ਰਸੂਲ 15

15
ਸੁੰਨਤ ਕਰਨ ਉੱਤੇ ਵਿਵਾਦ
1ਫਿਰ ਕੁਝ ਲੋਕ ਯਹੂਦਿਯਾ ਤੋਂ ਆ ਕੇ ਭਾਈਆਂ ਨੂੰ ਇਹ ਸਿੱਖਿਆ ਦੇਣ ਲੱਗੇ: “ਜੇ ਮੂਸਾ ਦੀ ਰੀਤ ਅਨੁਸਾਰ ਤੁਹਾਡੀ ਸੁੰਨਤ ਨਾ ਹੋਵੇ ਤਾਂ ਤੁਸੀਂ ਮੁਕਤੀ ਨਹੀਂ ਪਾ ਸਕਦੇ।” 2ਜਦੋਂ ਪੌਲੁਸ ਅਤੇ ਬਰਨਬਾਸ ਦਾ ਉਨ੍ਹਾਂ ਨਾਲ ਬਹੁਤ ਜ਼ਿਆਦਾ ਝਗੜਾ ਅਤੇ ਬਹਿਸ ਹੋਈ ਤਾਂ ਪੌਲੁਸ, ਬਰਨਬਾਸ ਅਤੇ ਉਨ੍ਹਾਂ ਵਿੱਚੋਂ ਕੁਝ ਹੋਰਾਂ ਨੂੰ ਨਿਯੁਕਤ ਕੀਤਾ ਗਿਆ ਕਿ ਇਸ ਮਸਲੇ ਬਾਰੇ ਰਸੂਲਾਂ ਅਤੇ ਬਜ਼ੁਰਗਾਂ#15:2 ਅਰਥਾਤ ਆਗੂਆਂ ਕੋਲ ਯਰੂਸ਼ਲਮ ਨੂੰ ਜਾਣ। 3ਸੋ ਕਲੀਸਿਯਾ ਨੇ ਉਨ੍ਹਾਂ ਨੂੰ ਵਿਦਾ ਕੀਤਾ ਅਤੇ ਉਹ ਫੈਨੀਕੇ ਅਤੇ ਸਾਮਰਿਯਾ ਵਿੱਚੋਂ ਦੀ ਲੰਘਦੇ ਹੋਏ ਪਰਾਈਆਂ ਕੌਮਾਂ ਦੇ ਮਨ ਪਰਿਵਰਤਨ ਬਾਰੇ ਦੱਸਦੇ ਗਏ, ਜਿਸ ਤੋਂ ਸਭ ਭਾਈ ਬਹੁਤ ਅਨੰਦ ਹੋਏ। 4ਜਦੋਂ ਉਹ ਯਰੂਸ਼ਲਮ ਪਹੁੰਚੇ ਤਾਂ ਕਲੀਸਿਯਾ ਅਤੇ ਰਸੂਲਾਂ ਅਤੇ ਬਜ਼ੁਰਗਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ ਤੇ ਪੌਲੁਸ ਅਤੇ ਬਰਨਬਾਸ ਨੇ ਉਨ੍ਹਾਂ ਨੂੰ ਦੱਸਿਆ ਕਿ ਪਰਮੇਸ਼ਰ ਨੇ ਸਾਡੇ ਰਾਹੀਂ ਕਿੰਨੇ ਵੱਡੇ-ਵੱਡੇ ਕੰਮ ਕੀਤੇ। 5ਪਰ ਫ਼ਰੀਸੀਆਂ ਦੇ ਪੰਥ ਵਿੱਚੋਂ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਸੀ ਉਨ੍ਹਾਂ ਵਿੱਚੋਂ ਕੁਝ ਉੱਠ ਕੇ ਕਹਿਣ ਲੱਗੇ, “ਉਨ੍ਹਾਂ ਦੀ ਸੁੰਨਤ ਕਰਨੀ ਅਤੇ ਮੂਸਾ ਦੀ ਬਿਵਸਥਾ ਨੂੰ ਮੰਨਣ ਦਾ ਹੁਕਮ ਦੇਣਾ ਜ਼ਰੂਰੀ ਹੈ।”
ਯਰੂਸ਼ਲਮ ਦੀ ਸਭਾ
6ਤਦ ਰਸੂਲ ਅਤੇ ਬਜ਼ੁਰਗ ਇਸ ਮਸਲੇ 'ਤੇ ਵਿਚਾਰ ਕਰਨ ਲਈ ਇਕੱਠੇ ਹੋਏ। 7ਬਹੁਤ ਵਾਦ-ਵਿਵਾਦ ਹੋਣ ਤੋਂ ਬਾਅਦ ਪਤਰਸ ਨੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਕਿਹਾ, “ਹੇ ਭਾਈਓ, ਤੁਸੀਂ ਜਾਣਦੇ ਹੋ ਕਿ ਬਹੁਤ ਦਿਨ ਪਹਿਲਾਂ ਪਰਮੇਸ਼ਰ ਨੇ ਤੁਹਾਡੇ ਵਿੱਚੋਂ ਮੈਨੂੰ ਚੁਣਿਆ ਕਿ ਪਰਾਈਆਂ ਕੌਮਾਂ ਮੇਰੇ ਮੂੰਹ ਤੋਂ ਖੁਸ਼ਖ਼ਬਰੀ ਦਾ ਵਚਨ ਸੁਣਨ ਅਤੇ ਵਿਸ਼ਵਾਸ ਕਰਨ। 8ਪਰਮੇਸ਼ਰ ਨੇ ਜਿਹੜਾ ਮਨਾਂ ਦਾ ਜਾਣਨ ਵਾਲਾ ਹੈ, ਉਨ੍ਹਾਂ ਨੂੰ ਵੀ ਸਾਡੇ ਵਾਂਗ ਪਵਿੱਤਰ ਆਤਮਾ ਦੇ ਕੇ ਉਨ੍ਹਾਂ ਉੱਤੇ ਗਵਾਹੀ ਦਿੱਤੀ 9ਅਤੇ ਵਿਸ਼ਵਾਸ ਦੇ ਰਾਹੀਂ ਉਨ੍ਹਾਂ ਦੇ ਮਨਾਂ ਨੂੰ ਸ਼ੁੱਧ ਕਰਕੇ ਸਾਡੇ ਅਤੇ ਉਨ੍ਹਾਂ ਦੇ ਵਿਚਕਾਰ ਕੋਈ ਭਿੰਨ-ਭੇਦ ਨਾ ਰੱਖਿਆ। 10ਸੋ ਹੁਣ ਤੁਸੀਂ ਪਰਮੇਸ਼ਰ ਨੂੰ ਕਿਉਂ ਪਰਖਦੇ ਹੋ ਕਿ ਚੇਲਿਆਂ ਦੀ ਧੌਣ 'ਤੇ ਇਹ ਜੂਲਾ ਰੱਖੋ ਜਿਹੜਾ ਨਾ ਸਾਡੇ ਪੁਰਖੇ ਅਤੇ ਨਾ ਹੀ ਅਸੀਂ ਚੁੱਕ ਸਕੇ? 11ਪਰ ਸਾਡਾ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਅਸੀਂ ਪ੍ਰਭੂ ਯਿਸੂ#15:11 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮਸੀਹ” ਲਿਖਿਆ ਹੈ। ਦੀ ਕਿਰਪਾ ਨਾਲ ਬਚਾਏ ਜਾਂਦੇ ਹਾਂ, ਉਸੇ ਤਰ੍ਹਾਂ ਉਹ ਵੀ ਬਚਾਏ ਜਾਣਗੇ।”
12ਤਦ ਸਭ ਲੋਕ ਚੁੱਪਚਾਪ ਹੋ ਕੇ ਪੌਲੁਸ ਅਤੇ ਬਰਨਬਾਸ ਦੀ ਗੱਲ ਸੁਣਨ ਲੱਗੇ ਕਿ ਪਰਮੇਸ਼ਰ ਨੇ ਉਨ੍ਹਾਂ ਦੇ ਰਾਹੀਂ ਪਰਾਈਆਂ ਕੌਮਾਂ ਵਿੱਚ ਕਿੰਨੇ ਵੱਡੇ-ਵੱਡੇ ਚਿੰਨ੍ਹ ਅਤੇ ਅਦਭੁਤ ਕੰਮ ਕੀਤੇ। 13ਜਦੋਂ ਉਹ ਬੋਲ ਹਟੇ ਤਾਂ ਯਾਕੂਬ ਨੇ ਕਿਹਾ, “ਹੇ ਭਾਈਓ, ਮੇਰੀ ਗੱਲ ਸੁਣੋ! 14ਸ਼ਮਊਨ ਨੇ ਦੱਸਿਆ ਕਿ ਕਿਵੇਂ ਪਰਮੇਸ਼ਰ ਨੇ ਪਹਿਲਾਂ ਪਰਾਈਆਂ ਕੌਮਾਂ ਉੱਤੇ ਦ੍ਰਿਸ਼ਟੀ ਕੀਤੀ ਤਾਂਕਿ ਉਨ੍ਹਾਂ ਵਿੱਚੋਂ ਆਪਣੇ ਨਾਮ ਦੇ ਲਈ ਇੱਕ ਪਰਜਾ ਨੂੰ ਚੁਣੇ। 15ਨਬੀਆਂ ਦੇ ਵਚਨ ਵੀ ਇਸ ਦੇ ਨਾਲ ਮੇਲ ਖਾਂਦੇ ਹਨ, ਜਿਵੇਂ ਲਿਖਿਆ ਹੈ: 16‘ਇਸ ਤੋਂ ਬਾਅਦ ਮੈਂ ਵਾਪਸ ਆਵਾਂਗਾ ਅਤੇ ਦਾਊਦ ਦੇ ਡਿੱਗੇ ਹੋਏ ਤੰਬੂ ਨੂੰ ਫਿਰ ਤੋਂ ਬਣਾਵਾਂਗਾ ਅਤੇ ਇਸ ਦੇ ਖੰਡਰਾਂ ਨੂੰ ਫਿਰ ਤੋਂ ਉਸਾਰਾਂਗਾ ਤੇ ਇਸ ਨੂੰ ਫਿਰ ਤੋਂ ਖੜ੍ਹਾ ਕਰਾਂਗਾ 17ਤਾਂਕਿ ਬਾਕੀ ਰਹਿੰਦੇ ਲੋਕ ਅਤੇ ਸਭ ਪਰਾਈਆਂ ਕੌਮਾਂ ਜੋ ਮੇਰੇ ਨਾਮ ਦੀਆਂ ਸਦਾਉਂਦੀਆਂ ਹਨ, ਪ੍ਰਭੂ ਦੀ ਖੋਜ ਕਰਨ।
18 ਇਹ ਉਹੀ ਪ੍ਰਭੂ ਕਹਿੰਦਾ ਹੈ
ਜਿਹੜਾ ਮੁੱਢ ਤੋਂ ਇਨ੍ਹਾਂ ਗੱਲਾਂ ਨੂੰ ਪਰਗਟ ਕਰਦਾ ਆਇਆ ਹੈ’। # 15:18 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪਰਮੇਸ਼ਰ ਆਪਣੇ ਸਾਰੇ ਕੰਮਾਂ ਦੇ ਵਿਖੇ ਯੁਗਾਂ ਦੇ ਅਰੰਭ ਤੋਂ ਹੀ ਜਾਣਦਾ ਹੈ।” ਲਿਖਿਆ ਹੈ। # ਆਮੋਸ 9:11-12
19“ਇਸ ਲਈ ਮੇਰਾ ਵਿਚਾਰ ਹੈ ਕਿ ਅਸੀਂ ਉਨ੍ਹਾਂ ਨੂੰ ਜਿਹੜੇ ਪਰਾਈਆਂ ਕੌਮਾਂ ਵਿੱਚੋਂ ਪਰਮੇਸ਼ਰ ਦੀ ਵੱਲ ਮੁੜ ਰਹੇ ਹਨ, ਤੰਗ ਨਾ ਕਰੀਏ। 20ਸਗੋਂ ਉਨ੍ਹਾਂ ਨੂੰ ਲਿਖ ਭੇਜੀਏ ਕਿ ਉਹ ਮੂਰਤੀਆਂ ਦੀ ਭ੍ਰਿਸ਼ਟਤਾ ਅਤੇ ਵਿਭਚਾਰ ਅਤੇ ਲਹੂ ਤੋਂ ਅਤੇ ਗਲ਼ ਘੁੱਟੇ ਜੀਵ ਦੇ ਮਾਸ ਤੋਂ ਦੂਰ ਰਹਿਣ। 21ਕਿਉਂਕਿ ਪ੍ਰਾਚੀਨ ਕਾਲ ਤੋਂ ਹਰ ਨਗਰ ਵਿੱਚ ਮੂਸਾ ਦੀ ਬਿਵਸਥਾ ਦਾ ਪ੍ਰਚਾਰ ਕਰਨ ਵਾਲੇ ਹੁੰਦੇ ਆਏ ਹਨ ਅਤੇ ਇਹ ਹਰ ਸਬਤ ਦੇ ਦਿਨ ਸਭਾ-ਘਰਾਂ ਵਿੱਚ ਪੜ੍ਹੀ ਜਾਂਦੀ ਹੈ।”
ਪਰਾਈਆਂ ਕੌਮਾਂ ਵਿੱਚੋਂ ਵਿਸ਼ਵਾਸ ਕਰਨ ਵਾਲਿਆਂ ਨੂੰ ਚਿੱਠੀ
22ਤਦ ਸਾਰੀ ਕਲੀਸਿਯਾ ਸਮੇਤ ਰਸੂਲਾਂ ਅਤੇ ਬਜ਼ੁਰਗਾਂ ਨੂੰ ਚੰਗਾ ਲੱਗਾ ਕਿ ਆਪਣੇ ਵਿੱਚੋਂ ਕੁਝ ਵਿਅਕਤੀਆਂ ਅਰਥਾਤ ਯਹੂਦਾ ਜੋ ਬਰਸੱਬਾਸ ਕਹਾਉਂਦਾ ਹੈ ਅਤੇ ਸੀਲਾਸ ਨੂੰ ਜਿਹੜੇ ਭਾਈਆਂ ਵਿੱਚ ਮੋਹਰੀ ਸਨ, ਚੁਣ ਕੇ ਪੌਲੁਸ ਅਤੇ ਬਰਨਬਾਸ ਦੇ ਨਾਲ ਅੰਤਾਕਿਯਾ ਨੂੰ ਭੇਜਣ। 23ਉਨ੍ਹਾਂ ਨੇ ਉਨ੍ਹਾਂ ਦੇ ਹੱਥ ਇਹ ਲਿਖ ਭੇਜਿਆ: “ਰਸੂਲਾਂ ਅਤੇ ਬਜ਼ੁਰਗ ਭਾਈਆਂ ਵੱਲੋਂ ਅੰਤਾਕਿਯਾ ਅਤੇ ਸੁਰਿਯਾ#15:23 ਆਧੁਨਿਕ ਨਾਮ ਸੀਰਿਆ ਅਤੇ ਕਿਲਕਿਯਾ ਵਿਚਲੇ ਉਨ੍ਹਾਂ ਭਾਈਆਂ ਨੂੰ ਸਲਾਮ ਜਿਹੜੇ ਪਰਾਈਆਂ ਕੌਮਾਂ ਵਿੱਚੋਂ ਹਨ। 24ਅਸੀਂ ਸੁਣਿਆ ਹੈ ਕਿ ਸਾਡੇ ਵਿੱਚੋਂ ਕੁਝ ਲੋਕਾਂ ਨੇ ਜਿਨ੍ਹਾਂ ਨੂੰ ਅਸੀਂ ਕੋਈ ਆਗਿਆ ਨਹੀਂ ਦਿੱਤੀ, ਉੱਥੇ ਆ ਕੇ ਆਪਣੀਆਂ ਗੱਲਾਂ ਨਾਲ ਤੁਹਾਨੂੰ#15:24 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਇਹ ਕਹਿ ਕੇ ਜੋ ਤੁਹਾਨੂੰ ਸੁੰਨਤ ਕਰਾਉਣੀ ਅਤੇ ਬਿਵਸਥਾ ਦਾ ਪਾਲਣ ਕਰਨਾ ਜ਼ਰੂਰੀ ਹੈ,” ਲਿਖਿਆ ਹੈ। ਘਬਰਾ ਦਿੱਤਾ ਅਤੇ ਤੁਹਾਡੇ ਮਨਾਂ ਨੂੰ ਡਾਵਾਂਡੋਲ ਕਰ ਦਿੱਤਾ ਹੈ। 25ਇਸ ਲਈ ਅਸੀਂ ਇੱਕ ਮਨ ਹੋ ਕੇ ਇਹ ਠੀਕ ਸਮਝਿਆ ਕਿ ਕੁਝ ਵਿਅਕਤੀਆਂ ਨੂੰ ਚੁਣ ਕੇ ਆਪਣੇ ਪਿਆਰੇ ਬਰਨਬਾਸ ਅਤੇ ਪੌਲੁਸ ਦੇ ਨਾਲ ਤੁਹਾਡੇ ਕੋਲ ਭੇਜੀਏ 26ਅਰਥਾਤ ਉਨ੍ਹਾਂ ਨੂੰ ਜਿਨ੍ਹਾਂ ਨੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਖਾਤਰ ਆਪਣੀਆਂ ਜਾਨਾਂ ਨੂੰ ਖ਼ਤਰੇ ਵਿੱਚ ਪਾਇਆ ਹੈ। 27ਇਸ ਲਈ ਅਸੀਂ ਯਹੂਦਾ ਅਤੇ ਸੀਲਾਸ ਨੂੰ ਭੇਜਿਆ ਹੈ ਅਤੇ ਉਹ ਆਪ ਆਪਣੇ ਮੂੰਹੋਂ ਇਹ ਗੱਲਾਂ ਦੱਸਣਗੇ। 28ਕਿਉਂਕਿ ਪਵਿੱਤਰ ਆਤਮਾ ਨੂੰ ਅਤੇ ਸਾਨੂੰ ਇਹ ਚੰਗਾ ਲੱਗਾ ਕਿ ਇਨ੍ਹਾਂ ਜ਼ਰੂਰੀ ਗੱਲਾਂ ਤੋਂ ਇਲਾਵਾ ਤੁਹਾਡੇ ਉੱਤੇ ਹੋਰ ਬੋਝ ਨਾ ਪਾਈਏ 29ਕਿ ਤੁਸੀਂ ਮੂਰਤੀਆਂ ਦੇ ਚੜ੍ਹਾਵਿਆਂ ਅਤੇ ਲਹੂ ਅਤੇ ਗਲ਼ ਘੁੱਟੇ ਜੀਵਾਂ ਦੇ ਮਾਸ ਅਤੇ ਵਿਭਚਾਰ ਤੋਂ ਦੂਰ ਰਹੋ; ਆਪਣੇ ਆਪ ਨੂੰ ਇਨ੍ਹਾਂ ਤੋਂ ਦੂਰ ਰੱਖੋ ਤਾਂ ਤੁਹਾਡਾ ਭਲਾ ਹੋਵੇਗਾ। ਸਲਾਮ!”
ਪਰਾਈਆਂ ਕੌਮਾਂ ਦੇ ਵਿਸ਼ਵਾਸੀਆਂ ਕੋਲ ਜਾਣਾ
30ਫਿਰ ਉਹ ਵਿਦਾ ਹੋ ਕੇ ਅੰਤਾਕਿਯਾ ਨੂੰ ਗਏ ਅਤੇ ਸੰਗਤ ਨੂੰ ਇਕੱਠੀ ਕਰਕੇ ਉਹ ਚਿੱਠੀ ਉਨ੍ਹਾਂ ਨੂੰ ਦਿੱਤੀ। 31ਉਹ ਇਸ ਨੂੰ ਪੜ੍ਹ ਕੇ ਇਸ ਤੋਂ ਮਿਲੇ ਉਤਸ਼ਾਹ ਤੋਂ ਪ੍ਰਸੰਨ ਹੋਏ। 32ਯਹੂਦਾ ਅਤੇ ਸੀਲਾਸ ਨੇ ਜੋ ਆਪ ਵੀ ਨਬੀ ਸਨ, ਬਹੁਤ ਸਾਰੇ ਵਚਨਾਂ ਨਾਲ ਭਾਈਆਂ ਨੂੰ ਉਤਸ਼ਾਹਿਤ ਅਤੇ ਦ੍ਰਿੜ੍ਹ ਕੀਤਾ। 33ਫਿਰ ਕੁਝ ਸਮਾਂ ਉੱਥੇ ਰਹਿਣ ਤੋਂ ਬਾਅਦ ਉਹ ਸ਼ਾਂਤੀ ਨਾਲ ਭਾਈਆਂ ਕੋਲੋਂ ਵਿਦਾ ਹੋਏ ਕਿ ਆਪਣੇ ਭੇਜਣ ਵਾਲਿਆਂ ਕੋਲ ਵਾਪਸ ਜਾਣ, 34[ਪਰ ਸੀਲਾਸ ਨੇ ਉੱਥੇ ਹੀ ਰੁਕਣਾ ਠੀਕ ਸਮਝਿਆ।]#15:34 ਕੁਝ ਹਸਤਲੇਖਾਂ ਵਿੱਚ ਇਹ ਆਇਤ ਵੀ ਪਾਈ ਜਾਂਦੀ ਹੈ। 35ਪੌਲੁਸ ਅਤੇ ਬਰਨਬਾਸ ਅੰਤਾਕਿਯਾ ਵਿੱਚ ਹੀ ਰੁਕੇ ਰਹੇ ਅਤੇ ਹੋਰ ਬਹੁਤ ਸਾਰਿਆਂ ਨਾਲ ਮਿਲ ਕੇ ਪ੍ਰਭੂ ਦਾ ਵਚਨ ਸਿਖਾਉਂਦੇ ਅਤੇ ਪ੍ਰਚਾਰ ਕਰਦੇ ਰਹੇ।
