾਂ ਤੈਨੂੰ ਅਸੀਸ ਦੇਵੇ।”
11ਯਾਕੋਬ ਨੇ ਆਪਣੀ ਮਾਂ ਰਿਬਕਾਹ ਨੂੰ ਕਿਹਾ, “ਪਰ ਮੇਰਾ ਭਰਾ ਏਸਾਓ ਇੱਕ ਜੱਤਵਾਲਾ ਮਨੁੱਖ ਹੈ ਜਦੋਂ ਕਿ ਮੇਰੀ ਚਮੜੀ ਨਰਮ ਹੈ। 12ਜੇ ਮੇਰਾ ਪਿਤਾ ਮੈਨੂੰ ਛੂਹ ਲਵੇ ਤਾਂ ਕੀ ਹੋਵੇਗਾ? ਮੈਂ ਉਸਨੂੰ ਧੋਖਾ ਦੇ ਰਿਹਾ ਜਾਪਦਾ ਹਾਂ ਅਤੇ ਅਸੀਸ ਦੀ ਬਜਾਏ ਆਪਣੇ ਆਪ ਉੱਤੇ ਸਰਾਪ ਲਿਆਵਾਂਗਾ।”
13ਉਸ ਦੀ ਮਾਤਾ ਨੇ ਉਹ ਨੂੰ ਆਖਿਆ, “ਹੇ ਮੇਰੇ ਪੁੱਤਰ, ਮੇਰੇ ਉੱਤੇ ਸਰਾਪ ਪਵੇ। ਬੱਸ ਉਹੀ ਕਰ ਜੋ ਮੈਂ ਕਹਿੰਦੀ ਹਾਂ, ਜਾ ਕੇ ਮੇਰੇ ਲਈ ਉਹਨਾਂ ਨੂੰ ਲਿਆ।”
14ਤਾਂ ਉਹ ਗਿਆ ਅਤੇ ਉਹਨਾਂ ਨੂੰ ਲੈ ਕੇ ਆਪਣੀ ਮਾਤਾ ਕੋਲ ਲਿਆਇਆ ਅਤੇ ਉਸ ਨੇ ਕੁਝ ਸੁਆਦਲਾ ਭੋਜਨ ਤਿਆਰ ਕੀਤਾ ਜਿਵੇਂ ਉਹ ਦੇ ਪਿਤਾ ਨੂੰ ਪਸੰਦ ਸੀ। 15ਤਦ ਰਿਬਕਾਹ ਨੇ ਆਪਣੇ ਵੱਡੇ ਪੁੱਤਰ ਏਸਾਓ ਦੇ ਸਭ ਤੋਂ ਚੰਗੇ ਕੱਪੜੇ ਜੋ ਉਸ ਦੇ ਘਰ ਵਿੱਚ ਸਨ ਲੈ ਲਏ ਅਤੇ ਆਪਣੇ ਛੋਟੇ ਪੁੱਤਰ ਯਾਕੋਬ ਨੂੰ ਪਹਿਨਾਏ। 16ਉਸ ਨੇ ਉਹ ਦੇ ਹੱਥ ਅਤੇ ਉਸ ਦੀ ਗਰਦਨ ਦਾ ਮੁਲਾਇਮ ਹਿੱਸਾ ਬੱਕਰੇ ਦੀ ਖੱਲ ਨਾਲ ਢੱਕ ਲਿਆ। 17ਤਦ ਉਸ ਨੇ ਆਪਣੇ ਪੁੱਤਰ ਯਾਕੋਬ ਨੂੰ ਉਹ ਸੁਆਦਲਾ ਭੋਜਨ ਅਤੇ ਰੋਟੀ ਜੋ ਉਸ ਨੇ ਬਣਾਈ ਸੀ ਦੇ ਦਿੱਤੀ।
18ਉਹ ਆਪਣੇ ਪਿਤਾ ਕੋਲ ਗਿਆ ਅਤੇ ਕਿਹਾ, “ਮੇਰੇ ਪਿਤਾ ਜੀ।”
ਉਸਨੇ ਜਵਾਬ ਦਿੱਤਾ, “ਹਾਂ ਮੇਰੇ ਪੁੱਤਰ, ਤੂੰ ਕੌਣ ਹੈ?”
