1 ਕੁਰਿੰਥੁਸ 14
14
ਪਰਾਈਆਂ ਭਾਸ਼ਾਵਾਂ ਅਤੇ ਭਵਿੱਖਬਾਣੀ
1ਪਿਆਰ ਵਿੱਚ ਚੱਲੋ, ਆਤਮਿਕ ਵਰਦਾਨਾਂ ਦੀ ਖੋਜ ਕਰੋ ਅਤੇ ਖ਼ਾਸ ਕਰ ਕੇ ਭਵਿੱਖਬਾਣੀ#14:1 ਪਰਮੇਸ਼ਰ ਦਾ ਸੰਦੇਸ਼ ਕਰਨ ਦੇ ਵਰਦਾਨ ਦੀ । 2ਜਿਹੜਾ ਮਨੁੱਖ ਪਰਾਈਆਂ ਭਾਸ਼ਾਵਾਂ ਬੋਲਦਾ ਹੈ, ਉਹ ਮਨੁੱਖਾਂ ਨਾਲ ਨਹੀਂ ਬੋਲਦਾ ਸਗੋਂ ਪਰਮੇਸ਼ਰ ਨਾਲ ਬੋਲਦਾ ਹੈ ਕਿਉਂਕਿ ਉਸ ਨੂੰ ਹੋਰ ਕੋਈ ਨਹੀਂ ਸਮਝਦਾ । ਉਹ ਪਵਿੱਤਰ ਆਤਮਾ ਦੀ ਪ੍ਰੇਰਨਾ ਨਾਲ ਰਹੱਸ ਵਾਲੀਆਂ ਗੱਲਾਂ ਕਰਦਾ ਹੈ 3ਪਰ ਜਿਹੜਾ ਮਨੁੱਖ ਪਰਮੇਸ਼ਰ ਦੇ ਸੰਦੇਸ਼ ਦਾ ਪ੍ਰਚਾਰ ਕਰਦਾ ਹੈ, ਉਹ ਮਨੁੱਖਾਂ ਨਾਲ ਬੋਲਦਾ ਹੈ, ਉਹਨਾਂ ਦੀ ਆਤਮਿਕ ਉਸਾਰੀ ਕਰਦਾ ਅਤੇ ਉਤਸ਼ਾਹ ਅਤੇ ਦਿਲਾਸਾ ਦਿੰਦਾ ਹੈ । 4ਜਿਹੜਾ ਮਨੁੱਖ ਪਰਾਈਆਂ ਭਾਸ਼ਾਵਾਂ ਬੋਲਦਾ ਹੈ, ਉਹ ਕੇਵਲ ਆਪਣੇ ਆਪ ਨੂੰ ਹੀ ਉਸਾਰਦਾ ਹੈ ਪਰ ਜਿਹੜਾ ਪਰਮੇਸ਼ਰ ਦਾ ਸੰਦੇਸ਼ ਸੁਣਾਉਂਦਾ ਹੈ, ਉਹ ਸਾਰੀ ਕਲੀਸੀਯਾ ਦੀ ਉਸਾਰੀ ਕਰਦਾ ਹੈ ।
5ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਪਰਾਈਆਂ ਭਾਸ਼ਾਵਾਂ ਬੋਲੋ ਪਰ ਇਸ ਤੋਂ ਵੱਧ ਮੈਂ ਇਹ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਪਰਮੇਸ਼ਰ ਦੇ ਸੰਦੇਸ਼ ਦਾ ਵਰਦਾਨ ਪ੍ਰਾਪਤ ਕਰੋ ਕਿਉਂਕਿ ਪਰਮੇਸ਼ਰ ਦਾ ਸੰਦੇਸ਼ ਸੁਣਾਉਣ ਵਾਲਾ ਪਰਾਈਆਂ ਭਾਸ਼ਾਵਾਂ ਬੋਲਣ ਵਾਲੇ ਨਾਲੋਂ ਮਹਾਨ ਹੈ । ਇਹ ਦੂਜੀ ਗੱਲ ਹੈ ਕਿ ਉੱਥੇ ਕੋਈ ਅਨੁਵਾਦ ਕਰਨ ਵਾਲਾ ਹੋਵੇ, ਜਿਸ ਰਾਹੀਂ ਕਲੀਸੀਯਾ ਦੀ ਉਸਾਰੀ ਵਿੱਚ ਵਾਧਾ ਹੋ ਸਕੇ । 6ਇਸ ਲਈ ਭਰਾਵੋ ਅਤੇ ਭੈਣੋ, ਜੇਕਰ ਮੈਂ ਤੁਹਾਡੇ ਕੋਲ ਪਰਾਈਆਂ ਭਾਸ਼ਾਵਾਂ ਬੋਲਦਾ ਆਵਾਂ ਤਾਂ ਤੁਹਾਨੂੰ ਉਸ ਦਾ ਕੀ ਲਾਭ ਹੋਵੇਗਾ ? ਜਦੋਂ ਤੱਕ ਕਿ ਮੈਂ ਤੁਹਾਡੇ ਲਈ ਕੁਝ ਪ੍ਰਕਾਸ਼ ਜਾਂ ਗਿਆਨ ਜਾਂ ਭਵਿੱਖਬਾਣੀ ਜਾਂ ਸਿੱਖਿਆ ਨਾ ਲੈ ਕੇ ਆਵਾਂ ।
7ਇਹ ਹੀ ਹਾਲ ਬੇਜਾਨ ਚੀਜ਼ਾਂ ਦਾ ਹੈ ਜਿਹਨਾਂ ਵਿੱਚੋਂ ਆਵਾਜ਼ ਨਿਕਲਦੀ ਹੈ ਜਿਵੇਂ ਬੰਸਰੀ ਅਤੇ ਸਿਤਾਰ । ਜੇਕਰ ਇਹ ਆਪਣੇ ਵੱਖ-ਵੱਖ ਸੁਰ ਨਾ ਕੱਢਣ ਤਾਂ ਇਹ ਕਿਸ ਤਰ੍ਹਾਂ ਪਛਾਣਿਆ ਜਾ ਸਕਦਾ ਹੈ ਕਿ ਕਿਹੜਾ ਰਾਗ ਵੱਜ ਰਿਹਾ ਹੈ ? 8ਜੇਕਰ ਤੁਰ੍ਹੀ ਦੀ ਆਵਾਜ਼ ਸਾਫ਼ ਨਹੀਂ ਹੋਵੇਗੀ ਤਾਂ ਲੜਾਈ ਦੇ ਲਈ ਕੌਣ ਤਿਆਰ ਹੋਵੇਗਾ ? 9ਇਸੇ ਤਰ੍ਹਾਂ ਜੇਕਰ ਤੁਸੀਂ ਵੀ ਪਰਾਈਆਂ ਭਾਸ਼ਾਵਾਂ ਬੋਲੋ ਪਰ ਸਾਫ਼ ਨਾ ਬੋਲੋ ਤਾਂ ਤੁਹਾਡੇ ਬੋਲ ਕੌਣ ਸਮਝੇਗਾ ? ਇਸ ਹਾਲਤ ਵਿੱਚ ਤੁਸੀਂ ਕੇਵਲ ਹਵਾ ਨਾਲ ਗੱਲਾਂ ਕਰਨ ਵਾਲੇ ਹੋਵੋਗੇ । 10ਮੈਂ ਸੋਚਦਾ ਹਾਂ ਇਸ ਸੰਸਾਰ ਵਿੱਚ ਅਣਗਿਣਤ ਭਾਸ਼ਾਵਾਂ ਹਨ ਪਰ ਉਹਨਾਂ ਵਿੱਚੋਂ ਕੋਈ ਬਿਨਾਂ ਅਰਥ ਦੇ ਨਹੀਂ ਹੈ । 11ਇਸ ਲਈ ਜੇਕਰ ਮੈਂ ਕੋਈ ਭਾਸ਼ਾ ਨਾ ਸਮਝਾਂ ਤਾਂ ਮੇਰੇ ਲਈ ਬੋਲਣ ਵਾਲਾ ਅਤੇ ਮੈਂ ਬੋਲਣ ਵਾਲੇ ਲਈ ਵਿਦੇਸ਼ੀ ਹੋਵਾਂਗਾ । 12ਇਸ ਲਈ ਤੁਸੀਂ ਵੀ ਜਿਹੜੇ ਆਤਮਿਕ ਵਰਦਾਨਾਂ ਦੀ ਖੋਜ ਵਿੱਚ ਹੋ, ਇਸ ਤਰ੍ਹਾਂ ਕੋਸ਼ਿਸ਼ ਕਰੋ ਕਿ ਤੁਹਾਡੇ ਵਰਦਾਨਾਂ ਦੁਆਰਾ ਕਲੀਸੀਯਾ ਦੀ ਉਸਾਰੀ ਹੋਵੇ ।
13ਇਸ ਲਈ ਜਿਹੜਾ ਪਰਾਈਆਂ ਭਾਸ਼ਾਵਾਂ ਬੋਲਣ ਵਾਲਾ ਹੈ, ਪ੍ਰਾਰਥਨਾ ਕਰੇ ਕਿ ਪਰਮੇਸ਼ਰ ਉਸ ਨੂੰ ਇਸ ਦਾ ਅਰਥ ਸਮਝਾਉਣ ਦਾ ਵਰਦਾਨ ਵੀ ਦੇਣ । 14ਕਿਉਂਕਿ ਜੇਕਰ ਮੈਂ ਪਰਾਈਆਂ ਭਾਸ਼ਾਵਾਂ ਵਿੱਚ ਪ੍ਰਾਰਥਨਾ ਕਰਦਾ ਹਾਂ ਤਾਂ ਮੇਰੀ ਆਤਮਾ ਪ੍ਰਾਰਥਨਾ ਕਰਦੀ ਹੈ ਪਰ ਮੇਰੀ ਬੁੱਧੀ ਨੂੰ ਇਸ ਤੋਂ ਕੋਈ ਲਾਭ ਨਹੀਂ ਹੈ । 15ਫਿਰ ਮੈਂ ਕੀ ਕਰਾਂ ? ਮੈਂ ਆਤਮਾ ਦੁਆਰਾ ਪ੍ਰਾਰਥਨਾ ਕਰਾਂਗਾ ਅਤੇ ਬੁੱਧੀ ਨਾਲ ਵੀ । ਮੈਂ ਆਤਮਾ ਦੁਆਰਾ ਗਾਵਾਂਗਾ ਅਤੇ ਬੁੱਧੀ ਨਾਲ ਵੀ । 16ਕਿਉਂਕਿ ਜੇਕਰ ਤੂੰ ਆਤਮਾ ਦੁਆਰਾ ਧੰਨਵਾਦੀ ਪ੍ਰਾਰਥਨਾ ਕਰੇਂਗਾ ਤਾਂ ਕੋਈ ਅਣਜਾਣ ਤੁਹਾਡੇ ਨਾਲ ਮਿਲ ਕੇ ‘ਆਮੀਨ’ ਕਿਸ ਤਰ੍ਹਾਂ ਕਹੇਗਾ, ਜਦੋਂ ਕਿ ਉਸ ਨੂੰ ਪਤਾ ਹੀ ਨਹੀਂ ਕਿ ਤੂੰ ਕੀ ਕਿਹਾ ਹੈ ? 17ਤੂੰ ਧੰਨਵਾਦੀ ਪ੍ਰਾਰਥਨਾ ਤਾਂ ਬਹੁਤ ਚੰਗੀ ਤਰ੍ਹਾਂ ਕੀਤੀ ਪਰ ਉਸ ਤੋਂ ਦੂਜੇ ਮਨੁੱਖ ਨੂੰ ਕੋਈ ਲਾਭ ਨਾ ਹੋਇਆ ।
18ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਤੁਹਾਡੇ ਸਾਰਿਆਂ ਨਾਲੋਂ ਜ਼ਿਆਦਾ ਪਰਾਈਆਂ ਭਾਸ਼ਾਵਾਂ ਬੋਲਦਾ ਹਾਂ 19ਪਰ ਕਲੀਸੀਯਾ ਵਿੱਚ ਮੈਂ ਪੰਜ ਸ਼ਬਦ ਬੁੱਧੀ ਨਾਲ ਬੋਲਣੇ ਜ਼ਿਆਦਾ ਪਸੰਦ ਕਰਾਂਗਾ ਕਿ ਦੂਜਿਆਂ ਨੂੰ ਸਿੱਖਿਆ ਦੇਵਾਂ, ਬਜਾਏ ਇਸ ਦੇ ਕਿ ਹਜ਼ਾਰ ਸ਼ਬਦ ਪਰਾਈਆਂ ਭਾਸ਼ਾਵਾਂ ਵਿੱਚ ਬੋਲਾਂ ।
20ਭਰਾਵੋ ਅਤੇ ਭੈਣੋ, ਤੁਸੀਂ ਸਮਝ ਵਿੱਚ ਬੱਚੇ ਨਾ ਬਣੋ ਸਗੋਂ ਬੁਰਾਈ ਵਿੱਚ ਬੱਚੇ ਜ਼ਰੂਰ ਬਣੋ ਪਰ ਬੁੱਧੀ ਵਿੱਚ ਸਮਝਦਾਰ ਬਣੋ । 21#ਯਸਾ 28:11-12ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ,
