1 ਕੁਰਿੰਥੀਆਂ 14

14
ਭਵਿੱਖਬਾਣੀ: ਇੱਕ ਉੱਤਮ ਵਰਦਾਨ
1ਪ੍ਰੇਮ ਦੇ ਪਿੱਛੇ ਲੱਗੇ ਰਹੋ ਅਤੇ ਆਤਮਕ ਵਰਦਾਨਾਂ ਦੀ ਇੱਛਾ ਰੱਖੋ, ਪਰ ਇਸ ਤੋਂ ਵੀ ਵੱਧ ਇਹ ਕਿ ਤੁਸੀਂ ਭਵਿੱਖਬਾਣੀ ਕਰੋ। 2ਜਿਹੜਾ ਗੈਰ-ਭਾਸ਼ਾ ਬੋਲਦਾ ਹੈ ਉਹ ਮਨੁੱਖਾਂ ਨਾਲ ਨਹੀਂ, ਸਗੋਂ ਪਰਮੇਸ਼ਰ ਨਾਲ ਬੋਲਦਾ ਹੈ; ਇਸ ਲਈ ਕਿ ਉਸ ਦੀ ਗੱਲ ਨੂੰ ਕੋਈ ਨਹੀਂ ਸਮਝਦਾ, ਪਰ ਉਹ ਆਤਮਾ ਵਿੱਚ ਭੇਤ ਦੀਆਂ ਗੱਲਾਂ ਬੋਲਦਾ ਹੈ। 3ਪਰ ਜਿਹੜਾ ਭਵਿੱਖਬਾਣੀ ਕਰਦਾ ਹੈ ਉਹ ਮਨੁੱਖਾਂ ਨਾਲ ਉੱਨਤੀ, ਉਤਸ਼ਾਹ ਅਤੇ ਦਿਲਾਸੇ ਦੀਆਂ ਗੱਲਾਂ ਬੋਲਦਾ ਹੈ। 4ਜਿਹੜਾ ਗੈਰ-ਭਾਸ਼ਾ ਬੋਲਦਾ ਹੈ ਉਹ ਆਪਣੀ ਹੀ ਉੱਨਤੀ ਕਰਦਾ ਹੈ, ਪਰ ਜਿਹੜਾ ਭਵਿੱਖਬਾਣੀ ਕਰਦਾ ਹੈ ਉਹ ਕਲੀਸਿਯਾ ਦੀ ਉੱਨਤੀ ਕਰਦਾ ਹੈ। 5ਮੈਂ ਚਾਹੁੰਦਾ ਹਾਂ ਕਿ ਤੁਸੀਂ ਸਭ ਗੈਰ-ਭਾਸ਼ਾਵਾਂ ਬੋਲੋ, ਪਰ ਇਸ ਤੋਂ ਵੀ ਵੱਧ ਇਹ ਕਿ ਤੁਸੀਂ ਭਵਿੱਖਬਾਣੀ ਕਰੋ। ਗੈਰ-ਭਾਸ਼ਾਵਾਂ ਬੋਲਣ ਵਾਲਾ ਜੇ ਅਰਥ ਨਾ ਕਰੇ ਜਿਸ ਤੋਂ ਕਲੀਸਿਯਾ ਦੀ ਉੱਨਤੀ ਹੋਵੇ ਤਾਂ ਭਵਿੱਖਬਾਣੀ ਕਰਨ ਵਾਲਾ ਉਸ ਨਾਲੋਂ ਉੱਤਮ ਹੈ।
6ਪਰ ਹੁਣ ਹੇ ਭਾਈਓ, ਜੇ ਮੈਂ ਗੈਰ-ਭਾਸ਼ਾਵਾਂ ਬੋਲਦਾ ਹੋਇਆ ਤੁਹਾਡੇ ਕੋਲ ਆਵਾਂ, ਪਰ ਪ੍ਰਕਾਸ਼ਨ, ਜਾਂ ਗਿਆਨ, ਜਾਂ ਭਵਿੱਖਬਾਣੀ ਜਾਂ ਸਿੱਖਿਆ ਦੀ ਗੱਲ ਤੁਹਾਡੇ ਨਾਲ ਨਾ ਕਰਾਂ ਤਾਂ ਤੁਹਾਨੂੰ ਮੇਰੇ ਤੋਂ ਕੀ ਲਾਭ ਹੋਵੇਗਾ? 7ਅਵਾਜ਼ ਤਾਂ ਬੇਜਾਨ ਚੀਜ਼ਾਂ ਵਿੱਚੋਂ ਵੀ ਆਉਂਦੀ ਹੈ, ਭਾਵੇਂ ਬੰਸਰੀ, ਭਾਵੇਂ ਰਬਾਬ। ਜੇ ਇਨ੍ਹਾਂ ਦੇ ਸੁਰਾਂ ਵਿੱਚ ਭਿੰਨਤਾ ਨਾ ਹੋਵੇ ਤਾਂ ਕਿਵੇਂ ਪਤਾ ਲੱਗੇਗਾ ਕਿ ਬੰਸਰੀ ਜਾਂ ਰਬਾਬ 'ਤੇ ਕੀ ਵਜਾਇਆ ਜਾ ਰਿਹਾ ਹੈ? 8ਜੇ ਤੁਰ੍ਹੀ ਦੀ ਅਵਾਜ਼ ਸਪਸ਼ਟ ਨਾ ਹੋਵੇ ਤਾਂ ਕੌਣ ਆਪਣੇ ਆਪ ਨੂੰ ਯੁੱਧ ਲਈ ਤਿਆਰ ਕਰੇਗਾ? 9ਇਸੇ ਤਰ੍ਹਾਂ ਜੇ ਤੁਸੀਂ ਵੀ ਆਪਣੀ ਜੀਭ ਤੋਂ ਸਪਸ਼ਟ ਗੱਲ ਨਾ ਬੋਲੋ ਤਾਂ ਜੋ ਕੁਝ ਕਿਹਾ ਜਾ ਰਿਹਾ ਹੈ ਉਹ ਕਿਵੇਂ ਸਮਝਿਆ ਜਾਵੇਗਾ? ਤੁਸੀਂ ਤਾਂ ਹਵਾ 'ਚ ਗੱਲਾਂ ਕਰਨ ਵਾਲੇ ਹੋਵੋਗੇ। 10ਭਾਵੇਂ ਸੰਸਾਰ ਵਿੱਚ ਕਈ ਪ੍ਰਕਾਰ ਦੀਆਂ ਭਾਸ਼ਾਵਾਂ ਹਨ, ਪਰ ਕੋਈ ਵੀ ਬਿਨਾਂ ਅਰਥ ਦੇ ਨਹੀਂ ਹੈ। 11ਇਸ ਲਈ ਜੇ ਮੈਂ ਭਾਸ਼ਾ ਦਾ ਅਰਥ ਨਹੀਂ ਜਾਣਦਾ ਤਾਂ ਮੈਂ ਬੋਲਣ ਵਾਲੇ ਦੇ ਲਈ ਓਪਰਾ ਹੋਵਾਂਗਾ ਅਤੇ ਬੋਲਣ ਵਾਲਾ ਮੇਰੇ ਲਈ ਓਪਰਾ ਹੋਵੇਗਾ। 12ਇਸੇ ਤਰ੍ਹਾਂ ਤੁਸੀਂ ਵੀ ਜਦੋਂ ਆਤਮਕ ਵਰਦਾਨਾਂ ਦੇ ਅਭਿਲਾਸ਼ੀ ਹੋ, ਤਾਂ ਯਤਨ ਕਰੋ ਕਿ ਕਲੀਸਿਯਾ ਦੀ ਉੱਨਤੀ ਲਈ ਇਨ੍ਹਾਂ ਨਾਲ ਭਰਪੂਰ ਹੋ ਜਾਓ। 13ਇਸ ਲਈ ਜਿਹੜਾ ਗੈਰ-ਭਾਸ਼ਾ ਬੋਲਦਾ ਹੈ ਉਹ ਪ੍ਰਾਰਥਨਾ ਕਰੇ ਕਿ ਉਸ ਦਾ ਅਰਥ ਵੀ ਕਰ ਸਕੇ। 