ਰਸੂਲਾਂ 8
8
1ਸੌਲੁਸ ਨੇ ਸਟੀਫਨ ਨੂੰ ਮਾਰਨ ਦੀ ਮਨਜ਼ੂਰੀ ਦਿੱਤੀ।
ਕਲੀਸਿਆ ਨੂੰ ਸਤਾਇਆ ਅਤੇ ਖਿੰਡਿਆ ਜਾਣਾ
ਉਸ ਦਿਨ ਯੇਰੂਸ਼ਲੇਮ ਦੀ ਕਲੀਸਿਆ ਉੱਤੇ ਬਹੁਤ ਵੱਡਾ ਜ਼ੁਲਮ ਹੋਇਆ, ਅਤੇ ਰਸੂਲਾਂ ਨੂੰ ਛੱਡ ਕੇ ਬਾਕੀ ਸਾਰੇ ਯਹੂਦਿਯਾ ਅਤੇ ਸਾਮਰਿਯਾ ਦੇ ਪ੍ਰਾਂਤਾਂ ਵਿੱਚ ਖਿੰਡ ਗਏ। 2ਧਰਮੀ ਲੋਕਾਂ ਨੇ ਸਟੀਫਨ ਨੂੰ ਦਫ਼ਨਾਇਆ ਅਤੇ ਉਹ ਦੇ ਲਈ ਵੱਡਾ ਸੋਗ ਕੀਤਾ। 3ਪਰ ਸੌਲੁਸ ਨੇ ਕਲੀਸਿਆ ਨੂੰ ਨਾਸ਼ ਕਰਨਾ ਸ਼ੁਰੂ ਕਰ ਦਿੱਤਾ। ਉਹ ਘਰ-ਘਰ ਵਿੱਚ ਜਾ ਕੇ, ਆਦਮੀ ਅਤੇ ਔਰਤਾਂ ਦੋਵਾਂ ਨੂੰ ਘਸੀਟ ਕੇ ਕੈਦ ਵਿੱਚ ਪਾ ਦਿੰਦਾ ਸੀ।
ਸਾਮਰਿਯਾ ਵਿੱਚ ਫਿਲਿਪੁੱਸ ਦਾ ਪ੍ਰਚਾਰ
4ਜਿਹੜੇ ਵਿਸ਼ਵਾਸੀ ਖਿੰਡੇ ਹੋਏ ਸਨ ਉਹ ਜਿੱਥੇ ਕਿਤੇ ਵੀ ਗਏ, ਉਨ੍ਹਾਂ ਨੇ ਬਚਨ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ। 5ਫਿਲਿਪ ਸਾਮਰਿਯਾ ਪ੍ਰਾਂਤ ਦੇ ਇੱਕ ਸ਼ਹਿਰ ਵਿੱਚ ਗਿਆ, ਅਤੇ ਉੱਥੇ ਮਸੀਹਾ ਦਾ ਪ੍ਰਚਾਰ ਕੀਤਾ। 6ਅਤੇ ਜਦੋਂ ਲੋਕਾਂ ਨੇ ਉਹ ਨਿਸ਼ਾਨ ਜੋ ਫਿਲਿਪ ਵਿਖਾਉਂਦਾ ਸੀ ਸੁਣੇ ਅਤੇ ਵੇਖੇ, ਤਾਂ ਇੱਕ ਮਨ ਹੋ ਕੇ ਉਹ ਦੀਆਂ ਗੱਲਾਂ ਉੱਤੇ ਮਨ ਲਾਇਆ। 7ਉੱਚੀ ਆਵਾਜ਼ ਨਾਲ ਚੀਕਾਂ ਮਾਰਦੀਆਂ ਹੋਈਆਂ, ਬਹੁਤਿਆਂ ਵਿੱਚੋਂ ਅਸ਼ੁੱਧ ਆਤਮਾਵਾਂ ਨਿੱਕਲਿਆ, ਅਤੇ ਬਹੁਤ ਸਾਰੇ ਅਧਰੰਗੀ ਅਤੇ ਲੰਗੜੇ ਚੰਗੇ ਕੀਤੇ ਗਏ। 8ਅਤੇ ਉਸ ਸ਼ਹਿਰ ਸਾਮਰਿਯਾ ਵਿੱਚ ਬਹੁਤ ਵੱਡਾ ਅਨੰਦ ਹੋਇਆ।
ਜਾਦੂਗਰ ਸ਼ਿਮਓਨ
9ਪਰ ਸ਼ਿਮਓਨ ਨਾਮ ਦਾ ਇੱਕ ਮਨੁੱਖ ਸੀ, ਜਿਹੜਾ ਉਸ ਨਗਰ ਵਿੱਚ ਜਾਦੂ ਕਰਕੇ ਸਾਮਰਿਯਾ ਦੇ ਲੋਕਾਂ ਨੂੰ ਹੈਰਾਨ ਕਰਦਾ। ਅਤੇ ਉਸ ਨੇ ਸ਼ੇਖੀ ਮਾਰੀ ਕਿ ਉਹ ਬਹੁਤ ਮਹਾਨ ਹੈ, 10ਅਤੇ ਸਾਰੇ ਲੋਕ, ਛੋਟੇ ਤੋਂ ਲੈ ਕੇ ਵੱਡੇ, ਸਭ ਨੇ ਉਹ ਦੀ ਵੱਲ ਆਪਣਾ ਧਿਆਨ ਦਿੱਤਾ ਅਤੇ ਉੱਚੀ ਆਵਾਜ਼ ਵਿੱਚ ਕਿਹਾ, “ਇਸ ਮਨੁੱਖ ਨੂੰ ਪਰਮੇਸ਼ਵਰ ਦੀ ਮਹਾਨ ਸ਼ਕਤੀ ਕਿਹਾ ਜਾਂਦਾ ਹੈ।” 11ਉਹ ਉਸ ਦੇ ਪਿੱਛੇ ਚੱਲ ਰਹੇ ਸਨ ਕਿਉਂਕਿ ਉਸ ਨੇ ਆਪਣੇ ਜਾਦੂ ਨਾਲ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਹੈਰਾਨ ਕੀਤਾ ਹੋਇਆ ਸੀ। 12ਪਰ ਜਦੋਂ ਉਨ੍ਹਾਂ ਨੇ ਫਿਲਿਪ ਦਾ ਵਿਸ਼ਵਾਸ ਕੀਤਾ ਜੋ ਪਰਮੇਸ਼ਵਰ ਦੇ ਰਾਜ ਅਤੇ ਯਿਸ਼ੂ ਮਸੀਹ ਦੇ ਨਾਮ ਦੀ ਖੁਸ਼ਖ਼ਬਰੀ ਸੁਣਾਉਂਦਾ ਸੀ ਤਾਂ ਆਦਮੀ ਅਤੇ ਔਰਤਾਂ ਬਪਤਿਸਮਾ ਲੈਣ ਲੱਗੇ। 13ਅਤੇ ਸ਼ਿਮਓਨ ਨੇ ਵੀ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲੈ ਕੇ, ਫਿਲਿਪ ਦੇ ਨਾਲ ਹਰ ਇੱਕ ਜਗ੍ਹਾ ਉਸ ਦੇ ਪਿੱਛੇ ਜਾਣ ਲੱਗਾ, ਅਤੇ ਨਿਸ਼ਾਨੀਆਂ, ਕਰਾਮਾਤਾਂ ਜੋ ਪਰਗਟ ਹੋਈਆਂ ਸਨ ਵੇਖ ਕੇ ਹੈਰਾਨ ਰਹਿ ਗਿਆ।
14ਜਦੋਂ ਯੇਰੂਸ਼ਲੇਮ ਵਿੱਚ ਰਸੂਲਾਂ ਨੇ ਸੁਣਿਆ ਕਿ ਸਾਮਰਿਯਾ ਨੇ ਪਰਮੇਸ਼ਵਰ ਦਾ ਬਚਨ ਮੰਨ ਲਿਆ ਹੈ, ਤਾਂ ਉਨ੍ਹਾਂ ਨੇ ਪਤਰਸ ਅਤੇ ਯੋਹਨ ਨੂੰ ਸਾਮਰਿਯਾ ਵਿੱਚ ਭੇਜਿਆ। 15ਜਦੋਂ ਉਹ ਪਹੁੰਚੇ, ਤਾਂ ਉਨ੍ਹਾਂ ਨੇ ਉੱਥੇ ਨਵੇਂ ਵਿਸ਼ਵਾਸੀ ਲੋਕਾਂ ਲਈ ਪ੍ਰਾਰਥਨਾ ਕੀਤੀ ਕਿ ਉਹ ਪਵਿੱਤਰ ਆਤਮਾ ਪ੍ਰਾਪਤ ਕਰਨ। 16ਕਿਉਂਕਿ ਪਵਿੱਤਰ ਆਤਮਾ ਅਜੇ ਉਨ੍ਹਾਂ ਵਿੱਚੋਂ ਕਿਸੇ ਉੱਤੇ ਨਹੀਂ ਆਇਆ ਸੀ; ਉਨ੍ਹਾਂ ਨੇ ਪ੍ਰਭੂ ਯਿਸ਼ੂ ਦੇ ਨਾਮ ਤੇ ਬਪਤਿਸਮਾ ਲਿਆ ਸੀ। 17ਤਦ ਪਤਰਸ ਅਤੇ ਯੋਹਨ ਨੇ ਉਨ੍ਹਾਂ ਤੇ ਆਪਣੇ ਹੱਥ ਰੱਖੇ, ਅਤੇ ਉਨ੍ਹਾਂ ਨੇ ਪਵਿੱਤਰ ਆਤਮਾ ਪ੍ਰਾਪਤ ਕੀਤਾ।
18ਜਦੋਂ ਸ਼ਿਮਓਨ ਨੇ ਵੇਖਿਆ ਕਿ ਰਸੂਲਾਂ ਦੇ ਹੱਥ ਰੱਖਣ ਤੇ ਪਵਿੱਤਰ ਆਤਮਾ ਦਿੱਤਾ ਜਾਂਦਾ ਹੈ, ਤਾਂ ਉਸ ਨੇ ਉਨ੍ਹਾਂ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ 19ਅਤੇ ਕਿਹਾ, “ਮੈਨੂੰ ਵੀ ਇਹ ਯੋਗਤਾ ਦਿਓ ਤਾਂ ਜੋ ਹਰੇਕ ਜਿਸ ਉੱਤੇ ਮੈਂ ਆਪਣੇ ਹੱਥ ਰੱਖਾ, ਉਹ ਵੀ ਪਵਿੱਤਰ ਆਤਮਾ ਪ੍ਰਾਪਤ ਕਰ ਲਵੇ।”
20ਪਤਰਸ ਨੇ ਜਵਾਬ ਦਿੱਤਾ, “ਤੇਰਾ ਪੈਸਾ ਤੇਰੇ ਨਾਲ ਨਾਸ਼ ਹੋ ਜਾਵੇ, ਕਿਉਂਕਿ ਤੂੰ ਸੋਚਿਆ, ਕਿ ਤੂੰ ਪਰਮੇਸ਼ਵਰ ਦੀ ਦਾਤ ਨੂੰ ਪੈਸੇ ਨਾਲ ਖਰੀਦ ਸਕਦਾ! 21ਤੇਰਾ ਇਸ ਗੱਲ ਵਿੱਚ ਨਾ ਕੋਈ ਹਿੱਸਾ ਨਾ ਸਾਂਝ ਹੈ ਕਿਉਂ ਜੋ ਤੇਰਾ ਮਨ ਪਰਮੇਸ਼ਵਰ ਦੇ ਅੱਗੇ ਸਿੱਧਾ ਨਹੀਂ ਹੈ। 22ਇਸ ਦੁਸ਼ਟਤਾ ਤੋਂ ਤੌਬਾ ਕਰ ਅਤੇ ਪ੍ਰਭੂ ਦੇ ਅੱਗੇ ਅਰਦਾਸ ਕਰ ਕਿ ਉਹ ਤੇਰੇ ਦਿਲ ਵਿੱਚ ਅਜਿਹਾ ਵਿਚਾਰ ਰੱਖਣ ਕਰਕੇ ਤੈਨੂੰ ਮਾਫ਼ ਕਰੇ। 23ਕਿਉਂਕਿ ਮੈਂ ਵੇਖ ਰਿਹਾ ਹਾਂ ਕਿ ਤੂੰ ਪੂਰੀ ਕੁੜੱਤਣ ਨਾਲ ਭਰਿਆ ਹੋਇਆ ਅਤੇ ਪਾਪ ਦਾ ਗ਼ੁਲਾਮ ਹੈ।”
24ਫਿਰ ਸ਼ਿਮਓਨ ਨੇ ਉੱਤਰ ਦਿੱਤਾ, “ਤੁਸੀਂ ਹੀ ਮੇਰੇ ਲਈ ਪ੍ਰਭੂ ਅੱਗੇ ਅਰਦਾਸ ਕਰੋ ਕਿ ਜਿਹੜੀਆਂ ਗੱਲਾਂ ਤੁਸੀਂ ਦੱਸੀਆਂ ਹਨ ਉਨ੍ਹਾਂ ਵਿੱਚੋਂ ਕੋਈ ਮੇਰੇ ਉੱਤੇ ਨਾ ਆ ਪਵੇ।”
25ਜਦੋਂ ਪਤਰਸ ਅਤੇ ਯੋਹਨ ਨੇ ਅੱਗੇ ਪ੍ਰਭੂ ਦੇ ਬਚਨ ਦਾ ਪ੍ਰਚਾਰ ਕੀਤਾ ਅਤੇ ਯਿਸ਼ੂ ਬਾਰੇ ਗਵਾਹੀ ਦਿੱਤੀ, ਤਾਂ ਪਤਰਸ ਅਤੇ ਯੋਹਨ ਬਹੁਤ ਸਾਰੇ ਸਾਮਰਿਯਾ ਪਿੰਡਾਂ ਵਿੱਚ ਖੁਸ਼ਖ਼ਬਰੀ ਦਾ ਪ੍ਰਚਾਰ ਕਰਦੇ ਹੋਏ, ਯੇਰੂਸ਼ਲੇਮ ਨੂੰ ਵਾਪਸ ਪਰਤੇ।
ਫਿਲਿਪੁੱਸ ਅਤੇ ਖੋਜਾ
26ਇੱਕ ਦਿਨ ਪ੍ਰਭੂ ਦੇ ਇੱਕ ਸਵਰਗਦੂਤ ਨੇ ਫਿਲਿਪ ਨੂੰ ਕਿਹਾ, “ਉੱਠ, ਦੱਖਣ ਵੱਲ ਜਾਂਦੀ ਸੜਕ, ਜਿਹੜੀ ਉਜਾੜ ਵਾਲੀ ਸੜਕ ਹੈ, ਜੋ ਯੇਰੂਸ਼ਲੇਮ ਤੋਂ ਗਾਜ਼ਾ ਸ਼ਹਿਰ ਨੂੰ ਜਾਂਦੀ ਹੈ, ਉਸ ਰਾਹ ਵੱਲ ਜਾ।” 27ਤਾਂ ਉਹ ਉੱਠ ਕੇ ਤੁਰ ਪਿਆ ਅਤੇ ਵੇਖੋ, ਕਿ ਈਥੋਪੀਆ ਦੇਸ਼ ਦਾ ਇੱਕ ਮਨੁੱਖ ਸੀ, ਜਿਹੜਾ ਖੋਜਾ ਅਤੇ ਕੂਸ਼ ਦੀ ਰਾਣੀ ਕੰਦਾਕੇ ਦਾ ਅਤੇ ਸਾਰੇ ਖ਼ਜ਼ਾਨੇ ਦਾ ਵੱਡਾ ਅਧਿਕਾਰੀ ਸੀ ਅਤੇ ਉਹ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੀ ਬੰਦਗੀ ਕਰਨ ਲਈ ਆਇਆ ਸੀ, 28ਉਹ ਆਪਣੇ ਘਰ#8:28 ਆਪਣੇ ਘਰ ਈਥੋਪੀਆ ਦੇਸ਼ ਵੱਲ ਨੂੰ ਵਾਪਸ ਮੁੜਿਆ ਜਾਂਦਾ ਅਤੇ ਆਪਣੇ ਰੱਥ ਵਿੱਚ ਬੈਠਾ ਹੋਇਆ ਯਸ਼ਾਯਾਹ ਨਬੀ ਦੀ ਪੋਥੀ ਪੜ੍ਹ ਰਿਹਾ ਸੀ। 29ਤਦ ਪਵਿੱਤਰ ਆਤਮਾ ਨੇ ਫਿਲਿਪ ਨੂੰ ਕਿਹਾ, “ਕਿ ਚੱਲ ਅਤੇ ਇਸ ਰੱਥ ਨਾਲ ਰਲ ਜਾ।”
30ਤਦ ਫਿਲਿਪ ਰੱਥ ਵੱਲ ਭੱਜ ਕੇ ਨੇੜੇ ਗਿਆ ਤੇ ਉਸ ਨੂੰ ਯਸ਼ਾਯਾਹ ਨਬੀ ਦੀ ਪੋਥੀ ਨੂੰ ਪੜਦੇ ਸੁਣਿਆ। ਅਤੇ ਫਿਲਿਪ ਨੇ ਪੁੱਛਿਆ, “ਕੀ ਤੁਸੀਂ ਸਮਝਦੇ ਹੋ ਜੋ ਤੁਸੀਂ ਪੜ੍ਹ ਰਹੇ ਹੋ?”
31ਉਸ ਅਧਿਕਾਰੀ ਨੇ ਆਖਿਆ, “ਮੈਂ ਕਿਸ ਤਰ੍ਹਾਂ ਸਮਝ ਸਕਦਾ ਹਾਂ, ਜਦੋਂ ਤੱਕ ਕੋਈ ਮੈਨੂੰ ਨਾ ਸਮਝਾਵੇ?” ਫੇਰ ਉਸ ਨੇ ਫਿਲਿਪ ਅੱਗੇ ਬੇਨਤੀ ਕੀਤੀ ਕੀ ਮੇਰੇ ਨਾਲ ਚੜ੍ਹ ਕੇ ਬੈਠ ਜਾ।
32ਪਵਿੱਤਰ ਸ਼ਾਸਤਰ ਦਾ ਇਹ ਹਿੱਸਾ ਜੋ ਉਹ ਪੜ੍ਹ ਰਿਹਾ ਸੀ:
“ਉਹ ਇੱਕ ਭੇਡ ਦੀ ਤਰ੍ਹਾਂ ਵੱਢੇ ਜਾਣ ਨੂੰ ਲਿਆਂਦਾ ਗਿਆ,
ਅਤੇ ਜਿਵੇਂ ਲੇਲਾ ਆਪਣੀ ਉੱਨ ਕਤਰਨ ਵਾਲੇ ਦੇ ਅੱਗੇ ਚੁੱਪ ਰਹਿੰਦਾ ਹੈ,
ਉਸੇ ਤਰ੍ਹਾਂ ਹੀ ਉਸ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ।
33ਉਸ ਦੀ ਅਧੀਨਗੀ ਵਿੱਚ ਉਹ ਦਾ ਨਿਆਂ ਖੁੱਸ ਗਿਆ।
ਉਸ ਦੀ ਪੀੜ੍ਹੀ ਦਾ ਕੌਣ ਬਿਆਨ ਕਰੇਗਾ?
ਕਿਉਂਕਿ ਉਹ ਦਾ ਪ੍ਰਾਣ ਜੀਉਂਦਿਆਂ ਦੀ ਧਰਤੀ ਤੋਂ ਉਠਾ ਲਿਆ ਗਿਆ।”#8:33 ਯਸ਼ਾ 53:7,8 (ਸੈਪਟੁਜਿੰਟ ਦੇਖੋ)
34ਤਾਂ ਉਸ ਖੋਜੇ ਨੇ ਅੱਗੋਂ ਫਿਲਿਪ ਨੂੰ ਆਖਿਆ, “ਮੈਂ ਤੇਰੇ ਅੱਗੇ ਇਹ ਬੇਨਤੀ ਕਰਦਾ ਹਾਂ ਕਿ ਨਬੀ ਕਿਸ ਦੀ ਗੱਲ ਕਰਦਾ ਹੈ, ਆਪਣੀ ਜਾਂ ਕਿਸੇ ਹੋਰ ਦੀ?” 35ਫਿਰ ਫਿਲਿਪ ਨੇ ਉਸ ਲਿਖਤ ਦੇ ਹਵਾਲੇ ਨਾਲ ਸ਼ੁਰੂ ਕੀਤਾ ਅਤੇ ਉਸ ਨੂੰ ਯਿਸ਼ੂ ਬਾਰੇ ਖੁਸ਼ਖ਼ਬਰੀ ਸੁਣਾਈ।
36ਅਤੇ ਉਹ ਰਾਹ ਤੇ ਜਾ ਰਹੇ ਸਨ ਤਦ ਰਾਹ ਵਿੱਚ ਇੱਕ ਪਾਣੀ ਦੇ ਕੁੰਡ ਕੋਲ ਪਹੁੰਚੇ। ਤਦ ਉਸ ਖੋਜੇ ਨੇ ਕਿਹਾ, “ਵੇਖ, ਇੱਥੇ ਪਾਣੀ ਹੈ। ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ?”
37ਫਿਲਿਪ ਨੇ ਕਿਹਾ, “ਜੇ ਤੂੰ ਪੂਰੇ ਮਨ ਨਾਲ ਵਿਸ਼ਵਾਸ ਕਰੇ ਤਾਂ ਜ਼ਰੂਰ ਲੈ ਸਕਦਾ ਹੈ।”
ਉਸ ਨੇ ਉੱਤਰ ਦਿੱਤਾ, “ਮੈਂ ਵਿਸ਼ਵਾਸ ਕਰਦਾ ਹਾਂ ਕਿ ਯਿਸ਼ੂ ਮਸੀਹ ਪਰਮੇਸ਼ਵਰ ਦਾ ਪੁੱਤਰ ਹੈ।”#8:37 ਕੁਝ ਲਿਖਤਾਂ ਵਿੱਚ ਇਹ ਸ਼ਬਦ ਸ਼ਾਮਲ ਹਨ। 38ਅਤੇ ਤਦ ਖੋਜੇ ਨੇ ਰੱਥ ਖੜ੍ਹਾ ਕਰਨ ਦਾ ਹੁਕਮ ਕੀਤਾ। ਫਿਰ ਫਿਲਿਪ ਅਤੇ ਉਹ ਖੋਜਾ ਦੋਵੇਂ ਪਾਣੀ ਵਿੱਚ ਉੱਤਰੇ ਅਤੇ ਫਿਲਿਪ ਨੇ ਉਸ ਨੂੰ ਬਪਤਿਸਮਾ ਦਿੱਤਾ। 39ਜਦੋਂ ਉਹ ਪਾਣੀ ਵਿੱਚੋਂ ਨਿੱਕਲ ਕੇ ਬਾਹਰ ਆਏ, ਤਦ ਪ੍ਰਭੂ ਦਾ ਆਤਮਾ ਫਿਲਿਪ ਨੂੰ ਉਸੇ ਵੇਲੇ ਲੈ ਗਿਆ, ਅਤੇ ਉਸ ਅਧਿਕਾਰੀ ਨੇ ਉਹ ਨੂੰ ਫੇਰ ਨਾ ਵੇਖਿਆ, ਅਤੇ ਉਹ ਆਨੰਦ ਨਾਲ ਆਪਣੇ ਰਾਹ ਚੱਲਿਆ ਗਿਆ। 40ਫਿਲਿਪ, ਹਾਲਾਂਕਿ, ਅਜ਼ੋਤੁਸ ਸ਼ਹਿਰ ਵਿੱਚ ਮਿਲਿਆ, ਅਤੇ ਜਦੋਂ ਤੱਕ ਕੈਸਰਿਆ ਸ਼ਹਿਰ ਵਿੱਚ ਨਾ ਆਇਆ ਉਹ ਲੰਘਦਾ ਹੋਇਆ ਸਭਨਾਂ ਨਗਰਾਂ ਵਿੱਚ ਖੁਸ਼ਖ਼ਬਰੀ ਸੁਣਾਉਂਦਾ ਗਿਆ।
നിലവിൽ തിരഞ്ഞെടുത്തിരിക്കുന്നു:
ਰਸੂਲਾਂ 8: OPCV
ഹൈലൈറ്റ് ചെയ്യുക
പങ്ക് വെക്കു
പകർത്തുക

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
Biblica® Open ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
Biblica® Open Punjabi Contemporary Version™
Copyright © 2022, 2025 by Biblica, Inc.
“Biblica” ਸੰਯੁਕਤ ਰਾਜ ਅਮਰੀਕਾ ਦੇ ਪੇਟੈਂਟ ਅਤੇ ਟ੍ਰੇਡਮਾਰਕ ਦਫ਼ਤਰ ਵਿੱਚ Biblica, Inc. ਵੱਲੋਂ ਰਜਿਸਟਰਡ ਟ੍ਰੇਡਮਾਰਕ ਹੈ।
“Biblica” is a trademark registered in the United States Patent and Trademark Office by Biblica, Inc.
See promoVersionInfo in metadata.xml for Creative Commons license.