ਦੂਜੀ ਪ੍ਰਚਾਰ ਯਾਤਰਾ-ਪੌਲੁਸ ਅਤੇ ਬਰਨਬਾਸ ਦਾ ਅਲੱਗ ਹੋਣਾ
36ਫਿਰ ਕੁਝ ਦਿਨਾਂ ਬਾਅਦ ਪੌਲੁਸ ਨੇ ਬਰਨਬਾਸ ਨੂੰ ਕਿਹਾ, “ਆਓ ਅਸੀਂ ਉਸ ਹਰੇਕ ਨਗਰ ਵਿੱਚ ਜਿੱਥੇ ਪ੍ਰਭੂ ਦਾ ਵਚਨ ਸੁਣਾਇਆ ਸੀ, ਭਾਈਆਂ ਕੋਲ ਵਾਪਸ ਜਾਈਏ ਅਤੇ ਵੇਖੀਏ ਕਿ ਉਹ ਕਿਵੇਂ ਹਨ।” 37ਬਰਨਬਾਸ ਯੂਹੰਨਾ ਨੂੰ ਵੀ ਜਿਹੜਾ ਮਰਕੁਸ ਕਹਾਉਂਦਾ ਹੈ, ਨਾਲ ਲਿਜਾਣਾ ਚਾਹੁੰਦਾ ਸੀ। 38ਪਰ ਪੌਲੁਸ ਨੇ ਉਸ ਨੂੰ ਨਾਲ ਲਿਜਾਣਾ ਯੋਗ ਨਾ ਸਮਝਿਆ, ਕਿਉਂਕਿ ਉਸ ਨੇ ਪਮਫ਼ੁਲਿਯਾ ਵਿੱਚ ਉਨ੍ਹਾਂ ਦਾ ਸਾਥ ਛੱਡ ਦਿੱਤਾ ਸੀ ਅਤੇ ਉਨ੍ਹਾਂ ਦੇ ਨਾਲ ਸੇਵਾ ਦੇ ਕੰਮ 'ਤੇ ਨਹੀਂ ਗਿਆ ਸੀ। 39ਤਦ ਉਨ੍ਹਾਂ ਵਿੱਚ ਐਨਾ ਵੱਡਾ ਵਿਵਾਦ ਹੋਇਆ ਕਿ ਉਹ ਇੱਕ ਦੂਜੇ ਤੋਂ ਅਲੱਗ ਹੋ ਗਏ ਅਤੇ ਬਰਨਬਾਸ ਮਰਕੁਸ ਨੂੰ ਲੈ ਕੇ ਸਮੁੰਦਰ ਦੇ ਰਸਤੇ ਕੁਪਰੁਸ ਨੂੰ ਚਲਾ ਗਿਆ। 40ਪਰ ਪੌਲੁਸ ਨੇ ਸੀਲਾਸ ਨੂੰ ਚੁਣਿਆ ਅਤੇ ਭਾਈਆਂ ਵੱਲੋਂ ਪ੍ਰਭੂ ਦੀ ਕਿਰਪਾ ਵਿੱਚ ਸੌਂਪੇ ਜਾ ਕੇ ਉੱਥੋਂ ਵਿਦਾ ਹੋਇਆ 41ਅਤੇ ਸੁਰਿਯਾ#15:41 ਆਧੁਨਿਕ ਨਾਮ ਸੀਰੀਆ ਅਤੇ ਕਿਲਕਿਯਾ ਵਿੱਚੋਂ ਲੰਘਦਾ ਹੋਇਆ ਕਲੀਸਿਆਵਾਂ ਨੂੰ ਦ੍ਰਿੜ੍ਹ ਕਰਦਾ ਗਿਆ।

നിലവിൽ തിരഞ്ഞെടുത്തിരിക്കുന്നു:

ਰਸੂਲ 15: PSB

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക