ਮਰਕੁਸ ਦੀ ਇੰਜੀਲ 3
3
ਯਿਸੂ ਦਾ ਟੁੰਡੇ ਦਾ ਹੱਥ ਠੀਕ ਕਰਨਾ
(ਮੱਤੀ 12:9-14; ਲੂਕਾ 6:6-11)
1ਯਿਸੂ ਫ਼ੇਰ ਪ੍ਰਾਰਥਨਾ ਸਥਾਨ ਤੇ ਗਿਆ। ਪ੍ਰਾਰਥਨਾ ਸਥਾਨ ਵਿੱਚ ਇੱਕ ਟੁੰਡਾ ਮਨੁੱਖ ਸੀ ਜਿਸਦਾ ਹੱਥ ਸੁਕਿਆ ਹੋਇਆ ਸੀ। 2ਲੋਕ ਯਿਸੂ ਨੂੰ ਕੁਝ ਗਲਤ ਗੱਲ ਕਰਦਿਆਂ ਫ਼ੜਨ ਦੀ ਤਾਕ ਵਿੱਚ ਸਨ। ਤਾਂ ਜੋ ਉਹ ਉਸ ਦੇ ਵਿਰੁੱਧ ਦੋਸ਼ ਲਾ ਸੱਕਣ। ਇਸ ਲਈ ਸਭ ਉਸ ਨੂੰ ਬੜੇ ਧਿਆਨ ਨਾਲ ਦੇਖ ਰਹੇ ਸਨ ਅਤੇ ਇਹ ਵੀ ਤਾੜ ਰਹੇ ਸਨ ਕਿ ਵੇਖੀਏ ਭਲਾ ਉਹ ਸਬਤ ਦੇ ਦਿਨ ਉਸ ਟੁੰਡੇ ਨੂੰ ਠੀਕ ਕਰੇਗਾ ਕਿ ਨਹੀਂ। 3ਯਿਸੂ ਨੇ ਉਸ ਟੁੰਡੇ ਹੱਥ ਵਾਲੇ ਮਨੁੱਖ ਨੂੰ ਕਿਹਾ, “ਤੂੰ ਇੱਥੇ ਵਿੱਚਾਲੇ ਖੜ੍ਹਾ ਹੋ, ਤਾਂ ਕਿ ਲੋਕ ਤੈਨੂੰ ਵੇਖ ਲੈਣ।”
4ਤਦ ਯਿਸੂ ਨੇ ਲੋਕਾਂ ਨੂੰ ਕਿਹਾ, “ਸਬਤ ਦੇ ਦਿਨ ਕੀ ਕਰਨਾ ਠੀਕ ਹੈ? ਚੰਗਾ ਕਰਨਾ ਜਾਂ ਬੁਰਾ ਕਰਨਾ? ਕਿਸੇ ਦੀ ਜਾਨ ਬਚਾਉਣੀ ਚੰਗੀ ਹੈ ਜਾਂ ਜਾਨੋ ਮਾਰਨਾ?” ਪਰ ਲੋਕਾਂ ਨੇ ਯਿਸੂ ਨੂੰ ਕੋਈ ਜਵਾਬ ਨਾ ਦਿੱਤਾ, ਸਭ ਚੁੱਪ ਰਹੇ।
5ਫ਼ਿਰ ਯਿਸੂ ਉਨ੍ਹਾਂ ਦੀ ਜ਼ਿਦ ਦੇ ਕਾਰਨ ਉਦਾਸ ਸੀ ਅਤੇ ਗੁੱਸੇ ਵਿੱਚ ਉਨ੍ਹਾਂ ਵੱਲ ਵੇਖਿਆ ਅਤੇ ਉਸ ਆਦਮੀ ਨੂੰ ਆਖਿਆ, “ਆਪਣਾ ਹੱਥ ਵਿਖਾ।” ਤਦ ਉਸ ਮਨੁੱਖ ਨੇ ਆਪਣਾ ਹੱਥ ਵਿਖਾਇਆ ਅਤੇ ਉਸਦਾ ਹੱਥ ਚੰਗਾ ਹੋ ਗਿਆ। 6ਤਦ ਫ਼ਰੀਸੀ ਵਿਦਾ ਹੋ ਗਏ ਅਤੇ ਹੈਰੋਦੀਆਂ ਨਾਲ ਯਿਸੂ ਨੂੰ ਮਾਰਨ ਦੀ ਵਿਉਂਤ ਬਣਾਈ।
ਕਈ ਲੋਕ ਯਿਸੂ ਦਾ ਅਨੁਸਰਣ ਕਰਦੇ ਹਨ
7ਯਿਸੂ ਆਪਣੇ ਚੇਲਿਆਂ ਨਾਲ ਝੀਲ ਵੱਲ ਤੁਰ ਪਿਆ ਅਤੇ ਬਹੁਤ ਸਾਰੇ ਲੋਕ ਗਲੀਲ ਵਿੱਚ ਉਸ ਦੇ ਮਗਰ ਹੋ ਤੁਰੇ। 8ਬਹੁਤ ਸਾਰੇ ਹੋਰ ਲੋਕ, ਜਿਨ੍ਹਾਂ ਨੇ ਯਿਸੂ ਦੀਆਂ ਕੀਤੀਆਂ ਗੱਲਾਂ ਬਾਰੇ ਸੁਣਿਆ ਸੀ, ਉਸ ਦੇ ਆਲੇ-ਦੁਆਲੇ ਇਕੱਠੇ ਹੋ ਗਏ। ਇਹ ਲੋਕ ਯਹੂਦਿਯਾ, ਯਰੂਸ਼ਲਮ, ਅਦੂਮ ਅਤੇ ਯਰਦਨ ਨਦੀ ਦੇ ਪਾਰੋਂ ਅਤੇ ਸੂਰ ਅਤੇ ਸੈਦਾ ਤੋਂ ਵੀ ਆਏ ਹੋਏ ਸਨ।
9ਜਦੋਂ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਵੇਖਿਆ ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਉਸ ਲਈ ਇੱਕ ਛੋਟੀ ਬੇੜੀ ਤਿਆਰ ਕਰਨ। ਤਾਂ ਕਿ ਕਿਤੇ ਲੋਕਾਂ ਦੀ ਭੀੜ ਉਸ ਨੂੰ ਦਬਾ ਨਾ ਲਵੇ। 10ਉਸ ਨੇ ਬਹੁਤ ਸਾਰੇ ਲੋਕਾਂ ਨੂੰ ਚੰਗਾ ਕੀਤਾ ਸੀ, ਇਸ ਲਈ ਬਿਮਾਰ ਲੋਕਾਂ ਨੇ ਉਸ ਨੂੰ ਛੂਹਣ ਲਈ ਉਸ ਦੇ ਆਲੇ-ਦੁਆਲੇ ਝੁੰਡ ਬਣਾ ਲਿਆ। 11ਕੁਝ ਲੋਕਾਂ ਅੰਦਰ ਸ਼ੈਤਾਨ ਦੇ ਭਰਿਸ਼ਟ ਆਤਮੇ ਸਨ। ਜਦੋਂ ਭਰਿਸ਼ਟ ਆਤਮਿਆਂ ਨੇ ਯਿਸੂ ਨੂੰ ਵੇਖਿਆ ਤਾਂ ਉਹ ਉਸ ਅੱਗੇ ਝੁੱਕ ਕੇ ਚੀਕਣ ਲੱਗੇ, “ਤੂੰ ਪਰਮੇਸ਼ੁਰ ਦਾ ਪੁੱਤਰ ਹੈਂ।” 12ਪਰ ਉਸ ਨੇ ਭਰਿਸ਼ਟ ਆਤਮਿਆਂ ਨੂੰ ਦ੍ਰਿੜ੍ਹਤਾ ਨਾਲ ਹੁਕਮ ਦਿੱਤਾ ਕਿ ਉਹ ਲੋਕਾਂ ਨੂੰ ਨਾ ਦੱਸਣ ਕਿ ਉਹ ਕੌਣ ਹੈ।
ਯਿਸੂ ਵੱਲੋਂ ਬਾਰ੍ਹਾਂ ਰਸੂਲਾਂ ਦਾ ਚੁਣੇ ਜਾਣਾ
(ਮੱਤੀ 10:1-4; ਲੂਕਾ 6:12-16)
13ਤਦ ਯਿਸੂ ਪਹਾੜੀ ਵੱਲ ਤੁਰ ਗਿਆ ਅਤੇ ਜਿਨ੍ਹਾਂ ਨੂੰ ਉਹ ਆਪ ਚਾਹੁੰਦਾ ਸੀ ਉਨ੍ਹਾਂ ਨੂੰ ਕੋਲ ਸੱਦਿਆ ਅਤੇ ਉਹ ਉਸ ਦੇ ਕੋਲ ਆਏ। 14ਯਿਸੂ ਨੇ ਬਾਰ੍ਹਾਂ ਬੰਦੇ ਚੁਣੇ ਅਤੇ ਉਨ੍ਹਾਂ ਨੂੰ ਰਸੂਲ ਆਖਿਆ। ਯਿਸੂ ਚਾਹੁੰਦਾ ਸੀ ਕਿ ਇਹ ਬਾਰ੍ਹਾਂ ਮਨੁੱਖ ਉਸ ਦੇ ਨਾਲ ਰਹਿਣ ਤਾਂ ਜੋ ਉਹ ਉਨ੍ਹਾਂ ਨੂੰ ਅਲੱਗ-ਅਲੱਗ ਥਾਵਾਂ ਤੇ ਪ੍ਰਚਾਰ ਕਰਨ ਲਈ ਭੇਜ ਸੱਕੇ। 15ਇਨ੍ਹਾਂ ਲੋਕਾਂ ਕੋਲ ਵੀ ਲੋਕਾਂ ਵਿੱਚੋਂ ਭੂਤ ਕੱਢਣ ਦੀ ਸ਼ਕਤੀ ਹੋਣੀ ਚਾਹੀਦੀ ਹੈ। 16ਯਿਸੂ ਨੇ ਜਿਹੜੇ ਬਾਰ੍ਹਾਂ ਰਸੂਲ ਚੁਣੇ ਉਨ੍ਹਾਂ ਦੇ ਨਾਉਂ ਸਨ:
ਸ਼ਮਊਨ, ਜਿਸਦਾ ਨਾਉਂ ਉਸ ਨੇ ਪਤਰਸ ਰੱਖਿਆ।
17ਅਤੇ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਜਿਨ੍ਹਾਂ ਦਾ ਨਾਉਂ ਉਸ ਨੇ ਬਨੀ ਰੋਗਿਜ਼ ਰੱਖਿਆ ਜਿਸਦਾ ਅਰਥ ਹੈ, “ਗਰਜਣ ਦੇ ਪੁੱਤਰ”
18ਅਤੇ ਅੰਦ੍ਰਿਯਾਸ,
ਫ਼ਿਲਿਪੁੱਸ,
ਬਰਥੁਲਮਈ,
ਮੱਤੀ,
ਥੋਮਾ,
ਹਲਫ਼ਾ ਦਾ ਪੁੱਤਰ ਯਾਕੂਬ,
ਥੱਦਈ
ਅਤੇ ਸ਼ਮਊਨ ਕਨਾਨੀ,#3:18 ਕਨਾਨੀ ਯਹੂਦੀਆਂ ਦਾ ਇੱਕ ਰਾਜਸੀ ਹਿੱਸਾ।
19ਅਤੇ ਯਹੂਦਾ ਇਸੱਕਰਿਯੋਤੀ। ਇਹ ਉਹੀ ਯਹੂਦਾ ਸੀ ਜਿਸਨੇ ਯਿਸੂ ਨੂੰ ਉਸ ਦੇ ਦੁਸ਼ਮਨਾਂ ਦੇ ਹੱਥ ਫ਼ੜਵਾ ਦਿੱਤਾ ਸੀ।
ਕੁਝ ਲੋਕਾਂ ਨੇ ਆਖਿਆ ਯਿਸੂ ਨੂੰ ਬਆਲ-ਜ਼ਬੂਲ ਚਿੰਬੜਿਆ ਹੋਇਆ ਹੈ
(ਮੱਤੀ 12:22-32; ਲੂਕਾ 11:14-23; 12:10)
20ਫ਼ਿਰ ਯਿਸੂ ਘਰ ਆਇਆ। ਪਰ ਫ਼ਿਰ ਇੰਨੀ ਵੱਡੀ ਭੀੜ ਇਕੱਠੀ ਹੋ ਗਈ ਕਿ ਯਿਸੂ ਅਤੇ ਉਸ ਦੇ ਚੇਲੇ ਰੋਟੀ ਵੀ ਨਾ ਖਾ ਸੱਕੇ। 21ਜਦੋਂ ਯਿਸੂ ਦੇ ਪਰਿਵਾਰ ਨੇ ਇਨ੍ਹਾਂ ਸਭ ਚੀਜ਼ਾਂ ਬਾਰੇ ਸੁਣਿਆ ਤਾਂ ਉਹ ਉਸ ਨੂੰ ਫ਼ਸਾਉਣ ਲਈ ਆਏ। ਕਿਉਂਕਿ ਲੋਕਾਂ ਨੇ ਆਖਿਆ ਕਿ ਉਹ ਆਪਣੀ ਸੁੱਧ-ਬੁੱਧ ਵਿੱਚ ਨਹੀਂ ਸੀ।
22ਅਤੇ ਯਰੂਸ਼ਲਮ ਤੋਂ ਆਏ ਨੇਮ ਦੇ ਉਪਦੇਸ਼ਕਾਂ ਨੇ ਵੀ ਆਖਿਆ, “ਯਿਸੂ ਨੂੰ ਬਆਲ-ਜਬੂਲ ਚਿੰਬੜਿਆ ਹੋਇਆ ਹੈ! ਇਸ ਲਈ ਉਹ ਭੂਤਾਂ ਦੇ ਸਰਦਾਰ ਦੀ ਸ਼ਕਤੀ ਨਾਲ ਲੋਕਾਂ ਵਿੱਚੋਂ ਭੂਤਾਂ ਨੂੰ ਬਾਹਰ ਕੱਢਦਾ ਹੈ।”
23ਫ਼ੇਰ ਯਿਸੂ ਨੇ ਲੋਕਾਂ ਨੂੰ ਆਪਣੇ ਕੋਲ ਸੱਦਕੇ ਦ੍ਰਿਸ਼ਟਾਤਾਂ ਵਿੱਚ ਉਨ੍ਹਾਂ ਨੂੰ ਸਮਝਾਇਆ, “ਸ਼ੈਤਾਨ ਕਿਵੇਂ ਆਪਣੇ ਹੀ ਆਤਮਿਆਂ ਨੂੰ ਬਾਹਰ ਕੱਢ ਸੱਕਦਾ ਹੈ। 24ਜੇਕਰ ਇੱਕ ਰਾਜ ਆਪਣੇ ਹੀ ਖਿਲਾਫ਼ ਲੜਦਾ ਹੈ, ਤਾਂ ਇਹ ਨਹੀਂ ਰਹਿ ਸੱਕਦਾ। 25ਅਤੇ ਜੇਕਰ ਇੱਕ ਪਰਿਵਾਰ ਵੰਡਿਆ ਹੋਇਆ ਹੈ ਅਤੇ ਆਪਣੇ ਹੀ ਖਿਲਾਫ਼ ਲੜ ਰਿਹਾ ਹੈ ਤਾਂ ਇਹ ਨਹੀਂ ਬਚ ਸੱਕਦਾ। 26ਅਤੇ ਜੇਕਰ ਸ਼ੈਤਾਨ ਆਪਣੇ ਹੀ ਵਿਰੁੱਧ ਵਿਦ੍ਰੋਹ ਕਰਦਾ ਹੈ ਅਤੇ ਵੰਡਿਆ ਹੋਇਆ ਹੈ ਤਾਂ, ਉਹ ਨਹੀਂ ਬਚ ਸੱਕਦਾ ਅਤੇ ਉਸਦਾ ਅੰਤ ਹੋ ਜਾਵੇਗਾ।
27“ਪਰ ਜਦੋਂ ਕੋਈ ਬੰਦਾ ਕਿਸੇ ਤਕੜੇ ਆਦਮੀ ਦੇ ਘਰ ਵਿੱਚ ਵੜਕੇ ਉਸਦੀਆਂ ਚੀਜ਼ਾਂ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਪਹਿਲਾਂ ਉਸ ਨੂੰ ਤਕੜੇ ਆਦਮੀ ਨੂੰ ਬੰਨ੍ਹਣਾ ਪਵੇਗਾ, ਅਤੇ ਫ਼ੇਰ ਉਹ ਉਸਦਾ ਘਰ ਲੁੱਟ ਸੱਕਦਾ ਹੈ।
28“ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮਨੁੱਖਾਂ ਦੇ ਸਾਰੇ ਪਾਪ ਮਾਫ਼ ਕੀਤੇ ਜਾਣਗੇ ਅਤੇ ਜੋ ਵੀ ਉਹ ਪਰਮੇਸ਼ੁਰ ਦੇ ਵਿਰੁੱਧ ਬੋਲੇ ਉਹ ਵੀ ਮਾਫ਼ ਕਰ ਦਿੱਤਾ ਜਾਵੇਗਾ, 29ਪਰ ਜੇਕਰ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਕੁਝ ਆਖਦਾ ਹੈ, ਤਾਂ ਉਹ ਕਦੇ ਵੀ ਮਾਫ਼ ਨਹੀਂ ਕੀਤਾ ਜਾਵੇਗਾ, ਅਤੇ ਉਹ ਹਮੇਸ਼ਾ ਉਸ ਪਾਪ ਦਾ ਦੋਸ਼ੀ ਰਹੇਗਾ।”
30ਯਿਸੂ ਨੇ ਇਹ ਇਸ ਲਈ ਆਖਿਆ ਕਿਉਂਕਿ ਨੇਮ ਦੇ ਉਪਦੇਸ਼ਕਾਂ ਨੇ ਆਖਿਆ ਸੀ ਕਿ ਯਿਸੂ ਭਰਿਸ਼ਟ ਆਤਮੇ ਦੇ ਵੱਸ ਹੈ।
ਯਿਸੂ ਦੇ ਚੇਲੇ ਹੀ ਉਸਦਾ ਸੱਚਾ ਪਰਿਵਾਰ ਹਨ
(ਮੱਤੀ 12:46-50; ਲੂਕਾ 8:19-21)
31ਫ਼ਿਰ ਯਿਸੂ ਦੀ ਮਾਤਾ ਅਤੇ ਭਰਾ ਆਏ; ਅਤੇ ਬਾਹਰ ਖੜ੍ਹੇ ਹੋ ਗਏ। ਉਨ੍ਹਾਂ ਨੇ ਯਿਸੂ ਨੂੰ ਬੁਲਾਉਣ ਲਈ ਇੱਕ ਵਿਅਕਤੀ ਰਾਹੀਂ ਸੁਨੇਹਾ ਭੇਜਿਆ। 32ਉਸ ਵਕਤ ਯਿਸੂ ਦੇ ਆਸ-ਪਾਸ ਬਹੁਤ ਸਾਰੇ ਲੋਕ ਬੈਠੇ ਸਨ। ਉਨ੍ਹਾਂ ਉਸ ਨੂੰ ਕਿਹਾ, “ਤੇਰੀ ਮਾਂ ਅਤੇ ਤੇਰੇ ਭਰਾ ਬਾਹਰ ਤੇਰੇ ਬਾਰੇ ਪੁੱਛ-ਗਿੱਛ ਕਰ ਰਹੇ ਹਨ।”
33ਯਿਸੂ ਨੇ ਆਖਿਆ, “ਮੇਰੀ ਮਾਂ ਕੌਣ ਹੈ? ਕੌਣ ਹਨ ਮੇਰੇ ਭਰਾ?” 34ਤਦ ਉਸ ਨੇ ਆਪਣੇ ਆਸੇ-ਪਾਸੇ ਸਾਰੇ ਲੋਕਾਂ ਵੱਲ ਵੇਖਿਆ ਅਤੇ ਆਖਿਆ, “ਇਹੀ ਲੋਕ ਮੇਰੀ ਮਾਂ ਅਤੇ ਮੇਰੇ ਭਰਾ ਹਨ। 35ਕਿਉਂਕਿ ਜੋ ਕੋਈ ਪਰਮੇਸ਼ੁਰ ਦੀ ਮਰਜ਼ੀ ਉੱਤੇ ਚੱਲਦਾ ਹੈ ਉਹੀ ਮੇਰਾ ਭਰਾ, ਭੈਣ ਅਤੇ ਮਾਤਾ ਹੈ।”
נבחרו כעת:
ਮਰਕੁਸ ਦੀ ਇੰਜੀਲ 3: PERV
הדגשה
העתק
השווה
שתפו
רוצים לשמור את ההדגשות שלכם בכל המכשירים שלכם? הירשמו או היכנסו
Punjabi Holy Bible: Easy-to-Read Version
All rights reserved.
© 2002 Bible League International