1 ਕੁਰਿੰਥੀਆਂ 11

11
1ਮੇਰੀ ਰੀਸ ਕਰੋ ਜਿਵੇਂ ਮੈਂ ਵੀ ਮਸੀਹ ਦੀ ਰੀਸ ਕਰਦਾ ਹਾਂ।
ਸਿਰ ਢੱਕਣ ਬਾਰੇ ਹਿਦਾਇਤਾਂ
2ਮੈਂ ਤੁਹਾਡੀ ਸ਼ਲਾਘਾ ਕਰਦਾ ਹਾਂ ਕਿ ਤੁਸੀਂ ਸਾਰੀਆਂ ਗੱਲਾਂ ਵਿੱਚ ਮੈਨੂੰ ਯਾਦ ਰੱਖਦੇ ਹੋ ਅਤੇ ਜੋ ਰੀਤਾਂ ਮੈਂ ਤੁਹਾਨੂੰ ਸੌਂਪੀਆਂ ਉਨ੍ਹਾਂ ਦਾ ਪਾਲਣ ਕਰਦੇ ਹੋ। 3ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣ ਲਵੋ ਕਿ ਮਸੀਹ ਹਰੇਕ ਆਦਮੀ ਦਾ ਸਿਰ ਹੈ ਅਤੇ ਆਦਮੀ ਔਰਤ ਦਾ ਸਿਰ ਹੈ ਅਤੇ ਪਰਮੇਸ਼ਰ ਮਸੀਹ ਦਾ ਸਿਰ ਹੈ। 4ਹਰੇਕ ਆਦਮੀ ਜਿਹੜਾ ਸਿਰ ਢੱਕੇ ਪ੍ਰਾਰਥਨਾ ਜਾਂ ਭਵਿੱਖਬਾਣੀ ਕਰਦਾ ਹੈ ਉਹ ਆਪਣੇ ਸਿਰ ਦਾ ਨਿਰਾਦਰ ਕਰਦਾ ਹੈ। 5ਹਰੇਕ ਔਰਤ ਜਿਹੜੀ ਬਿਨਾਂ ਸਿਰ ਢੱਕੇ ਪ੍ਰਾਰਥਨਾ ਜਾਂ ਭਵਿੱਖਬਾਣੀ ਕਰਦੀ ਹੈ ਉਹ ਆਪਣੇ ਸਿਰ ਦਾ ਨਿਰਾਦਰ ਕਰਦੀ ਹੈ; ਕਿਉਂਕਿ ਅਜਿਹਾ ਕਰਨਾ ਸਿਰ ਮੁਨਾਉਣ ਦੇ ਬਰਾਬਰ ਹੈ। 6ਜੇ ਔਰਤ ਆਪਣਾ ਸਿਰ ਨਹੀਂ ਢੱਕਦੀ ਤਾਂ ਉਹ ਆਪਣੇ ਵਾਲ ਕਟਵਾ ਲਵੇ, ਪਰ ਜੇ ਔਰਤ ਲਈ ਵਾਲ ਕਟਵਾਉਣਾ ਜਾਂ ਸਿਰ ਮੁਨਾਉਣਾ ਸ਼ਰਮ ਦੀ ਗੱਲ ਹੈ ਤਾਂ ਉਹ ਆਪਣਾ ਸਿਰ ਢੱਕ ਕੇ ਰੱਖੇ। 7ਪਰੰਤੂ ਆਦਮੀ ਨੂੰ ਸਿਰ ਨਹੀਂ ਢੱਕਣਾ ਚਾਹੀਦਾ ਕਿਉਂਕਿ ਉਹ ਪਰਮੇਸ਼ਰ ਦਾ ਸਰੂਪ ਅਤੇ ਪ੍ਰਤਾਪ ਹੈ, ਪਰ ਔਰਤ ਆਦਮੀ ਦਾ ਪ੍ਰਤਾਪ ਹੈ। 8ਕਿਉਂਕਿ ਆਦਮੀ ਔਰਤ ਤੋਂ ਨਹੀਂ, ਸਗੋਂ ਔਰਤ ਆਦਮੀ ਤੋਂ ਆਈ; 9ਅਤੇ ਆਦਮੀ ਔਰਤ ਦੇ ਲਈ ਨਹੀਂ, ਸਗੋਂ ਔਰਤ ਆਦਮੀ ਦੇ ਲਈ ਸਿਰਜੀ ਗਈ। 10ਇਸੇ ਕਰਕੇ ਸਵਰਗਦੂਤਾਂ ਦੇ ਕਾਰਨ ਔਰਤ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਿਰ ਉੱਤੇ ਅਧਿਕਾਰ#11:10 ਅਰਥਾਤ ਆਦਮੀ ਦੇ ਅਧਿਕਾਰ ਦਾ ਚਿੰਨ੍ਹ ਰੱਖੇ। 11ਤਾਂ ਵੀ, ਪ੍ਰਭੂ ਵਿੱਚ ਨਾ ਔਰਤ ਆਦਮੀ ਤੋਂ ਅਤੇ ਨਾ ਆਦਮੀ ਔਰਤ ਤੋਂ ਅਲੱਗ ਹੈ। 12ਕਿਉਂਕਿ ਜਿਸ ਤਰ੍ਹਾਂ ਔਰਤ ਆਦਮੀ ਤੋਂ ਹੈ ਉਸੇ ਤਰ੍ਹਾਂ ਆਦਮੀ ਵੀ ਔਰਤ ਦੇ ਦੁਆਰਾ ਹੈ; ਪਰ ਸਭ ਕੁਝ ਪਰਮੇਸ਼ਰ ਤੋਂ ਹੈ। 13ਤੁਸੀਂ ਆਪ ਹੀ ਫੈਸਲਾ ਕਰੋ: ਕੀ ਔਰਤ ਲਈ ਇਹ ਉਚਿਤ ਹੈ ਕਿ ਉਹ ਬਿਨਾਂ ਸਿਰ ਢੱਕੇ ਪਰਮੇਸ਼ਰ ਅੱਗੇ ਪ੍ਰਾਰਥਨਾ ਕਰੇ? 14ਕੀ ਕੁਦਰਤ ਆਪ ਹੀ ਤੁਹਾਨੂੰ ਨਹੀਂ ਸਿਖਾਉਂਦੀ ਕਿ ਜੇ ਕੋਈ ਆਦਮੀ ਲੰਮੇ ਵਾਲ ਰੱਖੇ ਤਾਂ ਇਹ ਉਸ ਦੇ ਲਈ ਨਿਰਾਦਰ ਹੈ; 15ਪਰ ਜੇ ਔਰਤ ਲੰਮੇ ਵਾਲ ਰੱਖੇ ਤਾਂ ਇਹ ਉਸ ਲਈ ਸ਼ਾਨ ਹੈ, ਕਿਉਂਕਿ ਲੰਮੇ ਵਾਲ ਉਸ ਨੂੰ ਪਰਦੇ ਦੇ ਥਾਂ ਦਿੱਤੇ ਗਏ ਹਨ। 16ਪਰ ਜੇ ਕੋਈ ਇਸ ਬਾਰੇ ਵਾਦ-ਵਿਵਾਦ ਕਰਨਾ ਚਾਹੇ, ਤਾਂ ਨਾ ਸਾਡਾ ਅਤੇ ਨਾ ਹੀ ਪਰਮੇਸ਼ਰ ਦੀਆਂ ਕਲੀਸਿਆਵਾਂ ਦਾ ਕੋਈ ਹੋਰ ਦਸਤੂਰ ਹੈ।
ਪ੍ਰਭੂ ਭੋਜ
17ਪਰ ਇਹ ਆਗਿਆ ਦਿੰਦੇ ਹੋਏ ਮੈਂ ਤੁਹਾਡੀ ਸ਼ਲਾਘਾ ਨਹੀਂ ਕਰਦਾ, ਕਿਉਂਕਿ ਤੁਹਾਡੇ ਇਕੱਠੇ ਹੋਣ ਨਾਲ ਭਲਾਈ ਨਹੀਂ ਸਗੋਂ ਬੁਰਾਈ ਹੀ ਨਿੱਕਲਦੀ ਹੈ। 18ਕਿਉਂਕਿ ਪਹਿਲਾਂ ਤਾਂ ਮੈਂ ਇਹ ਸੁਣਦਾ ਹਾਂ ਕਿ ਜਦੋਂ ਤੁਸੀਂ ਕਲੀਸਿਯਾ ਦੇ ਰੂਪ ਵਿੱਚ ਇਕੱਠੇ ਹੁੰਦੇ ਹੋ ਤਾਂ ਤੁਹਾਡੇ ਵਿੱਚ ਫੁੱਟਾਂ ਹੁੰਦੀਆਂ ਹਨ; ਕੁਝ ਹੱਦ ਤੱਕ ਮੈਨੂੰ ਇਸ ਗੱਲ 'ਤੇ ਵਿਸ਼ਵਾਸ ਵੀ ਹੈ। 19ਕਿਉਂ ਜੋ ਤੁਹਾਡੇ ਵਿਚਕਾਰ ਧੜੇਬਾਜ਼ੀਆਂ ਵੀ ਜ਼ਰੂਰ ਹੋਣਗੀਆਂ ਤਾਂਕਿ ਤੁਹਾਡੇ ਵਿੱਚੋਂ ਜਿਹੜੇ ਖਰੇ ਹਨ ਉਹ ਪਰਗਟ ਹੋ ਜਾਣ। 20ਸੋ ਜਦੋਂ ਤੁਸੀਂ ਇੱਕ ਥਾਂ ਇਕੱਠੇ ਹੁੰਦੇ ਹੋ ਤਾਂ ਪ੍ਰਭੂ ਭੋਜ ਖਾਣ ਲਈ ਨਹੀਂ ਹੁੰਦੇ। 21ਕਿਉਂਕਿ ਖਾਣ ਵੇਲੇ ਹਰ ਕੋਈ ਆਪਣਾ ਭੋਜਨ ਪਹਿਲਾਂ ਖਾ ਲੈਂਦਾ ਹੈ ਅਤੇ ਕੋਈ ਭੁੱਖਾ ਰਹਿ ਜਾਂਦਾ ਹੈ ਤੇ ਕੋਈ ਮਤਵਾਲਾ ਹੋ ਜਾਂਦਾ ਹੈ। 22ਕੀ ਖਾਣ-ਪੀਣ ਲਈ ਤੁਹਾਡੇ ਆਪਣੇ ਘਰ ਨਹੀਂ ਹਨ? ਜਾਂ ਕੀ ਤੁਸੀਂ ਪਰਮੇਸ਼ਰ ਦੀ ਕਲੀਸਿਯਾ ਨੂੰ ਤੁੱਛ ਜਾਣਦੇ ਹੋ ਅਤੇ ਜਿਨ੍ਹਾਂ ਕੋਲ ਨਹੀਂ ਹੈ ਉਨ੍ਹਾਂ ਨੂੰ ਸ਼ਰਮਿੰਦਿਆਂ ਕਰਦੇ ਹੋ? ਮੈਂ ਤੁਹਾਨੂੰ ਕੀ ਕਹਾਂ? ਕੀ ਤੁਹਾਡੀ ਪ੍ਰਸ਼ੰਸਾ ਕਰਾਂ? ਇਸ ਗੱਲ ਵਿੱਚ ਮੈਂ ਤੁਹਾਡੀ ਪ੍ਰਸ਼ੰਸਾ ਨਹੀਂ ਕਰਦਾ।
23ਕਿਉਂਕਿ ਮੈਂ ਇਹ ਗੱਲ ਪ੍ਰਭੂ ਤੋਂ ਪਾਈ ਜਿਹੜੀ ਤੁਹਾਨੂੰ ਸੌਂਪ ਦਿੱਤੀ ਕਿ ਜਿਸ ਰਾਤ ਪ੍ਰਭੂ ਯਿਸੂ ਫੜਵਾਇਆ ਗਿਆ, ਉਸ ਨੇ ਰੋਟੀ ਲਈ 24ਅਤੇ ਧੰਨਵਾਦ ਦੇ ਕੇ ਤੋੜੀ ਅਤੇ ਕਿਹਾ,#11:24 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਲਓ ਅਤੇ ਖਾਓ,” ਲਿਖਿਆ ਹੈ।ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ#11:24 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਤੋੜਿਆ ਜਾਂਦਾ” ਲਿਖਿਆ ਹੈ।ਹੈ; ਮੇਰੀ ਯਾਦ ਵਿੱਚ ਇਹੋ ਕਰਿਆ ਕਰੋ।” 25ਇਸੇ ਤਰ੍ਹਾਂ ਖਾਣ ਤੋਂ ਬਾਅਦ ਉਸ ਨੇ ਪਿਆਲਾ ਵੀ ਲਿਆ ਅਤੇ ਕਿਹਾ,“ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ; ਜਦ ਕਦੇ ਤੁਸੀਂ ਇਸ ਨੂੰ ਪੀਓ ਤਾਂ ਮੇਰੀ ਯਾਦ ਵਿੱਚ ਇਹੋ ਕਰਿਆ ਕਰੋ।” 26ਕਿਉਂਕਿ ਜਦੋਂ ਵੀ ਤੁਸੀਂ ਇਹ ਰੋਟੀ ਖਾਂਦੇ ਅਤੇ ਪਿਆਲਾ ਪੀਂਦੇ ਹੋ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਹੋ, ਜਦੋਂ ਤੱਕ ਉਹ ਨਾ ਆਵੇ।
ਆਪਣੇ ਆਪ ਨੂੰ ਜਾਂਚਣਾ
27ਇਸ ਲਈ ਜਿਹੜਾ ਵੀ ਅਯੋਗਤਾ ਨਾਲ ਇਹ ਰੋਟੀ ਖਾਵੇ ਅਤੇ ਪ੍ਰਭੂ ਦਾ ਪਿਆਲਾ ਪੀਵੇ, ਉਹ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ। 28ਸੋ ਮਨੁੱਖ ਆਪਣੇ ਆਪ ਨੂੰ ਜਾਂਚੇ ਅਤੇ ਇਸ ਤਰ੍ਹਾਂ ਇਸ ਰੋਟੀ ਵਿੱਚੋਂ ਖਾਵੇ ਅਤੇ ਪਿਆਲੇ ਵਿੱਚੋਂ ਪੀਵੇ। 29ਕਿਉਂਕਿ ਜੋ ਕੋਈ ਪ੍ਰਭੂ ਦੇ ਸਰੀਰ ਦਾ ਅਰਥ ਸਮਝੇ ਬਿਨਾਂ#11:29 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਯੋਗ ਢੰਗ ਨਾਲ” ਲਿਖਿਆ ਹੈ। ਖਾਂਦਾ ਅਤੇ ਪੀਂਦਾ ਹੈ, ਉਹ ਇਸ ਖਾਣ ਅਤੇ ਪੀਣ ਨਾਲ ਆਪਣੇ ਉੱਤੇ ਸਜ਼ਾ ਲਿਆਉਂਦਾ ਹੈ। 30ਇਸੇ ਕਰਕੇ ਤੁਹਾਡੇ ਵਿੱਚੋਂ ਬਹੁਤ ਸਾਰੇ ਨਿਰਬਲ ਅਤੇ ਬਿਮਾਰ ਹਨ ਅਤੇ ਬਹੁਤ ਸਾਰੇ ਸੌਂ ਵੀ ਗਏ ਹਨ। 31ਜੇ ਅਸੀਂ ਆਪਣੇ ਆਪ ਨੂੰ ਜਾਂਚਦੇ ਤਾਂ ਦੰਡ ਨਾ ਪਾਉਂਦੇ। 32ਪਰ ਜਦੋਂ ਪ੍ਰਭੂ ਸਾਨੂੰ ਜਾਂਚਦਾ ਹੈ ਤਾਂ ਉਹ ਸਾਨੂੰ ਤਾੜਦਾ ਹੈ ਤਾਂਕਿ ਅਸੀਂ ਸੰਸਾਰ ਦੇ ਨਾਲ ਦੋਸ਼ੀ ਨਾ ਠਹਿਰਾਏ ਜਾਈਏ। 33ਇਸ ਲਈ ਹੇ ਮੇਰੇ ਭਾਈਓ, ਜਦੋਂ ਤੁਸੀਂ ਖਾਣ ਲਈ ਇਕੱਠੇ ਹੁੰਦੇ ਹੋ ਤਾਂ ਇੱਕ ਦੂਜੇ ਦੀ ਉਡੀਕ ਕਰੋ। 34ਜੇ ਕੋਈ ਭੁੱਖਾ ਹੋਵੇ ਤਾਂ ਉਹ ਆਪਣੇ ਘਰ ਵਿੱਚ ਖਾਵੇ, ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡਾ ਇਕੱਠੇ ਹੋਣਾ ਸਜ਼ਾ ਦਾ ਕਾਰਨ ਬਣੇ। ਬਾਕੀ ਗੱਲਾਂ ਦਾ ਸੁਧਾਰ ਮੈਂ ਉਦੋਂ ਕਰਾਂਗਾ ਜਦੋਂ ਮੈਂ ਆਵਾਂਗਾ।

നിലവിൽ തിരഞ്ഞെടുത്തിരിക്കുന്നു:

1 ਕੁਰਿੰਥੀਆਂ 11: PSB

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക