ਰਸੂਲਾਂ 1
1
ਯਿਸ਼ੂ ਦਾ ਸਵਰਗ ਵਿੱਚ ਉਠਾਇਆ ਜਾਣਾ
1ਸਾਡੇ ਬਹੁਤ ਹੀ ਆਦਰਯੋਗ ਥਿਯੋਫਿਲਾਸ, ਜੋ ਮੈਂ ਪਿਛਲੀ ਕਿਤਾਬ#1:1 ਲੂਕਸ ਦੁਆਰਾ ਲਿਖੀ ਗਈ ਖੁਸ਼ਖ਼ਬਰੀ ਲਿਖੀ ਸੀ, ਉਸ ਵਿੱਚ ਉਹ ਸਭ ਗੱਲਾਂ ਦਾ ਜ਼ਿਕਰ ਕੀਤਾ ਜੋ ਯਿਸ਼ੂ ਨੇ ਕੰਮ ਕੀਤੇ ਅਤੇ ਸਿਖਾਉਣਾ ਸ਼ੁਰੂ ਕੀਤਾ ਸੀ 2ਉਸ ਦਿਨ ਤੱਕ ਜਦੋਂ ਉਹ ਸਵਰਗ ਵਿੱਚ ਉਠਾਇਆ ਗਿਆ ਸੀ, ਉਸ ਤੋਂ ਪਹਿਲਾਂ ਉਸ ਨੇ ਪਵਿੱਤਰ ਆਤਮਾ ਰਾਹੀਂ ਰਸੂਲਾਂ ਨੂੰ ਹੁਕਮ ਦਿੱਤਾ ਜਿਹਨਾਂ ਨੂੰ ਉਸ ਨੇ ਚੁਣਿਆ ਸੀ। 3ਆਪਣੇ ਜੀਵਨ ਦੇ ਅੰਤ ਤੱਕ ਤਸੀਹੇ ਝੱਲਣ ਤੋਂ ਬਾਅਦ, ਮਸੀਹ ਯਿਸ਼ੂ ਨੇ ਇਨ੍ਹਾਂ ਰਸੂਲਾਂ ਨੂੰ ਕਈ ਅਟੱਲ ਸਬੂਤਾਂ ਦੇ ਨਾਲ ਚਾਲੀ ਦਿਨਾਂ ਤੱਕ ਜੀਉਂਦਾ ਦਰਸ਼ਨ ਦਿੱਤਾ ਅਤੇ ਪਰਮੇਸ਼ਵਰ ਦੇ ਰਾਜ ਨਾਲ ਸੰਬੰਧਿਤ ਗੱਲਾਂ ਬਾਰੇ ਦੱਸਿਆ। 4ਇੱਕ ਮੌਕੇ ਤੇ, ਉਹ ਜਦੋਂ ਉਹਨਾਂ ਨਾਲ ਭੋਜਨ ਖਾ ਰਿਹਾ ਸੀ, ਉਸ ਨੇ ਉਹਨਾਂ ਨੂੰ ਇਹ ਆਦੇਸ਼ ਦਿੱਤਾ: “ਕਿ ਯੇਰੂਸ਼ਲੇਮ ਸ਼ਹਿਰ ਨੂੰ ਛੱਡ ਕੇ ਨਾ ਜਾਣਾ, ਪਰ ਮੇਰੇ ਪਿਤਾ ਦੁਆਰਾ ਕੀਤੇ ਵਾਅਦੇ ਦੀ ਉਡੀਕ ਕਰੋ, ਜੋ ਤੁਸੀਂ ਮੇਰੇ ਤੋਂ ਉਸ ਦੇ ਬਾਰੇ ਸੁਣਿਆ ਹੈ। 5ਯੋਹਨ ਨੇ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਹੁਣ ਥੋੜ੍ਹੇ ਦਿਨਾਂ ਬਾਅਦ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।”
6ਤਦ ਰਸੂਲ ਸਾਰੇ ਯਿਸ਼ੂ ਦੇ ਆਲੇ-ਦੁਆਲੇ ਇਕੱਠੇ ਹੋ ਗਏ ਅਤੇ ਉਸ ਨੂੰ ਪੁੱਛਿਆ, “ਹੇ ਪ੍ਰਭੂ, ਕੀ ਤੁਸੀਂ ਹੁਣ ਇਸ ਸਮੇਂ ਇਸਰਾਏਲ ਦੇ ਰਾਜ ਨੂੰ ਬਹਾਲ ਕਰੋਗੇ?”
7ਉਸ ਨੇ ਉਨ੍ਹਾਂ ਨੂੰ ਜਵਾਬ ਦਿੱਤਾ, “ਇਹ ਤੁਹਾਡਾ ਕੰਮ ਨਹੀਂ ਕਿ ਤੁਸੀਂ ਉਨ੍ਹਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ, ਜੋ ਪਿਤਾ ਨੇ ਆਪਣੇ ਅਧਿਕਾਰ ਵਿੱਚ ਰੱਖੇ ਹਨ। 8ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ; ਤੁਸੀਂ ਮੇਰੇ ਗਵਾਹ ਹੋਵੋਗੇ ਯੇਰੂਸ਼ਲੇਮ, ਅਤੇ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ, ਸਗੋਂ ਧਰਤੀ ਦੇ ਆਖਰੀ ਕੋਨੇ-ਕੋਨੇ ਤੱਕ।”
9ਇਹ ਕਹਿਣ ਤੋਂ ਬਾਅਦ, ਉਹ ਉਨ੍ਹਾਂ ਦੇ ਅੱਖਾਂ ਦੇ ਸਾਹਮਣੇ ਉਠਾਇਆ ਗਿਆ, ਅਤੇ ਇੱਕ ਬੱਦਲ ਨੇ ਉਸ ਨੂੰ ਉਨ੍ਹਾਂ ਦੀ ਨਜ਼ਰ ਤੋਂ ਓਹਲੇ ਕਰ ਦਿੱਤਾ।
10ਰਸੂਲ ਅਜੇ ਤੱਕ ਅਕਾਸ਼ ਵੱਲ ਵੇਖ ਰਹੇ ਸਨ ਜਦੋਂ ਉਹ ਉੱਪਰ ਉਠਾਇਆ ਜਾ ਰਿਹਾ ਸੀ, ਅਚਾਨਕ ਦੋ ਆਦਮੀ ਜਿਨ੍ਹਾਂ ਨੇ ਚਿੱਟੇ ਕੱਪੜੇ ਪਾਏ ਹੋਏ ਸਨ ਉਨ੍ਹਾਂ ਦੇ ਕੋਲ ਖੜ੍ਹੇ ਹੋ ਗਏ। 11ਉਨ੍ਹਾਂ ਦੋ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ, “ਹੇ ਗਲੀਲੀ ਮਨੁੱਖੋ, ਤੁਸੀਂ ਉੱਪਰ ਅਕਾਸ਼ ਵੱਲ ਕਿਉਂ ਵੇਖ ਰਹੇ ਹੋ? ਇਹ ਹੀ ਯਿਸ਼ੂ, ਜੋ ਤੁਹਾਡੇ ਕੋਲੋਂ ਸਵਰਗ ਵਿੱਚ ਉਠਾਇਆ ਜਾ ਰਿਹਾ ਹੈ, ਉਸੇ ਤਰ੍ਹਾਂ ਉਹ ਵਾਪਸ ਵੀ ਆਵੇਗਾ ਜਿਸ ਤਰ੍ਹਾਂ ਤੁਸੀਂ ਉਸ ਨੂੰ ਸਵਰਗ ਵਿੱਚ ਜਾਂਦੇ ਵੇਖ ਰਹੇ ਹੋ।”
ਯਹੂਦਾ ਦੀ ਜਗਾ ਤੇ ਮੱਤੀ ਦਾ ਚੁਣਿਆ ਜਾਣਾ
12ਤਦ ਰਸੂਲ ਉਸ ਜ਼ੈਤੂਨ ਦੇ ਪਹਾੜ ਤੋਂ ਜੋ ਯੇਰੂਸ਼ਲੇਮ ਦੇ ਨੇੜੇ ਇੱਕ ਸਬਤ ਦੇ ਦਿਨ ਦੀ ਦੂਰੀ#1:12 ਭਾਵ, ਲਗਭਗ 5/8 ਮੀਲ ਜਾਂ ਲਗਭਗ 1 ਕਿਲੋਮੀਟਰ ਤੇ ਹੈ, ਯੇਰੂਸ਼ਲੇਮ ਸ਼ਹਿਰ ਨੂੰ ਵਾਪਸ ਮੁੜੇ। 13ਅਤੇ ਜਦੋਂ ਉਹ ਪਹੁੰਚੇ, ਤਾਂ ਉਸ ਚੁਬਾਰੇ ਉੱਤੇ ਚੜ੍ਹ ਗਏ ਜਿੱਥੇ ਉਹ ਰਹਿ ਰਹੇ ਸਨ। ਉਹ ਇਹ ਹਨ ਜੋ ਉੱਥੇ ਮੌਜੂਦ ਸਨ ਅਰਥਾਤ:
ਪਤਰਸ, ਯੋਹਨ, ਯਾਕੋਬ ਅਤੇ ਆਂਦਰੇਯਾਸ;
ਫਿਲਿੱਪਾਸ ਅਤੇ ਥੋਮਸ;
ਬਾਰਥੋਲੋਮੇਯਾਸ ਅਤੇ ਮੱਤੀਯਾਹ;
ਹਲਫੇਯਾਸ ਦਾ ਪੁੱਤਰ ਯਾਕੋਬ, ਸ਼ਿਮਓਨ ਰਾਸ਼ਟਰਵਾਦੀ ਅਤੇ ਯਾਕੋਬ ਦਾ ਪੁੱਤਰ ਯਹੂਦਾਹ ਸਨ।
14ਇਹ ਸਾਰੇ ਇੱਕ ਮਨ ਹੋ ਕੇ, ਕਈ ਇਸਤ੍ਰੀਆਂ ਅਤੇ ਯਿਸ਼ੂ ਦੀ ਮਾਤਾ ਮਰਿਯਮ ਅਤੇ ਉਸ ਦੇ ਭਰਾਵਾਂ ਦੇ ਨਾਲ ਲਗਾਤਾਰ ਪ੍ਰਾਰਥਨਾ ਕਰਦੇ ਰਹੇ।
15ਉਨ੍ਹਾਂ ਦਿਨਾਂ ਵਿੱਚ ਪਤਰਸ ਭਰਾਵਾਂ ਦੇ ਵਿਚਕਾਰ ਖੜੇ ਹੋ ਕੇ ਬੋਲਿਆ, (ਜੋ ਸਾਰੇ ਮਿਲ ਕੇ ਲਗਭਗ ਇੱਕ ਸੌ ਵੀਹ ਲੋਕ ਇਕੱਠੇ ਹੋਏ ਸਨ) 16ਅਤੇ ਕਿਹਾ, “ਹੇ ਭਰਾਵੋ ਅਤੇ ਭੈਣੋ, ਪਵਿੱਤਰ ਸ਼ਾਸਤਰ ਵਿੱਚ ਕੀ ਲਿਖਿਆ ਹੈ ਜੋ ਪੂਰਾ ਹੋਣਾ ਜ਼ਰੂਰੀ ਸੀ ਪਵਿੱਤਰ ਆਤਮਾ ਨੇ ਦਾਵੀਦ ਦੀ ਜ਼ਬਾਨੀ ਯਹੂਦਾਹ ਦੇ ਬਾਰੇ ਪਹਿਲਾਂ ਤੋਂ ਹੀ ਆਖਿਆ ਸੀ, ਜਿਹੜਾ ਯਿਸ਼ੂ ਦੇ ਫੜਵਾਉਣ ਵਾਲਿਆਂ ਦਾ ਆਗੂ ਹੋਇਆ। 17ਕਿਉਂ ਜੋ ਯਹੂਦਾਹ ਸਾਡੇ ਨਾਲ ਗਿਣਿਆ ਗਿਆ ਅਤੇ ਉਸ ਨੇ ਇਸ ਸੇਵਾ ਵਿੱਚ ਹਿੱਸਾ ਪਾਇਆ ਸੀ।”
18ਇਸ ਮਨੁੱਖ ਨੇ ਬੇਈਮਾਨੀ ਦੀ ਕਮਾਈ ਨਾਲ ਇੱਕ ਖੇਤ ਮੁੱਲ ਲਿਆ ਅਤੇ ਮੂਧੇ ਮੂੰਹ ਡਿੱਗਿਆ ਅਤੇ ਉਸ ਦਾ ਢਿੱਡ ਪਾਟ ਗਿਆ ਅਤੇ ਉਹ ਦੀਆਂ ਸਾਰੀਆਂ ਆਂਦਰਾਂ ਬਾਹਰ ਆ ਗਈਆਂ। 19ਅਤੇ ਇਹ ਗੱਲ ਸਾਰੇ ਯੇਰੂਸ਼ਲੇਮ ਦੇ ਰਹਿਣ ਵਾਲੇ ਜਾਣ ਗਏ, ਐਥੋਂ ਤੱਕ ਜੋ ਉਸ ਖੇਤ ਦਾ ਨਾਮ ਉਨ੍ਹਾਂ ਦੀ ਭਾਸ਼ਾ ਅਰਾਮੀ ਵਿੱਚ ਅਕਲਦਮਾ ਪੈ ਗਿਆ, ਅਰਥਾਤ ਜਿਸ ਦਾ ਅਰਥ ਹੈ ਲਹੂ ਦਾ ਖੇਤ।
20ਪਤਰਸ ਨੇ ਅੱਗੇ ਹੋਰ ਵੀ ਆਖਿਆ, “ਕਿ ਜ਼ਬੂਰਾਂ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ:
“ ‘ਕਿ ਉਸ ਦਾ ਘਰ ਉੱਜੜ ਜਾਵੇ;
ਉਸ ਦੇ ਵਿੱਚ ਕੋਈ ਵੱਸਣ ਵਾਲਾ ਨਾ ਹੋਵੇ,’#1:20 ਜ਼ਬੂ 69:25
ਅਤੇ,
“ ‘ਉਸ ਦਾ ਅਹੁਦਾ ਕੋਈ ਹੋਰ ਲੈ ਲਵੇ।’#1:20 ਜ਼ਬੂ 109:8
21ਪਰੰਤੂ ਇਨ੍ਹਾਂ ਲੋਕਾਂ ਵਿੱਚੋਂ ਜਿਹੜੇ ਹਰ ਵੇਲੇ ਸਾਡੇ ਨਾਲ ਰਹੇ ਜਦੋਂ ਪ੍ਰਭੂ ਯਿਸ਼ੂ ਸਾਡੇ ਵਿਚਕਾਰ ਰਿਹਾ ਸੀ, 22ਯੋਹਨ ਦੇ ਬਪਤਿਸਮੇ ਤੋਂ ਲੈ ਕੇ ਉਸ ਦਿਨ ਤੱਕ ਜਦੋਂ ਯਿਸ਼ੂ ਸਾਡੇ ਕੋਲੋਂ ਉਤਾਹਾਂ ਉਠਾਇਆ ਗਿਆ ਸੀ, ਚੰਗਾ ਹੋਵੇਗਾ ਕਿ ਉਨ੍ਹਾਂ ਵਿੱਚੋਂ ਇੱਕ ਸਾਡੇ ਨਾਲ ਉਸ ਦੇ ਪੁਨਰ-ਉਥਾਨ ਦਾ ਗਵਾਹ ਹੋਵੇ।”
23ਤਦ ਉਨ੍ਹਾਂ ਨੇ ਦੋ ਮਨੁੱਖਾਂ ਨੂੰ ਖੜਾ ਕੀਤਾ: ਇੱਕ ਯੂਸੁਫ਼ ਜਿਹੜਾ ਬਰਸਬਾਸ ਅਖਵਾਉਂਦਾ ਸੀ (ਜਿਸ ਨੂੰ ਯੂਸਤੁਸ ਵੀ ਕਹਿੰਦੇ ਸਨ) ਅਤੇ ਦੂਜਾ ਮੱਥਿਯਾਸ। 24ਫਿਰ ਉਨ੍ਹਾਂ ਨੇ ਪ੍ਰਾਰਥਨਾ ਕੀਤੀ, “ਹੇ ਪ੍ਰਭੂ, ਤੂੰ ਜੋ ਸਭਨਾਂ ਦੇ ਦਿਲਾਂ ਨੂੰ ਜਾਣਦਾ ਹੈ। ਸਾਨੂੰ ਇਹ ਦਿਖਾ ਕਿ ਇਨ੍ਹਾਂ ਦੋਹਾਂ ਵਿੱਚੋਂ ਤੂੰ ਕਿਸਨੂੰ ਚੁਣਿਆ ਹੈ 25ਇਸ ਰਸੂਲਾਂ ਦੀ ਸੇਵਕਾਈ ਨੂੰ ਸੰਭਾਲਣ ਲਈ, ਜਿਸ ਨੂੰ ਯਹੂਦਾਹ ਨੇ ਛੱਡ ਦਿੱਤਾ ਤੇ ਉਹ ਉਸ ਸਜ਼ਾ ਦੀ ਜਗ੍ਹਾ ਗਿਆ ਜਿਥੇ ਦਾ ਉਹ ਹੈ।” 26ਫਿਰ ਉਨ੍ਹਾਂ ਨੇ ਪਰਚੀਆਂ ਪਾਈਆਂ, ਅਤੇ ਪਰਚੀ ਮੱਥਿਯਾਸ ਦੇ ਨਾਮ ਤੇ ਨਿੱਕਲੀ; ਇਸ ਲਈ ਉਹ ਗਿਆਰਾਂ ਰਸੂਲਾਂ ਵਿੱਚ ਸ਼ਾਮਲ ਹੋ ਗਿਆ।
Chwazi Kounye ya:
ਰਸੂਲਾਂ 1: PCB
Pati Souliye
Pataje
Kopye
Ou vle gen souliye ou yo sere sou tout aparèy ou yo? Enskri oswa konekte
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.