19ਯਾਕੋਬ ਨੇ ਆਪਣੇ ਪਿਤਾ ਨੂੰ ਆਖਿਆ, ਮੈਂ ਤੇਰਾ ਜੇਠਾ ਪੁੱਤਰ ਏਸਾਓ ਹਾਂ। ਜਿਵੇਂ ਤੁਸੀਂ ਮੈਨੂੰ ਕਿਹਾ ਸੀ ਮੈਂ ਕੀਤਾ ਹੈ। ਕਿਰਪਾ ਕਰਕੇ ਬੈਠੋ ਅਤੇ ਮੇਰੇ ਸ਼ਿਕਾਰ ਵਿੱਚੋਂ ਕੁਝ ਖਾਓ, ਤਾਂ ਜੋ ਤੁਸੀਂ ਮੈਨੂੰ ਬਰਕਤ ਦੇ ਸਕੋ।
20ਇਸਹਾਕ ਨੇ ਆਪਣੇ ਪੁੱਤਰ ਨੂੰ ਪੁੱਛਿਆ, “ਮੇਰੇ ਪੁੱਤਰ, ਤੈਨੂੰ ਇਹ ਇੰਨੀ ਜਲਦੀ ਕਿਵੇਂ ਲੱਭਿਆ?”
ਉਸਨੇ ਜਵਾਬ ਦਿੱਤਾ, “ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਮੈਨੂੰ ਸਫਲਤਾ ਦਿੱਤੀ।”
21ਤਦ ਇਸਹਾਕ ਨੇ ਯਾਕੋਬ ਨੂੰ ਆਖਿਆ, ਨੇੜੇ ਆ ਤਾਂ ਜੋ ਮੈਂ ਤੈਨੂੰ ਛੂਹ ਕੇ ਜਾਣ ਸਕਾਂ ਕਿ ਤੂੰ ਸੱਚ-ਮੁੱਚ ਮੇਰਾ ਪੁੱਤਰ ਏਸਾਓ ਹੈ ਜਾਂ ਨਹੀਂ।
22ਯਾਕੋਬ ਆਪਣੇ ਪਿਤਾ ਇਸਹਾਕ ਦੇ ਨੇੜੇ ਗਿਆ ਅਤੇ ਉਸ ਨੇ ਉਸ ਨੂੰ ਛੂਹ ਕੇ ਕਿਹਾ, ਆਵਾਜ਼ ਤਾਂ ਯਾਕੋਬ ਦੀ ਹੈ ਪਰ ਹੱਥ ਏਸਾਓ ਦੇ ਹੱਥ ਹਨ। 23ਉਸ ਨੇ ਉਹ ਨੂੰ ਨਾ ਪਛਾਣਿਆ ਕਿਉਂ ਜੋ ਉਹ ਦੇ ਹੱਥ ਉਹ ਦੇ ਭਰਾ ਏਸਾਓ ਦੇ ਹੱਥਾਂ ਵਰਗੇ ਸਨ, ਇਸ ਲਈ ਉਹ ਉਸਨੂੰ ਅਸੀਸ ਦੇਣ ਲਈ ਅੱਗੇ ਵੱਧਿਆ। 24ਉਸ ਨੇ ਫਿਰ ਪੁੱਛਿਆ, “ਕੀ ਤੂੰ ਸੱਚ-ਮੁੱਚ ਮੇਰਾ ਪੁੱਤਰ ਏਸਾਓ ਹੈ?”
