ਰਸੂਲ 14

14
ਇਕੋਨਿਯੁਮ ਵਿੱਚ ਸਤਾਓ
1ਇਕੋਨਿਯੁਮ ਵਿੱਚ ਇਸ ਤਰ੍ਹਾਂ ਹੋਇਆ ਕਿ ਉਹ ਇਕੱਠੇ ਯਹੂਦੀਆਂ ਦੇ ਇੱਕ ਸਭਾ-ਘਰ ਵਿੱਚ ਗਏ ਅਤੇ ਇਸ ਤਰ੍ਹਾਂ ਵਚਨ ਸੁਣਾਇਆ ਕਿ ਯਹੂਦੀਆਂ ਅਤੇ ਯੂਨਾਨੀਆਂ ਵਿੱਚੋਂ ਬਹੁਤ ਲੋਕਾਂ ਨੇ ਵਿਸ਼ਵਾਸ ਕੀਤਾ। 2ਪਰ ਜਿਨ੍ਹਾਂ ਯਹੂਦੀਆਂ ਨੇ ਵਿਸ਼ਵਾਸ ਨਾ ਕੀਤਾ ਉਨ੍ਹਾਂ ਨੇ ਪਰਾਈਆਂ ਕੌਮਾਂ ਨੂੰ ਭੜਕਾਇਆ ਅਤੇ ਉਨ੍ਹਾਂ ਦੇ ਮਨਾਂ ਵਿੱਚ ਭਾਈਆਂ ਦੇ ਵਿਰੁੱਧ ਕੜਵਾਹਟ ਭਰ ਦਿੱਤੀ। 3ਸੋ ਪੌਲੁਸ ਅਤੇ ਬਰਨਬਾਸ ਬਹੁਤ ਦਿਨਾਂ ਤੱਕ ਉੱਥੇ ਰਹੇ ਅਤੇ ਪ੍ਰਭੂ ਦੇ ਆਸਰੇ ਦਲੇਰੀ ਨਾਲ ਪ੍ਰਚਾਰ ਕਰਦੇ ਰਹੇ। ਪ੍ਰਭੂ ਉਨ੍ਹਾਂ ਦੇ ਹੱਥੀਂ ਚਿੰਨ੍ਹ ਅਤੇ ਅਚੰਭੇ ਵਿਖਾ ਕੇ ਆਪਣੀ ਕਿਰਪਾ ਦੇ ਵਚਨ ਦੀ ਗਵਾਹੀ ਦਿੰਦਾ ਸੀ। 4ਪਰ ਨਗਰ ਦੇ ਲੋਕਾਂ ਵਿੱਚ ਫੁੱਟ ਪੈ ਗਈ ਅਤੇ ਕੁਝ ਯਹੂਦੀਆਂ ਵੱਲ ਅਤੇ ਕੁਝ ਰਸੂਲਾਂ ਵੱਲ ਹੋ ਗਏ। 5ਜਦੋਂ ਪਰਾਈਆਂ ਕੌਮਾਂ ਅਤੇ ਯਹੂਦੀਆਂ ਨੇ ਆਪਣੇ ਪ੍ਰਧਾਨਾਂ ਨਾਲ ਮਿਲ ਕੇ ਉਨ੍ਹਾਂ ਨਾਲ ਦੁਰਵਿਹਾਰ ਕਰਨ ਅਤੇ ਪਥਰਾਓ ਕਰਨ ਦਾ ਯਤਨ ਕੀਤਾ 6ਤਾਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਅਤੇ ਉਹ ਲੁਕਾਉਨਿਯਾ ਦੇ ਲੁਸਤ੍ਰਾ ਅਤੇ ਦਰਬੇ ਨਾਮਕ ਨਗਰਾਂ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਭੱਜ ਗਏ 7ਅਤੇ ਉੱਥੇ ਖੁਸ਼ਖ਼ਬਰੀ ਸੁਣਾਉਣ ਲੱਗੇ।
ਲੁਸਤ੍ਰਾ ਅਤੇ ਦਰਬੇ ਵਿੱਚ
8ਲੁਸਤ੍ਰਾ ਵਿੱਚ ਇੱਕ ਮਨੁੱਖ ਸੀ ਜਿਹੜਾ ਪੈਰਾਂ ਤੋਂ ਨਿਰਬਲ ਸੀ ਅਤੇ ਆਪਣੀ ਮਾਂ ਦੀ ਕੁੱਖੋਂ ਹੀ ਲੰਗੜਾ ਸੀ ਤੇ ਕਦੇ ਨਹੀਂ ਤੁਰਿਆ ਸੀ। 9ਉਹ ਪੌਲੁਸ ਨੂੰ ਬੋਲਦੇ ਸੁਣ ਰਿਹਾ ਸੀ। ਤਦ ਪੌਲੁਸ ਨੇ ਗੌਹ ਨਾਲ ਉਸ ਵੱਲ ਤੱਕਿਆ ਅਤੇ ਇਹ ਵੇਖ ਕੇ ਜੋ ਉਸ ਵਿੱਚ ਚੰਗਾ ਹੋਣ ਦਾ ਵਿਸ਼ਵਾਸ ਹੈ, 10ਉੱਚੀ ਅਵਾਜ਼ ਵਿੱਚ ਉਸ ਨੂੰ ਕਿਹਾ, “ਆਪਣੇ ਪੈਰਾਂ 'ਤੇ ਸਿੱਧਾ ਖੜ੍ਹਾ ਹੋ ਜਾ!” ਤਦ ਉਹ ਉੱਛਲ ਕੇ ਖੜ੍ਹਾ ਹੋ ਗਿਆ ਅਤੇ ਤੁਰਨ-ਫਿਰਨ ਲੱਗ ਪਿਆ। 11ਜਦੋਂ ਲੋਕਾਂ ਨੇ ਇਸ ਕੰਮ ਨੂੰ ਵੇਖਿਆ ਜੋ ਪੌਲੁਸ ਨੇ ਕੀਤਾ ਸੀ ਤਾਂ ਉਹ ਉੱਚੀ ਅਵਾਜ਼ ਵਿੱਚ ਲੁਕਾਉਨਿਯਾ ਦੀ ਭਾਸ਼ਾ ਵਿੱਚ ਕਹਿਣ ਲੱਗੇ, “ਦੇਵਤੇ ਮਨੁੱਖਾਂ ਦਾ ਰੂਪ ਧਾਰ ਕੇ ਸਾਡੇ ਕੋਲ ਉੱਤਰ ਆਏ ਹਨ।” 12ਉਹ ਬਰਨਬਾਸ ਨੂੰ ਦਿਔਸ ਅਤੇ ਪੌਲੁਸ ਨੂੰ ਹਰਮੇਸ ਕਹਿਣ ਲੱਗੇ, ਕਿਉਂਕਿ ਪੌਲੁਸ ਬੋਲਣ ਵਿੱਚ ਮੋਹਰੀ ਸੀ। 13ਦਿਔਸ ਦਾ ਮੰਦਰ ਜੋ ਕਿ ਨਗਰ ਦੇ ਸਾਹਮਣੇ ਸੀ ਉੱਥੋਂ ਦਾ ਪੁਜਾਰੀ ਬਲਦ ਅਤੇ ਫੁੱਲਾਂ ਦੇ ਹਾਰ ਲੈ ਕੇ ਫਾਟਕ 'ਤੇ ਆਇਆ ਅਤੇ ਉਹ ਲੋਕਾਂ ਨਾਲ ਮਿਲ ਕੇ ਬਲੀਦਾਨ ਚੜ੍ਹਾਉਣਾ ਚਾਹੁੰਦਾ ਸੀ। 14ਪਰ ਜਦੋਂ ਰਸੂਲਾਂ ਅਰਥਾਤ ਬਰਨਬਾਸ ਅਤੇ ਪੌਲੁਸ ਨੇ ਇਹ ਸੁਣਿਆ ਤਾਂ ਆਪਣੇ ਕੱਪੜੇ ਪਾੜੇ ਅਤੇ ਪੁਕਾਰਦੇ ਹੋਏ ਦੌੜ ਕੇ ਭੀੜ ਵਿੱਚ ਗਏ 15ਅਤੇ ਕਿਹਾ, “ਲੋਕੋ, ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ? ਅਸੀਂ ਵੀ ਤੁਹਾਡੇ ਵਰਗੇ ਮਨੁੱਖ ਹਾਂ ਅਤੇ ਤੁਹਾਨੂੰ ਇਹ ਖੁਸ਼ਖ਼ਬਰੀ ਸੁਣਾਉਂਦੇ ਹਾਂ ਕਿ ਇਨ੍ਹਾਂ ਵਿਅਰਥ ਚੀਜ਼ਾਂ ਤੋਂ ਜੀਉਂਦੇ ਪਰਮੇਸ਼ਰ ਵੱਲ ਮੁੜੋ ਜਿਸ ਨੇ ਅਕਾਸ਼, ਧਰਤੀ, ਸਮੁੰਦਰ ਅਤੇ ਉਨ੍ਹਾਂ ਵਿਚਲੀਆਂ ਸਭ ਚੀਜ਼ਾਂ ਨੂੰ ਬਣਾਇਆ; 16ਉਸ ਨੇ ਬੀਤੇ ਸਮਿਆਂ ਵਿੱਚ ਸਭ ਕੌਮਾਂ ਨੂੰ ਆਪਣੇ-ਆਪਣੇ ਰਾਹਾਂ 'ਤੇ ਚੱਲਣ ਦਿੱਤਾ। 17ਫਿਰ ਵੀ ਉਸ ਨੇ ਆਪਣੇ ਆਪ ਨੂੰ ਬਿਨਾਂ ਸਬੂਤ ਦੇ ਨਾ ਛੱਡਿਆ, ਸਗੋਂ ਭਲਾਈ ਕਰਦਾ ਰਿਹਾ ਅਤੇ ਤੁਹਾਨੂੰ ਅਕਾਸ਼ ਤੋਂ ਵਰਖਾ ਅਤੇ ਫਲਦਾਰ ਰੁੱਤਾਂ ਦੇ ਕੇ ਤੁਹਾਡੇ ਮਨਾਂ ਨੂੰ ਅਨੰਦ ਅਤੇ ਭੋਜਨ ਨਾਲ ਤ੍ਰਿਪਤ ਕਰਦਾ ਰਿਹਾ।” 18ਇਹ ਗੱਲਾਂ ਕਹਿ ਕੇ ਉਨ੍ਹਾਂ ਬੜੀ ਮੁਸ਼ਕਲ ਨਾਲ ਭੀੜ ਨੂੰ ਉਨ੍ਹਾਂ ਦੇ ਸਾਹਮਣੇ ਬਲੀਦਾਨ ਚੜ੍ਹਾਉਣ ਤੋਂ ਰੋਕਿਆ।
19ਫਿਰ ਅੰਤਾਕਿਯਾ ਅਤੇ ਇਕੋਨਿਯੁਮ ਤੋਂ ਕੁਝ ਯਹੂਦੀ ਆਏ ਅਤੇ ਉਨ੍ਹਾਂ ਨੇ ਲੋਕਾਂ ਨੂੰ ਉਕਸਾ ਕੇ ਪੌਲੁਸ ਨੂੰ ਪਥਰਾਓ ਕੀਤਾ ਅਤੇ ਉਸ ਨੂੰ ਮਰਿਆ ਸਮਝ ਕੇ ਘਸੀਟਦੇ ਹੋਏ ਨਗਰ ਤੋਂ ਬਾਹਰ ਲੈ ਗਏ। 20ਪਰ ਜਦੋਂ ਚੇਲੇ ਉਸ ਦੇ ਆਲੇ-ਦੁਆਲੇ ਇਕੱਠੇ ਹੋਏ ਤਾਂ ਉਹ ਉੱਠ ਕੇ ਨਗਰ ਵਿੱਚ ਗਿਆ ਅਤੇ ਅਗਲੇ ਦਿਨ ਬਰਨਬਾਸ ਦੇ ਨਾਲ ਦਰਬੇ ਨੂੰ ਚਲਾ ਗਿਆ।
ਸੁਰਿਯਾ ਦੇ ਅੰਤਾਕਿਯਾ ਨੂੰ ਵਾਪਸ ਆਉਣਾ
