YouVersion Logo
Search Icon

2 ਕੁਰਿੰਥੁਸ 11

11
ਪੌਲੁਸ ਅਤੇ ਝੂਠੇ ਰਸੂਲ
1ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਥੋੜ੍ਹੀ ਜਿਹੀ ਮੂਰਖਤਾ ਸਹਿ ਲਵੋ ਜਿਵੇਂ ਤੁਸੀਂ ਇਸ ਸਮੇਂ ਸਹਿ ਵੀ ਰਹੇ ਹੋ । 2ਮੈਂ ਤੁਹਾਡੇ ਲਈ ਪਰਮੇਸ਼ਰ ਵਾਂਗ ਅਣਖ ਰੱਖਦਾ ਹਾਂ । ਮੈਂ ਤੁਹਾਨੂੰ ਇੱਕ ਪਵਿੱਤਰ ਕੁਆਰੀ ਦੀ ਤਰ੍ਹਾਂ ਤੁਹਾਡੇ ਇੱਕ ਹੀ ਪਤੀ ਭਾਵ ਮਸੀਹ ਨੂੰ ਸੌਂਪਣ ਦਾ ਵਾਅਦਾ ਕੀਤਾ ਸੀ । 3#ਉਤ 3:1-5,13ਪਰ ਮੈਨੂੰ ਡਰ ਹੈ ਕਿ ਜਿਸ ਤਰ੍ਹਾਂ ਸੱਪ ਨੇ ਆਪਣੀ ਚਤੁਰਾਈ ਨਾਲ ਹੱਵਾਹ ਨੂੰ ਧੋਖਾ ਦਿੱਤਾ, ਉਸੇ ਤਰ੍ਹਾਂ ਤੁਹਾਡੇ ਵਿਚਾਰ ਵੀ ਭ੍ਰਿਸ਼ਟ ਨਾ ਹੋ ਜਾਣ ਅਤੇ ਤੁਸੀਂ ਵੀ ਮਸੀਹ ਲਈ ਸੱਚੀ ਅਤੇ ਸੁੱਚੀ ਸ਼ਰਧਾ ਨਾ ਗੁਆ ਲਵੋ । 4ਜੇਕਰ ਕੋਈ ਤੁਹਾਡੇ ਕੋਲ ਆਏ ਅਤੇ ਕਿਸੇ ਹੋਰ ਯਿਸੂ ਦਾ ਪ੍ਰਚਾਰ ਕਰੇ ਜਿਸ ਦਾ ਪ੍ਰਚਾਰ ਅਸੀਂ ਨਹੀਂ ਕੀਤਾ ਸੀ ਜਾਂ ਜੇਕਰ ਤੁਸੀਂ ਉਸ ਆਤਮਾ ਤੋਂ ਇਲਾਵਾ ਕੋਈ ਦੂਜਾ ਆਤਮਾ ਪ੍ਰਾਪਤ ਕਰੋ ਜਿਹੜਾ ਤੁਸੀਂ ਪਹਿਲਾਂ ਨਹੀਂ ਪ੍ਰਾਪਤ ਕੀਤਾ ਸੀ ਜਾਂ ਤੁਸੀਂ ਕੋਈ ਹੋਰ ਸ਼ੁਭ ਸਮਾਚਾਰ ਸਵੀਕਾਰ ਕਰੋ ਜਿਹੜਾ ਤੁਸੀਂ ਪਹਿਲਾਂ ਸਵੀਕਾਰ ਨਹੀਂ ਕੀਤਾ ਸੀ ਤਾਂ ਤੁਸੀਂ ਉਸ ਨੂੰ ਅਸਾਨੀ ਨਾਲ ਸਵੀਕਾਰ ਕਰਦੇ ਹੋ ।
5ਮੈਂ ਸੋਚਦਾ ਹਾਂ ਕਿ ਮੈਂ ਤੁਹਾਡੇ ਉੱਤਮ ਮੰਨੇ ਜਾਣ ਵਾਲੇ ਰਸੂਲਾਂ ਨਾਲੋਂ ਘੱਟ ਨਹੀਂ ਹਾਂ । 6ਭਾਵੇਂ ਮੈਂ ਬੋਲਣ ਵਿੱਚ ਚੰਗਾ ਨਾ ਹੋਵਾਂ ਪਰ ਗਿਆਨ ਵਿੱਚ ਕਿਸੇ ਨਾਲੋਂ ਘੱਟ ਨਹੀਂ । ਇਹ ਗੱਲ ਅਸੀਂ ਤੁਹਾਡੇ ਸਾਹਮਣੇ ਹਰ ਤਰ੍ਹਾਂ ਨਾਲ ਪ੍ਰਗਟ ਕੀਤੀ ਹੈ ।
7ਮੈਂ ਤੁਹਾਡੇ ਤੋਂ ਪੈਸਾ ਲਏ ਬਿਨਾਂ ਤੁਹਾਨੂੰ ਪਰਮੇਸ਼ਰ ਦਾ ਸ਼ੁਭ ਸਮਾਚਾਰ ਸੁਣਾਇਆ, ਮੈਂ ਤੁਹਾਨੂੰ ਉੱਚਾ ਚੁੱਕਣ ਦੇ ਲਈ ਆਪਣੇ ਆਪ ਨੂੰ ਨੀਵਾਂ ਕੀਤਾ । ਕੀ ਮੈਂ ਪਾਪ ਕੀਤਾ ਹੈ ? 8ਤੁਹਾਡੀ ਸੇਵਾ ਕਰਨ ਲਈ ਮੈਂ ਦੂਜੀਆਂ ਕਲੀਸੀਯਾਵਾਂ ਉੱਤੇ ਆਪਣੇ ਖਰਚੇ ਲਈ ਭਾਰ ਬਣਿਆ । 9#ਫ਼ਿਲਿ 4:15-18ਜਦੋਂ ਮੈਂ ਤੁਹਾਡੇ ਕੋਲ ਸੀ ਅਤੇ ਉਸ ਸਮੇਂ ਮੈਨੂੰ ਕੁਝ ਲੋੜ ਪਈ ਫਿਰ ਵੀ ਮੈਂ ਤੁਹਾਡੇ ਉੱਤੇ ਭਾਰ ਨਾ ਬਣਿਆ ਸਗੋਂ ਮੇਰੀਆਂ ਸਾਰੀਆਂ ਲੋੜਾਂ ਮਕਦੂਨਿਯਾ ਤੋਂ ਆਏ ਹੋਏ ਭਰਾਵਾਂ ਨੇ ਪੂਰੀਆਂ ਕੀਤੀਆਂ । ਮੈਂ ਤੁਹਾਡੇ ਉੱਤੇ ਕਿਸੇ ਤਰ੍ਹਾਂ ਭਾਰ ਨਹੀਂ ਬਣਿਆ ਅਤੇ ਨਾ ਹੀ ਕਦੀ ਬਣਾਂਗਾ । 10ਕਿਉਂਕਿ ਮਸੀਹ ਦਾ ਸੱਚ ਮੇਰੇ ਵਿੱਚ ਹੈ ਇਸ ਲਈ ਪੂਰੇ ਅਖਾਯਾ ਵਿੱਚ ਕੋਈ ਵੀ ਮੈਨੂੰ ਇਸ ਉੱਤੇ ਮਾਣ ਕਰਨ ਤੋਂ ਨਹੀਂ ਰੋਕ ਸਕੇਗਾ । 11ਕਿਸ ਲਈ ? ਕੀ ਇਸ ਲਈ ਕਿ ਮੈਂ ਤੁਹਾਨੂੰ ਪਿਆਰ ਨਹੀਂ ਕਰਦਾ ? ਪਰਮੇਸ਼ਰ ਜਾਣਦੇ ਹਨ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ ।
12ਪਰ ਜੋ ਮੈਂ ਕਰਦਾ ਹਾਂ ਉਹ ਕਰਦਾ ਰਹਾਂਗਾ ਤਾਂ ਜੋ ਉਹਨਾਂ ਨੂੰ ਜਿਹੜੇ ਆਪਣੇ ਆਪ ਨੂੰ ਸਾਡੇ ਬਰਾਬਰ ਕਰਨਾ ਚਾਹੁੰਦੇ ਹਨ ਅਤੇ ਇਸ ਉੱਤੇ ਮਾਣ ਕਰਦੇ ਹਨ ਉਹਨਾਂ ਨੂੰ ਇਸ ਤਰ੍ਹਾਂ ਕਰਨ ਦਾ ਮੌਕਾ ਨਾ ਮਿਲੇ । 13ਅਜਿਹੇ ਲੋਕ ਝੂਠੇ ਰਸੂਲ ਹਨ । ਉਹ ਧੋਖੇਬਾਜ਼ ਹਨ ਕਿਉਂਕਿ ਉਹ ਦਿਖਾਵੇ ਦੇ ਲਈ ਆਪਣੇ ਆਪ ਨੂੰ ਮਸੀਹ ਦੇ ਰਸੂਲ ਦੱਸਦੇ ਹਨ । 14ਪਰ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਸ਼ੈਤਾਨ ਆਪ ਵੀ ਚਾਨਣ ਦੇ ਸਵਰਗਦੂਤ ਵਰਗਾ ਭੇਸ ਬਦਲ ਲੈਂਦਾ ਹੈ । 15ਫਿਰ ਇਹ ਕੋਈ ਵੱਡੀ ਗੱਲ ਨਹੀਂ ਹੈ ਕਿ ਉਸ ਦੇ ਸੇਵਕ ਨੇਕੀ ਦੇ ਸੇਵਕ ਹੋਣ ਦਾ ਢੌਂਗ ਰਚਦੇ ਹਨ । ਅੰਤ ਵਿੱਚ ਉਹ ਆਪਣੇ ਕੀਤੇ ਕੰਮਾਂ ਦਾ ਫਲ ਪਾਉਣਗੇ ।
ਰਸੂਲ ਹੋਣ ਕਾਰਨ ਪੌਲੁਸ ਦੇ ਦੁੱਖ
16ਮੈਂ ਫਿਰ ਕਹਿੰਦਾ ਹਾਂ ਕਿ ਕੋਈ ਮੈਨੂੰ ਮੂਰਖ ਨਾ ਸਮਝੇ ਪਰ ਜੇਕਰ ਤੁਸੀਂ ਸਮਝਦੇ ਹੋ ਤਾਂ ਮੈਨੂੰ ਮੂਰਖ ਸਮਝ ਕੇ ਹੀ ਸਵੀਕਾਰ ਕਰੋ ਅਤੇ ਮੈਨੂੰ ਕੁਝ ਮਾਣ ਕਰਨ ਦਿਓ । 17ਜੋ ਕੁਝ ਵੀ ਮੈਂ ਇੰਨੇ ਮਾਣ ਨਾਲ ਕਹਿ ਰਿਹਾ ਹਾਂ ਇਹ ਪ੍ਰਭੂ ਦੀ ਸਿੱਖਿਆ ਦੇ ਅਨੁਸਾਰ ਨਹੀਂ ਹੈ, ਇਹ ਤਾਂ ਮੂਰਖਤਾ ਹੈ । 18ਜਦ ਕਿ ਬਹੁਤ ਸਾਰੇ ਲੋਕ ਸਰੀਰ ਦੇ ਅਨੁਸਾਰ ਮਾਣ ਕਰਦੇ ਹਨ ਤਾਂ ਫਿਰ ਮੈਂ ਵੀ ਕਿਉਂ ਨਾ ਕਰਾਂ ? 19ਤੁਸੀਂ ਬਹੁਤ ਸਮਝਦਾਰ ਹੋ ਇਸੇ ਲਈ ਤੁਸੀਂ ਮੂਰਖਾਂ ਨੂੰ ਖ਼ੁਸ਼ੀ ਨਾਲ ਸਹਿ ਲੈਂਦੇ ਹੋ 20ਜਦੋਂ ਤੁਹਾਡੇ ਉੱਤੇ ਕੋਈ ਹੁਕਮ ਚਲਾਉਂਦਾ ਹੈ, ਤੁਹਾਡੇ ਤੋਂ ਆਪਣਾ ਮਤਲਬ ਕੱਢਦਾ ਹੈ, ਤੁਹਾਨੂੰ ਧੋਖਾ ਦਿੰਦਾ ਹੈ, ਆਪਣੇ ਆਪ ਨੂੰ ਉੱਚਾ ਕਰਦਾ ਹੈ ਅਤੇ ਤੁਹਾਡੇ ਮੂੰਹ ਉੱਤੇ ਚਪੇੜ ਮਾਰਦਾ ਹੈ ਤੁਸੀਂ ਉਸ ਨੂੰ ਸਹਿ ਲੈਂਦੇ ਹੋ । 21ਪਰ ਮੈਂ ਸ਼ਰਮਿੰਦਾ ਹੋ ਕੇ ਮੰਨਦਾ ਹਾਂ ਕਿ ਅਸੀਂ ਇਸ ਮਾਮਲੇ ਵਿੱਚ ਕਮਜ਼ੋਰ ਸੀ ।
ਪਰ ਜੇਕਰ ਕੋਈ ਕਿਸੇ ਹੋਰ ਚੀਜ਼ ਉੱਤੇ ਮਾਣ ਕਰਨ ਦੀ ਹਿੰਮਤ ਕਰਦਾ ਹੈ (ਮੈਂ ਇੱਕ ਮੂਰਖ ਦੀ ਤਰ੍ਹਾਂ ਬੋਲ ਰਿਹਾ ਹਾਂ) ਤਾਂ ਮੈਂ ਵੀ ਹਿੰਮਤ ਕਰ ਸਕਦਾ ਹਾਂ । 22ਕੀ ਉਹ ਹੀ ਇਬਰਾਨੀ ਹਨ ? ਮੈਂ ਵੀ ਹਾਂ । ਕੀ ਉਹ ਹੀ ਇਸਰਾਏਲੀ ਹਨ ? ਮੈਂ ਵੀ ਹਾਂ । ਕੀ ਉਹ ਹੀ ਅਬਰਾਹਾਮ ਦੀ ਸੰਤਾਨ ਹਨ ? ਮੈਂ ਵੀ ਹਾਂ । 23#ਰਸੂਲਾਂ 16:23ਕੀ ਉਹ ਹੀ ਮਸੀਹ ਦੇ ਸੇਵਕ ਹਨ ? ਮੈਂ ਉਹਨਾਂ ਤੋਂ ਵੀ ਵੱਧ ਕੇ ਹਾਂ (ਇਹ ਸਭ ਮੈਂ ਪਾਗਲਾਂ ਦੀ ਤਰ੍ਹਾਂ ਕਹਿ ਰਿਹਾ ਹਾਂ) ਪਰ ਮੈਂ ਉਹਨਾਂ ਤੋਂ ਜ਼ਿਆਦਾ ਮਿਹਨਤ ਕੀਤੀ, ਬਹੁਤ ਵਾਰ ਕੈਦ ਵਿੱਚ ਰਿਹਾ, ਬਹੁਤ ਵਾਰ ਕੋਰੜਿਆਂ ਦੀ ਮਾਰ ਖਾਧੀ ਅਤੇ ਕਈ ਵਾਰ ਮੌਤ ਦੇ ਮੂੰਹ ਤੱਕ ਵੀ ਪਹੁੰਚਿਆ । 24#ਵਿਵ 25:3ਮੈਂ ਪੰਜ ਵਾਰ ਯਹੂਦੀਆਂ ਕੋਲੋਂ ਇੱਕ ਘੱਟ ਚਾਲੀ ਕੋਰੜੇ ਖਾਧੇ । 25#ਰਸੂਲਾਂ 14:19, 16:22ਤਿੰਨ ਵਾਰ ਬੈਂਤਾਂ ਨਾਲ ਮਾਰ ਖਾਧੀ, ਇੱਕ ਵਾਰ ਪਥਰਾਓ ਕੀਤਾ ਗਿਆ, ਤਿੰਨ ਵਾਰ ਸਮੁੰਦਰੀ ਜਹਾਜ਼ ਦੀ ਤਬਾਹੀ ਵਿੱਚ ਫਸਿਆ । ਇੱਥੋਂ ਤੱਕ ਕਿ ਇੱਕ ਵਾਰ ਮੈਂ ਇੱਕ ਦਿਨ ਅਤੇ ਇੱਕ ਰਾਤ ਖੁੱਲ੍ਹੇ ਸਮੁੰਦਰ ਵਿੱਚ ਬਿਤਾਈ । 26#ਰਸੂਲਾਂ 9:23, 14:15ਮੈਂ ਅਣਗਿਣਤ ਯਾਤਰਾਵਾਂ ਕੀਤੀਆਂ ਜਿਹਨਾਂ ਵਿੱਚ ਮੈਨੂੰ ਦਰਿਆਵਾਂ ਦੇ ਖ਼ਤਰੇ, ਡਾਕੂਆਂ ਦੇ ਖ਼ਤਰੇ, ਆਪਣੇ ਲੋਕਾਂ ਦੇ ਖ਼ਤਰੇ, ਪਰਾਈਆਂ ਕੌਮਾਂ ਦੇ ਖ਼ਤਰੇ, ਸ਼ਹਿਰਾਂ ਦੇ ਖ਼ਤਰੇ, ਉਜਾੜ ਦੇ ਖ਼ਤਰੇ, ਸਮੁੰਦਰੀ ਖ਼ਤਰੇ ਅਤੇ ਝੂਠੇ ਭਰਾਵਾਂ ਦੇ ਖ਼ਤਰਿਆਂ ਦਾ ਸਾਹਮਣਾ ਕਰਨਾ ਪਿਆ । 27ਮੈਂ ਮਿਹਨਤ ਕੀਤੀ, ਕਸ਼ਟ ਝੱਲੇ, ਕਈ ਵਾਰ ਬਿਨਾਂ ਨੀਂਦ ਦੇ ਰਿਹਾ, ਭੁੱਖਾ ਅਤੇ ਪਿਆਸਾ ਰਿਹਾ, ਕਈ ਵਾਰ ਬਿਨਾਂ ਭੋਜਨ ਅਤੇ ਠੰਡ ਵਿੱਚ ਲੋੜ ਤੋਂ ਘੱਟ ਕੱਪੜਿਆਂ ਦੇ ਰਿਹਾ । 28ਇਸ ਸਭ ਤੋਂ ਇਲਾਵਾ ਹਰ ਰੋਜ਼ ਮੇਰੇ ਉੱਤੇ ਕਲੀਸੀਯਾਵਾਂ ਦੀ ਚਿੰਤਾ ਦਾ ਭਾਰ ਰਹਿੰਦਾ ਹੈ । 29ਜੇਕਰ ਕੋਈ ਕਮਜ਼ੋਰ ਹੋਇਆ ਤਾਂ ਕੀ ਮੈਂ ਉਸ ਦੀ ਕਮਜ਼ੋਰੀ ਮਹਿਸੂਸ ਨਹੀਂ ਕੀਤੀ ? ਕੀ ਮੈਂ ਕਿਸੇ ਦੇ ਪਾਪ ਵਿੱਚ ਪੈ ਜਾਣ ਕਰ ਕੇ ਦੁਖੀ ਨਹੀਂ ਹੁੰਦਾ ?
30ਜੇਕਰ ਮੇਰੇ ਲਈ ਮਾਣ ਕਰਨਾ ਜ਼ਰੂਰੀ ਹੈ ਤਾਂ ਮੈਂ ਆਪਣੀਆਂ ਕਮਜ਼ੋਰੀਆਂ ਉੱਤੇ ਮਾਣ ਕਰਾਂਗਾ । 31ਪ੍ਰਭੂ ਯਿਸੂ ਦੇ ਪਰਮੇਸ਼ਰ ਅਤੇ ਪਿਤਾ ਜਾਣਦੇ ਹਨ ਕਿ ਮੈਂ ਸੱਚ ਕਹਿ ਰਿਹਾ ਹਾਂ । ਉਹਨਾਂ ਦੀ ਵਡਿਆਈ ਅਨੰਤਕਾਲ ਤੱਕ ਹੋਵੇ ! 32#ਰਸੂਲਾਂ 9:23-25ਜਦੋਂ ਮੈਂ ਦਮਿਸ਼ਕ ਵਿੱਚ ਸੀ, ਰਾਜਾ ਅਰਿਤਾਸ ਦੇ ਰਾਜਪਾਲ ਨੇ ਮੈਨੂੰ ਗਰਿਫ਼ਤਾਰ ਕਰਨ ਦੇ ਲਈ ਸਾਰੇ ਸ਼ਹਿਰ ਉੱਤੇ ਪਹਿਰਾ ਲਾ ਦਿੱਤਾ । 33ਪਰ ਮੈਨੂੰ ਇੱਕ ਟੋਕਰੇ ਦੇ ਵਿੱਚ ਬਿਠਾ ਕੇ ਕੰਧ ਦੀ ਖਿੜਕੀ ਦੇ ਰਾਹੀਂ ਬਾਹਰ ਉਤਾਰ ਦਿੱਤਾ ਗਿਆ । ਇਸ ਤਰ੍ਹਾਂ ਮੈਂ ਰਾਜਪਾਲ ਦੇ ਹੱਥਾਂ ਵਿੱਚੋਂ ਬਚ ਨਿਕਲਿਆ ।

Highlight

Share

ਕਾਪੀ।

None

Want to have your highlights saved across all your devices? Sign up or sign in