ਯੋਹਨ 5
5
ਯਿਸ਼ੂ ਦਾ ਇੱਕ ਲੰਗੜੇ ਆਦਮੀ ਨੂੰ ਚੰਗਾ ਕਰਨਾ
1ਇਸ ਤੋਂ ਬਾਅਦ ਯਿਸ਼ੂ ਯਹੂਦੀਆਂ ਦੇ ਇੱਕ ਤਿਉਹਾਰ ਲਈ ਯੇਰੂਸ਼ਲੇਮ ਗਏ। 2ਯੇਰੂਸ਼ਲੇਮ ਵਿੱਚ ਭੇਡਾਂ ਦੇ ਦਰਵਾਜ਼ੇ ਕੋਲ ਇੱਕ ਤਲਾਬ ਸੀ। ਇਸ ਤਲਾਬ ਨੂੰ ਇਬਰਾਨੀ ਭਾਸ਼ਾ ਵਿੱਚ ਬੇਥਜ਼ਥਾ ਆਖਦੇ ਸਨ ਜਿਸ ਦੇ ਦੁਆਲੇ ਪੰਜ ਬਰਾਂਡੇ ਬਣੇ ਹੋਏ ਸਨ। 3ਬਹੁਤ ਸਾਰੇ ਰੋਗੀ ਉਹਨਾਂ ਬਰਾਂਡਿਆਂ ਵਿੱਚ ਪਏ ਰਹਿੰਦੇ ਸਨ। ਉਹਨਾਂ ਵਿੱਚ ਕੁਝ ਅੰਨ੍ਹੇ, ਲੰਗੜੇ, ਅਤੇ ਲੂਲੇ ਸਨ। 4ਪ੍ਰਭੂ ਦਾ ਇੱਕ ਦੂਤ ਠਹਿਰਾਏ ਸਮੇਂ ਤੇ ਆ ਕੇ ਪਾਣੀ ਹਿਲਾਉਂਦਾ ਸੀ, ਅਤੇ ਜਿਹੜਾ ਸਭ ਤੋਂ ਪਹਿਲਾਂ ਉਸ ਤਲਾਬ ਵਿੱਚ ਉਤਰਦਾ ਸੀ ਉਹ ਹਰ ਰੋਗ ਤੋਂ ਚੰਗਾ ਹੋ ਜਾਦਾਂ ਸੀ।#5:4 ਕੁਝ ਪੁਰਾਣੀਆਂ ਲਿਖਤਾਂ ਵਿੱਚ ਇਹ ਲਿਖਿਆ ਨਹੀਂ ਹੋਇਆ। 5ਉਹਨਾਂ ਵਿੱਚ ਇੱਕ ਰੋਗੀ ਸੀ ਜੋ ਅਠੱਤੀ ਸਾਲਾਂ ਤੋਂ ਬਿਮਾਰ ਸੀ। 6ਯਿਸ਼ੂ ਨੇ ਉਸ ਰੋਗੀ ਨੂੰ ਲੇਟਿਆ ਵੇਖਿਆ। ਯਿਸ਼ੂ ਨੇ ਜਾਣਿਆ ਕਿ ਉਹ ਬਹੁਤ ਲੰਮੇ ਸਮੇਂ ਤੋਂ ਬਿਮਾਰ ਹੈ। ਇਸ ਲਈ ਯਿਸ਼ੂ ਨੇ ਉਸ ਨੂੰ ਪੁੱਛਿਆ, “ਕਿ ਤੂੰ ਚੰਗਾ ਹੋਣਾ ਚਾਹੁੰਦਾ ਹੈ?”
