ਲੂਕਸ 8
8
ਬੀਜਣ ਵਾਲੇ ਕਿਸਾਨ ਬਾਰੇ ਦ੍ਰਿਸ਼ਟਾਂਤ
1ਇਸ ਤੋਂ ਥੋੜ੍ਹੀ ਦੇਰ ਬਾਅਦ ਯਿਸ਼ੂ ਪਰਮੇਸ਼ਵਰ ਦੇ ਰਾਜ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਲਈ ਵੱਖ-ਵੱਖ ਨਗਰਾਂ ਅਤੇ ਪਿੰਡਾਂ ਵਿੱਚ ਜਾਣ ਲੱਗਾ ਅਤੇ ਉਸ ਦੇ ਬਾਰ੍ਹਾਂ ਚੇਲੇ ਉਹ ਦੇ ਨਾਲ ਸਨ। 2ਅਤੇ ਕੁਝ ਔਰਤਾਂ ਵੀ ਉਹ ਦੇ ਨਾਲ ਸਨ, ਜਿਹੜੀਆਂ ਦੁਸ਼ਟ ਆਤਮਾ ਅਤੇ ਬਿਮਾਰੀਆਂ ਤੋਂ ਚੰਗੀਆਂ ਕੀਤੀਆਂ ਗਈਆਂ ਸਨ: ਮਰਿਯਮ (ਜਿਸ ਨੂੰ ਮਗਦਲਾ ਵਾਸੀ ਕਿਹਾ ਜਾਂਦਾ ਸੀ) ਜਿਸ ਵਿੱਚੋਂ ਸੱਤ ਦੁਸ਼ਟ ਆਤਮਾ ਬਾਹਰ ਕੱਢੇ ਸਨ। 3ਹੇਰੋਦੇਸ ਦੇ ਭੰਡਾਰੀ ਕੁਜ਼ਾ ਦੀ ਪਤਨੀ ਯੋਆਨਾ, ਸੁਸੰਨਾ ਅਤੇ ਹੋਰ ਕਈ ਔਰਤਾਂ। ਇਹ ਉਹ ਔਰਤਾਂ ਸਨ ਜੋ ਆਪਣੀ ਦੌਲਤ ਨਾਲ ਯਿਸ਼ੂ ਅਤੇ ਉਸ ਦੇ ਚੇਲਿਆਂ ਦੀ ਸੇਵਾ ਕਰ ਰਹੀਆਂ ਸਨ।
4ਜਦੋਂ ਵੱਖ-ਵੱਖ ਨਗਰਾਂ ਵਿੱਚੋਂ ਇੱਕ ਵੱਡੀ ਭੀੜ ਵਿੱਚ ਲੋਕ ਇਕੱਠੇ ਹੋ ਕੇ ਯਿਸ਼ੂ ਦੇ ਕੋਲ ਆ ਰਹੇ ਸਨ, ਤਾਂ ਯਿਸ਼ੂ ਨੇ ਇਸ ਦ੍ਰਿਸ਼ਟਾਂਤ ਰਾਹੀਂ ਉਹਨਾਂ ਨੂੰ ਸਿੱਖਿਆ ਦਿੱਤੀ: 5“ਇੱਕ ਬੀਜ ਬੀਜਣ ਵਾਲਾ ਬੀਜ ਬੀਜਣ ਨੂੰ ਨਿੱਕਲਿਆ। ਬੀਜਦੇ ਸਮੇਂ ਕੁਝ ਬੀਜ ਰਾਹ ਦੇ ਕੰਢੇ ਵੱਲ ਡਿੱਗਿਆ, ਉਹ ਪੈਰਾਂ ਹੇਠ ਮਿੱਧਿਆ ਗਿਆ, ਅਤੇ ਅਕਾਸ਼ ਦੇ ਪੰਛੀਆਂ ਨੇ ਆ ਕੇ ਉਸ ਨੂੰ ਚੁਗ ਲਿਆ। 6ਕੁਝ ਪਥਰੀਲੀ ਜ਼ਮੀਨ ਤੇ ਡਿੱਗ ਪਿਆ, ਅਤੇ ਜਦੋਂ ਉਹ ਉੱਗਿਆ ਤਾਂ ਨਮੀ ਨਾ ਹੋਣ ਦੇ ਕਾਰਨ ਸੁੱਕ ਗਿਆ। 7ਕੁਝ ਬੀਜ ਕੰਡਿਆਲੀ ਝਾੜੀਆਂ ਵਿੱਚ ਡਿੱਗਿਆ ਅਤੇ ਝਾੜੀਆਂ ਨੇ ਵਧ ਕੇ ਉਸ ਨੂੰ ਦਬਾ ਲਿਆ। 8ਅਤੇ ਕੁਝ ਬੀਜ ਚੰਗੀ ਧਰਤੀ ਉੱਤੇ ਡਿੱਗ ਪਿਆ, ਉਹ ਉੱਗਿਆ ਅਤੇ ਜੋ ਬੀਜਿਆ ਗਿਆ ਸੀ ਉਸ ਨਾਲੋਂ ਸੌ ਗੁਣਾ ਵੱਧ ਫ਼ਲ ਲਿਆਇਆ।”