“ਪ੍ਰਭੂ ਕਹਿੰਦੇ ਹਨ,
ਮੈਂ ਇਹਨਾਂ ਲੋਕਾਂ ਨਾਲ ਪਰਾਈਆਂ ਭਾਸ਼ਾਵਾਂ ਅਤੇ ਵਿਦੇਸ਼ੀਆਂ ਦੁਆਰਾ ਬੋਲਾਂਗਾ ।
ਪਰ ਤਾਂ ਵੀ ਇਹ ਮੇਰੀ ਨਹੀਂ ਸੁਣਨਗੇ ।”
22ਇਸ ਤੋਂ ਸਾਫ਼ ਪ੍ਰਗਟ ਹੈ ਕਿ ਪਰਾਈਆਂ ਭਾਸ਼ਾਵਾਂ ਬੋਲਣਾ ਵਿਸ਼ਵਾਸੀਆਂ ਦੇ ਲਈ ਚਿੰਨ੍ਹ ਨਹੀਂ ਸਗੋਂ ਅਵਿਸ਼ਵਾਸੀਆਂ ਦੇ ਲਈ ਹੈ । ਇਸੇ ਤਰ੍ਹਾਂ ਪਰਮੇਸ਼ਰ ਦਾ ਸੰਦੇਸ਼ ਸੁਣਾਉਣਾ ਅਵਿਸ਼ਵਾਸੀਆਂ ਦੇ ਲਈ ਨਹੀਂ ਸਗੋਂ ਵਿਸ਼ਵਾਸੀਆਂ ਦੇ ਲਈ ਚਿੰਨ੍ਹ ਹੈ ।
23ਜੇਕਰ ਸਾਰੀ ਕਲੀਸੀਯਾ ਇੱਕ ਥਾਂ ਉੱਤੇ ਇਕੱਠੀ ਹੋਵੇ ਅਤੇ ਸਾਰੇ ਪਰਾਈਆਂ ਭਾਸ਼ਾਵਾਂ ਵਿੱਚ ਬੋਲਣ ਲੱਗ ਪੈਣ ਅਤੇ ਉਸ ਵੇਲੇ ਕੁਝ ਆਮ ਲੋਕ ਜਾਂ ਅਵਿਸ਼ਵਾਸੀ ਉੱਥੇ ਆ ਜਾਣ ਤਾਂ ਕੀ ਉਹ ਤੁਹਾਨੂੰ ਪਾਗਲ ਨਹੀਂ ਕਹਿਣਗੇ ? 24ਪਰ ਜੇਕਰ ਸਾਰੇ ਪਰਮੇਸ਼ਰ ਦਾ ਸੰਦੇਸ਼ ਸੁਣਾਉਣ ਲੱਗ ਪੈਣ ਅਤੇ ਉਸ ਸਮੇਂ ਕੋਈ ਆਮ ਲੋਕ ਜਾਂ ਅਵਿਸ਼ਵਾਸੀ ਉੱਥੇ ਆ ਜਾਣ ਤਾਂ ਉਹਨਾਂ ਨੂੰ ਆਪਣੇ ਪਾਪ ਦਾ ਗਿਆਨ ਸਾਰਿਆਂ ਦੇ ਰਾਹੀਂ ਹੋ ਜਾਵੇਗਾ ਅਤੇ ਉਹ ਸਾਰਿਆਂ ਦੇ ਸਾਹਮਣੇ ਆਪਣੀ ਜਾਂਚ ਕਰਨਗੇ । 25ਇਸ ਤਰ੍ਹਾਂ ਉਹਨਾਂ ਦੇ ਦਿਲਾਂ ਦੇ ਗੁੱਝੇ ਵਿਚਾਰ ਚਾਨਣ ਵਿੱਚ ਆ ਜਾਣਗੇ ਅਤੇ ਉਹ ਪਰਮੇਸ਼ਰ ਦੇ ਸਾਹਮਣੇ ਮੂੰਹ ਦੇ ਭਾਰ ਡਿੱਗ ਕੇ ਮੰਨ ਲੈਣਗੇ ਕਿ ਪਰਮੇਸ਼ਰ ਸੱਚਮੁੱਚ ਤੁਹਾਡੇ ਵਿਚਕਾਰ ਹਨ ।
ਕਲੀਸੀਯਾ ਵਿੱਚ ਤਰਤੀਬ
26ਭਰਾਵੋ ਅਤੇ ਭੈਣੋ, ਮੇਰੇ ਕਹਿਣ ਦਾ ਕੀ ਅਰਥ ਹੋਇਆ ? ਜਦੋਂ ਕਦੀ ਵੀ ਤੁਸੀਂ ਅਰਾਧਨਾ ਦੇ ਲਈ ਇਕੱਠੇ ਹੋਵੋ ਤਾਂ ਤੁਹਾਡੇ ਵਿੱਚੋਂ ਕੋਈ ਭਜਨ ਗਾਉਣ ਲਈ, ਕੋਈ ਸਿੱਖਿਆ ਦੇਣ ਲਈ, ਕੋਈ ਪਰਮੇਸ਼ਰ ਦਾ ਦਿੱਤਾ ਗਿਆ ਸੰਦੇਸ਼ ਸੁਣਾਉਣ ਲਈ, ਕੋਈ ਪਰਾਈ ਭਾਸ਼ਾ ਵਿੱਚ ਬੋਲਣ ਲਈ ਅਤੇ ਕੋਈ ਉਸ ਦਾ ਅਨੁਵਾਦ ਕਰਨ ਦੇ ਲਈ ਤਿਆਰ ਰਹੇ ਪਰ ਇਹ ਸਭ ਕੁਝ ਕਲੀਸੀਯਾ ਦੀ ਉਸਾਰੀ ਲਈ ਹੋਣਾ ਚਾਹੀਦਾ ਹੈ । 27ਜੇਕਰ ਕੋਈ ਪਰਾਈ ਭਾਸ਼ਾ ਬੋਲਣਾ ਚਾਹੇ ਤਾਂ ਵੱਧ ਤੋਂ ਵੱਧ ਦੋ ਜਾਂ ਤਿੰਨ ਜਣੇ ਬੋਲਣ, ਉਹ ਵੀ ਵਾਰੀ ਵਾਰੀ ਅਤੇ ਕੋਈ ਮਨੁੱਖ ਉਸ ਦਾ ਅਨੁਵਾਦ ਵੀ ਕਰੇ । 28ਪਰ ਜੇਕਰ ਉੱਥੇ ਅਨੁਵਾਦਕ ਨਾ ਹੋਵੇ ਤਾਂ ਪਰਾਈ ਭਾਸ਼ਾ ਬੋਲਣ ਵਾਲਾ ਕਲੀਸੀਯਾ ਵਿੱਚ ਚੁੱਪ ਰਹੇ ਅਤੇ ਉਹ ਕੇਵਲ ਆਪਣੇ ਆਪ ਪਰਮੇਸ਼ਰ ਨਾਲ ਗੱਲਾਂ ਕਰੇ । 29ਇਸ ਤਰ੍ਹਾਂ ਦੋ ਜਾਂ ਤਿੰਨ ਨਬੀ ਬੋਲਣ ਅਤੇ ਬਾਕੀ ਉਹਨਾਂ ਦੇ ਸੰਦੇਸ਼ ਨੂੰ ਪਰਖਣ । 30ਪਰ ਜੇਕਰ ਉੱਥੇ ਬੈਠੇ ਕਿਸੇ ਦੂਜੇ ਉੱਤੇ ਪਰਮੇਸ਼ਰ ਦਾ ਸੰਦੇਸ਼ ਪ੍ਰਗਟ ਹੋ ਜਾਵੇ ਤਾਂ ਪਹਿਲਾ ਚੁੱਪ ਹੋ ਜਾਵੇ । 31ਇਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਇੱਕ ਕਰ ਕੇ ਸੰਦੇਸ਼ ਦੇਣ ਦਾ ਮੌਕਾ ਮਿਲ ਜਾਵੇਗਾ ਅਤੇ ਤੁਸੀਂ ਸਾਰੇ ਸਿੱਖੋਗੇ ਅਤੇ ਉਤਸ਼ਾਹ ਪ੍ਰਾਪਤ ਕਰੋਗੇ । 32ਨਬੀ ਆਪਣੀਆਂ ਆਤਮਾਵਾਂ ਨੂੰ ਕਾਬੂ ਵਿੱਚ ਰੱਖਦੇ ਹਨ 33ਕਿਉਂਕਿ ਪਰਮੇਸ਼ਰ ਬੇਤਰਤੀਬੀ ਦੇ ਨਹੀਂ ਸਗੋਂ ਸ਼ਾਂਤੀ ਦੇ ਪਰਮੇਸ਼ਰ ਹਨ ।
ਫਿਰ ਜਿਸ ਤਰ੍ਹਾਂ ਸਾਰੀਆਂ ਕਲੀਸੀਯਾਵਾਂ ਦਾ ਨਿਯਮ ਹੈ, 34ਤੁਹਾਡੀਆਂ ਕਲੀਸੀਯਾਵਾਂ ਵਿੱਚ ਔਰਤਾਂ ਚੁੱਪ ਰਹਿਣ । ਉਹਨਾਂ ਨੂੰ ਬੋਲਣ ਦੀ ਆਗਿਆ ਨਹੀਂ ਹੈ । ਉਹ ਵਿਵਸਥਾ ਦੇ ਅਨੁਸਾਰ ਅਧੀਨ ਰਹਿਣ । 35ਜੇਕਰ ਉਹ ਕੁਝ ਸਿੱਖਣ ਦੀਆਂ ਚਾਹਵਾਨ ਹਨ ਤਾਂ ਆਪਣੇ ਪਤੀ ਕੋਲੋਂ ਘਰ ਵਿੱਚ ਹੀ ਪੁੱਛਣ ਕਿਉਂਕਿ ਔਰਤ ਦੇ ਲਈ ਕਲੀਸੀਯਾ ਵਿੱਚ ਬੋਲਣਾ ਸ਼ਰਮ ਦੀ ਗੱਲ ਹੈ ।
36ਕੀ ਪਰਮੇਸ਼ਰ ਦਾ ਸੰਦੇਸ਼ ਤੁਹਾਡੇ ਦੁਆਰਾ ਹੀ ਸ਼ੁਰੂ ਹੋਇਆ ਹੈ ? ਜਾਂ ਇਹ ਕੇਵਲ ਤੁਹਾਡੇ ਕੋਲ ਹੀ ਆਇਆ ਹੈ ? 37ਜੇਕਰ ਕੋਈ ਮਨੁੱਖ ਆਪਣੇ ਆਪ ਨੂੰ ਪਰਮੇਸ਼ਰ ਦਾ ਨਬੀ ਜਾਂ ਆਤਮਿਕ ਮਨੁੱਖ ਸਮਝਦਾ ਹੈ ਤਾਂ ਉਹ ਇਹ ਜਾਣ ਲਵੇ ਕਿ ਜੋ ਕੁਝ ਮੈਂ ਤੁਹਾਨੂੰ ਲਿਖਿਆ ਹੈ, ਇਹ ਪਰਮੇਸ਼ਰ ਦਾ ਹੁਕਮ ਹੈ । 38ਜੇਕਰ ਇਸ ਗੱਲ ਵੱਲ ਕੋਈ ਧਿਆਨ ਨਹੀਂ ਦੇਵੇਗਾ ਤਾਂ ਉਸ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਜਾਵੇਗਾ ।
39ਇਸ ਲਈ ਮੇਰੇ ਭਰਾਵੋ ਅਤੇ ਭੈਣੋ, ਭਵਿੱਖਬਾਣੀ ਕਰਨ ਦੀ ਇੱਛਾ ਕਰੋ ਪਰ ਪਰਾਈ ਭਾਸ਼ਾ ਬੋਲਣ ਵਾਲੇ ਨੂੰ ਮਨ੍ਹਾ ਨਾ ਕਰੋ । 40ਪਰ ਸਭ ਕੁਝ ਚੰਗੇ ਢੰਗ ਨਾਲ ਅਤੇ ਤਰਤੀਬ ਅਨੁਸਾਰ ਹੋਣਾ ਚਾਹੀਦਾ ਹੈ ।
Currently Selected:
1 ਕੁਰਿੰਥੁਸ 14: CL-NA
Highlight
Share
ਕਾਪੀ।
Want to have your highlights saved across all your devices? Sign up or sign in
Punjabi Common Language (North American Version):
Text © 2021 Canadian Bible Society and Bible Society of India