ਉਸਨੇ ਜਵਾਬ ਦਿੱਤਾ, “ਮੈਂ ਹੀ ਹਾਂ।”
25ਤਦ ਉਸ ਨੇ ਆਖਿਆ, ਹੇ ਮੇਰੇ ਪੁੱਤਰ, ਆਪਣੇ ਸ਼ਿਕਾਰ ਨੂੰ ਮੇਰੇ ਕੋਲ ਲਿਆ ਤਾਂ ਜੋ ਮੈਂ ਤੈਨੂੰ ਬਰਕਤ ਦੇ ਸਕਾਂ।
ਯਾਕੋਬ ਉਸ ਕੋਲ ਲਿਆਇਆ, ਉਸ ਨੇ ਖਾਧਾ ਅਤੇ ਉਹ ਕੁਝ ਦਾਖ਼ਰਸ ਵੀ ਲਿਆਇਆ ਅਤੇ ਇਸਹਾਕ ਨੇ ਪੀਤੀ। 26ਤਦ ਉਹ ਦੇ ਪਿਤਾ ਇਸਹਾਕ ਨੇ ਉਹ ਨੂੰ ਆਖਿਆ, ਹੇ ਮੇਰੇ ਪੁੱਤਰ ਇੱਥੇ ਆ ਅਤੇ ਮੈਨੂੰ ਚੁੰਮ।
27ਤਾਂ ਉਹ ਉਸ ਕੋਲ ਗਿਆ ਅਤੇ ਉਸ ਨੂੰ ਚੁੰਮਿਆ। ਜਦੋਂ ਇਸਹਾਕ ਨੇ ਆਪਣੇ ਕੱਪੜਿਆਂ ਦੀ ਸੁਗੰਧ ਸੁੰਘੀ, ਤਾਂ ਉਸਨੇ ਉਸਨੂੰ ਬਰਕਤ ਦਿੱਤੀ ਅਤੇ ਕਿਹਾ,
“ਆਹ, ਮੇਰੇ ਪੁੱਤਰ ਦੀ ਸੁਗੰਧ ਖੇਤ ਦੀ ਸੁਗੰਧ ਵਰਗੀ ਹੈ
ਜਿਸ ਨੂੰ ਯਾਹਵੇਹ ਨੇ ਬਰਕਤ ਦਿੱਤੀ ਹੈ।
28ਪਰਮੇਸ਼ਵਰ ਤੁਹਾਨੂੰ ਅਕਾਸ਼ ਦੀ ਤ੍ਰੇਲ
ਅਤੇ ਧਰਤੀ ਦੀ ਅਮੀਰੀ ਦੇਵੇ,
ਬਹੁਤ ਸਾਰਾ ਅਨਾਜ ਅਤੇ ਦਾਖ਼ਰਸ ਦੀ ਭਰਪੂਰੀ ਤੋਂ ਬਰਕਤ ਦੇਵੇ।
29ਕੌਮਾਂ ਤੇਰੀ ਸੇਵਾ ਕਰਨ
ਅਤੇ ਲੋਕ ਤੇਰੇ ਅੱਗੇ ਝੁੱਕਣ।
ਤੂੰ ਆਪਣੇ ਭਰਾਵਾਂ ਉੱਤੇ ਸਰਦਾਰ ਹੋਵੇ,
ਅਤੇ ਤੇਰੀ ਮਾਤਾ ਦੇ ਪੁੱਤਰ ਤੇਰੇ ਅੱਗੇ ਝੁੱਕਣ।
ਜਿਹੜਾ ਤੈਨੂੰ ਸਰਾਪ ਦੇਵੇ ਉਹ ਸਰਾਪੀ ਹੋਵੇ
ਅਤੇ ਜਿਹੜਾ ਤੈਨੂੰ ਬਰਕਤ ਦੇਵੇ ਉਹ ਮੁਬਾਰਕ ਹੋਵੇ।”
30ਜਦੋਂ ਇਸਹਾਕ ਨੇ ਉਸ ਨੂੰ ਅਸੀਸ ਦੇ ਦਿੱਤੀ ਅਤੇ ਯਾਕੋਬ ਆਪਣੇ ਪਿਤਾ ਇਸਹਾਕ ਕੋਲੋਂ ਬਾਹਰ ਨਿੱਕਲਿਆ ਹੀ ਸੀ ਕਿ ਉਸ ਦਾ ਭਰਾ ਏਸਾਓ ਸ਼ਿਕਾਰ ਤੋਂ ਆਇਆ। 31ਉਸ ਨੇ ਵੀ ਸੁਆਦਲਾ ਭੋਜਨ ਤਿਆਰ ਕੀਤਾ ਅਤੇ ਆਪਣੇ ਪਿਤਾ ਕੋਲ ਲਿਆਇਆ। ਤਦ ਉਸ ਨੇ ਉਸ ਨੂੰ ਕਿਹਾ, “ਮੇਰੇ ਪਿਤਾ ਜੀ, ਕਿਰਪਾ ਕਰਕੇ ਬੈਠੋ ਆਪਣੇ ਪੁੱਤਰ ਦੇ ਸ਼ਿਕਾਰ ਵਿੱਚੋਂ ਖਾਓ ਤਾਂ ਜੋ ਤੁਸੀਂ ਮੈਨੂੰ ਬਰਕਤ ਦਿਓ।”
32ਉਸ ਦੇ ਪਿਤਾ ਇਸਹਾਕ ਨੇ ਉਸ ਨੂੰ ਪੁੱਛਿਆ, ਤੂੰ ਕੌਣ ਹੈ?
ਉਸਨੇ ਜਵਾਬ ਦਿੱਤਾ, “ਮੈਂ ਤੇਰਾ ਪੁੱਤਰ ਹਾਂ, ਤੇਰਾ ਜੇਠਾ ਪੁੱਤਰ ਏਸਾਓ।”
33ਇਸਹਾਕ ਨੇ ਥਰ-ਥਰ ਕੰਬਦੇ ਹੋਏ ਕਿਹਾ, “ਫੇਰ ਉਹ ਕੌਣ ਸੀ, ਜੋ ਸ਼ਿਕਾਰ ਖੇਡ ਕੇ ਮੇਰੇ ਕੋਲ ਲਿਆਇਆ? ਤੇਰੇ ਆਉਣ ਤੋਂ ਠੀਕ ਪਹਿਲਾਂ ਮੈਂ ਉਸ ਦੇ ਭੋਜਨ ਨੂੰ ਖਾਧਾ ਅਤੇ ਮੈਂ ਉਸਨੂੰ ਬਰਕਤ ਦਿੱਤੀ, ਅਤੇ ਸੱਚ-ਮੁੱਚ ਉਹ ਮੁਬਾਰਕ ਹੋਵੇਗਾ!”
34ਜਦੋਂ ਏਸਾਓ ਨੇ ਆਪਣੇ ਪਿਤਾ ਦੀਆਂ ਗੱਲਾਂ ਸੁਣੀਆਂ ਤਾਂ ਉਹ ਉੱਚੀ-ਉੱਚੀ ਭੁੱਬਾਂ ਮਾਰ ਕੇ ਰੋਣ ਲੱਗਾ ਅਤੇ ਆਪਣੇ ਪਿਤਾ ਨੂੰ ਕਿਹਾ, “ਮੇਰੇ ਪਿਤਾ, ਮੈਨੂੰ ਵੀ ਅਸੀਸ ਦੇ!”
35ਪਰ ਉਸ ਨੇ ਆਖਿਆ, ਤੇਰਾ ਭਰਾ ਧੋਖੇ ਨਾਲ ਆ ਕੇ ਤੇਰੀ ਅਸੀਸ ਲੈ ਗਿਆ।
36ਏਸਾਓ ਨੇ ਆਖਿਆ, ਕੀ ਉਸ ਦਾ ਨਾਮ ਯਾਕੋਬ ਠੀਕ ਨਹੀਂ ਹੈ? ਇਹ ਦੂਜੀ ਵਾਰ ਹੈ ਜਦੋਂ ਉਸਨੇ ਮੇਰੇ ਨਾਲ ਧੋਖਾ ਕੀਤਾ ਹੈ, ਉਸਨੇ ਮੇਰਾ ਪਹਿਲੌਠੇ ਹੋਣ ਦਾ ਹੱਕ ਲੈ ਲਿਆ ਅਤੇ ਹੁਣ ਉਸਨੇ ਮੇਰੀ ਬਰਕਤ ਵੀ ਲੈ ਲਈ! ਫਿਰ ਉਸਨੇ ਪੁੱਛਿਆ, “ਕੀ ਤੁਸੀਂ ਮੇਰੇ ਲਈ ਕੋਈ ਬਰਕਤ ਨਹੀਂ ਰੱਖੀ?”
37ਇਸਹਾਕ ਨੇ ਏਸਾਓ ਨੂੰ ਉੱਤਰ ਦਿੱਤਾ, “ਮੈਂ ਉਹ ਨੂੰ ਤੇਰਾ ਸੁਆਮੀ ਠਹਿਰਾਇਆ ਹੈ ਅਤੇ ਉਸ ਦੇ ਸਾਰੇ ਰਿਸ਼ਤੇਦਾਰਾਂ ਨੂੰ ਉਸ ਦਾ ਸੇਵਕ ਬਣਾਇਆ ਹੈ ਅਤੇ ਮੈਂ ਅਨਾਜ ਅਤੇ ਦਾਖ਼ਰਸ ਉਸਨੂੰ ਦਿੱਤੀ। ਇਸ ਲਈ, ਮੇਰੇ ਪੁੱਤਰ, ਮੈਂ ਤੇਰੇ ਲਈ ਕੀ ਕਰਾਂ?”
38ਏਸਾਓ ਨੇ ਆਪਣੇ ਪਿਤਾ ਨੂੰ ਆਖਿਆ, “ਹੇ ਮੇਰੇ ਪਿਤਾ, ਕੀ ਤੁਹਾਡੇ ਕੋਲ ਇੱਕ ਵੀ ਬਰਕਤ ਨਹੀਂ ਹੈ? ਏਸਾਓ ਉੱਚੀ-ਉੱਚੀ ਰੋਂਦਾ ਹੋਇਆ ਕਹਿਣ ਲੱਗਾ ਕਿ ਮੇਰੇ ਪਿਤਾ!” ਮੈਨੂੰ ਵੀ ਬਰਕਤ ਦਿਓ।
39ਉਹ ਦੇ ਪਿਤਾ ਇਸਹਾਕ ਨੇ ਉਹ ਨੂੰ ਉੱਤਰ ਦਿੱਤਾ,
ਤੇਰਾ ਨਿਵਾਸ ਧਰਤੀ ਦੀ ਅਮੀਰੀ ਤੋਂ,
ਉੱਪਰ ਅਕਾਸ਼ ਦੀ ਤ੍ਰੇਲ ਤੋਂ ਦੂਰ ਹੋਵੇਗਾ।
40ਤੂੰ ਤਲਵਾਰ ਨਾਲ ਜੀਵੇਂਗਾ
ਅਤੇ ਤੂੰ ਆਪਣੇ ਭਰਾ ਦੀ ਸੇਵਾ ਕਰੇਗਾ।
ਪਰ ਜਦੋਂ ਤੂੰ ਬੇਚੈਨ ਹੋਵੇਗਾ,
ਤੂੰ ਉਸਦਾ ਜੂਲਾ ਆਪਣੀ ਗਰਦਨ ਤੋਂ ਭੰਨ ਸੁੱਟੇਗਾ।
41ਏਸਾਓ ਨੇ ਯਾਕੋਬ ਨਾਲ ਵੈਰ ਰੱਖਿਆ ਕਿਉਂ ਜੋ ਉਸ ਦੇ ਪਿਤਾ ਨੇ ਉਸ ਨੂੰ ਬਰਕਤ ਦਿੱਤੀ ਸੀ। ਉਸਨੇ ਆਪਣੇ ਆਪ ਨੂੰ ਕਿਹਾ, “ਮੇਰੇ ਪਿਤਾ ਲਈ ਸੋਗ ਦੇ ਦਿਨ ਨੇੜੇ ਹਨ, ਫ਼ੇਰ ਮੈਂ ਆਪਣੇ ਭਰਾ ਯਾਕੋਬ ਨੂੰ ਮਾਰ ਦਿਆਂਗਾ।”
42ਜਦੋਂ ਰਿਬਕਾਹ ਨੂੰ ਉਸ ਦੇ ਵੱਡੇ ਪੁੱਤਰ ਏਸਾਓ ਦੀ ਗੱਲ ਦੱਸੀ ਗਈ ਤਾਂ ਉਸ ਨੇ ਆਪਣੇ ਛੋਟੇ ਪੁੱਤਰ ਯਾਕੋਬ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਤੇਰਾ ਭਰਾ ਏਸਾਓ ਤੈਨੂੰ ਮਾਰ ਕੇ ਆਪਣਾ ਬਦਲਾ ਲੈਣ ਦੀ ਯੋਜਨਾ ਬਣਾ ਰਿਹਾ ਹੈ। 43ਸੋ ਹੁਣ ਮੇਰੇ ਪੁੱਤਰ, ਉਹੀ ਕਰ ਜੋ ਮੈਂ ਆਖਦੀ ਹਾਂ, ਇੱਕ ਵਾਰ ਹਾਰਾਨ ਵਿੱਚ ਮੇਰੇ ਭਰਾ ਲਾਬਾਨ ਕੋਲ ਭੱਜ ਜਾ। 44ਜਦ ਤੱਕ ਤੇਰੇ ਭਰਾ ਦਾ ਕਹਿਰ ਨਾ ਸ਼ਾਂਤ ਨਾ ਹੋ ਜਾਵੇ ਥੋੜ੍ਹਾ ਚਿਰ ਉਸ ਦੇ ਨਾਲ ਰਹਿ। 45ਜਦੋਂ ਤੇਰਾ ਭਰਾ ਤੇਰੇ ਨਾਲ ਨਾਰਾਜ਼ ਨਾ ਹੋਵੇ ਅਤੇ ਭੁੱਲ ਜਾਵੇ ਜੋ ਤੂੰ ਉਸ ਨਾਲ ਕੀਤਾ ਸੀ, ਮੈਂ ਤੈਨੂੰ ਉੱਥੋਂ ਵਾਪਿਸ ਆਉਣ ਦਾ ਸੁਨੇਹਾ ਭੇਜਾਂਗਾ। ਮੈਂ ਤੁਹਾਨੂੰ ਦੋਨਾਂ ਨੂੰ ਇੱਕ ਦਿਨ ਵਿੱਚ ਕਿਉਂ ਗੁਆਵਾਂ?”
46ਫਿਰ ਰਿਬਕਾਹ ਨੇ ਇਸਹਾਕ ਨੂੰ ਆਖਿਆ, “ਮੈਂ ਇਨ੍ਹਾਂ ਹਿੱਤੀ ਔਰਤਾਂ ਦੇ ਕਾਰਨ ਜੀਉਣ ਤੋਂ ਘਿਣ ਕਰਦਾ ਹਾਂ। ਜੇ ਯਾਕੋਬ ਇਸ ਦੇਸ਼ ਦੀਆਂ ਔਰਤਾਂ ਵਿੱਚੋਂ, ਇਸ ਤਰ੍ਹਾਂ ਦੀਆਂ ਹਿੱਤੀ ਔਰਤਾਂ ਵਿੱਚੋਂ ਇੱਕ ਪਤਨੀ ਲੈ ਲਵੇ, ਤਾਂ ਮੇਰੀ ਜ਼ਿੰਦਗੀ ਜੀਉਣ ਦੇ ਯੋਗ ਨਹੀਂ ਹੋਵੇਗੀ।”

Currently Selected:

ਉਤਪਤ 27: OPCV

Highlight

Share

ਕਾਪੀ।

None

Want to have your highlights saved across all your devices? Sign up or sign in