ਜਦੋਂ ਯਿਸ਼ੂ ਇਹ ਦ੍ਰਿਸ਼ਟਾਂਤ ਸੁਣਾ ਚੁੱਕੇ ਤਾਂ ਉਹਨਾਂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਜਿਸ ਦੇ ਕੰਨ ਹੋਣ ਉਹ ਸੁਣੇ।”
9ਉਸ ਦੇ ਚੇਲਿਆਂ ਨੇ ਉਸ ਤੋਂ ਪੁੱਛਿਆ, “ਇਸ ਦ੍ਰਿਸ਼ਟਾਂਤ ਦਾ ਅਰਥ ਕੀ ਹੈ?” 10ਯਿਸ਼ੂ ਨੇ ਉੱਤਰ ਦਿੱਤਾ, “ਪਰਮੇਸ਼ਵਰ ਦੇ ਰਾਜ ਦੇ ਭੇਤਾਂ ਨੂੰ ਜਾਣਨ ਦਾ ਗਿਆਨ ਤੁਹਾਨੂੰ ਦਿੱਤਾ ਗਿਆ ਹੈ, ਪਰ ਮੈਂ ਹੋਰਾਂ ਲੋਕਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਗੱਲਾਂ ਕਰਦਾ ਹਾਂ ਤਾਂ ਜੋ,
“ ‘ਉਹ ਦੇਖਦਿਆਂ ਹੋਇਆ ਵੀ ਨਾ ਦੇਖਣ;
ਅਤੇ ਸੁਣਦਿਆਂ ਹੋਇਆ ਵੀ ਨਾ ਸਮਝਣ।’#8:10 ਯਸ਼ਾ 6:9
11“ਇਸ ਦ੍ਰਿਸ਼ਟਾਂਤ ਦਾ ਅਰਥ ਇਹ ਹੈ: ਬੀਜ ਪਰਮੇਸ਼ਵਰ ਦਾ ਵਚਨ ਹੈ। 12ਸੜਕ ਦੇ ਕਿਨਾਰੇ ਦੀ ਜ਼ਮੀਨ ਉਹ ਲੋਕ ਹਨ, ਜੋ ਵਚਨ ਨੂੰ ਸੁਣਦੇ ਤਾਂ ਹਨ ਪਰ ਦੁਸ਼ਟ ਆਉਂਦਾ ਹੈ ਅਤੇ ਉਹਨਾਂ ਦੇ ਦਿਲ ਵਿੱਚੋਂ ਵਚਨ ਨੂੰ ਕੱਢ ਕੇ ਲੈ ਜਾਂਦਾ ਹੈ ਤਾਂ ਕਿ ਉਹ ਵਿਸ਼ਵਾਸ ਨਾ ਕਰਨ ਅਤੇ ਬਚਾਏ ਨਾ ਜਾਣ। 13ਪਥਰੀਲੀ ਜ਼ਮੀਨ ਦਾ ਬੀਜ ਉਹਨਾਂ ਲੋਕਾਂ ਨੂੰ ਦਰਸਾਉਂਦਾ ਹੈ, ਜੋ ਵਚਨ ਨੂੰ ਸੁਣਦੇ ਹਨ ਅਤੇ ਖੁਸ਼ੀ ਨਾਲ ਵਚਨ ਨੂੰ ਮੰਨਦੇ ਹਨ ਪਰ ਉਹਨਾਂ ਦੀਆਂ ਜੜ੍ਹਾਂ ਡੂੰਘੀਆਂ ਨਾ ਹੋਣ ਕਰਕੇ ਉਹ ਥੋੜ੍ਹੇ ਸਮੇਂ ਲਈ ਵਿਸ਼ਵਾਸ ਕਰਦੇ ਹਨ। ਪਰ ਜਦੋਂ ਉਹ ਪਰਖੇ ਜਾਂਦੇ ਹਨ ਤਾਂ ਉਹ ਉਸ ਵਿਸ਼ਵਾਸ ਤੋਂ ਦੂਰ ਹੋ ਜਾਂਦੇ ਹਨ। 14ਉਹ ਬੀਜ ਜਿਹੜਾ ਕੰਡਿਆਲੀ ਝਾੜੀਆਂ ਵਿੱਚ ਡਿੱਗਿਆ ਉਹ ਲੋਕ ਹਨ, ਜੋ ਵਚਨ ਸੁਣਦੇ ਹਨ ਪਰ ਸੰਸਾਰ ਦੀਆਂ ਚਿੰਤਾਵਾਂ, ਧਨ-ਦੌਲਤ ਅਤੇ ਭੋਗ ਬਿਲਾਸ ਵਚਨ ਨੂੰ ਦੱਬ ਲੈਦੀਆਂ ਹਨ ਅਤੇ ਉਹਨਾਂ ਦਾ ਫ਼ਲ ਕਦੇ ਨਹੀਂ ਪੱਕਦਾ ਹੈ। 