ਉਤਪਤ 26

26
ਇਸਹਾਕ ਅਬੀਮਲਕ ਨਾਲ ਝੂਠ ਬੋਲਦਾ ਹੈ
1ਇੱਕ ਵਾਰੀ ਅਕਾਲ ਪੈ ਗਿਆ। ਇਹ ਉਸੇ ਤਰ੍ਹਾਂ ਦਾ ਅਕਾਲ ਸੀ ਜਿਹੋ ਜਿਹਾ ਅਬਰਾਹਾਮ ਦੇ ਜੀਵਨ ਕਾਲ ਦੌਰਾਨ ਪਿਆ ਸੀ। ਇਸ ਲਈ ਇਸਹਾਕ ਗਰਾਰ ਦੇ ਕਸਬੇ ਵੱਲ, ਫ਼ਲਿਸਤੀ ਲੋਕਾਂ ਦੇ ਰਾਜੇ ਅਬੀਮਲਕ ਵੱਲ ਗਿਆ। 2ਯਹੋਵਾਹ ਨੇ ਇਸਹਾਕ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, “ਮਿਸਰ ਵਿੱਚ ਨਾ ਜਾ। ਉਸੇ ਧਰਤੀ ਉੱਤੇ ਰਹਿ ਜਿਸ ਉੱਤੇ ਰਹਿਣ ਦਾ ਮੈਂ ਤੈਨੂੰ ਆਦੇਸ਼ ਦਿੱਤਾ ਸੀ। 3ਉਸੇ ਧਰਤੀ ਉੱਤੇ ਰਹਿ, ਮੈਂ ਤੇਰੇ ਨਾਲ ਹੋਵਾਂਗਾ। ਮੈਂ ਤੈਨੂੰ ਅਸੀਸ ਦੇਵਾਂਗਾ। ਮੈਂ ਤੈਨੂੰ ਅਤੇ ਤੇਰੇ ਉੱਤਰਾਧਿਕਾਰੀਆਂ ਨੂੰ ਇਹ ਸਾਰੀਆਂ ਜ਼ਮੀਨਾਂ ਦਿਆਂਗਾ। ਮੈਂ ਤੇਰੇ ਪਿਉ ਅਬਰਾਹਾਮ ਨਾਲ ਕੀਤੇ ਆਪਣੇ ਇਕਰਾਰ ਨੂੰ ਪੂਰਾ ਕਰਾਂਗਾ। 4ਅਤੇ ਮੈਂ ਆਕਾਸ਼ ਵਿੱਚਲੇ ਤਾਰਿਆਂ ਵਾਂਗ ਤੈਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿਆਂਗਾ। ਮੈਂ ਇਹ ਸਾਰੀਆਂ ਜ਼ਮੀਨਾਂ ਤੇਰੇ ਉੱਤਰਾਧਿਕਾਰੀਆਂ ਨੂੰ ਦਿਆਂਗਾ। ਦੁਨੀਆਂ ਦੀਆਂ ਸਾਰੀਆਂ ਕੌਮਾਂ ਤੇਰੇ ਉੱਤਰਾਧਿਕਾਰੀਆਂ ਰਾਹੀਂ ਅਸੀਸਮਈ ਹੋਣਗੀਆਂ। 5ਮੈਂ ਅਜਿਹਾ ਇਸ ਲਈ ਕਰਾਂਗਾ ਕਿਉਂਕਿ ਤੇਰੇ ਪਿਤਾ ਅਬਰਾਹਾਮ ਨੇ ਮੇਰਾ ਹੁਕਮ ਮੰਨਿਆ ਸੀ ਅਤੇ ਉਵੇਂ ਕੀਤਾ ਜਿਵੇਂ ਮੈਂ ਆਖਿਆ ਸੀ। ਅਬਰਾਹਾਮ ਨੇ ਮੇਰੇ ਹੁਕਮ, ਮੇਰੇ ਨਿਆਵਾਂ ਅਤੇ ਮੇਰੀਆਂ ਬਿਧੀਆਂ ਮੰਨੀਆਂ।”
6ਇਸ ਲਈ ਇਸਹਾਕ ਗਰਾਰ ਵਿੱਚ ਟਿਕ ਗਿਆ ਅਤੇ ਓੱਥੇ ਰਹਿਣ ਲੱਗਾ। 7ਇਸਹਾਕ ਦੀ ਪਤਨੀ ਰਿਬਕਾਹ ਬਹੁਤ ਸੁੰਦਰ ਸੀ। ਉਸ ਥਾਂ ਦੇ ਲੋਕਾਂ ਨੇ ਇਸਹਾਕ ਨੂੰ ਰਿਬਕਾਹ ਬਾਰੇ ਪੁੱਛਿਆ। ਇਸਹਾਕ ਨੇ ਆਖਿਆ, “ਇਹ ਮੇਰੀ ਭੈਣ ਹੈ।” ਇਸਹਾਕ ਇਹ ਦੱਸਣੋ ਡਰਦਾ ਸੀ ਕਿ ਰਿਬਕਾਹ ਉਸ ਦੀ ਪਤਨੀ ਸੀ। ਇਸਹਾਕ ਡਰਦਾ ਸੀ ਕਿ ਰਿਬਕਾਹ ਨੂੰ ਹਾਸਿਲ ਕਰਨ ਦੀ ਖਾਤਿਰ ਲੋਕ ਉਸ ਨੂੰ ਮਾਰ ਦੇਣਗੇ।
8ਜਦੋਂ ਇਸਹਾਕ ਉੱਥੇ ਲੰਮੇ ਸਮੇਂ ਤੀਕ ਰਹਿ ਚੁੱਕਿਆ ਸੀ ਤਾਂ ਅਬੀਮਲਕ ਨੇ ਆਪਣੀ ਖਿੜਕੀ ਵਿੱਚੋਂ ਬਾਹਰ ਝਾਕਿਆ ਅਤੇ ਉਸ ਨੇ ਦੇਖਿਆ ਕਿ ਇਸਹਾਕ ਆਪਣੀ ਪਤਨੀ ਨਾਲ ਕਲੋਲ ਕਰ ਰਿਹਾ ਸੀ। 9ਅਬੀਮਲਕ ਨੇ ਇਸਹਾਕ ਨੂੰ ਬੁਲਾਇਆ ਅਤੇ ਪੁੱਛਿਆ, “ਇਹ ਔਰਤ ਤਾਂ ਤੇਰੀ ਪਤਨੀ ਹੈ। ਤੂੰ ਸਾਨੂੰ ਇਹ ਕਿਉਂ ਆਖਿਆ ਕਿ ਇਹ ਤੇਰੀ ਭੈਣ ਹੈ?”
ਇਸਹਾਕ ਨੇ ਉਸ ਨੂੰ ਆਖਿਆ, “ਮੈਂ ਇਸ ਗੱਲੋਂ ਡਰਦਾ ਸੀ ਕਿ ਤੂੰ ਮੈਨੂੰ ਮਾਰ ਦੇਵੇਂਗਾ ਤਾਂ ਜੋ ਤੂੰ ਉਸ ਨੂੰ ਹਾਸਿਲ ਕਰ ਸੱਕੇਂ।”
10ਅਬੀਮਲਕ ਨੇ ਉਸ ਨੂੰ ਆਖਿਆ, “ਤੂੰ ਸਾਡੇ ਨਾਲ ਮਾੜੀ ਗੱਲ ਕੀਤੀ ਹੈ। ਹੋ ਸੱਕਦਾ ਹੈ ਸਾਡੇ ਬੰਦਿਆਂ ਵਿੱਚੋਂ ਕੋਈ ਤੇਰੀ ਪਤਨੀ ਨਾਲ ਸੌਂ ਜਾਂਦਾ। ਤਾਂ ਉਸ ਨੇ ਬਹੁਤ ਵੱਡੇ ਪਾਪ ਦਾ ਭਾਗੀ ਹੋਣਾ ਸੀ।”
11ਇਸ ਲਈ ਅਬੀਮਲਕ ਨੇ ਸਾਰੇ ਲੋਕਾਂ ਨੂੰ ਚਿਤਾਵਨੀ ਦਿੱਤੀ। ਉਸ ਨੇ ਆਖਿਆ, “ਕਿਸੇ ਬੰਦੇ ਨੂੰ ਵੀ ਇਸ ਆਦਮੀ ਜਾਂ ਔਰਤ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਜੇ ਕੋਈ ਬੰਦਾ ਇਨ੍ਹਾਂ ਨੂੰ ਤੰਗ ਕਰੇਗਾ ਤਾਂ ਉਸ ਬੰਦੇ ਨੂੰ ਮਾਰ ਦਿੱਤਾ ਜਾਵੇਗਾ।”
ਇਸਹਾਕ ਦਾ ਅਮੀਰ ਹੋ ਜਾਣਾ
12ਇਸਹਾਕ ਨੇ ਉਸ ਥਾਂ ਖੇਤ ਬੀਜੇ ਅਤੇ ਉਸ ਸਾਲ ਉਸ ਨੂੰ ਬਹੁਤ ਚੰਗੀ ਫ਼ਸਲ ਪ੍ਰਾਪਤ ਹੋਈ। ਯਹੋਵਾਹ ਨੇ ਉਸ ਉੱਤੇ ਬਹੁਤ ਬਖਸ਼ਿਸ਼ ਕੀਤੀ। 13ਇਸਹਾਕ ਅਮੀਰ ਹੋ ਗਿਆ। ਉਸ ਨੇ ਹੋਰ ਵੱਧੇਰੇ ਦੌਲਤ ਜਮ੍ਹਾਂ ਕੀਤੀ ਜਦੋਂ ਤੱਕ ਕਿ ਉਹ ਬਹੁਤ ਅਮੀਰ ਨਹੀਂ ਹੋ ਗਿਆ। 14ਉਸ ਕੋਲ ਬੱਕਰੀਆਂ ਦੇ ਇੱਜੜ ਅਤੇ ਡੰਗਰਾਂ ਦੇ ਇੱਜੜ ਸਨ। ਉਸ ਕੋਲ ਬਹੁਤ ਸਾਰੇ ਗੁਲਾਮ ਵੀ ਸਨ। ਸਾਰੇ ਫ਼ਲਿਸਤੀ ਉਸ ਨਾਲ ਈਰਖਾ ਕਰਦੇ ਸਨ। 15ਇਸ ਲਈ ਫ਼ਲਿਸਤੀ ਲੋਕਾਂ ਨੇ ਉਹ ਸਾਰੇ ਖੂਹ ਤਬਾਹ ਕਰ ਦਿੱਤੇ ਜਿਹੜੇ ਉਸ ਦੇ ਪਿਤਾ ਅਬਰਾਹਾਮ ਅਤੇ ਉਸ ਦੇ ਨੌਕਰਾਂ ਨੇ ਬਹੁਤ ਵਰ੍ਹੇ ਪਹਿਲਾਂ ਪੁੱਟੇ ਸਨ। ਫ਼ਲਿਸਤੀਆਂ ਨੇ ਉਹ ਖੂਹ ਮਿੱਟੀ ਨਾਲ ਭਰ ਦਿੱਤੇ। 16ਅਤੇ ਅਬੀਮਲਕ ਨੇ ਇਸਹਾਕ ਨੂੰ ਆਖਿਆ, “ਸਾਡਾ ਦੇਸ਼ ਛੱਡ ਜਾਹ। ਤੂੰ ਸਾਡੇ ਨਾਲੋਂ ਵੀ ਵੱਧੇਰੇ ਤਾਕਤਵਰ ਹੋ ਗਿਆ ਹੈਂ।”
17ਇਸ ਲਈ ਇਸਹਾਕ ਨੇ ਉਹ ਥਾਂ ਛੱਡ ਦਿੱਤੀ ਅਤੇ ਗਰਾਰ ਦੀ ਛੋਟੀ ਨਦੀ ਦੇ ਕੰਢੇ ਡੇਰਾ ਲਾ ਲਿਆ। ਇਸਹਾਕ ਉੱਥੇ ਟਿਕ ਗਿਆ ਅਤੇ ਰਹਿਣ ਲੱਗਾ। 18ਇਸ ਤੋਂ ਢੇਰ ਸਾਰਾ ਸਮਾਂ ਪਹਿਲਾਂ, ਅਬਰਾਹਾਮ ਨੇ ਬਹੁਤ ਸਾਰੇ ਖੂਹ ਪੁੱਟੇ ਸਨ। ਅਬਰਾਹਾਮ ਦੇ ਦੇਹਾਂਤ ਤੋਂ ਮਗਰੋਂ ਫ਼ਲਿਸਤੀਆਂ ਨੇ ਖੁਹਾਂ ਨੂੰ ਮਿੱਟੀ ਨਾਲ ਪੂਰ ਦਿੱਤਾ। ਇਸ ਲਈ ਇਸਹਾਕ ਵਾਪਸ ਗਿਆ ਅਤੇ ਉਸ ਨੇ ਉਹ ਖੂਹ ਫ਼ੇਰ ਪੁੱਟ ਲਏ। ਇਸਹਾਕ ਨੇ ਉਨ੍ਹਾਂ ਨੂੰ ਉਹੀ ਨਾਮ ਦਿੱਤੇ ਜਿਹੜੇ ਉਸ ਦੇ ਪਿਤਾ ਨੇ ਦਿੱਤੇ ਸਨ। 19ਇਸਹਾਕ ਦੇ ਨੌਕਰਾਂ ਨੇ ਵੀ ਛੋਟੀ ਨਦੀ ਦੇ ਕੰਢੇ ਇੱਕ ਖੂਹ ਪੁਟਿਆ। ਉਸ ਖੂਹ ਵਿੱਚੋਂ ਪਾਣੀ ਦਾ ਚਸ਼ਮਾ ਵਗ ਤੁਰਿਆ। 20ਪਰ ਉਹ ਲੋਕ ਜਿਹੜੇ ਗਰਾਰ ਦੀ ਵਾਦੀ ਵਿੱਚ ਇੱਜੜ ਚਾਰਦੇ ਸਨ ਉਹ ਇਸਹਾਕ ਦੇ ਨੌਕਰਾਂ ਨਾਲ ਝਗੜਨ ਲੱਗੇ। ਉਨ੍ਹਾਂ ਨੇ ਆਖਿਆ, “ਇਹ ਪਾਣੀ ਸਾਡਾ ਹੈ।” ਇਸ ਲਈ ਇਸਹਾਕ ਨੇ ਉਸ ਖੂਹ ਦਾ ਨਾਂ ਏਸੱਕ ਧਰ ਦਿੱਤਾ। ਉਸ ਨੇ ਇਹ ਨਾਮ ਇਸ ਨੂੰ ਇਸ ਵਾਸਤੇ ਦਿੱਤਾ ਕਿਉਂਕਿ ਇਹੀ ਥਾਂ ਸੀ ਜਿੱਥੇ ਉਨ੍ਹਾਂ ਲੋਕਾਂ ਨੇ ਉਸ ਨਾਲ ਝਗੜਾ ਕੀਤਾ ਸੀ।
21ਫ਼ੇਰ ਇਸਹਾਕ ਦੇ ਨੌਕਰਾਂ ਨੇ ਇੱਕ ਹੋਰ ਖੂਹ ਪੁਟਿਆ। ਉਸ ਥਾਂ ਦੇ ਲੋਕ ਵੀ ਉਸ ਖੂਹ ਕਾਰਣ ਝਗੜਨ ਲੱਗੇ। ਇਸ ਲਈ ਇਸਹਾਕ ਨੇ ਉਸ ਖੂਹ ਦਾ ਨਾਮ ਰੱਖਿਆ “ਸਿਟਨਾ”।
22ਇਸਹਾਕ ਉਸ ਥਾਂ ਤੋਂ ਪਰ੍ਹਾਂ ਹਟ ਗਿਆ ਅਤੇ ਇੱਕ ਹੋਰ ਖੂਹ ਪੁੱਟਿਆ। ਕੋਈ ਵੀ ਆਦਮੀ ਉਸ ਖੂਹ ਬਾਰੇ ਉਸ ਨਾਲ ਝਗੜਾ ਕਰਨ ਲਈ ਨਹੀਂ ਆਇਆ। ਇਸ ਲਈ ਇਸਹਾਕ ਨੇ ਉਸ ਖੂਹ ਦਾ ਨਾਮ ਰਹੋਬੋਥ ਰੱਖ ਦਿੱਤਾ। ਇਸਹਾਕ ਨੇ ਆਖਿਆ, “ਹੁਣ ਯਹੋਵਾਹ ਨੇ ਸਾਡੇ ਲਈ ਥਾਂ ਲੱਭ ਲਈ ਹੈ। ਅਸੀਂ ਇਸ ਥਾਂ ਵੱਧਾ-ਫ਼ੁੱਲਾਂਗੇ ਅਤੇ ਸਫ਼ਲ ਹੋਵਾਂਗੇ।”
23ਉਸ ਥਾਂ ਤੋਂ ਇਸਹਾਕ ਬਏਰਸਬਾ ਚੱਲਾ ਗਿਆ। 24ਯਹੋਵਾਹ ਨੇ ਉਸ ਰਾਤ ਇਸਹਾਕ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, “ਮੈਂ ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ੁਰ ਹਾਂ। ਭੈਭੀਤ ਨਾ ਹੋ। ਮੈਂ ਤੇਰੇ ਨਾਲ ਹਾਂ ਅਤੇ ਮੈਂ ਤੇਰੇ ਉੱਤੇ ਬਖਸ਼ਿਸ਼ ਕਰਾਂਗਾ। ਮੈਂ ਤੇਰੇ ਪਰਿਵਾਰ ਨੂੰ ਮਹਾਨ ਬਣਾ ਦਿਆਂਗਾ। ਮੈਂ ਅਜਿਹਾ ਆਪਣੇ ਦਾਸ ਅਬਰਾਹਾਮ ਸਦਕਾ ਕਰਾਂਗਾ।” 25ਇਸ ਲਈ ਇਸਹਾਕ ਨੇ ਉੱਥੇ ਇੱਕ ਜਗਵੇਦੀ ਉਸਾਰੀ ਅਤੇ ਉਸ ਥਾਂ ਯਹੋਵਾਹ ਦੀ ਉਪਾਸਨਾ ਕੀਤੀ। ਇਸਹਾਕ ਨੇ ਉੱਥੇ ਡੇਰਾ ਲਾ ਲਿਆ ਅਤੇ ਉਸ ਦੇ ਨੌਕਰਾਂ ਨੇ ਇੱਕ ਖੂਹ ਪੁੱਟਿਆ।
26ਅਬੀਮਲਕ ਗਰਾਰ ਤੋਂ ਇਸਹਾਕ ਨੂੰ ਮਿਲਣ ਆਇਆ। ਅਬੀਮਲਕ ਆਪਣੇ ਨਾਲ ਆਪਨੇ ਸਲਾਹਕਾਰ ਅਹੁਜ਼ਥ ਅਤੇ ਆਪਣੀ ਫ਼ੌਜ਼ ਦੇ ਕਮਾਂਡਰ ਫ਼ੀਕੋਲ ਨੂੰ ਵੀ ਲਿਆਇਆ।
27ਇਸਹਾਕ ਨੇ ਪੁੱਛਿਆ, “ਤੂੰ ਮੈਨੂੰ ਕਿਉਂ ਮਿਲਣ ਆਇਆ ਹੈ? ਪਹਿਲਾਂ ਤੂੰ ਇੰਝ ਵਿਖਾਵਾ ਕੀਤਾ ਜਿਵੇਂ ਤੂੰ ਮੈਨੂੰ ਨਫ਼ਰਤ ਕੀਤੀ। ਤੂੰ ਤਾਂ ਮੈਨੂੰ ਆਪਣੇ ਦੇਸ਼ ਵਿੱਚੋਂ ਵੀ ਬਾਹਰ ਕੱਢ ਦਿੱਤਾ ਸੀ।”
28ਉਨ੍ਹਾਂ ਨੇ ਜਵਾਬ ਦਿੱਤਾ, “ਹੁਣ ਅਸੀਂ ਜਾਣਦੇ ਹਾਂ ਕਿ ਯਹੋਵਾਹ ਤੇਰੇ ਨਾਲ ਹੈ। ਇਸ ਲਈ ਅਸੀਂ ਸੋਚਿਆ ਕਿ ਸਾਨੂੰ ਤੇਰੇ ਨਾਲ ਇੱਕ ਇਕਰਾਰਨਾਮਾ ਕਰਨਾ ਚਾਹੀਦਾ ਹੈ। 29ਇਕਰਾਰ ਕਰ ਕਿ ਤੂੰ ਸਾਨੂੰ ਨੁਕਸਾਨ ਨਹੀਂ ਪਹੁੰਚਾਵੇਂਗਾ। ਅਸੀਂ ਤੈਨੂੰ ਨੁਕਸਾਨ ਨਹੀਂ ਪਹੁੰਚਾਇਆ। ਹੁਣ ਤੈਨੂੰ ਇਕਰਾਰ ਕਰਨਾ ਚਾਹੀਦਾ ਹੈ ਕਿ ਤੂੰ ਸਾਨੂੰ ਨੁਕਸਾਨ ਨਾ ਪਹੁੰਚਾਵੇਂ। ਅਸੀਂ ਤੈਨੂੰ ਜਲਾਵਤਨ ਕੀਤਾ ਪਰ ਅਸੀਂ ਤੈਨੂੰ ਸ਼ਾਂਤੀ ਨਾਲ ਜਲਾਵਤਨ ਕੀਤਾ। ਹੁਣ ਇਹ ਗੱਲ ਸਪੱਸ਼ਟ ਹੈ ਕਿ ਯਹੋਵਾਹ ਨੇ ਤੇਰੇ ਉੱਤੇ ਬਖਸ਼ਿਸ਼ ਕੀਤੀ ਹੈ।”
30ਇਸ ਲਈ ਇਸਹਾਕ ਨੇ ਉਨ੍ਹਾਂ ਨੂੰ ਇੱਕ ਦਾਵਤ ਦਿੱਤੀ। ਉਨ੍ਹਾਂ ਸਾਰਿਆਂ ਨੇ ਭੋਜਨ ਪਾਣੀ ਛਕਿਆ। 31ਦੂਸਰੀ ਸਵੇਰ ਨੂੰ ਸੁਵੱਖਤੇ ਹੀ ਹਰ ਬੰਦੇ ਨੇ ਇਕਰਾਰ ਕੀਤਾ ਅਤੇ ਸੌਂਹ ਚੁੱਕੀ। ਫ਼ੇਰ ਉਹ ਆਦਮੀ ਸ਼ਾਂਤੀ ਨਾਲ ਚੱਲੇ ਗਏ।
32ਉਸ ਦਿਨ, ਇਸਹਾਕ ਦੇ ਨੌਕਰ ਆਏ ਅਤੇ ਉਨ੍ਹਾਂ ਨੂੰ ਆਪਣੇ ਪੁੱਟੇ ਹੋਏ ਖੂਹ ਬਾਰੇ ਦੱਸਿਆ। ਨੌਕਰਾਂ ਨੇ ਆਖਿਆ, “ਸਾਨੂੰ ਉਸ ਖੂਹ ਵਿੱਚ ਪਾਣੀ ਮਿਲਿਆ ਹੈ।” 33ਇਸ ਲਈ ਇਸਹਾਕ ਨੇ ਉਸ ਖੂਹ ਦਾ ਨਾਂ ਸ਼ਿਬਆਹ ਰੱਖ ਦਿੱਤਾ ਅਤੇ ਉਸ ਸ਼ਹਿਰ ਨੂੰ ਬਏਰਸਬਾ ਸੱਦਿਆ ਜਾਂਦਾ ਹੈ।
ਏਸਾਓ ਦੀਆਂ ਪਤਨੀਆਂ
34ਜਦੋਂ ਏਸਾਓ 40 ਵਰ੍ਹਿਆਂ ਦਾ ਹੋਇਆ ਉਸ ਨੇ ਦੋ ਹਿੱਤੀ ਔਰਤਾਂ ਨਾਲ ਵਿਆਹ ਕਰਵਾਇਆ। ਇੱਕ ਬੇਰੀ ਦੀ ਧੀ ਯਹੂਦਿਥ ਅਤੇ ਦੂਸਰੇ ਏਲੋਨ ਦੀ ਧੀ ਬਾਸਮਥ ਸੀ। 35ਇਨ੍ਹਾਂ ਸ਼ਾਦੀਆਂ ਨੇ ਰਿਬਕਾਹ ਅਤੇ ਇਸਹਾਕ ਨੂੰ ਬਹੁਤ ਦੁੱਖ ਪਹੁੰਚਾਇਆ।

Chwazi Kounye ya:

ਉਤਪਤ 26: PERV

Pati Souliye

Pataje

Kopye

None

Ou vle gen souliye ou yo sere sou tout aparèy ou yo? Enskri oswa konekte