21ਉਸ ਨਗਰ ਵਿੱਚ ਖੁਸ਼ਖ਼ਬਰੀ ਸੁਣਾਉਣ ਅਤੇ ਬਹੁਤ ਸਾਰੇ ਚੇਲੇ ਬਣਾਉਣ ਤੋਂ ਬਾਅਦ ਉਹ ਲੁਸਤ੍ਰਾ, ਇਕੋਨਿਯੁਮ ਅਤੇ ਅੰਤਾਕਿਯਾ ਨੂੰ ਮੁੜ ਗਏ। 22ਉਹ ਚੇਲਿਆਂ ਦੇ ਮਨਾਂ ਨੂੰ ਦ੍ਰਿੜ੍ਹ ਕਰਦੇ ਹੋਏ ਉਨ੍ਹਾਂ ਨੂੰ ਉਤਸ਼ਾਹਿਤ ਕਰਦੇ ਸਨ ਕਿ ਵਿਸ਼ਵਾਸ ਵਿੱਚ ਬਣੇ ਰਹੋ ਅਤੇ ਇਹ ਕਿ ਸਾਨੂੰ ਬਹੁਤ ਕਸ਼ਟ ਝੱਲਦੇ ਹੋਏ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਜ਼ਰੂਰੀ ਹੈ। 23ਫਿਰ ਉਨ੍ਹਾਂ ਨੇ ਹਰ ਕਲੀਸਿਯਾ ਵਿੱਚ ਬਜ਼ੁਰਗ#14:23 ਅਰਥਾਤ ਆਗੂ ਠਹਿਰਾਏ ਅਤੇ ਵਰਤ ਸਹਿਤ ਪ੍ਰਾਰਥਨਾ ਕਰਕੇ ਉਨ੍ਹਾਂ ਨੂੰ ਪ੍ਰਭੂ ਦੇ ਹੱਥ ਸੌਂਪਿਆ ਜਿਸ 'ਤੇ ਉਨ੍ਹਾਂ ਨੇ ਵਿਸ਼ਵਾਸ ਕੀਤਾ ਸੀ। 24ਫਿਰ ਪਿਸਿਦਿਯਾ ਵਿੱਚੋਂ ਦੀ ਹੁੰਦੇ ਹੋਏ ਉਹ ਪਮਫ਼ੁਲਿਯਾ ਆਏ 25ਅਤੇ ਪਰਗਾ ਵਿੱਚ ਵਚਨ ਸੁਣਾ ਕੇ ਅੱਤਲਿਯਾ ਨੂੰ ਚਲੇ ਗਏ। 26ਉੱਥੋਂ ਉਹ ਸਮੁੰਦਰ ਦੇ ਰਸਤੇ ਅੰਤਾਕਿਯਾ ਨੂੰ ਗਏ, ਜਿੱਥੇ ਉਨ੍ਹਾਂ ਨੂੰ ਉਸ ਕੰਮ ਦੇ ਲਈ ਪਰਮੇਸ਼ਰ ਦੀ ਕਿਰਪਾ ਵਿੱਚ ਸੌਂਪਿਆ ਗਿਆ ਸੀ ਜੋ ਉਨ੍ਹਾਂ ਨੇ ਹੁਣ ਪੂਰਾ ਕੀਤਾ ਸੀ। 27ਜਦੋਂ ਉਹ ਅੰਤਾਕਿਯਾ ਪਹੁੰਚੇ ਤਾਂ ਕਲੀਸਿਯਾ ਨੂੰ ਇਕੱਠੀ ਕਰਕੇ ਦੱਸਣ ਲੱਗੇ ਕਿ ਪਰਮੇਸ਼ਰ ਨੇ ਸਾਡੇ ਰਾਹੀਂ ਕਿੰਨੇ ਵੱਡੇ-ਵੱਡੇ ਕੰਮ ਕੀਤੇ ਅਤੇ ਇਹ ਵੀ ਕਿ ਪਰਮੇਸ਼ਰ ਨੇ ਪਰਾਈਆਂ ਕੌਮਾਂ ਲਈ ਵਿਸ਼ਵਾਸ ਦਾ ਦਰਵਾਜ਼ਾ ਖੋਲ੍ਹ ਦਿੱਤਾ। 28ਫਿਰ ਉਹ ਉੱਥੇ ਬਹੁਤ ਸਮਾਂ ਚੇਲਿਆਂ ਦੇ ਨਾਲ ਰਹੇ।

നിലവിൽ തിരഞ്ഞെടുത്തിരിക്കുന്നു:

ਰਸੂਲ 14: PSB

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക