ਲੂਕਾ ਦੀ ਇੰਜੀਲ 5
5
ਪਤਰਸ, ਯਾਕੂਬ ਅਤੇ ਯੂਹੰਨਾ ਯਿਸੂ ਦਾ ਅਨੁਸਰਣ ਕਰਦੇ ਹਨ
(ਮੱਤੀ 4:18-22; ਮਰਕੁਸ 1:16-20)
1ਯਿਸੂ ਗਨੇਸਰਤ ਦੀ ਝੀਲ ਕੰਢੇ ਖੜ੍ਹਾ ਸੀ ਅਤੇ ਭੀੜ ਪਰਮੇਸ਼ੁਰ ਦੇ ਉਪਦੇਸ਼ ਸੁਨਣ ਲਈ, ਉਸ ਦੇ ਆਸ-ਪਾਸ ਇਕੱਠੀ ਹੋ ਰਹੀ ਸੀ। 2ਫ਼ਿਰ ਉਸ ਨੇ ਝੀਲ ਦੇ ਕੰਢੇ ਦੋ ਬੇੜੀਆਂ ਦੇਖੀਆਂ। ਬੇੜੀਆਂ ਵਿੱਚੋਂ ਮਾਛੀ ਬਾਹਰ ਆਕੇ ਆਪਣੇ ਜਾਲਾਂ ਨੂੰ ਧੋ ਰਹੇ ਸਨ। 3ਯਿਸੂ ਇੱਕ ਬੇੜੀ ਵਿੱਚ ਚੜ੍ਹ੍ਹ ਗਿਆ ਜੋ ਕਿ ਸ਼ਮਊਨ ਦੀ ਸੀ ਅਤੇ ਉਸ ਨੇ ਬੇੜੀ ਨੂੰ ਕੰਢੇ ਤੋਂ ਥੋੜੀ ਦੂਰ ਲੈ ਜਾਣ ਲਈ ਆਖਿਆ, ਤਾਂ ਉਹ ਬੇੜੀ ਵਿੱਚ ਬੈਠਕੇ ਕੰਢੇ ਤੇ ਲੋਕਾਂ ਨੂੰ ਉਪਦੇਸ਼ ਦੇਣ ਲੱਗਾ।
4ਜਦੋਂ ਉਹ ਬੋਲ ਕੇ ਹਟਿਆ, ਉਸ ਨੇ ਸ਼ਮਊਨ ਨੂੰ ਕਿਹਾ, “ਡੂੰਘੇ ਪਾਣੀਆਂ ਵਿੱਚ ਜਾਓ ਅਤੇ ਮੱਛੀਆਂ ਲਈ ਆਪਣੇ ਜਾਲ ਪਾਣੀ ਵਿੱਚ ਸੁੱਟੋ।”
5ਸ਼ਮਊਨ ਨੇ ਜਵਾਬ ਦਿੱਤਾ, “ਮਾਲਕ! ਅਸੀਂ ਸਾਰੀ ਰਾਤ ਮੱਛੀਆਂ ਫ਼ੜਨ ਲਈ ਬਹੁਤ ਕੋਸ਼ਿਸ਼ ਕਰਦੇ ਰਹੇ, ਪਰ ਸਾਡੇ ਹੱਥ ਕੁਝ ਵੀ ਨਹੀਂ ਲੱਗਾ। ਪਰ ਤੁਸੀਂ ਆਖਦੇ ਹੋ ਕਿ ਮੈਂ ਜਾਲ ਪਾਣੀ ਵਿੱਚ ਪਾਵਾਂ। ਇਸ ਲਈ ਮੈਂ ਇੰਝ ਹੀ ਕਰਦਾ ਹਾਂ ਜਿਵੇਂ ਤੁਸੀਂ ਆਖਦੇ ਹੋ।” 6ਸਭ ਮਾਛੀਆਂ ਨੇ ਆਪਣੇ ਜਾਲ ਪਾਣੀ ਵਿੱਚ ਪਾਏ ਤਾਂ ਉਨ੍ਹਾਂ ਦੇ ਜਾਲ ਮੱਛੀਆਂ ਨਾਲ ਇਸ ਕਦਰ ਭਾਰੇ ਹੋ ਗਏ ਹੋ ਕਿ ਉਹ ਭਾਰ ਨਾਲ ਟੁੱਟਣੇ ਸ਼ੁਰੂ ਹੋ ਗਏ। 7ਉਨ੍ਹਾਂ ਨੇ ਦੂਜੀ ਬੇੜੀ ਵਿੱਚ ਬੈਠੇ ਆਪਣੇ ਹੋਰਨਾਂ ਸਾਥੀਆਂ ਨੂੰ ਆਪਣੀ ਮਦਦ ਲਈ ਬੁਲਾਇਆ। ਜਦੋਂ ਉਨ੍ਹਾਂ ਦੇ ਮਿੱਤਰ ਮਦਦ ਲਈ ਆਏ ਤਾਂ ਉਨ੍ਹਾਂ ਦੀਆਂ ਦੋਨੇ ਬੇੜੀਆਂ ਇਸ ਕਦਰ ਮੱਛੀਆਂ ਨਾਲ ਭਰ ਗਈਆਂ ਕਿ ਇੰਝ ਮਾਲੂਮ ਹੁੰਦਾ ਸੀ ਕਿ ਬੇੜੀਆਂ ਹੁਣੇ ਹੀ ਡੁੱਬ ਜਾਣਗੀਆਂ।
8-9ਜਦੋਂ ਸ਼ਮਊਨ ਨੇ ਇਹ ਵੇਖਿਆ, ਤਾਂ ਉਸ ਨੇ ਯਿਸੂ ਅੱਗੇ ਸਿਰ ਝੁਕਾਇਆ ਅਤੇ ਆਖਿਆ, “ਪ੍ਰਭੂ ਮੈਂ ਇੱਕ ਪਾਪੀ ਬੰਦਾ ਹਾਂ, ਤੂੰ ਮੇਰੇ ਕੋਲੋਂ ਦੂਰ ਚੱਲਿਆ ਜਾ।” ਉਸ ਨੇ ਅਜਿਹਾ ਇਸ ਲਈ ਆਖਿਆ ਕਿਉਂਕਿ ਉਹ ਅਤੇ ਹੋਰ ਜੋ ਉਸ ਦੇ ਨਾਲ ਸਨ ਇੰਨੀਆਂ ਮੱਛੀਆਂ ਫ਼ੜੇ ਜਾਣ ਲਈ ਹੈਰਾਨ ਸਨ। 10ਇਸੇ ਤਰ੍ਹਾਂ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਵੀ ਬੜੇ ਹੈਰਾਨ ਹੋਏ। (ਯਾਕੂਬ ਅਤੇ ਯੂਹੰਨਾ ਸ਼ਮਊਨ ਨਾਲ ਸਾਂਝਾ ਕੰਮ ਕਰਦੇ ਸਨ।)
ਯਿਸੂ ਨੇ ਸ਼ਮਊਨ ਨੂੰ ਕਿਹਾ, “ਭੈਭੀਤ ਨਾ ਹੋ! ਹੁਣ ਤੋਂ ਤੂੰ ਲੋਕਾਂ ਨੂੰ ਇਕੱਠਾ ਕਰਨ ਦਾ ਕੰਮ ਕਰੇਂਗਾ।”
11ਫ਼ੇਰ ਉਨ੍ਹਾਂ ਨੇ ਆਪਣੀਆਂ ਬੇੜੀਆਂ ਨੂੰ ਕੰਢੇ ਤੇ ਲਿਆਂਦਾ। ਅਤੇ ਉਨ੍ਹਾਂ ਨੇ ਸਭ ਕੁਝ ਪਿੱਛੇ ਛੱਡ ਦਿੱਤਾ ਅਤੇ ਯਿਸੂ ਦੇ ਮਗਰ ਹੋ ਤੁਰੇ।
ਯਿਸੂ ਦਾ ਇੱਕ ਕੋੜ੍ਹੀ ਨੂੰ ਰਾਜੀ ਕਰਨਾ
(ਮੱਤੀ 8:1-4; ਮਰਕੁਸ 1:40-45)
12ਇੱਕ ਵਾਰ ਯਿਸੂ ਇੱਕ ਨਗਰ ਵਿੱਚ ਸੀ। ਉੱਥੇ ਕੋੜ੍ਹ ਨਾਲ ਭਰਿਆ ਹੋਇਆ ਇੱਕ ਬੰਦਾ ਸੀ। ਜਦੋਂ ਉਸ ਨੇ ਯਿਸੂ ਨੂੰ ਵੇਖਿਆ ਉਹ ਯਿਸੂ ਦੇ ਪੈਰਾਂ ਤੇ ਝੁਕ ਗਿਆ ਅਤੇ ਉਸ ਨੂੰ ਬੇਨਤੀ ਕੀਤੀ, “ਪ੍ਰਭੂ, ਮੇਰੇ ਤੇ ਕਿਰਪਾ ਕਰੋ ਅਤੇ ਮੈਨੂੰ ਠੀਕ ਕਰ ਦਿਓ ਕਿਉਂਕਿ ਮੈਂ ਜਾਣਦਾ ਹਾਂ ਕਿ ਜੇ ਤੁਸੀਂ ਚਾਹੋ ਤਾਂ ਮੈਨੂੰ ਰਾਜੀ ਕਰ ਸੱਕਦੇ ਹੋਂ।”
13ਯਿਸੂ ਨੇ ਆਪਣਾ ਹੱਥ ਬਾਹਰ ਫ਼ੈਲਾਕੇ ਉਸ ਨੂੰ ਛੋਹਿਆ ਅਤੇ ਉਸ ਨੂੰ ਆਖਿਆ, “ਮੈਂ ਤੈਨੂੰ ਰਾਜੀ ਕਰਨਾ ਚਾਹੁੰਦਾ ਹਾਂ, ਰਾਜੀ ਹੋ ਜਾ!” ਤੁਰੰਤ ਹੀ ਕੋੜ੍ਹ ਗਾਇਬ ਹੋ ਗਿਆ। 14ਤਦ ਯਿਸੂ ਨੇ ਕਿਹਾ, “ਕਿਸੇ ਕੋਲ ਵੀ ਇਸ ਬਾਰੇ ਜ਼ਿਕਰ ਨਾ ਕਰੀਂ ਜਾਜਕ ਕੋਲ ਜਾਕੇ ਆਪਣੇ-ਆਪ ਨੂੰ ਵਿਖਾ ਅਤੇ ਜਿਵੇਂ ਮੂਸਾ ਨੇ ਹੁਕਮ ਦਿੱਤਾ ਜਾਕੇ ਭੇਂਟ ਚੜ੍ਹਾ। ਇੰਝ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਤੂੰ ਰਾਜੀ ਹੋ ਗਿਆ ਹੈ।”#5:14 ਦੇਖੋ ਲੇਵੀਆਂ. 14:1-32
15ਪਰ ਯਿਸੂ ਦੀ ਚਰਚਾ ਵੱਧ ਤੋਂ ਵੱਧ ਫ਼ੈਲਦੀ ਗਈ। ਲੋਕਾਂ ਦੀ ਭੀੜ ਉਸ ਦੇ ਉਪਦੇਸ਼ ਸੁਨਣ ਅਤੇ ਆਪਣੇ ਰੋਗਾਂ ਤੋਂ ਰਾਜੀ ਹੋਣ ਲਈ ਉਸ ਕੋਲ ਆਈ। 16ਪਰ ਅਕਸਰ ਯਿਸੂ ਇੱਕਾਂਤ ਵਾਲੀਆਂ ਥਾਵਾਂ ਤੇ ਪ੍ਰਾਰਥਨਾ ਕਰਨ ਲਈ ਚੱਲਿਆ ਜਾਂਦਾ ਸੀ।
ਯਿਸੂ ਦਾ ਇੱਕ ਅਧਰੰਗੀ ਨੂੰ ਠੀਕ ਕਰਨਾ
(ਮੱਤੀ 9:1-8; ਮਰਕੁਸ 2:1-12)
17ਇੱਕ ਦਿਨ ਯਿਸੂ ਜਦੋਂ ਲੋਕਾਂ ਨੂੰ ਉਪਦੇਸ਼ ਦੇ ਰਿਹਾ ਸੀ ਤਾਂ ਫ਼ਰੀਸੀ, ਅਤੇ ਕੁਝ ਨੇਮ ਦੇ ਉਪਦੇਸ਼ਕ ਵੀ ਉੱਥੇ ਬੈਠੇ ਹੋਏ ਸਨ। ਉਹ ਗਲੀਲ ਅਤੇ ਯਹੂਦਿਯਾ ਦੇ ਹਰ ਨਗਰ ਤੋਂ ਅਤੇ ਯਰੂਸ਼ਲਮ ਤੋਂ ਵੀ ਆਏ ਸਨ। ਲੋਕਾਂ ਨੂੰ ਚੰਗਾ ਕਰਨ ਲਈ, ਪ੍ਰਭੂ ਦੀ ਸ਼ਕਤੀ ਉਸ ਦੇ ਨਾਲ ਸੀ। 18ਉੱਥੇ ਇੱਕ ਮਨੁੱਖ ਸੀ ਜਿਸ ਨੂੰ ਅਧਰੰਗ ਹੋਇਆ ਸੀ। ਕੁਝ ਲੋਕ ਉਸ ਨੂੰ ਮੰਜੀ ਤੇ ਚੁੱਕ ਕੇ ਲਿਆਏ। ਉਹ ਆਦਮੀ ਚਾਹੁੰਦੇ ਸਨ ਕਿ ਉਹ ਇਸ ਅਧਰੰਗੀ ਨੂੰ ਅੰਦਰ ਲੈਜਾਕੇ ਯਿਸੂ ਦੇ ਸਾਹਮਣੇ ਰੱਖਣ। 19ਪਰ ਉੱਥੇ ਇੰਨੀ ਭੀੜ ਸੀ ਕਿ ਜਦ ਉਨ੍ਹਾਂ ਨੂੰ ਅੰਦਰ ਜਾਣ ਦਾ ਕੋਈ ਢੰਗ ਨਾ ਦਿਸਿਆ ਫ਼ਿਰ ਉਹ ਛੱਤ ਉੱਤੇ ਚੜ੍ਹ੍ਹੇ ਅਤੇ ਉਨ੍ਹਾਂ ਨੇ ਕੁਝ ਖਪਰੈਲਾਂ ਕੱਢੀਆਂ ਅਤੇ ਭੀੜ ਦੇ ਵਿੱਚਕਾਰ ਅਤੇ ਠੀਕ ਯਿਸੂ ਦੇ ਸਾਹਮਣੇ ਉਸ ਬਿਮਾਰ ਮਨੁੱਖ ਨੂੰ ਉਸ ਦੇ ਬਿਸਤਰੇ ਸਮੇਤ ਹੇਠਾਂ ਲਾਹ ਦਿੱਤਾ। 20ਯਿਸੂ ਨੇ ਉਨ੍ਹਾਂ ਦਾ ਵਿਸ਼ਵਾਸ ਵੇਖਕੇ ਬਿਮਾਰ ਮਨੁੱਖ ਨੂੰ ਕਿਹਾ, “ਮਿੱਤਰ, ਤੇਰੇ ਪਾਪ ਬਖਸ਼ੇ ਗਏ ਹਨ।”
21ਯਹੂਦੀ, ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਆਪਸ ਵਿੱਚ ਸੋਚਿਆ, “ਇਹ ਕੌਣ ਆਦਮੀ ਹੈ ਜੋ ਪਰਮੇਸ਼ੁਰ ਦੇ ਖਿਲਾਫ਼ ਬੋਲ ਰਿਹਾ ਹੈ? ਕਿਉਂਕਿ ਕੇਵਲ ਪਰਮੇਸ਼ੁਰ ਹੀ ਪਾਪ ਮਾਫ਼ ਕਰ ਸੱਕਦਾ ਹੈ।”
22ਯਿਸੂ ਉਨ੍ਹਾਂ ਦੀ ਸੋਚਾਂ ਨੂੰ ਜਾਣਦਾ ਸੀ ਤਾਂ ਉਸ ਨੇ ਕਿਹਾ, “ਤੁਹਾਡੇ ਮਨ ਵਿੱਚ ਅਜਿਹੇ ਵਿੱਚਾਰ ਕਿਉਂ ਪੈਦਾ ਹੋ ਰਹੇ ਹਨ? 23ਕਿਹੜੀ ਗੱਲ ਸੌਖੀ ਹੈ? ਇਹ ਆਖਣਾ ‘ਤੇਰੇ ਪਾਪ ਮਾਫ਼ ਹੋ ਗਏ ਹਨ’, ‘ਜਾਂ ਉੱਠ ਅਤੇ ਚੱਲ।’ 24ਪਰ ਮੈਂ ਤੁਹਾਨੂੰ ਇਹ ਸਬੂਤ ਦਿਆਂਗਾ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ।” ਤਾਂ ਉਸ ਨੇ ਅਧਰੰਗੀ ਮਨੁੱਖ ਨੂੰ ਆਖਿਆ। “ਮੈਂ ਤੈਨੂੰ ਕਹਿੰਦਾ ਹਾਂ, ਖੜ੍ਹਾ ਹੋ ਆਪਣਾ ਬਿਸਤਰਾ ਚੁੱਕ ਅਤੇ ਘਰ ਨੂੰ ਜਾ।”
25ਤਾਂ ਉਹ ਮਨੁੱਖ ਤੁਰੰਤ ਹੀ ਉਨ੍ਹਾਂ ਸਾਹਮਣੇ ਉੱਠ ਖਲੋਇਆ। ਉਸ ਨੇ ਆਪਣਾ ਬਿਸਤਰਾ ਚੁੱਕਿਆ ਅਤੇ ਪਰਮੇਸ਼ੁਰ ਦੀ ਉਸਤਤਿ ਕਰਦਾ ਹੋਇਆ ਘਰ ਨੂੰ ਚੱਲਾ ਗਿਆ। 26ਉਹ ਹੈਰਾਨ ਸਨ ਅਤੇ ਉਨ੍ਹਾਂ ਨੇ ਪੂਰੀ ਇੱਜਤ ਨਾਲ ਪਰਮੇਸ਼ੁਰ ਦੀ ਉਸਤਤਿ ਕੀਤੀ। ਉਨ੍ਹਾਂ ਨੇ ਆਖਿਆ, “ਅੱਜ ਅਸੀਂ ਹੈਰਾਨੀ ਭਰੀਆਂ ਗੱਲਾਂ ਵੇਖਿਆਂ ਹਨ।”
ਲੇਵੀ ਯਿਸੂ ਮਗਰ ਹੋ ਪਿਆ
(ਮੱਤੀ 9:9-13; ਮਰਕੁਸ 2:13-17)
27ਇਸਤੋਂ ਬਾਦ ਯਿਸੂ ਬਾਹਰ ਗਿਆ ਉਸ ਨੇ ਇੱਕ ਮਸੂਲੀਏ ਲੇਵੀ ਨੂੰ ਮਸੂਲ ਦੀ ਚੌਕੀਂ ਤੇ ਬੈਠੇ ਵੇਖਿਆ। ਯਿਸੂ ਨੇ ਉਸ ਨੂੰ ਕਿਹਾ, “ਮੇਰੇ ਪਿੱਛੇ ਹੋ ਤੁਰ!” 28ਲੇਵੀ ਸਭ ਕੁਝ ਛੱਡ ਕੇ ਉਸ ਦੇ ਪਿੱਛੇ ਹੋ ਤੁਰਿਆ।
29ਲੇਵੀ ਨੇ ਆਪਣੇ ਘਰ ਵਿੱਚ ਯਿਸੂ ਲਈ ਇੱਕ ਵੱਡੀ ਦਾਵਤ ਦਾ ਇੰਤਜਾਮ ਕੀਤਾ। ਖਾਣੇ ਦੀ ਮੇਜ ਤੇ ਕਾਫ਼ੀ ਸਾਰੇ ਮਸੂਲੀਏ ਅਤੇ ਕੁਝ ਹੋਰ ਵੀ ਲੋਕ ਇੱਕਤਰ ਹੋਏ ਸਨ। 30ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਯਿਸੂ ਦੇ ਚੇਲਿਆਂ ਨੂੰ ਸ਼ਿਕਾਇਤ ਕੀਤੀ “ਤੁਸੀਂ ਮਸੂਲੀਆਂ ਅਤੇ ਪਾਪੀਆਂ ਨਾਲ ਕਿਉਂ ਖਾ-ਪੀ ਰਹੇ ਹੋ?”
31ਯਿਸੂ ਨੇ ਉਨ੍ਹਾਂ ਨੂੰ ਆਖਿਆ, “ਇਹ ਬਿਮਾਰ ਮਨੁੱਖ ਹਨ, ਜਿਨ੍ਹਾਂ ਨੂੰ ਵੈਦ ਦੀ ਜ਼ਰੂਰਤ ਹੈ ਨਾ ਕਿ ਤੰਦਰੁਸਤਾਂ ਨੂੰ। 32ਮੈਂ ਪਾਪੀਆਂ ਨੂੰ ਉਨ੍ਹਾਂ ਦੇ ਦਿਲ ਅਤੇ ਜੀਵਨ ਬਦਲਣ ਲਈ ਆਖਣ ਲਈ ਆਇਆ ਹਾਂ, ਨਾ ਕਿ ਧਰਮੀਆਂ ਨੂੰ।”
ਯਿਸੂ ਦਾ ਵਰਤ ਬਾਰੇ ਸਵਾਲ ਦਾ ਜਵਾਬ ਦੇਣਾ
(ਮੱਤੀ 9:14-17; ਮਰਕੁਸ 2:18-22)
33ਉਨ੍ਹਾਂ ਨੇ ਯਿਸੂ ਨੂੰ ਕਿਹਾ, “ਯੂਹੰਨਾ ਦੇ ਚੇਲੇ ਵੀ ਆਮ ਤੌਰ ਤੇ ਫ਼ਰੀਸੀਆਂ ਦੇ ਚੇਲਿਆਂ ਵਾਂਗ ਵਰਤ ਰੱਖਦੇ ਅਤੇ ਪ੍ਰਾਰਥਨਾ ਕਰਦੇ ਸਨ, ਪਰ ਤੇਰੇ ਚੇਲੇ ਹਰ ਵਕਤ ਖਾਂਦੇ-ਪੀਂਦੇ ਰਹਿੰਦੇ ਹਨ।”
34ਯਿਸੂ ਨੇ ਉਨ੍ਹਾਂ ਨੂੰ ਆਖਿਆ, “ਕੀ ਤੁਸੀਂ ਲਾੜੇ ਦੇ ਦੋਸਤਾਂ ਤੋਂ ਵਰਤ ਰੱਖਵਾ ਸੱਕਦੇ ਹੋ ਜਦੋਂ ਤੱਕ ਕਿ ਲਾੜਾ ਉਨ੍ਹਾਂ ਦੇ ਨਾਲ ਹੁੰਦਾ ਹੈ? 35ਪਰ ਵਕਤ ਆਵੇਗਾ ਜਦੋਂ ਲਾੜਾ ਉਨ੍ਹਾਂ ਤੋਂ ਲੈ ਲਿਆ ਜਾਵੇਗਾ। ਉਸ ਵਕਤ ਉਹ ਵਰਤ ਰੱਖਣਗੇ।”
36ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਇਆ, “ਕੋਈ ਵੀ ਮਨੁੱਖ ਨਵੇਂ ਕੱਪੜੇ ਦੀ ਟਾਕੀ ਪਾੜਕੇ ਪੁਰਾਣੇ ਕੱਪੜੇ ਉੱਤੇ ਨਹੀਂ ਲਾਉਂਦਾ। ਜੇਕਰ ਉਹ ਇਹ ਕਰਦਾ ਹੈ ਤਾਂ ਉਹ ਨਵੀਂ ਪੁਸ਼ਾਕ ਨੂੰ ਖਰਾਬ ਕਰ ਲਵੇਗਾ, ਪਰ ਹਾਂ ਨਵੀਂ ਪੁਸ਼ਾਕ ਦੀ ਟਾਕੀ ਵੀ ਪੁਰਾਣੀ ਪੋਸ਼ਾਕ ਤੇ ਮੇਲ ਨਹੀਂ ਖਾਂਦੀ। 37ਲੋਕ ਨਵੀਂ ਮੈਅ ਨੂੰ ਕਦੇ ਵੀ ਪੁਰਾਣੀ ਮਸ਼ਕਾਂ ਵਿੱਚ ਨਹੀਂ ਪਾਉਂਦੇ। ਕਿਉਂ? ਕਿਉਂਕਿ ਨਵੀਂ ਮੈਅ ਪੁਰਾਣੀਆਂ ਮਸ਼ਕਾਂ ਨੂੰ ਪਾੜ ਦੇਵੇਗੀ ਅਤੇ ਮੈਅ ਉਨ੍ਹਾਂ ਵਿੱਚੋਂ ਡੁਲ੍ਹ ਜਾਵੇਗੀ ਅਤੇ ਮਸ਼ਕਾਂ ਨਸ਼ਟ ਹੋ ਜਾਣਗੀਆਂ। 38ਇਸੇ ਲਈ ਲੋਕ ਨਵੀਂ ਮੈਅ ਹਮੇਸ਼ਾ ਨਵੀਆਂ ਮਸ਼ਕਾਂ ਵਿੱਚ ਭਰਦੇ ਹਨ। 39ਅਤੇ ਪੁਰਾਣੀ ਮੈਅ ਪੀਕੇ ਨਵੀਂ ਕੋਈ ਨਹੀਂ ਚਾਹੁੰਦਾ। ਕਿਉਂ? ਕਿਉਂਕਿ ਉਹ ਆਖਦਾ ਹੈ ਕਿ, ‘ਪੁਰਾਣੀ ਮੈਅ ਹੀ ਵੱਧੀਆ ਹੈ।’”
Chwazi Kounye ya:
ਲੂਕਾ ਦੀ ਇੰਜੀਲ 5: PERV
Pati Souliye
Pataje
Kopye
Ou vle gen souliye ou yo sere sou tout aparèy ou yo? Enskri oswa konekte
Punjabi Holy Bible: Easy-to-Read Version
All rights reserved.
© 2002 Bible League International