ਕਹਾਉਤਾਂ 4
4
ਕਿਸੇ ਵੀ ਕੀਮਤ ਉੱਤੇ ਬੁੱਧ ਪ੍ਰਾਪਤ ਕਰੋ
1ਹੇ ਮੇਰੇ ਪੁੱਤਰੋ, ਤੁਸੀਂ ਪਿਤਾ ਦੇ ਉਪਦੇਸ਼ ਨੂੰ ਸੁਣੋ,
ਧਿਆਨ ਦਿਓ ਅਤੇ ਸਮਝ ਪ੍ਰਾਪਤ ਕਰੋ।
2ਮੈਂ ਤੁਹਾਨੂੰ ਚੰਗੀ ਸਿੱਖਿਆ ਦਿੰਦਾ ਹਾਂ,
ਇਸ ਲਈ ਮੇਰੀ ਸਿੱਖਿਆ ਨੂੰ ਨਾ ਛੱਡੋ।
3ਕਿਉਂ ਜੋ ਮੈਂ ਵੀ ਆਪਣੇ ਪਿਤਾ ਦਾ ਪੁੱਤਰ ਸੀ,
ਅਤੇ ਆਪਣੀ ਮਾਤਾ ਦਾ ਇਕੱਲਾ ਲਾਡਲਾ ਸੀ,
4ਤਦ ਉਸ ਨੇ ਮੈਨੂੰ ਸਿਖਾਇਆ ਅਤੇ ਮੈਨੂੰ ਆਖਿਆ,
“ਮੇਰੀਆਂ ਗੱਲਾਂ ਨੂੰ ਆਪਣੇ ਪੂਰੇ ਦਿਲ ਨਾਲ ਫੜ ਲੈ।
ਮੇਰੇ ਹੁਕਮਾਂ ਦੀ ਪਾਲਨਾ ਕਰੋ, ਅਤੇ ਤੁਸੀਂ ਜਿਉਂਦੇ ਰਹੋਗੇ।
5ਬੁੱਧ ਪ੍ਰਾਪਤ ਕਰੋ, ਸਮਝ ਨੂੰ ਵੀ ਪ੍ਰਾਪਤ ਕਰੋ,
ਮੇਰੇ ਬਚਨਾਂ ਨੂੰ ਨਾ ਭੁੱਲੋ, ਨਾ ਉਹਨਾਂ ਤੋਂ ਮੂੰਹ ਮੋੜੋ।
6ਬੁੱਧ ਨੂੰ ਨਾ ਛੱਡੋ ਅਤੇ ਉਹ ਤੁਹਾਡੀ ਰੱਖਿਆ ਕਰੇਗੀ,
ਉਸਨੂੰ ਪਿਆਰ ਕਰੋ ਅਤੇ ਉਹ ਤੁਹਾਡੀ ਦੇਖਭਾਲ ਕਰੇਗੀ।
7ਬੁੱਧ ਦੀ ਸ਼ੁਰੂਆਤ ਇਹ ਹੈ ਬੁੱਧ ਨੂੰ ਪ੍ਰਾਪਤ ਕਰੋ,
ਭਾਵੇਂ ਤੁਹਾਨੂੰ ਇਸਦੀ ਕੀਮਤ ਦੇਣੀ ਪਵੇ, ਪਰ ਸਮਝ ਨੂੰ ਪ੍ਰਾਪਤ ਕਰੋ।
8ਉਸ ਦੀ ਕਦਰ ਕਰੋ ਤਾਂ ਉਹ ਤੁਹਾਨੂੰ ਉੱਚਾ ਕਰੇਗੀ।
ਉਸਨੂੰ ਗਲੇ ਲਗਾਓ ਤਾਂ ਉਹ ਤੁਹਾਡਾ ਆਦਰ ਕਰੇਗੀ।
9ਉਹ ਤੇਰੇ ਸਿਰ ਉੱਤੇ ਸ਼ਿੰਗਾਰ ਦਾ ਸਿਹਰਾ ਬੰਨ੍ਹੇਗੀ,
ਅਤੇ ਤੁਹਾਨੂੰ ਇੱਕ ਸ਼ਾਨਦਾਰ ਤਾਜ ਭੇਟ ਕਰੇਗੀ।”
10ਹੇ ਮੇਰੇ ਪੁੱਤਰ ਸੁਣ, ਜੋ ਮੈਂ ਆਖਦਾ ਹਾਂ,
ਤਾਂ ਤੇਰੇ ਜੀਵਨ ਦੇ ਸਾਲ ਬਹੁਤ ਹੋਣਗੇ।
11ਮੈਂ ਤੈਨੂੰ ਬੁੱਧ ਦਾ ਮਾਰਗ ਦੱਸਿਆ ਹੈ,
ਅਤੇ ਮੈਂ ਸਿੱਧੇ ਰਾਹਾਂ ਉੱਤੇ ਤੇਰੀ ਅਗਵਾਈ ਕੀਤੀ ਹੈ।
12ਜਦੋਂ ਤੁਸੀਂ ਤੁਰੋਗੇ ਤਾਂ ਤੁਹਾਡੇ ਕਦਮਾਂ ਵਿੱਚ ਰੁਕਾਵਟ ਨਹੀਂ ਆਵੇਗੀ,
ਜਦੋਂ ਤੁਸੀਂ ਦੌੜੋਗੇ ਤਾਂ ਵੀ ਤੁਸੀਂ ਠੋਕਰ ਨਹੀਂ ਖਾਓਗੇ।
13ਉਪਦੇਸ਼ ਨੂੰ ਫੜੀ ਰੱਖੋ, ਇਸ ਨੂੰ ਜਾਣ ਨਾ ਦਿਓ
ਇਸਦੀ ਚੰਗੀ ਤਰ੍ਹਾਂ ਰਾਖੀ ਕਰੋ, ਕਿਉਂਕਿ ਇਹ ਤੁਹਾਡੀ ਜ਼ਿੰਦਗੀ ਹੈ!
14ਦੁਸ਼ਟਾਂ ਦੇ ਰਾਹ ਉੱਤੇ ਪੈਰ ਨਾ ਰੱਖ,
ਨਾ ਦੁਸ਼ਟਾਂ ਦੇ ਮਾਰਗ ਉੱਤੇ ਚੱਲ।
15ਉਸ ਤੋਂ ਦੂਰ ਰਹਿ ਉਸਦੇ ਕੋਲੋਂ ਦੀ ਵੀ ਨਾ ਲੰਘ,
ਇਸ ਤੋਂ ਮੁੜੋ ਅਤੇ ਆਪਣੇ ਰਾਹ ਤੇ ਚੱਲੋ।
16ਕਿਉਂਕਿ ਉਹ ਉਦੋਂ ਤੱਕ ਆਰਾਮ ਨਹੀਂ ਕਰ ਸਕਦੇ ਜਦੋਂ ਤੱਕ ਉਹ ਬੁਰਾਈ ਨਹੀਂ ਕਰਦੇ,
ਅਤੇ ਜਦੋਂ ਤੱਕ ਉਸ ਕਿਸੇ ਦੇ ਠੋਕਰ ਦਾ ਕਰਨ ਨਾ ਬਣ ਜਾਣ ਉਹਨਾਂ ਨੂੰ ਨੀਂਦ ਨਹੀਂ ਆਉਂਦੀ।
17ਉਹ ਬੁਰਿਆਈ ਦੀ ਰੋਟੀ ਖਾਂਦੇ ਹਨ
ਅਤੇ ਹਿੰਸਾ ਦੀ ਦਾਖ਼ਰਸ ਪੀਂਦੇ ਹਨ।
18ਧਰਮੀ ਦਾ ਮਾਰਗ ਸਵੇਰ ਦੇ ਸੂਰਜ ਵਰਗਾ ਹੈ,
ਜਿਸ ਦਾ ਚਾਨਣ ਦੁਪਹਿਰ ਤੱਕ ਵੱਧਦਾ ਹੀ ਜਾਂਦਾ ਹੈ।
19ਪਰ ਦੁਸ਼ਟ ਦਾ ਰਾਹ ਗਹਿਰੇ ਹਨੇਰੇ ਵਰਗਾ ਹੈ,
ਉਹ ਨਹੀਂ ਜਾਣਦੇ ਕਿ ਕਿਹੜੀ ਚੀਜ਼ ਉਹਨਾਂ ਨੂੰ ਠੋਕਰ ਦਿੰਦੀ ਹੈ।
20ਹੇ ਮੇਰੇ ਪੁੱਤਰ, ਜੋ ਮੈਂ ਆਖਦਾ ਹਾਂ ਉਸ ਵੱਲ ਧਿਆਨ ਦੇ!
ਮੇਰੇ ਸ਼ਬਦਾਂ ਵੱਲ ਕੰਨ ਲਗਾ।
21ਉਹਨਾਂ ਨੂੰ ਆਪਣੀ ਨਜ਼ਰ ਤੋਂ ਦੂਰ ਨਾ ਹੋਣ ਦਿਓ,
ਉਹਨਾਂ ਨੂੰ ਆਪਣੇ ਦਿਲ ਵਿੱਚ ਸੰਭਾਲ ਕੇ ਰੱਖ।
22ਕਿਉਂਕਿ ਉਹ ਉਹਨਾਂ ਲਈ ਜੀਵਨ ਹਨ ਜੋ ਉਹਨਾਂ ਨੂੰ ਲੱਭਦੇ ਹਨ
ਅਤੇ ਉਹਨਾਂ ਦੇ ਸਾਰੇ ਸਰੀਰ ਲਈ ਤੰਦਰੁਸਤੀ ਹਨ।
23ਸਭ ਤੋਂ ਵੱਧ ਆਪਣੇ ਦਿਲ ਦੀ ਰਾਖੀ ਕਰੋ,
ਕਿਉਂਕਿ ਜੋ ਕੁਝ ਤੁਸੀਂ ਕਰਦੇ ਹੋ ਉਸੇ ਵਿੱਚੋਂ ਨਿਕਲਦਾ ਹੈ।
24ਆਪਣੇ ਮੂੰਹ ਨੂੰ ਵਿਕਾਰਾਂ ਤੋਂ ਮੁਕਤ ਰੱਖੋ,
ਭ੍ਰਿਸ਼ਟ ਗੱਲਾਂ ਨੂੰ ਆਪਣੇ ਬੁੱਲ੍ਹਾਂ ਤੋਂ ਦੂਰ ਰੱਖੋ।
25ਤੇਰੀਆਂ ਅੱਖਾਂ ਸਿੱਧੀਆਂ ਅੱਗੇ ਵੇਖਦੀਆਂ ਰਹਿਣ;
ਤੇਰੀਆਂ ਪਲਕਾਂ ਅੱਗੇ ਨੂੰ ਲੱਗੀਆਂ ਰਹਿਣ।
26ਆਪਣੇ ਪੈਰਾਂ ਦੇ ਰਾਹਾਂ ਨੂੰ ਧਿਆਨ ਨਾਲ ਸਮਝ
ਅਤੇ ਤੇਰੇ ਸਾਰੇ ਰਾਹ ਦ੍ਰਿੜ੍ਹ ਰਹਿਣਗੇ।
27ਸੱਜੇ ਜਾਂ ਖੱਬੇ ਨਾ ਮੁੜੋ;
ਆਪਣੇ ਪੈਰ ਨੂੰ ਬੁਰਾਈ ਤੋਂ ਬਚਾਓ।
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.