14ਕਿਉਂਕਿ ਜੇ ਮੈਂ ਗੈਰ-ਭਾਸ਼ਾ ਵਿੱਚ ਪ੍ਰਾਰਥਨਾ ਕਰਾਂ ਤਾਂ ਮੇਰੀ ਆਤਮਾ ਪ੍ਰਾਰਥਨਾ ਕਰਦੀ ਹੈ, ਪਰ ਮੇਰੀ ਬੁੱਧ ਦਾ ਇਸ ਵਿੱਚ ਕੋਈ ਕੰਮ ਨਹੀਂ। 15ਸੋ ਕੀ ਕਰਨਾ ਚਾਹੀਦਾ ਹੈ? ਮੈਂ ਆਤਮਾ ਨਾਲ ਪ੍ਰਾਰਥਨਾ ਕਰਾਂਗਾ ਅਤੇ ਮੈਂ ਬੁੱਧ ਨਾਲ ਵੀ ਪ੍ਰਾਰਥਨਾ ਕਰਾਂਗਾ। ਮੈਂ ਆਤਮਾ ਨਾਲ ਗਾਵਾਂਗਾ ਅਤੇ ਬੁੱਧ ਨਾਲ ਵੀ ਗਾਵਾਂਗਾ। 16ਨਹੀਂ ਤਾਂ ਜੇ ਤੂੰ ਆਪਣੀ ਆਤਮਾ ਵਿੱਚ ਧੰਨਵਾਦ ਕਰੇਂ#14:16 ਪਰਮੇਸ਼ਰ ਦੀ ਉਸਤਤ ਕਰੇਂ ਤਾਂ ਉੱਥੇ ਬੈਠਾ ਅਣਜਾਣ ਵਿਅਕਤੀ ਤੇਰੇ ਧੰਨਵਾਦ 'ਤੇ “ਆਮੀਨ” ਕਿਵੇਂ ਕਹੇਗਾ, ਕਿਉਂਕਿ ਉਹ ਨਹੀਂ ਜਾਣਦਾ ਕਿ ਤੂੰ ਕੀ ਕਹਿੰਦਾ ਹੈਂ। 17ਤੂੰ ਤਾਂ ਚੰਗੀ ਤਰ੍ਹਾਂ ਧੰਨਵਾਦ ਕਰਦਾ ਹੈਂ, ਪਰ ਇਸ ਤੋਂ ਦੂਜੇ ਦੀ ਕੋਈ ਉੱਨਤੀ ਨਹੀਂ ਹੁੰਦੀ। 18ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਤੁਹਾਡੇ ਸਭਨਾਂ ਨਾਲੋਂ ਵੱਧ ਗੈਰ-ਭਾਸ਼ਾਵਾਂ ਬੋਲਦਾ ਹਾਂ। 19ਫਿਰ ਵੀ ਮੈਂ ਕਲੀਸਿਯਾ ਵਿੱਚ ਗੈਰ-ਭਾਸ਼ਾ ਵਿੱਚ ਦਸ ਹਜ਼ਾਰ ਸ਼ਬਦ ਬੋਲਣ ਨਾਲੋਂ ਆਪਣੀ ਸਮਝਦਾਰੀ ਨਾਲ ਪੰਜ ਸ਼ਬਦ ਬੋਲਣਾ ਜ਼ਿਆਦਾ ਪਸੰਦ ਕਰਾਂਗਾ ਤਾਂਕਿ ਦੂਜਿਆਂ ਨੂੰ ਸਿੱਖਿਆ ਦੇ ਸਕਾਂ। 20ਹੇ ਭਾਈਓ, ਤੁਸੀਂ ਸਮਝ ਵਿੱਚ ਬੱਚੇ ਨਾ ਬਣੋ, ਸਗੋਂ ਬੁਰਾਈ ਵਿੱਚ ਬੱਚੇ ਬਣੇ ਰਹੋ; ਪਰ ਆਪਣੀ ਸਮਝ ਵਿੱਚ ਸਿਆਣੇ ਬਣੋ। 