15ਪਰ ਜਿਹੜਾ ਬੀਜ ਚੰਗੀ ਜ਼ਮੀਨ ਉੱਤੇ ਡਿੱਗਿਆ ਉਹਨਾਂ ਲੋਕਾਂ ਨੂੰ ਦਰਸਾਉਂਦਾ ਹੈ, ਜੋ ਚੰਗੇ ਅਤੇ ਨੇਕ ਦਿਲ ਨਾਲ ਵਚਨ ਨੂੰ ਸੁਣਦੇ ਹਨ ਅਤੇ ਉਸ ਵਿੱਚ ਬਣੇ ਰਹਿੰਦੇ ਹਨ ਅਤੇ ਲਗਾਤਾਰ ਫ਼ਲ ਲੈ ਕੇ ਆਉਂਦੇ ਹਨ।
ਦੀਵੇ ਦਾ ਦ੍ਰਿਸ਼ਟਾਂਤ
16“ਕੋਈ ਵੀ ਦੀਵੇ ਨੂੰ ਜਗਾ ਕੇ ਉਸ ਨੂੰ ਮਿੱਟੀ ਦੇ ਘੜੇ ਵਿੱਚ ਨਹੀਂ ਲੁਕਾਉਂਦਾ ਅਤੇ ਨਾ ਹੀ ਮੰਜੇ ਹੇਠ ਰੱਖਦਾ ਹੈ ਪਰ ਉਸ ਨੂੰ ਉੱਚੇ ਥਾਂ ਉੱਤੇ ਰੱਖਦਾ ਹੈ ਤਾਂ ਜੋ ਅੰਦਰ ਆਉਣ ਵਾਲੇ ਵਿਅਕਤੀ ਚਾਨਣ ਵੇਖ ਸਕਣ। 17ਕਿਉਂਕਿ ਇੱਥੇ ਕੁਝ ਵੀ ਲੁਕਿਆ ਹੋਇਆ ਨਹੀਂ ਹੈ ਜੋ ਪ੍ਰਗਟ ਨਹੀਂ ਕੀਤਾ ਜਾਵੇਗਾ ਅਤੇ ਅਜਿਹਾ ਕੋਈ ਭੇਤ ਨਹੀਂ ਜੋ ਖੋਲ੍ਹਿਆ ਨਾ ਜਾਵੇਗਾ ਅਤੇ ਸਭ ਦੇ ਸਾਹਮਣੇ ਨਹੀਂ ਲਿਆਂਦਾ ਜਾਵੇਗਾ। 18ਇਸ ਲਈ ਧਿਆਨ ਨਾਲ ਸੋਚੋ ਕਿ ਤੁਸੀਂ ਕਿਵੇਂ ਸੁਣਦੇ ਹੋ। ਜਿਸ ਕੋਲ ਹੈ ਉਸ ਨੂੰ ਹੋਰ ਵੀ ਦਿੱਤਾ ਜਾਵੇਗਾ ਜਿਸ ਕੋਲ ਨਹੀਂ ਹੈ ਉਸ ਕੋਲੋ ਉਹ ਜੋ ਉਸ ਕੋਲ ਹੈ ਉਹ ਵੀ ਲੈ ਲਿਆ ਜਾਵੇਗਾ।”
ਯਿਸ਼ੂ ਦਾ ਸੱਚਾ ਪਰਿਵਾਰ
19ਤਦ ਯਿਸ਼ੂ ਦੀ ਮਾਤਾ ਅਤੇ ਭਰਾ ਉਹ ਨੂੰ ਮਿਲਣ ਲਈ ਉੱਥੇ ਆਏ ਪਰ ਲੋਕਾਂ ਦੀ ਭੀੜ ਕਾਰਨ ਉਹ ਦੇ ਤੱਕ ਪਹੁੰਚ ਨਾ ਸਕੇ। 20ਕਿਸੇ ਨੇ ਯਿਸ਼ੂ ਨੂੰ ਕਿਹਾ, “ਤੁਹਾਡੀ ਮਾਂ ਅਤੇ ਭਰਾ ਬਾਹਰ ਖੜ੍ਹੇ ਹਨ ਅਤੇ ਉਹ ਤੁਹਾਨੂੰ ਮਿਲਣਾ ਚਾਹੁੰਦੇ ਹਨ।”
21ਯਿਸ਼ੂ ਨੇ ਕਿਹਾ, “ਮੇਰੀ ਮਾਂ ਅਤੇ ਭਰਾ ਉਹ ਹਨ ਜੋ ਪਰਮੇਸ਼ਵਰ ਦਾ ਵਚਨ ਸੁਣਦੇ ਅਤੇ ਉਸ ਦੇ ਅਨੁਸਾਰ ਚੱਲਦੇ ਹਨ।”
ਯਿਸ਼ੂ ਦਾ ਤੂਫਾਨ ਨੂੰ ਸ਼ਾਂਤ ਕਰਨਾ
22ਇੱਕ ਦਿਨ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ ਅਸੀਂ ਝੀਲ ਦੇ ਦੂਸਰੇ ਪਾਸੇ ਚੱਲੀਏ।” ਤਾਂ ਉਹ ਕਿਸ਼ਤੀ ਵਿੱਚ ਬੈਠ ਕੇ ਚਲੇ ਗਏ। 23ਜਦੋਂ ਉਹ ਕਿਸ਼ਤੀ ਤੇ ਜਾ ਰਹੇ ਸਨ ਤਾਂ ਯਿਸ਼ੂ ਸੌ ਗਏ। ਉਸੇ ਵੇਲੇ ਝੀਲ ਵਿੱਚ ਇੱਕ ਤੂਫਾਨ ਆਇਆ, ਇੱਥੋਂ ਤੱਕ ਕਿ ਕਿਸ਼ਤੀ ਵਿੱਚ ਵੀ ਪਾਣੀ ਭਰਨਾ ਸ਼ੁਰੂ ਹੋ ਗਿਆ ਅਤੇ ਉਹਨਾਂ ਦੀ ਜਾਨ ਨੂੰ ਖ਼ਤਰਾ ਸੀ।
24ਚੇਲਿਆਂ ਨੇ ਜਾ ਕੇ ਯਿਸ਼ੂ ਨੂੰ ਜਗਾਇਆ ਅਤੇ ਕਿਹਾ, “ਸਵਾਮੀ ਜੀ! ਸਵਾਮੀ ਜੀ! ਅਸੀਂ ਡੁੱਬ ਚੱਲੇ ਹਾਂ!”
ਯਿਸ਼ੂ ਨੇ ਉੱਠ ਕੇ ਤੂਫਾਨ ਅਤੇ ਜ਼ੋਰਦਾਰ ਲਹਿਰਾਂ ਨੂੰ ਝਿੜਕਿਆ; ਤੂਫਾਨ ਰੁਕ ਗਿਆ ਅਤੇ ਤੇਜ਼ ਲਹਿਰਾਂ ਸ਼ਾਂਤ ਹੋ ਗਈਆਂ। 25ਯਿਸ਼ੂ ਨੇ ਆਪਣੇ ਚੇਲਿਆਂ ਤੋਂ ਪੁੱਛਿਆ, “ਤੁਹਾਡਾ ਵਿਸ਼ਵਾਸ ਕਿੱਥੇ ਹੈ?”
ਚੇਲੇ ਡਰ ਗਏ ਅਤੇ ਹੈਰਾਨ ਹੋ ਕੇ, ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਇਹ ਕੌਣ ਹੈ, ਇਸ ਨੇ ਤੂਫਾਨ ਅਤੇ ਪਾਣੀ ਨੂੰ ਹੁਕਮ ਦਿੱਤਾ ਅਤੇ ਉਹ ਵੀ ਉਸ ਦੇ ਹੁਕਮ ਨੂੰ ਮੰਨਦੇ ਹਨ!”
ਦੁਸ਼ਟ ਆਤਮਾ ਨੂੰ ਸੂਰਾਂ ਦੇ ਝੁੰਡ ਵਿੱਚ ਭੇਜਣਾ
26ਇਸ ਤੋਂ ਬਾਅਦ ਉਹ ਗਿਰਾਸੇਨ ਦੇ ਖੇਤਰ ਵਿੱਚ ਆਏ, ਜੋ ਗਲੀਲ ਝੀਲ ਦੇ ਪਾਰ ਦੂਜੇ ਪਾਸੇ ਹੈ। 27ਜਦੋਂ ਯਿਸ਼ੂ ਕੰਢੇ ਤੇ ਉੱਤਰੇ, ਤਾਂ ਉਹਨਾਂ ਨੂੰ ਇੱਕ ਆਦਮੀ ਮਿਲਿਆ ਜਿਸ ਨੂੰ ਦੁਸ਼ਟ ਆਤਮਾਵਾਂ ਚਿੰਬੜੀਆਂ ਹੋਈਆਂ ਸਨ। ਲੰਬੇ ਸਮੇਂ ਤੋਂ ਇਹ ਆਦਮੀ ਬਿਨ੍ਹਾਂ ਕੱਪੜੇ ਤੋਂ ਰਹਿੰਦਾ ਸੀ। ਅਤੇ ਉਹ ਘਰ ਵਿੱਚ ਨਹੀਂ ਪਰ ਕਬਰਸਤਾਨ ਵਿੱਚ ਰਹਿੰਦਾ ਸੀ। 28ਜਦੋਂ ਉਸ ਨੇ ਯਿਸ਼ੂ ਨੂੰ ਵੇਖਿਆ ਤਾਂ ਉਹ ਰੋਂਦਾ ਹੋਇਆ ਯਿਸ਼ੂ ਦੇ ਪੈਰਾਂ ਤੇ ਡਿੱਗ ਪਿਆ ਅਤੇ ਉੱਚੇ ਸ਼ਬਦਾਂ ਵਿੱਚ ਚੀਕ ਕੇ ਕਹਿਣ ਲੱਗਾ, “ਹੇ ਯਿਸ਼ੂ, ਅੱਤ ਮਹਾਨ ਪਰਮੇਸ਼ਵਰ ਦੇ ਪੁੱਤਰ, ਤੁਸੀਂ ਮੇਰੇ ਤੋਂ ਕੀ ਚਾਹੁੰਦੇ ਹੋ? ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਮੈਨੂੰ ਦੁੱਖ ਨਾ ਦਿਓ।” 29ਕਿਉਂਕਿ ਯਿਸ਼ੂ ਨੇ ਅਸ਼ੁੱਧ ਆਤਮਾਵਾਂ ਨੂੰ ਹੁਕਮ ਦਿੱਤਾ ਕਿ ਉਹ ਉਸ ਆਦਮੀ ਨੂੰ ਛੱਡ ਦੇਵੇ। ਵਾਰ-ਵਾਰ ਦੁਸ਼ਟ ਆਤਮਾਵਾਂ ਉਸ ਆਦਮੀ ਉੱਤੇ ਕਾਬੂ ਪਾਉਂਦੀਆਂ ਸੀ ਅਤੇ ਲੋਕਾਂ ਨੇ ਉਸ ਤੇ ਪਹਿਰਾ ਰੱਖਿਆ ਅਤੇ ਉਸ ਨੂੰ ਸੰਗਲਾਂ ਨਾਲ ਬੰਨ੍ਹਿਆ, ਫਿਰ ਵੀ ਉਹ ਦੁਸ਼ਟ ਆਤਮਾਵਾਂ ਸੰਗਲਾਂ ਨੂੰ ਤੋੜ ਕੇ ਉਸ ਨੂੰ ਸੁੰਨਸਾਨ ਥਾਂ ਤੇ ਲੈ ਜਾਂਦੀਆਂ ਸਨ।
30ਯਿਸ਼ੂ ਨੇ ਉਸ ਨੂੰ ਪੁੱਛਿਆ, “ਤੇਰਾ ਨਾਮ ਕੀ ਹੈ?”
ਉਸ ਨੇ ਜਵਾਬ ਦਿੱਤਾ, “ਲਸ਼ਕਰ,” ਕਿਉਂਕਿ ਬਹੁਤ ਸਾਰੀਆਂ ਦੁਸ਼ਟ ਆਤਮਾਵਾਂ ਉਸ ਨੂੰ ਚਿੰਬੜੀਆਂ ਹੋਈਆਂ ਸਨ। 31ਦੁਸ਼ਟ ਆਤਮਾਵਾਂ ਦਾ ਝੁੰਡ ਯਿਸ਼ੂ ਨੂੰ ਲਗਾਤਾਰ ਬੇਨਤੀ ਕਰ ਰਿਹਾ ਸੀ ਕਿ ਉਹ ਉਹਨਾਂ ਨੂੰ ਪਤਾਲ ਵਿੱਚ ਨਾ ਭੇਜੇ।
32ਉੱਥੇ ਸੂਰਾਂ ਦਾ ਇੱਕ ਵੱਡਾ ਝੁੰਡ ਪਹਾੜੀ ਤੇ ਚੁਗਦਾ ਸੀ। ਦੁਸ਼ਟ ਆਤਮਾਵਾਂ ਨੇ ਯਿਸ਼ੂ ਅੱਗੇ ਮਿੰਨਤਾਂ ਕੀਤੀਆਂ ਕਿ ਉਹ ਉਹਨਾਂ ਨੂੰ ਸੂਰਾਂ ਵਿੱਚ ਜਾਣ ਦੇਵੇ। ਯਿਸ਼ੂ ਨੇ ਉਹਨਾਂ ਨੂੰ ਆਗਿਆ ਦੇ ਦਿੱਤੀ। 33ਜਦੋਂ ਦੁਸ਼ਟ ਆਤਮਾਵਾਂ ਵਿਅਕਤੀ ਤੋਂ ਬਾਹਰ ਆਈਆਂ, ਤਾਂ ਉਹ ਨਿਕਲ ਕੇ ਸੂਰਾਂ ਵਿੱਚ ਵੜ ਗਈਆ, ਉਹ ਤੁਰੰਤ ਸੂਰਾਂ ਦਾ ਝੁੰਡ ਭੱਜ ਕੇ ਝੀਲ ਵਿੱਚ ਡਿੱਗ ਗਿਆ ਅਤੇ ਪਾਣੀ ਵਿੱਚ ਡੁੱਬ ਕੇ ਮਰ ਗਿਆ।
34ਜਦੋਂ ਸੂਰ ਚਰਾਉਣ ਵਾਲਿਆਂ ਨੇ ਇਹ ਵੇਖਿਆ ਤਾਂ ਉਹ ਭੱਜ ਗਏ ਅਤੇ ਸ਼ਹਿਰ ਅਤੇ ਉਸ ਖੇਤਰ ਵਿੱਚ ਹਰ ਜਗ੍ਹਾ ਵਾਪਰੀ ਘਟਨਾ ਬਾਰੇ ਦੱਸਿਆ। 35ਲੋਕ ਉੱਥੇ ਇਹ ਵੇਖਣ ਲਈ ਆਉਣ ਲੱਗੇ ਕਿ ਕੀ ਹੋਇਆ ਹੈ। ਜਦੋਂ ਉਹ ਯਿਸ਼ੂ ਕੋਲ ਆਏ। ਉੱਥੇ ਉਹਨਾਂ ਨੇ ਵੇਖਿਆ ਕਿ ਉਹ ਵਿਅਕਤੀ, ਜੋ ਪਹਿਲਾਂ ਦੁਸ਼ਟ ਆਤਮਾਵਾਂ ਤੋਂ ਦੁੱਖੀ ਸੀ, ਉਹ ਵਧੀਆ ਕੱਪੜੇ ਪਾ ਕੇ ਅਤੇ ਪੂਰੀ ਤਰ੍ਹਾਂ ਤੰਦਰੁਸਤ ਯਿਸ਼ੂ ਦੇ ਚਰਨਾਂ ਤੇ ਬੈਠਾ ਹੋਇਆ ਹੈ, ਇਹ ਵੇਖ ਕੇ ਉਹ ਡਰ ਗਏ। 36ਜਿਨ੍ਹਾਂ ਲੋਕਾਂ ਨੇ ਇਹ ਵੇਖਿਆ ਸੀ ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਦੁਸ਼ਟ ਆਤਮਾ ਚਿੰਬੜੇ ਹੋਏ ਆਦਮੀ ਨੂੰ ਕਿਵੇਂ ਮੁਕਤ ਕੀਤਾ ਗਿਆ ਸੀ। 37ਤਦ ਗਿਰਾਸੇਨ ਦੇ ਖੇਤਰ ਦੇ ਸਾਰੇ ਲੋਕਾਂ ਨੇ ਯਿਸ਼ੂ ਨੂੰ ਕਿਹਾ ਕਿ ਉਹ ਉਹਨਾਂ ਨੂੰ ਛੱਡ ਜਾਵੇ ਕਿਉਂਕਿ ਉਹ ਡਰ ਨਾਲ ਭਰ ਗਏ ਸਨ। ਤਦ ਯਿਸ਼ੂ ਕਿਸ਼ਤੀ ਵਿੱਚ ਚੜ੍ਹ ਗਏ ਅਤੇ ਚਲੇ ਗਏ।
38ਉਹ ਆਦਮੀ ਜਿਸ ਵਿੱਚੋਂ ਦੁਸ਼ਟ ਆਤਮਾਵਾਂ ਬਾਹਰ ਨਿੱਕਲੀਆਂ ਸਨ ਉਸ ਨੇ ਯਿਸ਼ੂ ਦੇ ਨਾਲ ਚੱਲਣ ਲਈ ਬੇਨਤੀ ਕੀਤੀ ਪਰ ਯਿਸ਼ੂ ਨੇ ਉਸ ਨੂੰ ਇਹ ਕਹਿ ਕੇ ਭੇਜ ਦਿੱਤਾ, 39“ਘਰ ਵਾਪਸ ਜਾ ਅਤੇ ਦੱਸ ਕਿ ਪਰਮੇਸ਼ਵਰ ਨੇ ਤੇਰੇ ਲਈ ਕੀ ਕੀਤਾ ਹੈ।” ਤਾਂ ਉਹ ਆਦਮੀ ਚਲਾ ਗਿਆ ਅਤੇ ਸਾਰੇ ਸ਼ਹਿਰ ਵਿੱਚ ਦੱਸਿਆ ਕਿ ਯਿਸ਼ੂ ਨੇ ਉਸ ਲਈ ਕੀ ਕੀਤਾ ਸੀ।
ਇੱਕ ਬਿਮਾਰ ਔਰਤ ਨੂੰ ਠੀਕ ਕਰਨਾ ਅਤੇ ਇੱਕ ਮਰੀ ਹੋਈ ਲੜਕੀ ਨੂੰ ਜੀਵਨ ਦੇਣਾ
40ਜਦੋਂ ਯਿਸ਼ੂ ਵਾਪਸ ਆਇਆ ਤਾਂ ਲੋਕਾਂ ਨੇ ਉਸ ਦਾ ਸਵਾਗਤ ਕੀਤਾ ਕਿਉਂਕਿ ਉਹ ਸਭ ਉਸ ਦੀ ਉਡੀਕ ਵਿੱਚ ਸਨ। 41ਤਦ ਜਾਇਰੂਸ ਨਾਮਕ ਦਾ ਇੱਕ ਪ੍ਰਾਰਥਨਾ ਸਥਾਨ ਦਾ ਆਗੂ ਆਇਆ ਅਤੇ ਉਹ ਯਿਸ਼ੂ ਦੇ ਪੈਰੀ ਡਿੱਗ ਗਿਆ। ਅਤੇ ਉਸ ਨੇ ਯਿਸ਼ੂ ਨੂੰ ਘਰ ਆਉਣ ਦੀ ਬੇਨਤੀ ਕੀਤੀ। 42ਕਿਉਂਕਿ ਉਸ ਦੀ ਇੱਕਲੌਤੀ ਧੀ ਜੋ ਲਗਭਗ ਬਾਰਾਂ ਸਾਲਾਂ ਦੀ ਸੀ ਉਹ ਮਰਨ ਵਾਲੀ ਸੀ।
