ਰਸੂਲਾਂ 9
9
ਸੌਲੁਸ ਦਾ ਜੀਵਨ ਬਦਲਣਾ
1ਇਸ ਦੌਰਾਨ, ਸੌਲੁਸ ਅਜੇ ਵੀ ਪ੍ਰਭੂ ਦੇ ਚੇਲਿਆਂ ਵਿਰੁੱਧ ਕਤਲ ਕਰਨ ਦੀਆ ਧਮਕੀਆਂ ਦੇ ਰਿਹਾ ਸੀ। ਉਹ ਮਹਾਂ ਜਾਜਕ ਕੋਲ ਗਿਆ। 2ਅਤੇ ਉਸ ਦੇ ਕੋਲੋਂ ਦੰਮਿਸ਼ਕ ਵਿੱਚ ਪ੍ਰਾਰਥਨਾ ਸਥਾਨ ਦੇ ਨਾਮ ਤੇ ਇਸ ਪਰਕਾਰ ਦੀਆਂ ਚਿੱਠੀਆਂ ਮੰਗੀਆਂ ਕਿ, ਜੋ ਇਸ ਪੰਥ ਦੇ ਮੰਨਣ ਵਾਲੇ ਮੈਨੂੰ ਮਿਲਣ, ਚਾਹੇ ਆਦਮੀ ਜਾਂ ਔਰਤਾਂ ਹੋਣ ਤਾਂ ਉਹ ਉਨ੍ਹਾਂ ਨੂੰ ਯੇਰੂਸ਼ਲੇਮ ਵਿੱਚ ਕੈਦੀਆਂ ਵਜੋਂ ਲਿਆਵੇ। 3ਜਦੋਂ ਉਹ ਆਪਣੀ ਯਾਤਰਾ ਦੌਰਾਨ ਦੰਮਿਸ਼ਕ ਦੇ ਨਜ਼ਦੀਕ ਆਇਆ, ਤਾਂ ਅਚਾਨਕ ਸਵਰਗ ਤੋਂ ਇੱਕ ਚਮਕਦਾਰ ਰੋਸ਼ਨੀ ਉਸ ਦੇ ਆਲੇ-ਦੁਆਲੇ ਚਮਕੀ। 4ਅਤੇ ਉਹ ਜ਼ਮੀਨ ਤੇ ਡਿੱਗ ਪਿਆ ਅਤੇ ਉਸ ਨੂੰ ਇੱਕ ਆਵਾਜ਼ ਸੁਣਾਈ ਦਿੱਤੀ, “ਹੇ ਸੌਲੁਸ, ਹੇ ਸੌਲੁਸ! ਤੂੰ ਮੈਨੂੰ ਕਿਉਂ ਸਤਾਉਂਦਾ ਹੈ?”
5ਸੌਲੁਸ ਨੇ ਪੁੱਛਿਆ, “ਪ੍ਰਭੂ ਜੀ, ਤੁਸੀਂ ਕੌਣ ਹੋ?”
ਪ੍ਰਭੂ ਨੇ ਜਵਾਬ ਦਿੱਤਾ, “ਮੈਂ ਯਿਸ਼ੂ ਹਾਂ, ਜਿਸ ਨੂੰ ਤੂੰ ਸਤਾਉਂਦਾ ਹੈ। 6ਹੁਣ ਉੱਠ ਅਤੇ ਦੰਮਿਸ਼ਕ ਸ਼ਹਿਰ ਵੱਲ ਜਾ ਅਤੇ ਜੋ ਤੇਰੇ ਕਰਨ ਲਈ ਠਹਿਰਾਇਆ ਹੋਇਆ ਹੈ, ਤੈਨੂੰ ਉਹ ਸਭ ਦੱਸਿਆ ਜਾਵੇਗਾ।”
7ਜਿਹੜੇ ਆਦਮੀ ਉਹ ਦੇ ਨਾਲ ਤੁਰੇ ਜਾਂਦੇ ਸਨ ਉਹ ਚੁੱਪ-ਚਾਪ ਖੜੇ ਰਹੇ; ਕਿ ਉਨ੍ਹਾਂ ਆਵਾਜ਼ ਤਾਂ ਸੁਣੀ ਪਰ ਕਿਸੇ ਨੂੰ ਵੇਖਿਆ ਨਹੀਂ ਸੀ। 8ਸੌਲੁਸ ਜ਼ਮੀਨ ਤੋਂ ਉੱਠਿਆ, ਪਰ ਜਦੋਂ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਹ ਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ, ਅਤੇ ਇਸ ਲਈ ਉਹ ਉਸ ਦਾ ਹੱਥ ਫੜ੍ਹ ਕੇ ਦੰਮਿਸ਼ਕ ਸ਼ਹਿਰ ਵਿੱਚ ਲੈ ਗਏ। 9ਅਤੇ ਉਹ ਤਿੰਨ ਦਿਨ ਤੱਕ ਕੁਝ ਵੀ ਵੇਖ ਨਾ ਸਕਿਆ, ਅਤੇ ਨਾ ਕੁਝ ਖਾਧਾ ਨਾ ਪੀਤਾ।
10ਦੰਮਿਸ਼ਕ ਵਿੱਚ ਹਨਾਨਿਯਾਹ ਨਾਮ ਦਾ ਇੱਕ ਚੇਲਾ ਸੀ। ਉਹ ਨੂੰ ਪ੍ਰਭੂ ਨੇ ਦਰਸ਼ਣ ਦੇ ਕੇ ਕਿਹਾ, “ਹਨਾਨਿਯਾਹ!”
ਉਸ ਨੇ ਜਵਾਬ ਦਿੱਤਾ, “ਹਾਂ, ਪ੍ਰਭੂ ਜੀ।”
11ਪ੍ਰਭੂ ਨੇ ਉਸ ਨੂੰ ਕਿਹਾ, “ਸਿੱਧੀ ਸੜਕ ਤੇ ਯਹੂਦਾ ਦੇ ਘਰ ਜਾ ਅਤੇ ਸੌਲੁਸ ਨਾਮ ਦਾ ਮਨੁੱਖ ਜੋ ਤਰਸੁਸ ਸ਼ਹਿਰ ਦਾ ਰਹਿਣ ਵਾਲਾ ਹੈ, ਉਸ ਬਾਰੇ ਪੁੱਛ ਕਿਉਂਕਿ ਵੇਖ ਉਹ ਪ੍ਰਾਰਥਨਾ ਕਰ ਰਿਹਾ ਹੈ। 12ਦਰਸ਼ਨ ਵਿੱਚ ਉਸ ਨੇ ਹਨਾਨਿਯਾਹ ਨਾਮ ਦੇ ਇੱਕ ਆਦਮੀ ਨੂੰ ਆਉਂਦਾ ਵੇਖਿਆ ਅਤੇ ਆਪਣੇ ਉੱਤੇ ਹੱਥ ਰੱਖਦਿਆਂ ਵੇਖਿਆ ਤਾਂ ਜੋ ਫੇਰ ਸੁਜਾਖਾ ਹੋਵੇ।”
13ਹਨਾਨਿਯਾਹ ਨੇ ਜਵਾਬ ਦਿੱਤਾ, “ਹੇ ਪ੍ਰਭੂ, ਮੈਂ ਇਸ ਆਦਮੀ ਬਾਰੇ ਅਤੇ ਯੇਰੂਸ਼ਲੇਮ ਵਿੱਚ ਤੁਹਾਡੇ ਪਵਿੱਤਰ ਲੋਕਾਂ ਨਾਲ ਹੋਣ ਵਾਲੇ ਸਾਰੇ ਨੁਕਸਾਨ ਬਾਰੇ ਬਹੁਤ ਸਾਰੀਆਂ ਖਬਰਾਂ ਸੁਣੀਆਂ ਹਨ। 14ਅਤੇ ਉਹ ਇੱਥੇ ਮੁੱਖ ਜਾਜਕਾਂ ਕੋਲੋਂ ਅਧਿਕਾਰ ਲੈ ਕੇ ਆਇਆ ਹੈ ਕਿ ਉਹ ਉਨ੍ਹਾਂ ਸਾਰੇ ਲੋਕਾਂ ਨੂੰ ਫੜ ਲਵੇ ਜੋ ਤੁਹਾਡਾ ਨਾਮ ਲੈ ਕੇ ਪੁਕਾਰਦੇ ਹਨ।”
15ਪਰ ਪ੍ਰਭੂ ਨੇ ਹਨਾਨਿਯਾਹ ਨੂੰ ਕਿਹਾ, “ਤੂੰ ਚੱਲਿਆ ਜਾ! ਕਿਉਂ ਜੋ ਇਹ ਆਦਮੀ ਗ਼ੈਰ-ਯਹੂਦੀਆਂ ਅਤੇ ਉਨ੍ਹਾਂ ਦੇ ਰਾਜਿਆਂ ਅਤੇ ਇਸਰਾਏਲ ਦੇ ਲੋਕਾਂ ਲਈ ਮੇਰੇ ਨਾਮ ਦਾ ਐਲਾਨ ਕਰਨ ਲਈ ਮੇਰਾ ਚੁਣਿਆ ਹੋਇਆ ਸੇਵਕ ਹੈ। 16ਮੈਂ ਉਸ ਨੂੰ ਦਿਖਾਵਾਂਗਾ ਕਿ ਉਸਨੂੰ ਮੇਰੇ ਨਾਮ ਲਈ ਕਿੰਨਾ ਦੁੱਖ ਝੱਲਣਾ ਪੈਣਾ ਹੈ।”
17ਫਿਰ ਹਨਾਨਿਯਾਹ ਘਰ ਗਿਆ ਅਤੇ ਉਸ ਵਿੱਚ ਦਾਖਲ ਹੋਇਆ। ਉਸ ਨੇ ਸੌਲੁਸ ਤੇ ਆਪਣਾ ਹੱਥ ਰੱਖਦਿਆਂ ਹੋਏ, ਉਹ ਨੇ ਕਿਹਾ, “ਹੇ ਭਰਾ ਸੌਲੁਸ, ਪ੍ਰਭੂ ਅਰਥਾਤ ਯਿਸ਼ੂ ਨੇ ਜੋ ਤੈਨੂੰ ਉਸ ਰਾਹ ਵਿੱਚ ਵਿਖਾਈ ਦਿੱਤਾ, ਜਿਸ ਤੋਂ ਤੂੰ ਆਇਆ ਸੀ, ਮੈਨੂੰ ਭੇਜਿਆ ਹੈ ਕਿ ਤੂੰ ਸੁਜਾਖਾ ਹੋ ਜਾਵੇਂ ਅਤੇ ਪਵਿੱਤਰ ਆਤਮਾ ਨਾਲ ਭਰ ਜਾਵੇਂ।” 18ਉਸੇ ਘੜੀ, ਉਸ ਦੀਆਂ ਅੱਖਾਂ ਤੋਂ ਛਿਲਕੇ ਡਿੱਗੇ ਅਤੇ ਉਹ ਵੇਖਣ ਲੱਗ ਗਿਆ, ਅਤੇ ਉੱਠ ਕੇ ਬਪਤਿਸਮਾ ਲਿਆ। 19ਅਤੇ ਕੁਝ ਖਾਣਾ ਖਾਣ ਤੋਂ ਬਾਅਦ, ਉਸ ਦੇ ਸਰੀਰ ਵਿੱਚ ਮੁੜ ਤਾਕਤ ਆ ਗਈ।
ਦੰਮਿਸ਼ਕ ਅਤੇ ਯੇਰੂਸ਼ਲੇਮ ਵਿੱਚ ਸੌਲੁਸ
ਫੇਰ ਸੌਲੁਸ ਕਈ ਦਿਨ ਦੰਮਿਸ਼ਕ ਵਿੱਚ ਚੇਲਿਆਂ ਦੇ ਨਾਲ ਰਿਹਾ। 20ਤੁਰੰਤ ਹੀ ਉਸ ਨੇ ਪ੍ਰਾਰਥਨਾ ਸਥਾਨਾਂ ਵਿੱਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਯਿਸ਼ੂ ਪਰਮੇਸ਼ਵਰ ਦਾ ਪੁੱਤਰ ਹੈ। 21ਸਾਰੇ ਲੋਕ ਉਸ ਨੂੰ ਸੁਣ ਕੇ ਹੈਰਾਨ ਹੋ ਗਏ ਅਤੇ ਪੁੱਛਿਆ, “ਕੀ ਇਹ ਉਹ ਆਦਮੀ ਨਹੀਂ ਜਿਸਨੇ ਯੇਰੂਸ਼ਲੇਮ ਵਿੱਚ ਇਸ ਨਾਮ ਨੂੰ ਪੁਕਾਰਨ ਵਾਲਿਆਂ ਵਿੱਚ ਤਬਾਹੀ ਮਚਾ ਦਿੱਤੀ ਸੀ? ਅਤੇ ਕੀ ਉਹ ਉਨ੍ਹਾਂ ਨੂੰ ਕੈਦੀਆਂ ਵਜੋਂ ਮੁੱਖ ਜਾਜਕਾਂ ਕੋਲ ਲਿਜਾਣ ਲਈ ਇੱਥੇ ਨਹੀਂ ਆਇਆ?” 22ਪਰ ਸੌਲੁਸ ਹੋਰ ਵੀ ਤਕੜਾ ਹੁੰਦਾ ਗਿਆ ਅਤੇ ਇਸ ਗੱਲ ਨੂੰ ਸਾਬਤ ਕੀਤਾ ਕਿ ਯਿਸ਼ੂ ਹੀ ਮਸੀਹ ਹੈ ਉਨ੍ਹਾਂ ਯਹੂਦੀਆਂ ਦਾ ਮੂੰਹ ਬੰਦ ਕਰ ਦਿੱਤਾ ਜਿਹੜੇ ਦੰਮਿਸ਼ਕ ਵਿੱਚ ਰਹਿੰਦੇ ਸਨ।
23ਜਦੋਂ ਬਹੁਤ ਦਿਨ ਬੀਤ ਗਏ, ਤਾਂ ਕੁਝ ਯਹੂਦੀਆਂ ਨੇ ਉਹ ਨੂੰ ਮਾਰਨ ਦੀ ਯੋਜਨਾ ਬਣਾਈ, 24ਪਰ ਉਨ੍ਹਾਂ ਦੀ ਯੋਜਨਾ ਸੌਲੁਸ ਨੂੰ ਪਤਾ ਲੱਗ ਗਈ। ਅਤੇ ਉਨਾਂ ਨੇ ਰਾਤ-ਦਿਨ ਸ਼ਹਿਰ ਦੇ ਦਰਵਾਜ਼ਿਆਂ ਦੀ ਵੀ ਰਾਖੀ ਕੀਤੀ ਕਿ ਉਹ ਨੂੰ ਮਾਰ ਸੁੱਟਣ। 25ਪਰ ਉਹ ਦੇ ਚੇਲਿਆਂ ਨੇ ਰਾਤ ਦੇ ਸਮੇਂ ਉਹ ਨੂੰ ਟੋਕਰੇ ਵਿੱਚ ਬਿਠਾ ਕੇ ਸ਼ਹਿਰਪਨਾਹ ਦੀ ਦੀਵਾਰ ਹੇਠਾਂ ਉਤਾਰ ਦਿੱਤਾ।
26ਜਦੋਂ ਉਹ ਯੇਰੂਸ਼ਲੇਮ ਆਇਆ, ਤਾਂ ਉਸ ਨੇ ਹੋਰ ਚੇਲਿਆਂ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਾਰੇ ਉਸ ਤੋਂ ਡਰ ਦੇ ਸਨ, ਪਰ ਉਹ ਵਿਸ਼ਵਾਸ ਨਹੀਂ ਕਰਦੇ ਸੀ ਕਿ ਉਹ ਸੱਚ-ਮੁੱਚ ਚੇਲਾ ਹੈ। 27ਪਰ ਬਰਨਬਾਸ ਉਸ ਨੂੰ ਲੈ ਗਿਆ ਅਤੇ ਉਸ ਨੂੰ ਰਸੂਲਾਂ ਕੋਲ ਲੈ ਕੇ ਆਇਆ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਸੌਲੁਸ ਨੇ ਆਪਣੀ ਯਾਤਰਾ ਦੌਰਾਨ ਕਿਵੇਂ ਪ੍ਰਭੂ ਨੂੰ ਵੇਖਿਆ ਸੀ ਅਤੇ ਇਹ ਵੀ ਕਿ ਪ੍ਰਭੂ ਨੇ ਉਸ ਨਾਲ ਗੱਲ ਕੀਤੀ ਸੀ, ਅਤੇ ਦੰਮਿਸ਼ਕ ਵਿੱਚ ਉਸਨੇ ਯਿਸ਼ੂ ਦੇ ਨਾਮ ਉੱਤੇ ਨਿਡਰਤਾ ਨਾਲ ਪ੍ਰਚਾਰ ਕੀਤਾ ਸੀ। 28ਇਸ ਲਈ ਸੌਲੁਸ ਉਨ੍ਹਾਂ ਨਾਲ ਰਿਹਾ ਅਤੇ ਖੁਲ੍ਹੇ ਦਿਲ ਨਾਲ ਪ੍ਰਭੂ ਦੇ ਨਾਮ ਉੱਤੇ ਪ੍ਰਚਾਰ ਕਰਦਿਆਂ ਯੇਰੂਸ਼ਲੇਮ ਵਿੱਚ ਫਿਰਿਆ। 29ਉਹ ਯੂਨਾਨੀ ਯਹੂਦੀਆਂ ਨਾਲ ਗੱਲਾਂ ਅਤੇ ਬਹਿਸ ਕਰਦਾ ਸੀ, ਪਰ ਉਨ੍ਹਾਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। 30ਜਦੋਂ ਵਿਸ਼ਵਾਸੀਆਂ ਨੂੰ ਇਸ ਬਾਰੇ ਪਤਾ ਲੱਗਾ, ਉਹ ਉਸ ਨੂੰ ਕੈਸਰਿਆ ਲੈ ਗਏ ਅਤੇ ਤਰਸੁਸ ਨੂੰ ਭੇਜ ਦਿੱਤਾ।
31ਸਾਰੇ ਯਹੂਦਿਯਾ, ਗਲੀਲ, ਸਾਮਰਿਯਾ ਦੇ ਪ੍ਰਾਂਤਾਂ ਵਿੱਚ ਕਲੀਸਿਆ ਨੂੰ ਸ਼ਾਂਤੀ ਮਿਲੀ ਅਤੇ ਮੇਲ-ਮਿਲਾਪ ਦਾ ਆਨੰਦ ਲਿਆ ਅਤੇ ਕਲੀਸਿਆ ਵੱਧਦੀ ਗਈ ਅਤੇ ਪ੍ਰਭੂ ਦੇ ਡਰ ਅਤੇ ਪਵਿੱਤਰ ਆਤਮਾ ਦੇ ਹੌਸਲੇ ਵਿੱਚ ਵਧਦੀ ਗਈ।
ਐਨਿਯਾਸ ਅਤੇ ਡੌਰਕਸ
32ਫਿਰ ਇਸ ਤਰ੍ਹਾਂ ਹੋਇਆ ਕਿ ਪਤਰਸ ਸਭ ਪਾਸੇ ਤੁਰਦਾ ਫਿਰਦਾ ਉਨ੍ਹਾਂ ਪਵਿੱਤਰ ਸੰਤਾਂ ਕੋਲ ਵੀ ਆਇਆ ਜਿਹੜੇ ਲੁੱਦਾ ਕਸਬੇ ਵਿੱਚ ਰਹਿੰਦੇ ਸਨ। 33ਅਤੇ ਉੱਥੇ ਐਨਿਯਾਸ ਨਾਮ ਦਾ ਇੱਕ ਮਨੁੱਖ ਉਹ ਨੂੰ ਮਿਲਿਆ ਜਿਹੜਾ ਅੱਠ ਸਾਲਾਂ ਤੋਂ ਅਧਰੰਗ ਦੀ ਬਿਮਾਰੀ ਕਰਕੇ ਮੰਜੇ ਉੱਤੇ ਪਿਆ ਹੋਇਆ ਸੀ। 34ਪਤਰਸ ਨੇ ਉਸ ਨੂੰ ਕਿਹਾ, “ਐਨਿਯਾਸ,” ਯਿਸ਼ੂ ਮਸੀਹ ਤੁਹਾਨੂੰ ਚੰਗਾ ਕਰਦਾ ਹੈ। “ਉੱਠ ਅਤੇ ਆਪਣੀ ਬਿਸਤਰੇ ਨੂੰ ਵਲ੍ਹੇਟ।” ਅਤੇ ਉਹ ਉਸੇ ਵੇਲੇ ਉੱਠ ਖੜ੍ਹਾ ਹੋਇਆ। 35ਤਾਂ ਲੁੱਦਾ ਅਤੇ ਸ਼ਰੋਨ ਦੇ ਸਾਰੇ ਕਸਬੇ ਦੇ ਵਾਸੀਆਂ ਨੇ ਉਸ ਨੂੰ ਵੇਖਿਆ ਅਤੇ ਪ੍ਰਭੂ ਦੀ ਵੱਲ ਫਿਰੇ।
36ਯਾਪਾ ਵਿੱਚ ਤਬਿਥਾ ਨਾਮ ਦੀ ਇੱਕ ਚੇਲੀ ਸੀ ਯੂਨਾਨੀ ਵਿੱਚ ਉਸ ਦਾ ਨਾਮ ਡੌਰਕਸ ਸੀ; ਉਹ ਹਮੇਸ਼ਾ ਚੰਗੇ ਕੰਮ ਕਰਦੀ ਅਤੇ ਗਰੀਬਾਂ ਦੀ ਸਹਾਇਤਾ ਕਰਨ ਵਿੱਚ ਲੱਗੀ ਰਹਿੰਦੀ ਸੀ। 37ਤਕਰੀਬਨ ਉਸੇ ਸਮੇਂ ਦੌਰਾਨ ਉਹ ਬਿਮਾਰ ਹੋ ਗਈ ਅਤੇ ਮਰ ਗਈ, ਅਤੇ ਉਸ ਦੇ ਸਰੀਰ ਨੂੰ ਧੋ ਦਿੱਤਾ ਗਿਆ ਅਤੇ ਉੱਪਰਲੇ ਕਮਰੇ ਵਿੱਚ ਰੱਖਿਆ ਗਿਆ। 38ਲੁੱਦਾ ਯਾਪਾ ਦੇ ਨੇੜੇ ਸੀ, ਇਸ ਲਈ ਜਦੋਂ ਨਿਹਚਾਵਾਨਾਂ ਨੇ ਸੁਣਿਆ ਕਿ ਪਤਰਸ ਅਜੇ ਲੁੱਦਾ ਵਿੱਚ ਹੈ, ਤਾਂ ਉਨ੍ਹਾਂ ਨੇ ਪਤਰਸ ਕੋਲ ਦੋ ਆਦਮੀ ਭੇਜੇ। ਜਦੋਂ ਉਹ ਪਹੁੰਚੇ ਜਿੱਥੇ ਪਤਰਸ ਸੀ, ਉਨ੍ਹਾਂ ਨੇ ਵਾਰ-ਵਾਰ ਬੇਨਤੀ ਕੀਤੀ, “ਕਿਰਪਾ ਕਰਕੇ ਹੁਣੇ ਸਾਡੇ ਨਾਲ ਯਾਪਾ ਆਉ!”
39ਤਾਂ ਉਸੇ ਵੇਲੇ ਪਤਰਸ ਤਿਆਰ ਹੋ ਗਿਆ ਅਤੇ ਉਨ੍ਹਾਂ ਨਾਲ ਚਲਾ ਗਿਆ। ਜਦੋਂ ਉਹ ਯਾਪਾ ਵਿੱਚ ਉਸ ਦੇ ਘਰ ਪਹੁੰਚੇ, ਤਾਂ ਉਹ ਦੋਵੇਂ ਆਦਮੀ ਪਤਰਸ ਨੂੰ ਉੱਪਰਲੇ ਕਮਰੇ ਵਿੱਚ ਲੈ ਗਏ ਜਿੱਥੇ ਡੌਰਕਸ ਦੀ ਲਾਸ਼ ਪਈ ਸੀ। ਸਭ ਵਿਧਵਾਂ ਪਤਰਸ ਦੇ ਕੋਲ ਖੜ੍ਹੀਆਂ ਰੋਂਦੀਆਂ ਸਨ ਅਤੇ ਉਹ ਕੁੜਤੇ ਅਤੇ ਬਸਤਰ ਜੋ ਡੌਰਕਸ ਨੇ ਉਨ੍ਹਾਂ ਦੇ ਨਾਲ ਹੁੰਦਿਆਂ ਬਣਾਏ ਵਿਖਾਲਦੀਆਂ ਸਨ।
40ਪਰ ਪਤਰਸ ਨੇ ਉਨ੍ਹਾਂ ਸਾਰਿਆਂ ਨੂੰ ਕਮਰੇ ਵਿੱਚੋਂ ਬਾਹਰ ਭੇਜ ਦਿੱਤਾ। ਤਦ ਉਹ ਆਪਣੇ ਗੋਡਿਆਂ ਭਾਰ ਬੈਠ ਗਿਆ ਅਤੇ ਪ੍ਰਾਰਥਨਾ ਕੀਤੀ। ਮਰੀ ਹੋਈ ਤਬਿਥਾ ਦੇ ਸਰੀਰ ਵੱਲ ਮੁੜਦਿਆਂ ਉਸ ਨੇ ਕਿਹਾ, “ਹੇ ਤਬਿਥਾ, ਉੱਠ!” ਝੱਟ ਪਟ ਹੀ ਉਸਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਜਦੋਂ ਉਸ ਨੇ ਪਤਰਸ ਨੂੰ ਵੇਖਿਆ ਤਾਂ ਉਹ ਖੜ੍ਹੀ ਹੋ ਗਈ। 41ਉਸ ਨੇ ਉਸ ਦਾ ਇੱਕ ਹੱਥ ਫੜ ਲਿਆ, ਅਤੇ ਉਸ ਦੀ ਉੱਠਣ ਵਿੱਚ ਸਹਾਇਤਾ ਕੀਤੀ, ਜਦੋਂ ਉਸ ਨੇ ਪਵਿੱਤਰ ਸੰਤਾਂ ਅਤੇ ਖ਼ਾਸ ਕਰ ਵਿਧਵਾਵਾਂ ਨੂੰ ਅੰਦਰ ਆਉਣ ਲਈ ਬੁਲਾਇਆ, ਤਾਂ ਉਸ ਨੇ ਉਨ੍ਹਾਂ ਦੇ ਅੱਗੇ ਫਿਰ ਤੋਂ ਤਬਿਥਾ ਨੂੰ ਜਿਉਂਦੀ ਹਾਜ਼ਰ ਕੀਤਾ। 42ਇਹ ਸਾਰੇ ਯਾਪਾ ਵਿੱਚ ਮਸ਼ਹੂਰ ਹੋ ਗਿਆ, ਅਤੇ ਬਹੁਤ ਸਾਰੇ ਲੋਕਾਂ ਨੇ ਪ੍ਰਭੂ ਉੱਤੇ ਵਿਸ਼ਵਾਸ ਕੀਤਾ। 43ਪਤਰਸ ਕਾਫ਼ੀ ਦਿਨ ਯਾਪਾ ਸ਼ਹਿਰ ਵਿੱਚ ਸ਼ਿਮਓਨ ਨਾਮ ਇੱਕ ਚਮੜੇ ਦਾ ਕੰਮ ਕਰਨ ਵਾਲੇ ਦੇ ਘਰ ਵਿੱਚ ਰਿਹਾ।
നിലവിൽ തിരഞ്ഞെടുത്തിരിക്കുന്നു:
ਰਸੂਲਾਂ 9: OPCV
ഹൈലൈറ്റ് ചെയ്യുക
പങ്ക് വെക്കു
പകർത്തുക

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
Biblica® Open ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
Biblica® Open Punjabi Contemporary Version™
Copyright © 2022, 2025 by Biblica, Inc.
“Biblica” ਸੰਯੁਕਤ ਰਾਜ ਅਮਰੀਕਾ ਦੇ ਪੇਟੈਂਟ ਅਤੇ ਟ੍ਰੇਡਮਾਰਕ ਦਫ਼ਤਰ ਵਿੱਚ Biblica, Inc. ਵੱਲੋਂ ਰਜਿਸਟਰਡ ਟ੍ਰੇਡਮਾਰਕ ਹੈ।
“Biblica” is a trademark registered in the United States Patent and Trademark Office by Biblica, Inc.
See promoVersionInfo in metadata.xml for Creative Commons license.