21ਬਿਵਸਥਾ ਵਿੱਚ ਲਿਖਿਆ ਹੈ ਕਿ ਪ੍ਰਭੂ ਕਹਿੰਦਾ ਹੈ:“ਮੈਂ ਹੋਰ-ਹੋਰ ਭਾਸ਼ਾਵਾਂ ਬੋਲਣ ਵਾਲਿਆਂ ਅਤੇ ਓਪਰਿਆਂ ਦੇ ਮੂੰਹ ਦੁਆਰਾ ਇਨ੍ਹਾਂ ਲੋਕਾਂ ਨਾਲ ਬੋਲਾਂਗਾ, ਤਾਂ ਵੀ ਉਹ ਮੇਰੀ ਨਾ ਸੁਣਨਗੇ।”#ਯਸਾਯਾਹ 28:11-12 22ਸੋ ਗੈਰ-ਭਾਸ਼ਾਵਾਂ ਵਿਸ਼ਵਾਸੀਆਂ ਲਈ ਨਹੀਂ, ਸਗੋਂ ਅਵਿਸ਼ਵਾਸੀਆਂ ਦੇ ਲਈ ਇੱਕ ਚਿੰਨ੍ਹ ਹੈ; ਪਰ ਭਵਿੱਖਬਾਣੀ ਅਵਿਸ਼ਵਾਸੀਆਂ ਦੇ ਲਈ ਨਹੀਂ, ਸਗੋਂ ਵਿਸ਼ਵਾਸੀਆਂ ਦੇ ਲਈ ਹੈ। 23ਇਸ ਲਈ ਜੇ ਸਾਰੀ ਕਲੀਸਿਯਾ ਇੱਕ ਜਗ੍ਹਾ ਇਕੱਠੀ ਹੋਵੇ ਅਤੇ ਸਭ ਗੈਰ-ਭਾਸ਼ਾਵਾਂ ਬੋਲਦੇ ਹੋਣ ਅਤੇ ਅਣਜਾਣ ਜਾਂ ਅਵਿਸ਼ਵਾਸੀ ਲੋਕ ਅੰਦਰ ਆਉਣ ਤਾਂ ਕੀ ਉਹ ਤੁਹਾਨੂੰ ਪਾਗਲ ਨਾ ਕਹਿਣਗੇ? 24ਜੇ ਸਾਰੇ ਭਵਿੱਖਬਾਣੀ ਕਰਦੇ ਹੋਣ ਅਤੇ ਕੋਈ ਅਣਜਾਣ ਜਾਂ ਅਵਿਸ਼ਵਾਸੀ ਵਿਅਕਤੀ ਅੰਦਰ ਆਵੇ ਤਾਂ ਉਹ ਸਾਰਿਆਂ ਦੀਆਂ ਗੱਲਾਂ ਤੋਂ ਆਪਣੇ ਪਾਪਾਂ ਦੇ ਵਿਖੇ ਕਾਇਲ ਹੋਵੇਗਾ ਅਤੇ ਜਾਂਚਿਆ ਜਾਵੇਗਾ। 25ਉਸ ਦੇ ਮਨ ਦੀਆਂ ਗੁਪਤ ਗੱਲਾਂ ਪਰਗਟ ਹੋ ਜਾਣਗੀਆਂ ਅਤੇ ਉਹ ਮੂੰਹ ਪਰਨੇ ਲੰਮੇ ਪੈ ਕੇ ਪਰਮੇਸ਼ਰ ਦੀ ਅਰਾਧਨਾ ਕਰੇਗਾ ਤੇ ਕਹੇਗਾ, “ਸੱਚਮੁੱਚ ਪਰਮੇਸ਼ਰ ਤੁਹਾਡੇ ਵਿਚਕਾਰ ਹੈ।”
ਸਭਾ ਵਿੱਚ ਅਨੁਸ਼ਾਸਨ
26ਸੋ ਹੇ ਭਾਈਓ, ਕੀ ਹੋਣਾ ਚਾਹੀਦਾ ਹੈ? ਜਦੋਂ ਤੁਸੀਂ ਇਕੱਠੇ ਹੁੰਦੇ ਹੋ ਤਾਂ ਤੁਹਾਡੇ ਵਿੱਚੋਂ ਹਰੇਕ ਦੇ ਕੋਲ ਕੋਈ ਭਜਨ, ਕੋਈ ਸਿੱਖਿਆ, ਕੋਈ ਪ੍ਰਕਾਸ਼ਨ, ਕੋਈ ਗੈਰ-ਭਾਸ਼ਾ ਅਤੇ ਉਸ ਦਾ ਅਰਥ ਹੁੰਦਾ ਹੈ; ਸੋ ਇਹ ਸਭ ਕੁਝ ਤੁਹਾਡੀ ਉੱਨਤੀ ਲਈ ਹੋਵੇ। 27ਜੇ ਕੋਈ ਗੈਰ-ਭਾਸ਼ਾ ਬੋਲਦਾ ਹੈ ਤਾਂ ਦੋ ਜਾਂ ਵੱਧ ਤੋਂ ਵੱਧ ਤਿੰਨ ਜਣੇ ਬੋਲਣ, ਉਹ ਵੀ ਵਾਰੀ-ਵਾਰੀ ਅਤੇ ਇੱਕ ਜਣਾ ਅਰਥ ਕਰੇ। 28ਪਰ ਜੇ ਕੋਈ ਅਰਥ ਕਰਨ ਵਾਲਾ ਨਾ ਹੋਵੇ ਤਾਂ ਗੈਰ-ਭਾਸ਼ਾ ਬੋਲਣ ਵਾਲਾ ਕਲੀਸਿਯਾ ਵਿੱਚ ਚੁੱਪ ਰਹੇ ਅਤੇ ਆਪਣੇ ਆਪ ਨਾਲ ਅਤੇ ਪਰਮੇਸ਼ਰ ਨਾਲ ਗੱਲਾਂ ਕਰੇ। 29ਇਸੇ ਤਰ੍ਹਾਂ ਨਬੀਆਂ ਵਿੱਚੋਂ ਦੋ ਜਾਂ ਤਿੰਨ ਜਣੇ ਬੋਲਣ ਅਤੇ ਬਾਕੀ ਪਰਖਣ। 30ਪਰ ਜੇ ਉੱਥੇ ਬੈਠੇ ਕਿਸੇ ਦੂਜੇ ਵਿਅਕਤੀ ਉੱਤੇ ਕੁਝ ਪਰਗਟ ਹੁੰਦਾ ਹੈ ਤਾਂ ਪਹਿਲਾ ਚੁੱਪ ਹੋ ਜਾਵੇ; 31ਕਿਉਂਕਿ ਤੁਸੀਂ ਸਾਰੇ ਇੱਕ-ਇੱਕ ਕਰਕੇ ਭਵਿੱਖਬਾਣੀ ਕਰ ਸਕਦੇ ਹੋ ਤਾਂਕਿ ਸਾਰੇ ਸਿੱਖਣ ਅਤੇ ਸਾਰੇ ਉਤਸ਼ਾਹਿਤ ਹੋਣ। 32ਨਬੀਆਂ ਦੀ ਆਤਮਾ ਉਨ੍ਹਾਂ ਦੇ ਵੱਸ ਵਿੱਚ ਹੁੰਦੀ ਹੈ, 33ਕਿਉਂਕਿ ਪਰਮੇਸ਼ਰ ਗੜਬੜੀ ਦਾ ਨਹੀਂ, ਸਗੋਂ ਸ਼ਾਂਤੀ ਦਾ ਪਰਮੇਸ਼ਰ ਹੈ।
ਜਿਵੇਂ ਸਭ ਸੰਤਾਂ#14:33 ਅਰਥਾਤ ਪਵਿੱਤਰ ਲੋਕਾਂ ਦੀਆਂ ਕਲੀਸਿਆਵਾਂ ਵਿੱਚ ਹੁੰਦਾ ਹੈ, 34ਔਰਤਾਂ#14:34 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਤੁਹਾਡੀਆਂ ਔਰਤਾਂ” ਲਿਖਿਆ ਹੈ। ਕਲੀਸਿਯਾ ਵਿੱਚ ਚੁੱਪ ਰਹਿਣ ਕਿਉਂਕਿ ਉਨ੍ਹਾਂ ਨੂੰ ਬੋਲਣ ਦੀ ਆਗਿਆ ਨਹੀਂ ਹੈ, ਪਰ ਉਹ ਅਧੀਨ ਰਹਿਣ ਜਿਵੇਂ ਬਿਵਸਥਾ ਵੀ ਕਹਿੰਦੀ ਹੈ। 35ਪਰ ਜੇ ਉਹ ਕੁਝ ਸਿੱਖਣਾ ਚਾਹੁੰਦੀਆਂ ਹਨ ਤਾਂ ਆਪਣੇ ਘਰ ਵਿੱਚ ਆਪਣੇ ਪਤੀਆਂ ਤੋਂ ਪੁੱਛਣ, ਕਿਉਂਕਿ ਔਰਤ ਦਾ ਕਲੀਸਿਯਾ ਵਿੱਚ ਬੋਲਣਾ ਸ਼ਰਮ ਦੀ ਗੱਲ ਹੈ। 36ਕੀ ਪਰਮੇਸ਼ਰ ਦਾ ਵਚਨ ਤੁਹਾਡੇ ਤੋਂ ਸ਼ੁਰੂ ਹੋਇਆ? ਕੀ ਇਹ ਕੇਵਲ ਤੁਹਾਡੇ ਤੱਕ ਹੀ ਪਹੁੰਚਿਆ? 37ਜੇ ਕੋਈ ਆਪਣੇ ਆਪ ਨੂੰ ਨਬੀ ਜਾਂ ਆਤਮਕ ਵਿਅਕਤੀ ਸਮਝਦਾ ਹੈ ਤਾਂ ਉਹ ਜਾਣ ਲਵੇ ਕਿ ਜੋ ਗੱਲਾਂ ਮੈਂ ਤੁਹਾਨੂੰ ਲਿਖਦਾ ਹਾਂ ਉਹ ਪ੍ਰਭੂ ਦਾ ਹੁਕਮ ਹੈ। 38ਪਰ ਜੇ ਕੋਈ ਇਨ੍ਹਾਂ ਦੀ ਅਣਦੇਖੀ ਕਰਦਾ ਹੈ ਤਾਂ ਉਸ ਦੀ ਵੀ ਅਣਦੇਖੀ ਕੀਤੀ ਜਾਵੇਗੀ। 39ਇਸ ਲਈ ਹੇ ਮੇਰੇ ਭਾਈਓ, ਭਵਿੱਖਬਾਣੀ ਕਰਨ ਦੀ ਇੱਛਾ ਰੱਖੋ ਅਤੇ ਗੈਰ-ਭਾਸ਼ਾਵਾਂ ਬੋਲਣ ਤੋਂ ਮਨ੍ਹਾ ਨਾ ਕਰੋ। 40ਪਰ ਸਾਰੀਆਂ ਗੱਲਾਂ ਢੰਗ ਸਿਰ ਅਤੇ ਤਰਤੀਬ ਅਨੁਸਾਰ ਕੀਤੀਆਂ ਜਾਣ।

നിലവിൽ തിരഞ്ഞെടുത്തിരിക്കുന്നു:

1 ਕੁਰਿੰਥੀਆਂ 14: PSB

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക