ਲੂਕਸ 7
7
ਰੋਮੀ ਅਧਿਕਾਰੀ ਦਾ ਵਿਸ਼ਵਾਸ
1ਲੋਕਾਂ ਨੂੰ ਇਹ ਗੱਲਾਂ ਸਿਖਾਉਣ ਤੋਂ ਬਾਅਦ, ਜਦੋਂ ਯਿਸ਼ੂ ਕਫ਼ਰਨਹੂਮ ਵਿੱਚ ਵਾਪਸ ਚਲੇ ਗਏ। 2ਉੱਥੇ ਇੱਕ ਸੂਬੇਦਾਰ ਦਾ ਨੌਕਰ ਸੀ, ਜੋ ਉਸ ਦੇ ਮਾਲਕ ਨੂੰ ਬਹੁਤ ਪਿਆਰਾ ਸੀ, ਉਹ ਬਿਮਾਰੀ ਨਾਲ ਮਰਨ ਵਾਲਾ ਸੀ। 3ਜਦੋਂ ਸੂਬੇਦਾਰ ਨੇ ਯਿਸ਼ੂ ਬਾਰੇ ਸੁਣਿਆ ਤਾਂ ਉਸ ਨੇ ਕੁਝ ਯਹੂਦੀ ਬਜ਼ੁਰਗਾਂ ਨੂੰ ਯਿਸ਼ੂ ਕੋਲ ਭੇਜਿਆ ਅਤੇ ਉਸ ਅੱਗੇ ਬੇਨਤੀ ਕੀਤੀ ਕਿ ਉਹ ਆ ਕੇ ਉਸ ਦੇ ਨੌਕਰ ਨੂੰ ਚੰਗਾ ਕਰੇ। 4ਉਹਨਾਂ ਨੇ ਯਿਸ਼ੂ ਕੋਲ ਆ ਕੇ ਬੇਨਤੀ ਕੀਤੀ, “ਇਹ ਆਦਮੀ ਤੁਹਾਡੇ ਰਹਿਮ ਦਾ ਹੱਕਦਾਰ ਹੈ 5ਕਿਉਂਕਿ ਉਹ ਸਾਡੇ ਦੇਸ਼ ਨੂੰ ਪਿਆਰ ਕਰਦਾ ਹੈ ਅਤੇ ਉਸ ਨੇ ਸਾਡੇ ਲਈ ਪ੍ਰਾਰਥਨਾ ਸਥਾਨ ਵੀ ਬਣਾਇਆ ਹੈ।” 6ਤਾਂ ਯਿਸ਼ੂ ਉਹਨਾਂ ਦੇ ਨਾਲ ਚਲੇ ਗਏ।
ਯਿਸ਼ੂ ਉਸ ਦੇ ਘਰ ਦੇ ਨੇੜੇ ਪਹੁੰਚੇ ਹੀ ਸੀ ਕਿ ਸੂਬੇਦਾਰ ਨੇ ਆਪਣੇ ਦੋਸਤਾਂ ਰਾਹੀਂ ਉਸ ਨੂੰ ਸੁਨੇਹਾ ਭੇਜਿਆ, “ਹੇ ਪ੍ਰਭੂ ਜੀ! ਖੇਚਲ ਨਾ ਕਰੋ। ਮੈਂ ਇਸ ਯੋਗ ਤਾਂ ਨਹੀਂ ਜੋ ਤੁਸੀਂ ਮੇਰੀ ਛੱਤ ਹੇਠਾਂ ਆਓ। 7ਇਸ ਲਈ ਮੈਂ ਆਪਣੇ ਆਪ ਨੂੰ ਤੁਹਾਡੇ ਕੋਲ ਆਉਣ ਦੇ ਯੋਗ ਨਹੀਂ ਸਮਝਿਆ। ਪਰ ਇਕੱਲਾ ਬਚਨ ਹੀ ਕਰ ਦੇਵੋ ਅਤੇ ਮੇਰਾ ਨੌਕਰ ਚੰਗਾ ਹੋ ਜਾਵੇਗਾ। 8ਮੈਂ ਵੀ ਇੱਕ ਅਜਿਹਾ ਆਦਮੀ ਹਾਂ ਜੋ ਵੱਡੇ ਅਧਿਕਾਰੀਆਂ ਦੇ ਅਧਿਕਾਰ ਹੇਠਾਂ ਹਾਂ ਅਤੇ ਸਿਪਾਹੀ ਮੇਰੇ ਅਧੀਨ ਹਨ। ਮੈਂ ਜਿਸ ਨੂੰ ਹੁਕਮ ਦਿੰਦਾ ਹਾਂ, ‘ਜਾ,’ ਅਤੇ ਉਹ ਚਲਾ ਜਾਂਦਾ ਹੈ। ਮੈਂ ਜਿਸ ਨੂੰ ਹੁਕਮ ਦਿੰਦਾ ਹਾਂ, ‘ਇਧਰ ਆ!’ ਅਤੇ ਉਹ ਆ ਜਾਂਦਾ ਹੈ ਅਤੇ ਮੈਂ ਆਪਣੇ ਨੌਕਰ ਨੂੰ ਕਹਿੰਦਾ ਹਾਂ, ‘ਇਹ ਕਰ!’ ਤਾਂ ਉਹ ਉਹੀ ਕਰਦਾ ਹੈ।”
9ਤਦ ਯਿਸ਼ੂ ਇਹ ਸੁਣ ਕੇ ਹੈਰਾਨ ਹੋ ਗਏ ਅਤੇ ਉਹਨਾਂ ਨੇ ਮੁੜ ਕੇ ਪਿੱਛੇ ਆਉਂਦੀ ਭੀੜ ਨੂੰ ਕਿਹਾ, “ਮੈਂ ਤੁਹਾਨੂੰ ਕਹਿੰਦਾ ਹਾਂ, ਮੈਂ ਇਸਰਾਏਲ ਵਿੱਚ ਵੀ ਅਜਿਹਾ ਪੱਕਾ ਵਿਸ਼ਵਾਸ ਨਹੀਂ ਵੇਖਿਆ!” 10ਜਿਨ੍ਹਾਂ ਨੂੰ ਸੂਬੇਦਾਰ ਨੇ ਯਿਸ਼ੂ ਕੋਲ ਭੇਜਿਆ ਸੀ, ਜਦੋਂ ਉਹ ਵਾਪਸ ਘਰ ਗਏ ਤਾਂ ਉਹਨਾਂ ਨੇ ਵੇਖਿਆ ਕਿ ਨੌਕਰ ਪੂਰੀ ਤਰ੍ਹਾਂ ਚੰਗਾ ਹੋ ਗਿਆ ਸੀ।
ਯਿਸ਼ੂ ਨੇ ਇੱਕ ਵਿਧਵਾ ਦੇ ਪੁੱਤਰ ਨੂੰ ਜੀਵਤ ਕੀਤਾ
11ਇਸ ਤੋਂ ਤੁਰੰਤ ਬਾਅਦ ਯਿਸ਼ੂ ਆਪਣੇ ਚੇਲਿਆਂ ਨਾਲ ਨਾਇਨ ਨਾਮ ਦੇ ਇੱਕ ਪਿੰਡ ਵਿੱਚ ਗਏ ਅਤੇ ਇੱਕ ਵੱਡੀ ਭੀੜ ਉਹਨਾਂ ਦੇ ਨਾਲ ਗਈ। 12ਜਿਵੇਂ ਹੀ ਉਹ ਉਸ ਪਿੰਡ ਦੇ ਗੇਟ ਦੇ ਨੇੜੇ ਪਹੁੰਚੇ, ਤਾਂ ਵੇਖੋ ਲੋਕ ਇੱਕ ਮੁਰਦੇ ਨੂੰ ਬਾਹਰ ਲਈ ਜਾਂਦੇ ਸਨ। ਉਹ ਜਵਾਨ ਜਿਹੜਾ ਮਰ ਗਿਆ ਸੀ, ਜੋ ਆਪਣੀ ਵਿਧਵਾ ਮਾਂ ਦਾ ਇੱਕਲੌਤਾ ਪੁੱਤਰ ਸੀ ਅਤੇ ਪਿੰਡ ਦੀ ਇੱਕ ਵੱਡੀ ਭੀੜ ਉਸ ਦੇ ਨਾਲ ਸੀ। 13ਉਸ ਨੂੰ ਵੇਖ ਕੇ ਯਿਸ਼ੂ ਦਾ ਦਿਲ ਤਰਸ ਨਾਲ ਭਰ ਗਿਆ। ਉਸ ਨੇ ਉਸ ਨੂੰ ਕਿਹਾ, “ਨਾ ਰੋ!”
14ਫਿਰ ਉਸ ਨੇ ਜਾ ਕੇ ਅਰਥੀ ਨੂੰ ਛੂਹਿਆ। ਇਹ ਦੇਖ ਕੇ, ਜਿਨ੍ਹਾਂ ਆਦਮੀਆਂ ਨੇ ਉਸ ਨੂੰ ਚੁੱਕਿਆ ਸੀ ਉਹ ਰੁਕ ਗਏ। ਤਦ ਯਿਸ਼ੂ ਨੇ ਕਿਹਾ, “ਹੇ ਜਵਾਨ! ਮੈਂ ਤੈਨੂੰ ਕਹਿੰਦਾ ਹਾਂ, ਉੱਠ ਖੜ੍ਹਾ ਹੋ!” 15ਉਹ ਮੁਰਦਾ ਆਦਮੀ ਉੱਠ ਕੇ ਬੈਠ ਗਿਆ ਅਤੇ ਗੱਲਾਂ ਕਰਨ ਲੱਗ ਪਿਆ। ਯਿਸ਼ੂ ਨੇ ਉਸ ਨੌਜਵਾਨ ਨੂੰ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ।
16ਉਹ ਸਾਰੇ ਡਰ ਗਏ ਅਤੇ ਪਰਮੇਸ਼ਵਰ ਦੀ ਵਡਿਆਈ ਕਰਨ ਲੱਗੇ। ਉਹ ਕਹਿਣ ਲੱਗੇ, “ਸਾਡੇ ਵਿਚਕਾਰ ਇੱਕ ਮਹਾਨ ਨਬੀ ਪ੍ਰਗਟ ਹੋਇਆ ਹੈ। ਪਰਮੇਸ਼ਵਰ ਆਪਣੇ ਲੋਕਾਂ ਨੂੰ ਬਚਾਉਣ ਆਏ ਹਨ।” 17ਯਿਸ਼ੂ ਬਾਰੇ ਇਹ ਖ਼ਬਰ ਸਾਰੇ ਯਹੂਦਿਯਾ ਦੇਸ਼ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਫੈਲ ਗਈ।
ਯਿਸ਼ੂ ਅਤੇ ਯੋਹਨ ਬਪਤਿਸਮਾ ਦੇਣ ਵਾਲੇ ਦੇ ਚੇਲੇ
18ਯੋਹਨ ਦੇ ਚੇਲਿਆਂ ਨੇ ਉਸ ਨੂੰ ਉਹ ਸਾਰੀਆਂ ਚੀਜ਼ਾਂ ਬਾਰੇ ਦੱਸਿਆ ਜੋ ਯਿਸ਼ੂ ਕਰ ਰਹੇ ਸਨ। ਇਸ ਲਈ ਯੋਹਨ ਨੇ ਆਪਣੇ ਦੋ ਚੇਲਿਆਂ ਨੂੰ ਬੁਲਾਇਆ, 19ਉਸ ਨੇ ਉਹਨਾਂ ਨੂੰ ਪ੍ਰਭੂ ਕੋਲ ਇਹ ਪੁੱਛਣ ਲਈ ਭੇਜਿਆ, “ਕਿ ਤੁਸੀਂ ਉਹ ਹੀ ਹੋ ਜਿਹੜਾ ਆਉਣ ਵਾਲਾ ਸੀ, ਜਾਂ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ?”
20ਯੋਹਨ ਦੇ ਦੋ ਚੇਲਿਆਂ ਨੇ ਯਿਸ਼ੂ ਕੋਲ ਜਾ ਕੇ ਕਿਹਾ, “ਯੋਹਨ ਬਪਤਿਸਮਾ ਦੇਣ ਵਾਲੇ ਨੇ ਸਾਨੂੰ ਇਹ ਪੁੱਛਣ ਲਈ ਭੇਜਿਆ ਹੈ, ‘ਕਿ ਤੁਸੀਂ ਉਹ ਹੀ ਹੋ ਜਿਹੜਾ ਆਉਣ ਵਾਲਾ ਸੀ, ਜਾਂ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ?’ ”
21ਉਸੇ ਵੇਲੇ ਯਿਸ਼ੂ ਬਹੁਤ ਸਾਰੇ ਲੋਕਾਂ ਨੂੰ ਚੰਗਾ ਕਰ ਰਹੇ ਸਨ, ਜਿਹੜੇ ਬਿਮਾਰ, ਰੋਗੀ ਅਤੇ ਦੁਸ਼ਟ ਆਤਮਾ ਦੇ ਸਤਾਏ ਹੋਏ ਸਨ। ਉਸ ਨੇ ਬਹੁਤ ਸਾਰੇ ਅੰਨ੍ਹੇ ਲੋਕਾਂ ਦੀਆਂ ਅੱਖਾਂ ਨੂੰ ਸੁਜਾਖਾ ਕੀਤਾ। 22ਫਿਰ ਯਿਸ਼ੂ ਨੇ ਯੋਹਨ ਦੇ ਚੇਲਿਆਂ ਨੂੰ ਕਿਹਾ, “ਵਾਪਸ ਜਾਓ ਅਤੇ ਜੋ ਕੁਝ ਤੁਸੀਂ ਸੁਣਿਆ ਅਤੇ ਵੇਖਿਆ ਹੈ ਜਾ ਕੇ ਯੋਹਨ ਨੂੰ ਇਹ ਸਭ ਦੀ ਖ਼ਬਰ ਦਿਓ: ਅੰਨ੍ਹੇ ਸੁਜਾਖੇ ਹੁੰਦੇ ਹਨ, ਲੰਗੜੇ ਤੁਰਦੇ ਹਨ, ਕੋੜ੍ਹੀ#7:22 ਕੋੜ੍ਹੀ ਅਰਥਾਤ ਚਮੜੀ ਦੇ ਰੋਗ ਸ਼ੁੱਧ ਕੀਤੇ ਜਾਂਦੇ ਹਨ, ਬੋਲੇ ਸੁਣਦੇ ਹਨ, ਮੁਰਦੇ ਜ਼ਿੰਦਾ ਕੀਤੇ ਜਾਂਦੇ ਹਨ, ਅਤੇ ਗਰੀਬਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਸੁਣਾਇਆ ਜਾ ਰਿਹਾ ਹੈ।#7:22 ਯਸ਼ਾ 35:5-6; 61:1 23ਮੁਬਾਰਕ ਹੈ ਉਹ ਮਨੁੱਖ ਜਿਹੜਾ ਮੇਰੇ ਕਾਰਨ ਠੋਕਰ ਨਹੀਂ ਖਾਂਦਾ।”
24ਯੋਹਨ ਦੇ ਚੇਲਿਆਂ ਦੇ ਚਲੇ ਜਾਣ ਤੋਂ ਬਾਅਦ, ਯਿਸ਼ੂ ਯੋਹਨ ਦੇ ਬਾਰੇ ਲੋਕਾਂ ਨੂੰ ਕਹਿਣ ਲੱਗਾ, “ਤੁਸੀਂ ਉਜਾੜ ਵਿੱਚ ਕੀ ਦੇਖਣ ਲਈ ਗਏ ਸੀ? ਕੀ ਇੱਕ ਕਾਨੇ ਨੂੰ ਜਿਹੜਾ ਹਵਾ ਨਾਲ ਹਿੱਲਦਾ ਹੈ? 25ਅਗਰ ਨਹੀਂ, ਤਾਂ ਤੁਸੀਂ ਕੀ ਦੇਖਣ ਗਏ ਸੀ? ਕੀ ਇੱਕ ਮਨੁੱਖ ਜਿਸ ਨੇ ਵਧੀਆ ਕੱਪੜੇ ਪਹਿਨੇ ਹੋਏ ਸੀ? ਨਹੀਂ, ਜਿਹੜੇ ਮਹਿੰਗੇ ਕੱਪੜੇ ਪਹਿਨਦੇ ਅਤੇ ਐਸ਼ ਕਰਦੇ ਹਨ ਉਹ ਮਹਿਲਾਂ ਵਿੱਚ ਰਹਿੰਦੇ ਹਨ। 26ਪਰ ਤੁਸੀਂ ਬਾਹਰ ਕੀ ਦੇਖਣ ਗਏ ਸੀ? ਕੀ ਇੱਕ ਨਬੀ ਨੂੰ? ਹਾਂ, ਮੈਂ ਤੁਹਾਨੂੰ ਦੱਸਦਾ ਹਾਂ ਇਹ ਉਹ ਹੈ ਜੋ ਨਬੀ ਨਾਲੋਂ ਵੀ ਵੱਡਾ ਹੈ। 27ਇਹ ਉਹੀ ਹੈ, ਜਿਸਦੇ ਬਾਰੇ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ:
“ ‘ਮੈਂ ਆਪਣਾ ਦੂਤ ਤੇਰੇ ਅੱਗੇ ਭੇਜਦਾ ਹਾਂ,
ਜੋ ਤੇਰੇ ਲਈ ਰਸਤਾ ਤਿਆਰ ਕਰੇਂਗਾ।’
28“ਸੱਚਾਈ ਇਹ ਹੈ ਕਿ ਹੁਣ ਤੱਕ ਜਿੰਨ੍ਹੇ ਵੀ ਮਨੁੱਖ ਆਏ ਉਹਨਾਂ ਵਿੱਚੋਂ ਕੋਈ ਵੀ ਯੋਹਨ ਤੋਂ ਵੱਡਾ ਨਹੀਂ ਹੈ। ਫਿਰ ਵੀ, ਜਿਹੜਾ ਪਰਮੇਸ਼ਵਰ ਦੇ ਰਾਜ ਵਿੱਚ ਸਭ ਤੋਂ ਛੋਟਾ ਹੈ ਉਹ ਯੋਹਨ ਨਾਲੋਂ ਵੱਡਾ ਹੈ।”
29ਜਦੋਂ ਉਹਨਾਂ ਲੋਕਾਂ ਨੇ, ਇੱਥੋਂ ਤੱਕ ਕਿ ਚੁੰਗੀ ਲੈਣ ਵਾਲਿਆਂ ਨੇ ਵੀ ਯਿਸ਼ੂ ਦੇ ਬਚਨਾਂ ਨੂੰ ਸੁਣਿਆ, ਤਾਂ ਉਹਨਾਂ ਨੇ ਸਵੀਕਾਰ ਕੀਤਾ ਕਿ ਪਰਮੇਸ਼ਵਰ ਦਾ ਰਾਹ ਸਹੀ ਹੈ, ਕਿਉਂਕਿ ਉਹਨਾਂ ਨੇ ਯੋਹਨ ਦੁਆਰਾ ਬਪਤਿਸਮਾ ਲਿਆ ਸੀ। 30ਪਰ ਫ਼ਰੀਸੀਆਂ ਅਤੇ ਸ਼ਾਸਤਰੀਆਂ ਨੇ ਯੋਹਨ ਤੋਂ ਬਪਤਿਸਮਾ ਨਾ ਲੈ ਕੇ ਆਪਣੇ ਲਈ ਪਰਮੇਸ਼ਵਰ ਦੀ ਯੋਜਨਾ ਨੂੰ ਰੱਦ ਕਰ ਦਿੱਤਾ।
31ਯਿਸ਼ੂ ਨੇ ਅੱਗੇ ਕਿਹਾ, “ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾਂ? ਮੈਂ ਕਿਵੇਂ ਉਹਨਾਂ ਦਾ ਵਰਣਨ ਕਰਾਂ? 32ਇਹ ਬਜ਼ਾਰ ਵਿੱਚ ਬੈਠੇ ਉਹਨਾਂ ਬੱਚਿਆਂ ਵਰਗੇ ਹਨ, ਜੋ ਇੱਕ-ਦੂਜੇ ਨੂੰ ਆਵਾਜ਼ ਮਾਰ ਕੇ ਬੁਲਾਉਂਦੇ ਹਨ:
“ ‘ਅਸੀਂ ਤੁਹਾਡੇ ਲਈ ਬੰਸਰੀ ਵਜਾਈ,
ਪਰ ਤੁਸੀਂ ਨਹੀਂ ਨੱਚੇ,
ਅਸੀਂ ਤੁਹਾਡੇ ਲਈ ਦੁੱਖ ਦੇ ਗੀਤ ਗਾਏ,
ਪਰ ਤੁਸੀਂ ਰੋਏ ਨਹੀਂ।’
33ਕਿਉਂ ਜੋ ਯੋਹਨ ਬਪਤਿਸਮਾ ਦੇਣ ਵਾਲਾ ਨਾ ਤਾਂ ਰੋਟੀ ਖਾਂਦਾ ਸੀ ਅਤੇ ਨਾ ਹੀ ਦਾਖਰਸ ਪੀਂਦਾ ਸੀ, ਅਤੇ ਤੁਸੀਂ ਆਖਦੇ ਕੀ, ‘ਉਸ ਨੂੰ ਦੁਸ਼ਟ ਆਤਮਾ ਚਿੰਬੜਿਆ ਹੋਇਆ ਹੈ।’ 34ਮਨੁੱਖ ਦਾ ਪੁੱਤਰ ਖਾਂਦਾ-ਪੀਂਦਾ ਆਇਆ ਅਤੇ ਤੁਸੀਂ ਕਹਿੰਦੇ ਹੋ, ‘ਉਹ ਤਾਂ ਖਾਣ-ਪੀਣ ਵਾਲਾ ਅਤੇ ਸ਼ਰਾਬੀ ਹੈ, ਉਹ ਚੁੰਗੀ ਲੈਣ ਵਾਲਿਆਂ ਅਤੇ ਪਾਪੀਆਂ ਦਾ ਦੋਸਤ ਹੈ।’ 35ਪਰ ਗਿਆਨ ਉਹਨਾਂ ਲੋਕਾਂ ਦੀਆਂ ਜ਼ਿੰਦਗੀਆਂ ਦੁਆਰਾ ਸਹੀ ਸਾਬਤ ਹੁੰਦਾ ਹੈ ਜੋ ਉਸ ਦੇ ਅਨੁਸਾਰ ਚੱਲਦੇ ਹਨ।”
ਇੱਕ ਪਾਪੀ ਔਰਤ ਦੁਆਰਾ ਯਿਸ਼ੂ ਦੇ ਚਰਨਾਂ ਦਾ ਧੋਤਾ ਜਾਣਾ
36ਇੱਕ ਫ਼ਰੀਸੀ ਨੇ ਯਿਸ਼ੂ ਨੂੰ ਆਪਣੇ ਨਾਲ ਖਾਣੇ ਤੇ ਬੁਲਾਇਆ, ਯਿਸ਼ੂ ਨੇ ਸੱਦਾ ਸਵੀਕਾਰ ਕੀਤਾ ਅਤੇ ਉਸ ਦੇ ਘਰ ਗਏ ਅਤੇ ਖਾਣਾ ਖਾਣ ਬੈਠ ਗਏ। 37ਉਸ ਨਗਰ ਵਿੱਚ ਇੱਕ ਔਰਤ ਸੀ ਜੋ ਪਾਪ ਭਰੀ ਜ਼ਿੰਦਗੀ ਜਿਓ ਰਹੀ ਸੀ। ਜਦੋਂ ਉਸ ਨੇ ਸੁਣਿਆ ਕਿ ਯਿਸ਼ੂ ਫ਼ਰੀਸੀ ਦੇ ਘਰ ਖਾਣਾ ਖਾ ਰਹੇ ਹਨ, ਤਾਂ ਉਹ ਸੰਗਮਰਮਰ ਦੀ ਸ਼ੀਸ਼ੀ ਵਿੱਚ ਅਤਰ ਲੈ ਕੇ ਉੱਥੇ ਆਈ। 38ਫਿਰ ਉਹ ਯਿਸ਼ੂ ਦੇ ਚਰਨਾਂ ਕੋਲ ਗੋਡੇ ਟੇਕ ਕੇ ਰੋਣ ਲੱਗੀ। ਉਸ ਦੇ ਹੰਝੂਆਂ ਨਾਲ ਪ੍ਰਭੂ ਦੇ ਪੈਰ ਗਿੱਲੇ ਹੋ ਗਏ। ਫਿਰ ਉਸ ਨੇ ਆਪਣੇ ਵਾਲਾਂ ਨਾਲ ਪ੍ਰਭੂ ਦੇ ਪੈਰ ਪੂੰਝੇ, ਉਸ ਦੇ ਪੈਰਾਂ ਨੂੰ ਚੁੰਮਿਆ ਅਤੇ ਅਤਰ ਉਸ ਦੇ ਪੈਰਾਂ ਉੱਤੇ ਡੋਲ੍ਹਿਆ।
39ਜਦੋਂ ਉਸ ਫ਼ਰੀਸੀ ਨੇ, ਜਿਸ ਨੇ ਯਿਸ਼ੂ ਨੂੰ ਬੁਲਾਇਆ ਸੀ, ਇਹ ਦੇਖਿਆ ਤਾਂ ਉਹ ਆਪਣੇ ਮਨ ਵਿੱਚ ਸੋਚਣ ਲੱਗਿਆ, “ਜੇ ਇਹ ਮਨੁੱਖ ਸੱਚ-ਮੁੱਚ ਇੱਕ ਨਬੀ ਹੁੰਦਾ, ਤਾਂ ਉਹ ਜਾਣ ਜਾਂਦਾ ਕਿ ਇਹ ਔਰਤ ਕੌਣ ਹੈ ਜੋ ਉਸ ਨੂੰ ਛੂਹ ਰਹੀ ਹੈ; ਉਹ ਇੱਕ ਪਾਪੀ ਔਰਤ ਹੈ!”
40ਯਿਸ਼ੂ ਨੇ ਉਸ ਫ਼ਰੀਸੀ ਨੂੰ ਕਿਹਾ, “ਸ਼ਿਮਓਨ, ਮੈਂ ਤੈਨੂੰ ਕੁਝ ਦੱਸਣਾ ਚਾਹੁੰਦਾ ਹਾਂ।”
ਉਸ ਨੇ ਕਿਹਾ, “ਦੱਸੋ ਗੁਰੂ ਜੀ।”
41ਫਿਰ ਯਿਸ਼ੂ ਨੇ ਉਸ ਨੂੰ ਇਹ ਦ੍ਰਿਸ਼ਟਾਂਤ ਸੁਣਾਇਆ: “ਇੱਕ ਸ਼ਾਹੂਕਾਰ ਦੇ ਦੋ ਕਰਜ਼ਾਈ ਸਨ, ਇੱਕ ਪੰਜ ਸੌ ਦੀਨਾਰ ਦਾ ਅਤੇ ਦੂਜਾ ਪੰਜਾਹ ਦੀਨਾਰ ਦਾ।#7:41 ਇੱਕ ਦੀਨਾਰ ਲਗਭਗ ਇੱਕ ਦਿਨ ਦੀ ਮਜਦੂਰੀ ਦੇ ਬਰਾਬਰ ਮੱਤੀ 20:2 42ਪਰ ਉਹ ਦੋਨੇ ਹੀ ਕਰਜ਼ਾ ਮੋੜਨ ਵਿੱਚ ਅਸਮਰਥ ਸਨ, ਇਸ ਲਈ ਸ਼ਾਹੂਕਾਰ ਨੇ ਦੋਵਾਂ ਦਾ ਕਰਜ਼ ਮਾਫ਼ ਕਰ ਦਿੱਤਾ ਸੀ। ਮੈਨੂੰ ਦੱਸੋ ਦੋਵਾਂ ਵਿੱਚੋਂ ਕੌਣ ਉਸ ਸ਼ਾਹੂਕਾਰ ਨੂੰ ਜ਼ਿਆਦਾ ਪਿਆਰ ਕਰੇਂਗਾ?”
43ਸ਼ਿਮਓਨ ਨੇ ਉੱਤਰ ਦਿੱਤਾ, “ਮੇਰੇ ਵਿਚਾਰ ਵਿੱਚ ਉਹ ਜਿਸ ਦੀ ਵੱਡੀ ਰਕਮ ਮਾਫ਼ ਕੀਤੀ ਗਈ।”
ਯਿਸ਼ੂ ਨੇ ਕਿਹਾ, “ਤੂੰ ਠੀਕ ਕਿਹਾ ਹੈ।”
44ਤਦ ਉਸ ਨੇ ਔਰਤ ਵੱਲ ਮੂੰਹ ਫੇਰ ਕੇ ਸ਼ਿਮਓਨ ਨੂੰ ਕਿਹਾ, “ਕੀ ਤੂੰ ਇਸ ਔਰਤ ਨੂੰ ਵੇਖਦਾ ਹੈ? ਮੈਂ ਤੇਰੇ ਘਰ ਆਇਆ। ਤੂੰ ਮੈਨੂੰ ਮੇਰੇ ਪੈਰ ਧੋਣ ਲਈ ਕੋਈ ਪਾਣੀ ਨਾ ਦਿੱਤਾ ਪਰ ਇਸ ਨੇ ਆਪਣੇ ਹੰਝੂਆਂ ਨਾਲ ਮੇਰੇ ਪੈਰ ਧੋਤੇ ਅਤੇ ਆਪਣੇ ਵਾਲਾਂ ਨਾਲ ਉਹਨਾਂ ਨੂੰ ਪੂੰਝਿਆ। 45ਤੁਸੀਂ ਮੈਨੂੰ ਚੁੰਮਕੇ ਮੇਰਾ ਸਵਾਗਤ ਨਹੀਂ ਕੀਤਾ ਪਰ ਜਦੋਂ ਦਾ ਮੈਂ ਆਇਆ ਹਾਂ ਇਸ ਔਰਤ ਨੇ ਮੇਰੇ ਪੈਰਾਂ ਨੂੰ ਚੁੰਮਣਾ ਬੰਦ ਨਹੀਂ ਕੀਤਾ। 46ਤੁਸੀਂ ਮੇਰੇ ਸਿਰ ਤੇ ਤੇਲ ਨਹੀਂ ਮਲਿਆ ਪਰ ਉਸ ਨੇ ਮੇਰੇ ਪੈਰਾਂ ਤੇ ਅਤਰ ਡੋਲ ਦਿੱਤਾ ਹੈ। 47ਮੈਂ ਤੁਹਾਨੂੰ ਦੱਸਦਾ ਹਾਂ ਕੀ ਉਸ ਨੇ ਇਹ ਵੱਡਾ ਪਿਆਰ ਦਿਖਾ ਕੇ ਸਾਬਤ ਕੀਤਾ ਕਿ ਉਸ ਦੇ ਬਹੁਤ ਸਾਰੇ ਪਾਪ ਮਾਫ਼ ਹੋ ਗਏ ਹਨ। ਪਰ ਜਿਸ ਦਾ ਥੋੜ੍ਹਾ ਮਾਫ਼ ਹੁੰਦਾ ਹੈ ਉਹ ਥੋੜ੍ਹਾ ਜਿਹਾ ਪਿਆਰ ਦਿਖਾਉਂਦਾ ਹੈ।”
48ਤਦ ਯਿਸ਼ੂ ਨੇ ਉਸ ਔਰਤ ਨੂੰ ਕਿਹਾ, “ਤੇਰੇ ਪਾਪ ਮਾਫ਼ ਕਰ ਦਿੱਤੇ ਗਏ ਹਨ।”
49ਦੂਸਰੇ ਮਹਿਮਾਨ ਆਪਸ ਵਿੱਚ ਕਹਿਣ ਲੱਗੇ, “ਇਹ ਕੌਣ ਹੈ, ਜੋ ਪਾਪਾਂ ਨੂੰ ਵੀ ਮਾਫ਼ ਕਰਦਾ ਹੈ?”
50ਯਿਸ਼ੂ ਨੇ ਔਰਤ ਨੂੰ ਕਿਹਾ, “ਤੇਰਾ ਵਿਸ਼ਵਾਸ ਹੀ ਤੇਰੀ ਮੁਕਤੀ ਦਾ ਕਾਰਣ ਹੈ। ਸ਼ਾਂਤੀ ਨਾਲ ਚਲੀ ਜਾ।”
Voafantina amin'izao fotoana izao:
ਲੂਕਸ 7: PCB
Asongadina
Dika mitovy
Mampitaha
Hizara
Tianao hovoatahiry amin'ireo fitaovana ampiasainao rehetra ve ireo nasongadina? Hisoratra na Hiditra
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.