7ਉਸ ਰੋਗੀ ਨੇ ਉੱਤਰ ਦਿੱਤਾ, “ਸ਼੍ਰੀਮਾਨ ਜੀ, ਮੇਰੇ ਕੋਲ ਕੋਈ ਆਦਮੀ ਨਹੀਂ ਹੈ ਜੋ ਮੈਨੂੰ ਤਲਾਬ ਵਿੱਚ ਜਾਣ ਲਈ ਮੇਰੀ ਸਹਾਇਤਾ ਕਰੇ ਜਦੋਂ ਪਾਣੀ ਹਿਲਾਇਆ ਜਾਦਾਂ ਹੈ। ਜਦੋਂ ਮੈਂ ਤਲਾਬ ਵਿੱਚ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਮੇਰੇ ਤੋਂ ਪਹਿਲਾਂ ਕੋਈ ਹੋਰ ਤਲਾਬ ਵਿੱਚ ਵੜ ਜਾਦਾਂ ਹੈ।”
8ਫਿਰ ਯਿਸ਼ੂ ਨੇ ਉਸ ਰੋਗੀ ਨੂੰ ਆਖਿਆ, “ਉੱਠ, ਆਪਣੀ ਮੰਜੀ ਚੁੱਕ ਅਤੇ ਤੁਰ।” 9ਉਹ ਰੋਗੀ ਤੁਰੰਤ ਚੰਗਾ ਹੋ ਗਿਆ ਅਤੇ ਆਪਣੀ ਮੰਜੀ ਚੁੱਕ ਕੇ ਤੁਰਨ ਲੱਗਾ।
ਇਹ ਸਭ ਸਬਤ ਦੇ ਦਿਨ#5:9 ਸਬਤ ਦੇ ਦਿਨ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਹੋਇਆ ਸੀ। 10ਇਸ ਲਈ ਯਹੂਦੀ ਆਗੂਆਂ ਨੇ ਉਸ ਚੰਗੇ ਹੋਏ ਆਦਮੀ ਨੂੰ ਆਖਿਆ, “ਅੱਜ ਸਬਤ ਦਾ ਦਿਨ ਹੈ, ਤੇਰਾ ਮੰਜੀ ਚੁੱਕਣਾ ਬਿਵਸਥਾ ਦੇ ਖਿਲਾਫ਼ ਹੈ।”
11ਪਰ ਉਸ ਨੇ ਆਖਿਆ, ਉਹ ਵਿਅਕਤੀ ਜਿਸ ਨੇ ਮੈਨੂੰ ਚੰਗਾ ਕੀਤਾ ਹੈ, “ਉਸ ਨੇ ਮੈਨੂੰ ਆਖਿਆ ਕਿ ‘ਮੰਜੀ ਚੁੱਕ ਤੇ ਤੁਰ।’ ”
12ਤਾਂ ਉਹਨਾਂ ਨੇ ਉਸ ਨੂੰ ਪੁੱਛਿਆ, “ਉਹ ਆਦਮੀ ਕੌਣ ਹੈ ਜਿਸ ਨੇ ਤੈਨੂੰ ਆਖਿਆ ਕੇ ਤੂੰ ਆਪਣੀ ਮੰਜੀ ਚੁੱਕ ਅਤੇ ਤੁਰ?”
13ਉਹ ਆਦਮੀ ਜਿਹੜਾ ਚੰਗਾ ਹੋਇਆ ਸੀ ਉਹ ਨਹੀਂ ਸੀ ਜਾਣਦਾ ਕਿ ਉਸ ਨੂੰ ਚੰਗਾ ਕਰਨ ਵਾਲਾ ਕੌਣ ਸੀ, ਕਿਉਂਕਿ ਉੱਥੇ ਜ਼ਿਆਦਾ ਭੀੜ ਹੋਣ ਕਰਕੇ ਯਿਸ਼ੂ ਉੱਥੋਂ ਚਲੇ ਗਏ ਸਨ।
14ਤਦ ਯਿਸ਼ੂ ਨੇ ਉਸ ਨੂੰ ਹੈਕਲ ਵਿੱਚ ਵੇਖਿਆ ਅਤੇ ਉਸ ਨੂੰ ਕਿਹਾ, “ਵੇਖ, ਹੁਣ ਤੂੰ ਚੰਗਾ ਹੋ ਗਿਆ ਹੈ, ਫਿਰ ਪਾਪ ਨਾ ਕਰੀ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਤੇਰੇ ਨਾਲ ਇਸ ਤੋਂ ਵੀ ਕੁਝ ਬੁਰਾ ਹੋਵੇ।” 15ਉਹ ਆਦਮੀ ਉੱਥੋਂ ਵਾਪਸ ਯਹੂਦੀ ਆਗੂਆਂ ਕੋਲ ਗਿਆ ਅਤੇ ਦੱਸਿਆ ਕਿ ਜਿਸ ਨੇ ਮੈਨੂੰ ਚੰਗਾ ਕੀਤਾ ਹੈ ਉਹ ਯਿਸ਼ੂ ਹੈ।
ਪੁੱਤਰ ਦਾ ਅਧਿਕਾਰ
16ਇਸ ਲਈ ਕਿਉਂਕਿ ਯਿਸ਼ੂ ਸਬਤ ਦੇ ਦਿਨ ਇਹ ਸਭ ਗੱਲਾਂ ਕਰ ਰਹੇ ਸੀ, ਇਸ ਲਈ ਯਹੂਦੀ ਆਗੂ ਉਹਨਾਂ ਦਾ ਵਿਰੋਧ ਕਰਨ ਲੱਗੇ। 17ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੇਰੇ ਪਿਤਾ ਹਮੇਸ਼ਾ ਕੰਮ ਕਰਦੇ ਹਨ, ਅਤੇ ਮੈਂ ਵੀ ਕੰਮ ਕਰ ਰਿਹਾ ਹਾਂ।” 18ਇਸੇ ਕਾਰਣ ਯਹੂਦੀਆਂ ਨੇ ਯਿਸ਼ੂ ਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ। ਯਹੂਦੀਆਂ ਨੇ ਆਖਿਆ ਕਿ ਉਹ ਨਾ ਸਿਰਫ ਸਬਤ ਨੂੰ ਤੋੜ ਰਿਹਾ ਹੈ, ਬਲਕਿ ਉਹ ਪਰਮੇਸ਼ਵਰ ਨੂੰ ਆਪਣਾ ਪਿਤਾ ਵੀ ਕਹਿ ਰਿਹਾ ਹੈ, ਅਤੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਬਰਾਬਰ ਬਣਾ ਰਹੇ ਹਨ।
19ਯਿਸ਼ੂ ਨੇ ਉਹਨਾਂ ਯਹੂਦੀਆਂ ਨੂੰ ਉੱਤਰ ਦਿੱਤਾ: “ਮੈਂ ਤੁਹਾਨੂੰ ਸੱਚ ਆਖਦਾ ਹਾਂ, ਪੁੱਤਰ ਆਪਣੇ ਆਪ ਕੁਝ ਨਹੀਂ ਕਰ ਸਕਦਾ; ਉਹ ਉਹੀ ਕਰ ਸਕਦਾ ਹੈ ਜੋ ਉਹ ਆਪਣੇ ਪਿਤਾ ਨੂੰ ਕਰਦਾ ਵੇਖਦਾ ਹੈ, ਕਿਉਂਕਿ ਜੋ ਕੁਝ ਪਿਤਾ ਕਰਦਾ ਹੈ ਉਹ ਪੁੱਤਰ ਵੀ ਕਰਦਾ ਹੈ। 20ਕਿਉਂਕਿ ਪਿਤਾ ਪੁੱਤਰ ਨੂੰ ਪਿਆਰ ਕਰਦਾ ਹੈ ਅਤੇ ਪੁੱਤਰ ਨੂੰ ਉਹ ਸਭ ਕੁਝ ਵਿਖਾਉਂਦਾ ਹੈ ਜੋ ਉਹ ਕਰਦਾ ਹੈ। ਹਾਂ, ਅਤੇ ਪਿਤਾ ਆਪਣੇ ਪੁੱਤਰ ਨੂੰ ਇਸ ਤੋਂ ਵੀ ਵੱਡੇ ਕੰਮ ਦਿਖਾਵੇਗਾ, ਫਿਰ ਤੁਸੀਂ ਸਭ ਹੈਰਾਨ ਰਹਿ ਜਾਉਂਗੇ। 21ਜਿਸ ਤਰ੍ਹਾਂ ਪਿਤਾ ਮੁਰਦਿਆਂ ਨੂੰ ਜਿਵਾਲਦਾ ਹੈ ਅਤੇ ਉਹਨਾਂ ਨੂੰ ਜੀਵਨ ਦਿੰਦਾ ਹੈ। ਉਸੇ ਹੀ ਤਰ੍ਹਾਂ ਪੁੱਤਰ ਵੀ, ਜਿਨ੍ਹਾਂ ਨੂੰ ਉਹ ਚਾਹੁੰਦਾ ਹੈ, ਜੀਵਨ ਦਿੰਦਾ ਹੈ। 22ਇਸ ਤੋਂ ਇਲਾਵਾ, ਪਿਤਾ ਕਿਸੇ ਦਾ ਨਿਆਂ ਨਹੀਂ ਕਰਦਾ, ਪਰ ਉਸ ਨੇ ਇਹ ਸਾਰਾ ਅਧਿਕਾਰ ਪੁੱਤਰ ਨੂੰ ਸੌਂਪਿਆ ਹੈ, 23ਪਿਤਾ ਨੇ ਇਹ ਸਭ ਇਸ ਲਈ ਕੀਤਾ ਤਾਂ ਕਿ ਸਾਰੇ ਪੁੱਤਰ ਦਾ ਉਵੇਂ ਹੀ ਸਤਿਕਾਰ ਕਰਨ ਜਿਵੇਂ ਉਹ ਪਿਤਾ ਦਾ ਸਤਿਕਾਰ ਕਰਦੇ ਹਨ। ਜੋ ਕੋਈ ਪੁੱਤਰ ਦਾ ਸਤਿਕਾਰ ਨਹੀਂ ਕਰਦਾ ਉਹ ਪਿਤਾ ਦਾ ਸਤਿਕਾਰ ਨਹੀਂ ਕਰਦਾ ਜਿਸ ਨੇ ਉਸ ਨੂੰ ਭੇਜਿਆ ਹੈ।
24“ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੋ ਕੋਈ ਵੀ ਮੇਰੇ ਬਚਨ ਨੂੰ ਸੁਣਦਾ ਹੈ ਅਤੇ ਉਸ ਤੇ ਵਿਸ਼ਵਾਸ ਕਰਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ, ਸਦੀਪਕ ਜੀਵਨ ਉਸ ਦਾ ਹੈ ਅਤੇ ਉਸ ਦਾ ਨਿਆਂ ਨਹੀਂ ਕੀਤਾ ਜਾਵੇਗਾ, ਪਰ ਉਹ ਮੌਤ ਤੋਂ ਪਾਰ ਹੋ ਗਿਆ ਹੈ ਅਤੇ ਉਹ ਸਦੀਪਕ ਜੀਵਨ ਵਿੱਚ ਦਾਖਲ ਹੋ ਚੁੱਕਾ ਹੈ। 25ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਉਹ ਸਮਾਂ ਆਉਂਦਾ ਹੈ ਅਤੇ ਹੁਣ ਆ ਗਿਆ ਹੈ ਜਦੋਂ ਮਰੇ ਹੋਏ ਲੋਕ ਪਰਮੇਸ਼ਵਰ ਦੇ ਪੁੱਤਰ ਦੀ ਆਵਾਜ਼ ਸੁਣਨਗੇ ਅਤੇ ਉਹ ਜੋ ਸੁਣਦੇ ਹਨ ਉਹ ਜੀਵਨ ਪ੍ਰਾਪਤ ਕਰਨਗੇ। 26ਪਿਤਾ ਹੀ ਜੀਵਨ ਦੇਣ ਵਾਲਾ ਹੈ ਇਸੇ ਤਰ੍ਹਾਂ ਪੁੱਤਰ ਨੂੰ ਵੀ ਜੀਵਨ ਦੇਣ ਵਾਲਾ ਬਣਾ ਦਿੱਤਾ ਹੈ। 27ਪਿਤਾ ਨੇ ਨਿਆਂ ਕਰਨ ਦਾ ਅਧਿਕਾਰ ਪੁੱਤਰ ਨੂੰ ਦਿੱਤਾ ਹੈ ਕਿਉਂਕਿ ਉਹ ਮਨੁੱਖ ਦਾ ਪੁੱਤਰ ਹੈ।
28“ਇਸ ਗੱਲ ਤੋਂ ਹੈਰਾਨ ਨਾ ਹੋਵੋ ਕਿਉਂਕਿ ਉਹ ਸਮਾਂ ਆ ਰਿਹਾ ਹੈ ਜਦੋਂ ਜਿਹੜੇ ਲੋਕ ਕਬਰਾਂ ਵਿੱਚ ਪੁੱਤਰ ਦੀ ਆਵਾਜ਼ ਸੁਣਨਗੇ ਅਤੇ ਜੀਉਂਦੇ ਹੋ ਜਾਣਗੇ। 29ਉਹ ਜਿੰਨ੍ਹਿਆਂ ਨੇ ਚੰਗੇ ਕੰਮ ਕੀਤੇ ਹਨ ਉਹ ਜੀਵਨ ਦੇ ਪੁਨਰ-ਉਥਾਨ ਦੇ ਲਈ ਉਠਾਏ ਜਾਣਗੇ, ਅਤੇ ਜਿਨ੍ਹਾਂ ਨੇ ਬੁਰੇ ਕੰਮ ਕੀਤੇ ਹਨ ਉਹ ਸਜ਼ਾ ਦੇ ਲਈ ਉਠਾਏ ਜਾਣਗੇ। 30ਮੈਂ ਆਪਣੇ ਆਪ ਕੁਝ ਨਹੀਂ ਕਰ ਸਕਦਾ। ਮੈਂ ਉਹੀ ਨਿਆਂ ਕਰਦਾ ਹਾਂ ਜੋ ਮੈਂ ਸੁਣਦਾ ਹਾਂ, ਅਤੇ ਮੇਰਾ ਨਿਆਂ ਸਹੀ ਹੈ, ਕਿਉਂਕਿ ਮੈਂ ਆਪਣੀ ਇੱਛਾ ਅਨੁਸਾਰ ਨਹੀਂ ਕਰਦਾ ਸਗੋਂ ਮੈਂ ਉਸ ਦੀ ਇੱਛਾ ਅਨੁਸਾਰ ਕਰਦਾ ਹਾਂ ਜਿਸ ਨੇ ਮੈਨੂੰ ਭੇਜਿਆ ਹੈ।
ਯਿਸ਼ੂ ਦੇ ਬਾਰੇ ਗਵਾਹੀ
31“ਜੇ ਮੈਂ ਆਪਣੇ ਆਪ ਦੀ ਗਵਾਹੀ ਦੇਵਾਂ, ਤਾਂ ਮੇਰੀ ਗਵਾਹੀ ਸੱਚੀ ਨਹੀਂ ਹੈ। 32ਪਰ ਜੇ ਕੋਈ ਹੋਰ ਮੇਰੇ ਹੱਕ ਵਿੱਚ ਗਵਾਹੀ ਦਿੰਦਾ ਹੈ ਅਤੇ ਮੈਂ ਜਾਣਦਾ ਹਾਂ ਉਸ ਦੀ ਗਵਾਹੀ ਸੱਚੀ ਹੈ।
33“ਤੁਸੀਂ ਪੁੱਛ-ਗਿੱਛ ਲਈ ਲੋਕਾਂ ਨੂੰ ਯੋਹਨ ਕੋਲ ਭੇਜਿਆ ਹੈ ਅਤੇ ਉਸ ਨੇ ਸੱਚ ਬਾਰੇ ਗਵਾਹੀ ਦਿੱਤੀ ਹੈ। 34ਇਹ ਨਹੀਂ ਕਿ ਮੈਂ ਮਨੁੱਖੀ ਗਵਾਹੀ ਨੂੰ ਸਵੀਕਾਰ ਕਰਦਾ ਹਾਂ; ਪਰ ਮੈਂ ਇਹ ਇਸ ਲਈ ਦੱਸਦਾ ਹਾਂ ਕਿ ਤੁਸੀਂ ਬਚਾਏ ਜਾ ਸਕੋ। 35ਯੋਹਨ ਇੱਕ ਦੀਵੇ ਦੀ ਤਰ੍ਹਾਂ ਸੀ ਜੋ ਬਲਿਆ ਅਤੇ ਉਸ ਨੇ ਚਾਨਣ ਦਿੱਤਾ, ਅਤੇ ਤੁਸੀਂ ਕੁਝ ਸਮਾਂ ਉਸ ਚਾਨਣ ਦਾ ਆਨੰਦ ਲਿਆ।
36“ਪਰ ਜਿਹੜੀ ਗਵਾਹੀ ਮੈਂ ਦਿੰਦਾ ਹੈ ਉਹ ਯੋਹਨ ਦੀ ਗਵਾਹੀ ਨਾਲੋਂ ਵੱਡੀ ਹੈ। ਜੋ ਕੰਮ ਪਿਤਾ ਨੇ ਮੈਨੂੰ ਪੂਰੇ ਕਰਨ ਲਈ ਦਿੱਤੇ ਹਨ ਉਹ ਕੰਮ ਮੈਂ ਕਰ ਰਿਹਾ ਹਾਂ ਉਹੀ ਕੰਮ ਮੇਰੇ ਬਾਰੇ ਗਵਾਹੀ ਦਿੰਦੇ ਹਨ ਕਿ ਪਿਤਾ ਨੇ ਮੈਨੂੰ ਭੇਜਿਆ ਹੈ। 37ਅਤੇ ਉਹ ਪਿਤਾ ਜਿਨ੍ਹਾਂ ਨੇ ਮੈਨੂੰ ਭੇਜਿਆ ਉਸ ਨੇ ਮੇਰੇ ਬਾਰੇ ਗਵਾਹੀ ਦਿੱਤੀ। ਪਰ ਤੁਸੀਂ ਕਦੇ ਉਸ ਦੀ ਆਵਾਜ਼ ਨਹੀਂ ਸੁਣੀ ਅਤੇ ਨਾ ਹੀ ਉਸ ਦਾ ਰੂਪ ਦੇਖਿਆ। 38ਅਤੇ ਨਾ ਹੀ ਉਸ ਦੇ ਬਚਨ ਤੁਹਾਡੇ ਵਿੱਚ ਵੱਸਦੇ ਹਨ, ਕਿਉਂਕਿ ਤੁਸੀਂ ਉਸ ਤੇ ਵਿਸ਼ਵਾਸ ਨਹੀਂ ਕਰਦੇ ਜਿਸ ਨੂੰ ਪਿਤਾ ਨੇ ਭੇਜਿਆ ਹੈ। 39ਤੁਸੀਂ ਇਹ ਸੋਚ ਕੇ ਪਵਿੱਤਰ ਪੋਥੀਆਂ ਨੂੰ ਪੜ੍ਹਦੇ ਹੋ ਕਿ ਇਨ੍ਹਾਂ ਨਾਲ ਤੁਹਾਨੂੰ ਸਦੀਪਕ ਜੀਵਨ ਮਿਲਦਾ ਹੈ। ਪਰ ਇਹ ਸਭ ਪਵਿੱਤਰ ਪੋਥੀਆਂ ਮੇਰੇ ਬਾਰੇ ਗਵਾਹੀ ਦਿੰਦੀਆਂ ਹਨ। 40ਪਰ ਫਿਰ ਵੀ ਤੁਸੀਂ ਉਹ ਸਦੀਪਕ ਜੀਵਨ ਨੂੰ ਪਾਉਣ ਲਈ ਮੇਰੇ ਕੋਲ ਆਉਣ ਤੋਂ ਇੰਨਕਾਰ ਕਰਦੇ ਹੋ।
41“ਮੈਂ ਮਨੁੱਖਾਂ ਤੋਂ ਵਡਿਆਈ ਨਹੀਂ ਲੈਂਦਾ। 42ਪਰ ਮੈਂ ਤੁਹਾਨੂੰ ਜਾਣਦਾ ਹਾਂ ਕਿ ਪਰਮੇਸ਼ਵਰ ਦਾ ਪਿਆਰ ਤੁਹਾਡੇ ਅੰਦਰ ਨਹੀਂ ਹੈ। 43ਮੈਂ ਆਪਣੇ ਪਿਤਾ ਦੇ ਨਾਮ ਵਿੱਚ ਆਇਆ ਹਾਂ ਅਤੇ ਫਿਰ ਵੀ ਤੁਸੀਂ ਮੈਨੂੰ ਕਬੂਲ ਨਹੀਂ ਕਰਦੇ। ਪਰ ਜੇ ਕੋਈ ਹੋਰ ਆਪਣੇ ਨਾਮ ਉੱਤੇ ਆਵੇ ਤਾਂ ਤੁਸੀਂ ਉਸ ਨੂੰ ਕਬੂਲ ਕਰ ਲਓਗੇ। 44ਤੁਸੀਂ ਕਿਵੇਂ ਮੇਰੇ ਤੇ ਵਿਸ਼ਵਾਸ ਕਰ ਸਕਦੇ ਹੋ ਕਿਉਂਕਿ ਤੁਸੀਂ ਇੱਕ-ਦੂਜੇ ਤੋਂ ਵਡਿਆਈ ਦੀ ਇੱਛਾ ਰੱਖਦੇ ਹੋ, ਪਰ ਉਹ ਵਡਿਆਈ ਨਹੀਂ ਭਾਲਦੇ ਜੋ ਸਿਰਫ ਇੱਕ ਪਰਮੇਸ਼ਵਰ ਵੱਲੋਂ ਮਿਲਦੀ ਹੈ?
45“ਇਹ ਨਾ ਸੋਚੋ ਕਿ ਮੈਂ ਤੁਹਾਨੂੰ ਪਿਤਾ ਦੇ ਸਾਹਮਣੇ ਦੋਸ਼ੀ ਠਹਿਰਾਵਾਂਗਾ। ਜੋ ਤੁਹਾਨੂੰ ਦੋਸ਼ੀ ਠਹਿਰਾਉਂਦਾ ਹੈ, ਉਹ ਮੋਸ਼ੇਹ ਹੈ। ਜਿਸ ਦੇ ਉੱਤੇ ਤੁਹਾਡੀ ਆਸ ਹੈ। 46ਜੇ ਤੁਸੀਂ ਸੱਚਮੱਚ ਮੋਸ਼ੇਹ ਤੇ ਵਿਸ਼ਵਾਸ ਕੀਤਾ ਹੁੰਦਾ, ਤਾਂ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ, ਕਿਉਂਕਿ ਉਸ ਨੇ ਮੇਰੇ ਬਾਰੇ ਲਿਖਿਆ ਸੀ। 47ਪਰ ਤੁਸੀਂ ਤਾਂ ਉਸ ਦੀ ਲਿਖਤਾਂ ਤੇ ਵਿਸ਼ਵਾਸ ਨਹੀਂ ਕਰਦੇ ਫਿਰ ਮੇਰੀਆਂ ਗੱਲਾਂ ਤੇ ਕਿਵੇਂ ਵਿਸ਼ਵਾਸ ਕਰੋਗੇ?”
Valið núna:
ਯੋਹਨ 5: PCB
Áherslumerki
Deildu
Afrita
Want to have your highlights saved across all your devices? Sign up or sign in
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.