ਮਰਕੁਸ ਦੀ ਇੰਜੀਲ 16

16
ਇਹ ਖਬਰ ਕਿ ਯਿਸੂ ਮੁੜ ਜੀਅ ਉੱਠਿਆ
(ਮੱਤੀ 28:1-8; ਲੂਕਾ 24:1-12; ਯੂਹੰਨਾ 20:1-10)
1ਸਬਤ ਤੋਂ ਅਗਲੇ ਦਿਨ, ਮਰਿਯਮ ਮਗਦਲੀਨੀ, ਸਲੋਮੀ ਅਤੇ ਯਾਕੂਬ ਦੀ ਮਾਤਾ ਮਰਿਯਮ ਕੁਝ ਅਤਰ ਖਰੀਦ ਲਿਆਈਆਂ ਉਹ ਆਕੇ ਉਨ੍ਹਾਂ ਨੂੰ ਉਸ ਦੇ ਸਰੀਰ ਤੇ ਪਾਉਣਾ ਚਾਹੁੰਦੀਆਂ ਸਨ। 2ਹਫ਼ਤੇ ਦੇ ਪਹਿਲੇ ਦਿਨ ਬਹੁਤ ਸਵੇਰੇ, ਸੂਰਜ ਚੜ੍ਹ੍ਹਨ ਤੋਂ ਬਾਦ ਉਹ ਕਬਰ ਤੇ ਆਈਆਂ। 3ਉਨ੍ਹਾਂ ਨੇ ਆਪਸ ਵਿੱਚ ਆਖਿਆ, “ਇੱਕ ਵੱਡੇ ਪੱਥਰ ਨਾਲ ਕਬਰ ਦੇ ਪ੍ਰਵੇਸ਼ ਦੁਆਰ ਨੂੰ ਢੱਕਿਆ ਹੋਇਆ ਸੀ। ਸਾਡੇ ਲਈ ਇਸ ਨੂੰ ਇੱਕ ਪਾਸੇ ਕੌਣ ਰੇੜ੍ਹਗਾ?”
4ਪਰ ਜਦੋਂ ਉਨ੍ਹਾਂ ਨੇ ਆਕੇ ਤੱਕਿਆ, ਤਾਂ ਉਨ੍ਹਾਂ ਨੇ ਵੇਖਿਆ ਕਿ ਕਬਰ ਦੇ ਪ੍ਰਵੇਸ਼ ਤੋਂ ਉਹ ਵੱਡਾ ਪੱਥਰ ਪਰ੍ਹਾਂ ਹਟਿਆ ਹੋਇਆ ਸੀ। 5ਜਿਵੇਂ ਹੀ ਉਹ ਕਬਰ ਵਿੱਚ ਵੜੀਆਂ, ਉਨ੍ਹਾਂ ਨੇ ਇੱਕ ਜੁਆਨ ਆਦਮੀ ਨੂੰ ਸਫ਼ੇਦ ਕੱਪੜੇ ਪਾਈ ਕਬਰ ਦੇ ਸੱਜੇ ਪਾਸੇ ਬੈਠੇ ਵੇਖਿਆ। ਇਹ ਵੇਖਕੇ ਉਹ ਘਬਰਾਈਆਂ।
6ਪਰ ਉਸ ਆਦਮੀ ਨੇ ਆਖਿਆ, “ਡਰੋ ਨਹੀਂ! ਤੁਸੀਂ ਯਿਸੂ ਨਾਸਰੀ ਨੂੰ ਲੱਭਦੀਆਂ ਹੋ, ਜੋ ਸਲੀਬ ਉੱਤੇ ਚੜ੍ਹਾਇਆ ਗਿਆ ਸੀ। ਉਹ ਤਾਂ ਫ਼ਿਰ ਜੀਅ ਉੱਠਿਆ ਹੈ। ਉਹ ਇੱਥੇ ਨਹੀਂ ਹੈ। ਵੇਖੋ! ਇਹ ਉਹੀ ਥਾਂ ਹੈ ਜਿੱਥੇ ਉਸ ਨੂੰ ਮਰਨ ਤੋਂ ਬਾਦ ਰੱਖਿਆ ਸੀ। 7ਹੁਣ ਜਾਵੋ ਅਤੇ ਉਸ ਦੇ ਚੇਲਿਆਂ ਨੂੰ ਆਖੋ ਕਿ, ਖਾਸ ਕਰ ਪਤਰਸ ਨੂੰ ਜਾਕੇ ਕਹੋ ਕਿ, ‘ਯਿਸੂ ਤੁਹਾਡੇ ਤੋਂ ਪਹਿਲਾਂ ਹੀ ਗਲੀਲ ਵਿੱਚ ਪਹੁੰਚਿਆ ਹੋਵੇਗਾ। ਤੁਸੀਂ ਉਸ ਨੂੰ ਉੱਥੇ ਵੇਖੋਂਗੇ ਜਿਵੇਂ ਕਿ ਉਸ ਨੇ ਖੁਦ ਤੁਹਾਨੂੰ ਦੱਸਿਆ ਸੀ।’”
8ਉਹ ਔਰਤਾਂ ਡਰ ਅਤੇ ਘਬਰਾਹਟ ਨਾਲ ਭਰੀਆਂ ਹੋਈਆਂ ਸਨ, ਅਤੇ ਕਬਰ ਕੋਲੋਂ ਭੱਜ ਗਈਆਂ। ਉਨ੍ਹਾਂ ਨੇ ਕਿਸੇ ਨੂੰ ਕੁਝ ਨਾ ਕਿਹਾ ਕਿਉਂਕਿ ਉਹ ਡਰੀਆਂ ਹੋਈਆਂ ਸਨ।#16:8 ਕੁਝ ਮਰਕੁਸ ਦੀਆਂ ਪੁਰਾਣੀਆਂ ਯੂਨਾਨੀ ਪੁਸਤਕਾਂ ਇਸ ਪੁਸਤਕ ਨੂੰ ਇੱਥੇ ਹੀ ਖਤਮ ਕਰਦੀਆਂ ਹਨ।
ਕੁਝ ਚੇਲਿਆਂ ਨੇ ਯਿਸੂ ਨੂੰ ਵੇਖਿਆ
(ਮੱਤੀ 28:9-10; ਯੂਹੰਨਾ 20:11-18; ਲੂਕਾ 24:13-35)
9ਹਫ਼ਤੇ ਦੇ ਪਹਿਲੇ ਦਿਨ, ਤੜਕੇ, ਯਿਸੂ ਪਹਿਲਾਂ ਮਰਿਯਮ ਮਗਦਲੀਨੀ ਅੱਗੇ ਪ੍ਰਗਟ ਹੋਇਆ ਜਿਸ ਵਿੱਚੋਂ ਉਸ ਨੇ ਸੱਤ ਭੂਤਾਂ ਨੂੰ ਕੱਢਿਆ ਸੀ। 10ਜਦੋਂ ਉਸ ਨੇ ਯਿਸੂ ਨੂੰ ਵੇਖਿਆ, ਉਹ ਗਈ ਅਤੇ ਚੇਲਿਆਂ ਨੂੰ ਕਿਹਾ, ਜੋ ਕਿ ਰੋ ਅਤੇ ਪਿੱਟ ਰਹੇ ਸਨ। 11ਪਰ ਜਦੋਂ ਉਸ ਨੇ ਇਹ ਦੱਸਿਆ ਕਿ ਉਹ ਜੀ ਉੱਠਿਆ ਹੈ ਅਤੇ ਉਸ ਨੇ ਖੁਦ ਆਪਣੀ ਅੱਖੀਂ ਉਸ ਨੂੰ ਵੇਖਿਆ ਹੈ, ਚੇਲਿਆਂ ਨੇ ਇਸ ਗੱਲ ਨੂੰ ਸੱਚ ਨਾ ਮੰਨਿਆ।
12ਇਸ ਤੋਂ ਬਾਦ, ਯਿਸੂ ਆਪਣੇ ਦੋ ਚੇਲਿਆਂ ਨੂੰ ਦੂਸਰੇ ਰੂਪ ਵਿੱਚ ਪ੍ਰਗਟਿਆ ਜੋ ਕਿ ਆਪਣੇ ਪਿੰਡ ਦੇ ਰਾਹ ਤੇ ਤੁਰੇ ਜਾ ਰਹੇ ਸਨ। 13ਇਹ ਚੇਲੇ ਵਾਪਸ ਗਏ ਅਤੇ ਇਸ ਬਾਰੇ ਬਾਕੀ ਦੇ ਚੇਲਿਆਂ ਨੂੰ ਦੱਸਿਆ, ਪਰ ਉਨ੍ਹਾਂ ਨੇ ਉਨ੍ਹਾਂ ਦਾ ਵੀ ਵਿਸ਼ਵਾਸ ਨਹੀਂ ਕੀਤਾ।
ਯਿਸੂ ਦੀ ਰਸੂਲਾਂ ਨਾਲ ਗੱਲ-ਬਾਤ
(ਮੱਤੀ 28:16-20; ਲੂਕਾ 24:36-49; ਯੂਹੰਨਾ 20:19-23; ਰਸੂਲਾਂ ਦੇ ਕਰਤੱਬ 1:6-8)
14ਬਾਦ ਵਿੱਚ ਯਿਸੂ ਗਿਆਰ੍ਹਾਂ ਰਸੂਲਾਂ ਨੂੰ ਉਦੋਂ ਦਿਖਾਈ ਦਿੱਤਾ ਜਦੋਂ ਉਹ ਭੋਜਨ ਕਰ ਰਹੇ ਸਨ। ਉਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਥੋੜੇ ਵਿਸ਼ਵਾਸ ਅਤੇ ਉਨ੍ਹਾਂ ਦੀ ਜ਼ਿਦ ਲਈ ਝਿੜਕਿਆ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਤੇ ਵਿਸ਼ਵਾਸ ਨਹੀਂ ਕਿਤਾ ਜਿਨ੍ਹਾਂ ਨੇ ਉਸ ਨੂੰ ਜੀ ਉੱਠਣੇ ਤੋਂ ਬਾਦ ਵੇਖਿਆ ਸੀ।
15ਉਸ ਨੇ ਉਨ੍ਹਾਂ ਨੂੰ ਆਖਿਆ, “ਸਾਰੀ ਦੁਨੀਆਂ ਵਿੱਚ ਜਾਵੋ ਅਤੇ ਹਰ ਵਿਅਕਤੀ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰੋ। 16ਜੋ ਕੋਈ ਵੀ ਵਿਸ਼ਵਾਸ ਕਰੇਗਾ ਅਤੇ ਬਪਤਿਸਮਾ ਲਵੇਗਾ ਬਚਾਇਆ ਜਾਵੇਗਾ, ਅਤੇ ਜੋ ਕੋਈ ਵਿਸ਼ਵਾਸ ਨਹੀਂ ਕਰੇਗਾ ਉਸ ਨੂੰ ਦੰਡ ਦਿੱਤਾ ਜਾਵੇਗਾ। 17ਅਤੇ ਜੋ ਕੋਈ ਵੀ ਵਿਸ਼ਵਾਸ ਕਰਦੇ ਹਨ ਇਹ ਕਰਿਸ਼ਮੇ ਸਬੂਤ ਦੇ ਤੌਰ ਤੇ ਕਰਨਗੇ: ਉਹ ਮੇਰੇ ਨਾਂ ਤੇ ਭੂਤਾਂ ਨੂੰ ਕੱਢਣਗੇ। ਅਤੇ ਉਹ ਨਵੀਆਂ-ਨਵੀਆਂ ਬੋਲੀਆਂ ਬੋਲਣਗੇ ਜਿਹੜੀਆਂ ਕਿ ਉਨ੍ਹਾਂ ਕਦੇ ਵੀ ਨਹੀਂ ਸਿੱਖੀਆਂ। 18ਉਹ ਸੱਪਾਂ ਨੂੰ ਆਪਣੇ ਹੱਥਾਂ ਵਿੱਚ ਫ਼ੜ ਲੈਣਗੇ ਅਤੇ ਜੇਕਰ ਉਹ ਕੋਈ ਜਹਿਰ ਵਾਲੀ ਚੀਜ਼ ਪੀ ਲੈਣਗੇ, ਇਹ ਉਨ੍ਹਾਂ ਨੂੰ ਨੁਕਸਾਨ ਨਹੀਂ ਕਰੇਗੀ। ਜੇਕਰ ਉਹ ਬਿਮਾਰਾਂ ਉੱਤੇ ਹੱਥ ਰੱਖਣਗੇ ਉਹ ਠੀਕ ਹੋ ਜਾਣਗੇ।”
ਯਿਸੂ ਸਵਰਗ ਨੂੰ ਵਾਪਸ ਜਾਂਦਾ ਹੈ
(ਲੂਕਾ 24:50-53; ਰਸੂਲਾਂ ਦੇ ਕਰਤੱਬ 1:9-11)
19ਜਦੋਂ ਯਿਸੂ ਉਨ੍ਹਾਂ ਨਾਲ ਗੱਲ ਕਰ ਹਟਿਆ, ਤਾਂ ਉਹ ਉੱਪਰ ਸਵਰਗ ਵਿੱਚ ਚੁੱਕ ਲਿਆ ਗਿਆ ਅਤੇ ਉਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠ ਗਿਆ। 20ਤਾਂ ਉਸ ਦੇ ਚੇਲੇ ਚੱਲੇ ਗਏ ਤੇ ਉਨ੍ਹਾਂ ਨੇ ਸਾਰੀ ਦੁਨੀਆਂ ਵਿੱਚ ਜਾਕੇ ਇਸ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਅਤੇ ਪ੍ਰਭੂ ਨੇ ਉਨ੍ਹਾਂ ਦੀ ਮਦਦ ਕੀਤੀ। ਪ੍ਰਭੂ ਨੇ ਉਨ੍ਹਾਂ ਨਾਲ ਕੰਮ ਕੀਤਾ ਅਤੇ ਉਨ੍ਹਾਂ ਨੂੰ ਉਸ ਵੱਲੋਂ ਦਿੱਤੀ ਹੋਈ ਕਰਿਸ਼ਮੇ ਕਰਨ ਦੀ ਸ਼ਕਤੀ ਰਾਹੀਂ ਉਨ੍ਹਾਂ ਦੇ ਸੰਦੇਸ਼ ਨੂੰ ਪ੍ਰਮਾਣਿਤ ਕੀਤਾ।

Pati Souliye

Pataje

Kopye

None

Ou vle gen souliye ou yo sere sou tout aparèy ou yo? Enskri oswa konekte