ਜਦੋਂ ਯਿਸ਼ੂ ਜਾ ਰਿਹਾ ਸੀ ਤਾਂ ਭੀੜ ਨੇ ਉਸ ਨੂੰ ਘੇਰ ਲਿਆ। 43ਉਹਨਾਂ ਵਿੱਚ ਇੱਕ ਔਰਤ ਵੀ ਸੀ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ਲਹੂ ਵਗਣ ਦੀ ਬਿਮਾਰੀ ਸੀ। ਉਸ ਨੇ ਆਪਣੀ ਜੀਵਨ ਦੀ ਸਾਰੀ ਕਮਾਈ ਡਾਕਟਰਾਂ ਤੇ ਖਰਚ ਕਰ ਦਿੱਤੀ ਪਰ ਕੋਈ ਵੀ ਉਸ ਦਾ ਇਲਾਜ਼ ਨਾ ਕਰ ਸਕਿਆ। 44ਉਹ ਭੀੜ ਦੇ ਵਿੱਚੋਂ ਦੀ ਹੋ ਕੇ ਯਿਸ਼ੂ ਦੇ ਪਿੱਛੇ ਆਈ ਅਤੇ ਉਸ ਦੇ ਕੱਪੜੇ ਦੇ ਪੱਲੇ ਨੂੰ ਛੂਹਿਆ ਅਤੇ ਉਸੇ ਵੇਲੇ ਉਸ ਦੇ ਲਹੂ ਵਗਣਾ ਬੰਦ ਹੋ ਗਿਆ।
45ਯਿਸ਼ੂ ਨੇ ਪੁੱਛਿਆ, “ਮੈਨੂੰ ਕਿਸ ਨੇ ਛੂਹਿਆ?”
ਸਾਰਿਆਂ ਨੇ ਇਸ ਗੱਲ ਦਾ ਇਨਕਾਰ ਕੀਤਾ ਅਤੇ ਪਤਰਸ ਨੇ ਕਿਹਾ, “ਸਵਾਮੀ ਜੀ, ਲੋਕ ਤੁਹਾਡੇ ਆਲੇ-ਦੁਆਲੇ ਹਨ ਅਤੇ ਤੁਹਾਡੇ ਉੱਤੇ ਡਿੱਗ ਰਹੇ ਹਨ।”
46ਪਰ ਯਿਸ਼ੂ ਨੇ ਕਿਹਾ, “ਕਿਸੇ ਨੇ ਮੈਨੂੰ ਛੂਹਿਆ ਹੈ ਕਿਉਂਕਿ ਮੈਂ ਮਹਿਸੂਸ ਕੀਤਾ ਹੈ ਕਿ ਚੰਗਾ ਕਰਨ ਦੀ ਸ਼ਕਤੀ ਮੇਰੇ ਵਿੱਚੋਂ ਨਿੱਕਲੀ ਹੈ।”
47ਤਦ ਉਸ ਔਰਤ ਨੂੰ ਅਹਿਸਾਸ ਹੋਇਆ ਕਿ ਉਹ ਲੁਕੀ ਨਹੀਂ ਰਹਿ ਸਕਦੀ, ਤਾਂ ਉਹ ਕੰਬਣ ਲੱਗੀ ਅਤੇ ਯਿਸ਼ੂ ਦੇ ਪੈਰਾਂ ਤੇ ਡਿੱਗ ਪਈ ਉਸ ਔਰਤ ਨੇ ਭੀੜ ਦੇ ਸਾਹਮਣੇ ਮੰਨਿਆ ਕਿ ਉਸ ਨੇ ਯਿਸ਼ੂ ਨੂੰ ਕਿਉਂ ਛੂਹਿਆ ਅਤੇ ਉਹ ਤੁਰੰਤ ਚੰਗੀ ਹੋ ਗਈ। 48ਤਦ ਯਿਸ਼ੂ ਨੇ ਉਸ ਨੂੰ ਕਿਹਾ, “ਬੇਟੀ! ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ। ਸ਼ਾਂਤੀ ਨਾਲ ਵਾਪਸ ਚਲੀ ਜਾ।”
49ਜਦੋਂ ਯਿਸ਼ੂ ਅਜੇ ਬੋਲ ਹੀ ਰਿਹਾ ਸੀ, ਤਾਂ ਪ੍ਰਾਰਥਨਾ ਸਥਾਨ ਦੇ ਆਗੂ ਜਾਇਰੂਸ ਦੇ ਘਰੋਂ ਇੱਕ ਵਿਅਕਤੀ ਸੰਦੇਸ਼ ਲੈ ਕੇ ਆਇਆ ਕੀ, “ਤੁਹਾਡੀ ਧੀ ਮਰ ਗਈ ਹੈ, ਗੁਰੂ ਜੀ ਨੂੰ ਹੁਣ ਪਰੇਸ਼ਾਨ ਕਰਨ ਦੀ ਕੀ ਲੋੜ ਹੈ।”
50ਇਹ ਗੱਲ ਸੁਣ ਕੇ ਯਿਸ਼ੂ ਨੇ ਜਾਇਰੂਸ ਨੂੰ ਕਿਹਾ, “ਡਰ ਨਾ! ਕੇਵਲ ਵਿਸ਼ਵਾਸ ਕਰ ਅਤੇ ਉਹ ਚੰਗੀ ਹੋ ਜਾਵੇਗੀ।”
51ਜਦੋਂ ਉਹ ਜਾਇਰੂਸ ਦੇ ਘਰ ਪਹੁੰਚੇ, ਯਿਸ਼ੂ ਨੇ ਪਤਰਸ, ਯੋਹਨ ਅਤੇ ਯਾਕੋਬ ਅਤੇ ਕੁੜੀ ਦੇ ਪਿਤਾ ਅਤੇ ਮਾਤਾ ਨੂੰ ਛੱਡ ਕਿਸੇ ਨੂੰ ਵੀ ਆਪਣੇ ਨਾਲ ਅੰਦਰ ਆਉਣ ਨਾ ਦਿੱਤਾ। 52ਉੱਥੇ ਮੌਜੂਦ ਹਰ ਕੋਈ ਉਸ ਕੁੜੀ ਲਈ ਰੋ ਰਿਹਾ ਸੀ ਅਤੇ ਸੋਗ ਕਰ ਰਿਹਾ ਸੀ। ਯਿਸ਼ੂ ਨੇ ਕਿਹਾ, “ਰੋਵੋ ਨਾ ਜੋ ਉਹ ਕੁੜੀ ਮਰੀ ਨਹੀਂ, ਪਰ ਸੁੱਤੀ ਪਈ ਹੈ!”
53ਉਹ ਸਾਰੇ ਯਿਸ਼ੂ ਉੱਤੇ ਹੱਸਣ ਲੱਗੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਲੜਕੀ ਦੀ ਮੌਤ ਹੋ ਗਈ ਹੈ। 54ਯਿਸ਼ੂ ਨੇ ਉਸ ਦਾ ਹੱਥ ਫੜਿਆ ਅਤੇ ਕਿਹਾ, “ਬੇਟੀ! ਉੱਠ ਜਾ!” 55ਉਸ ਦੇ ਪ੍ਰਾਣ ਉਸ ਵਿੱਚ ਵਾਪਸ ਆ ਗਏ ਅਤੇ ਉਹ ਤੁਰੰਤ ਖੜ੍ਹੀ ਹੋ ਗਈ। ਯਿਸ਼ੂ ਨੇ ਉਹਨਾਂ ਨੂੰ ਕਿਹਾ ਕੁੜੀ ਨੂੰ ਕੁਝ ਖਾਣ ਲਈ ਦੇਵੋ। 56ਉਸ ਦੇ ਮਾਤਾ-ਪਿਤਾ ਹੈਰਾਨ ਹੋ ਗਏ ਪਰ ਯਿਸ਼ੂ ਨੇ ਉਹਨਾਂ ਨੂੰ ਹਿਦਾਇਤ ਦਿੱਤੀ ਕਿ ਜੋਂ ਕੁਝ ਹੋਇਆ ਇਸ ਬਾਰੇ ਕਿਸੇ ਨਾਲ ਗੱਲ ਨਾ ਕਰਨਾ।
Voafantina amin'izao fotoana izao:
ਲੂਕਸ 8: PCB
Asongadina
Dika mitovy
Mampitaha
Hizara
Tianao hovoatahiry amin'ireo fitaovana ampiasainao rehetra ve ireo nasongadina? Hisoratra na Hiditra
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.