ਮਰਕੁਸ ਦੀ ਇੰਜੀਲ 10
10
ਯਿਸੂ ਦਾ ਤਲਾਕ ਬਾਰੇ ਉਪਦੇਸ਼
(ਮੱਤੀ 19:1-12)
1ਫ਼ੇਰ ਯਿਸੂ ਉੱਥੋਂ ਉੱਠ ਕੇ ਯਹੂਦਿਯਾ ਦੀਆਂ ਹਦਾਂ ਵਿੱਚ ਅਤੇ ਯਰਦਨ ਨਦੀ ਦੇ ਪਾਰ ਪਹੁੰਚਿਆ। ਉੱਥੇ ਫ਼ਿਰ ਲੋਕ ਇੱਕਤ੍ਰ ਹੋਏ ਅਤੇ ਹਮੇਸ਼ਾ ਵਾਂਗ ਉਹ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ।
2ਕੁਝ ਫ਼ਰੀਸੀ ਉਸ ਕੋਲ ਆਏ। ਉਨ੍ਹਾਂ ਕੋਸ਼ਿਸ਼ ਕੀਤੀ ਕਿ ਉਹ ਆਪਣੇ ਮੂੰਹੋ ਕੁਝ ਗਲਤ ਆਖੇ ਤਾਂ ਉਨ੍ਹਾਂ ਨੇ ਯਿਸੂ ਨੂੰ ਪੁੱਛਿਆ, “ਕੀ ਮਨੁੱਖ ਲਈ ਇਹ ਵਾਜਿਬ ਹੈ ਕਿ ਉਹ ਆਪਣੀ ਪਤਨੀ ਨੂੰ ਤਲਾਕ ਦੇਵੇ?”
3ਯਿਸੂ ਨੇ ਜਵਾਬ ਦਿੱਤਾ, “ਮੂਸਾ ਨੇ ਤੁਹਾਨੂੰ ਕੀ ਹੁਕਮ ਦਿੱਤਾ ਹੈ?”
4ਫ਼ਰੀਸੀਆਂ ਨੇ ਕਿਹਾ, “ਮੂਸਾ ਨੇ ਤਾਂ ਪਰਵਾਨਗੀ ਦਿੱਤੀ ਹੈ ਕਿ ਕੋਈ ਵੀ ਮਨੁੱਖ ਆਪਣੀ ਪਤਨੀ ਨੂੰ ਤਲਾਕਨਾਮਾ ਲਿਖਕੇ ਤਲਾਕ ਦੇ ਸੱਕਦਾ ਹੈ।”#10:4 ਦੇਖੋ ਬਿਵਸਥਾ ਸਾਰ 24:1
5ਯਿਸੂ ਨੇ ਆਖਿਆ, “ਮੂਸਾ ਨੇ ਤੁਹਾਨੂੰ ਇਹ ਹੁਕਮ ਇਸ ਲਈ ਲਿਖਿਆ ਕਿਉਂਕਿ ਤੁਹਾਡੇ ਦਿਲ ਸਖ਼ਤ ਸਨ। 6ਜਦੋਂ ਪਰਮੇਸ਼ੁਰ ਨੇ ਇਹ ਦੁਨੀਆਂ ਨੂੰ ਸਿਰਜਿਆ, ‘ਉਸਨੇ ਲੋਕਾਂ ਨੂੰ ਨਰ ਅਤੇ ਨਾਰੀ ਬਣਾਇਆ।’#ਉਤਪਤ. 1:27; 5:2 7‘ਇਸੇ ਲਈ, ਮਰਦ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਜੁੜ ਜਾਵੇਗਾ। 8ਅਤੇ ਉਹ ਇੱਕ ਸਰੀਰ ਹੋ ਜਾਵਣਗੇ। ਇਸ ਲਈ ਉਹ ਦੋ ਨਹੀਂ ਸਗੋਂ ਇੱਕ ਹੋਣਗੇ।’#ਉਤਪਤ. 2:24 9ਇਸ ਲਈ ਜੋ ਵੀ ਪਰਮੇਸ਼ੁਰ ਨੇ ਇਕੱਠਿਆਂ ਕੀਤਾ ਹੈ, ਮਨੁੱਖ ਨੂੰ ਉਹ ਵੱਖਰਾ ਨਹੀਂ ਕਰਨਾ ਚਾਹੀਦਾ।”
10ਬਾਦ ਵਿੱਚ ਜਦੋਂ ਚੇਲੇ ਘਰ ਵਿੱਚ ਸਨ ਤਾਂ ਉਨ੍ਹਾਂ ਫ਼ੇਰ ਉਸ ਨੂੰ ਤਲਾਕ ਬਾਰੇ ਪੁੱਛਿਆ ਤਾਂ 11ਯਿਸੂ ਨੇ ਆਖਿਆ, “ਜੇਕਰ ਕੋਈ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਦੂਸਰੀ ਔਰਤ ਨਾਲ ਵਿਆਹ ਕਰਾਉਂਦਾ ਹੈ, ਉਹ ਆਪਣੀ ਪਤਨੀ ਵਿਰੁੱਧ ਬਦਕਾਰੀ ਦਾ ਪਾਪ ਕਰਦਾ ਹੈ। 12ਅਤੇ ਜੇਕਰ ਕੋਈ ਔਰਤ ਆਪਣੇ ਮਰਦ ਨੂੰ ਤਲਾਕ ਦਿੰਦੀ ਹੈ ਅਤੇ ਦੂਜੇ ਮਰਦ ਨਾਲ ਵਿਆਹ ਕਰਾਉਂਦੀ ਹੈ, ਤਾਂ ਉਹ ਵੀ ਪਤੀ ਨਾਲ ਬਦਕਾਰੀ ਦਾ ਪਾਪ ਕਰਦੀ ਹੈ।”
ਯਿਸੂ ਦਾ ਬੱਚਿਆਂ ਨੂੰ ਸਵੀਕਾਰਨਾ
(ਮੱਤੀ 19:13-15; ਲੂਕਾ 18:15-17)
13ਲੋਕੀ ਆਪਣੇ ਛੋਟੇ ਬੱਚਿਆਂ ਨੂੰ ਉਸ ਕੋਲ ਲਿਆ ਰਹੇ ਸਨ ਤਾਂ ਜੋ ਉਹ ਉਨ੍ਹਾਂ ਨੂੰ ਛੋਹਵੇ ਪਰ ਉਸ ਦੇ ਚੇਲਿਆਂ ਨੇ ਉਨ੍ਹਾਂ ਲੋਕਾਂ ਨੂੰ ਬੱਚਿਆਂ ਨੂੰ ਉਸ ਕੋਲ ਲਿਆਉਣ ਤੋਂ ਵਰਿਜਆ। 14ਜਦੋਂ ਯਿਸੂ ਨੇ ਚੇਲਿਆਂ ਨੂੰ ਇਉਂ ਕਰਦਿਆਂ ਵੇਖਿਆ ਤਾਂ ਉਸ ਨੂੰ ਇਹ ਮਾੜਾ ਲੱਗਾ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਛੋਟੇ ਬੱਚਿਆਂ ਨੂੰ ਮੇਰੇ ਕੋਲ ਆਉਣ ਦੇਵੋ। ਉਨ੍ਹਾਂ ਨੂੰ ਰੋਕੋ ਨਾ ਕਿਉਂਕਿ ਪਰਮੇਸ਼ੁਰ ਦਾ ਰਾਜ ਉਨ੍ਹਾਂ ਲਈ ਹੈ ਜੋ ਇਹੋ ਜਿਹੇ ਬੱਚਿਆਂ ਵਰਗੇ ਹਨ। 15ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਮਨੁੱਖ ਪਰਮੇਸ਼ੁਰ ਦੇ ਰਾਜ ਨੂੰ ਬਾਲਕ ਵਾਂਗ ਕਬੂਲ ਨਹੀਂ ਕਰੇਗਾ ਉਹ ਕਦੇ ਵੀ ਉਸ ਵਿੱਚ ਪ੍ਰਵੇਸ਼ ਨਹੀਂ ਕਰ ਸੱਕਦਾ।” 16ਤਾਂ ਯਿਸੂ ਨੇ ਉਨ੍ਹਾਂ ਨੂੰ ਕੁਛੜ ਚੁੱਕਿਆ, ਉਨ੍ਹਾਂ ਤੇ ਹੱਥ ਰੱਖਿਆ ਅਤੇ ਉਨ੍ਹਾਂ ਨੂੰ ਅਸੀਸ ਦਿੱਤੀ।
ਇੱਕ ਅਮੀਰ ਆਦਮੀ ਦਾ ਯਿਸੂ ਨੂੰ ਮੰਨਣ ਤੋਂ ਇਨਕਾਰ ਕਰਨਾ
(ਮੱਤੀ 19:16-30; ਲੂਕਾ 18:18-30)
17ਜਦੋਂ ਯਿਸੂ ਉਹ ਥਾਂ ਛੱਡਣ ਹੀ ਵਾਲਾ ਸੀ ਤਾਂ, ਇੱਕ ਆਦਮੀ ਆਇਆ ਅਤੇ ਉਸ ਦੇ ਅੱਗੇ ਝੁਕਿਆ ਅਤੇ ਪੁੱਛਿਆ, “ਸਤਿ ਗੁਰੂ ਜੀ, ਮੈਂ ਸਦੀਵੀ ਜੀਵਨ ਪ੍ਰਾਪਤ ਕਰਨ ਲਈ ਕੀ ਕਰਾਂ?”
18ਉਸ ਨੇ ਆਖਿਆ, “ਤੂੰ ਮੈਨੂੰ ਸਤਿਗੁਰੂ ਕਿਉਂ ਬੁਲਾਉਂਦਾ ਹੈਂ? ਕੋਈ ਮਨੁੱਖ ਸਤਿ ਨਹੀਂ ਹੈ ਕੇਵਲ ਪਰਮੇਸ਼ੁਰ ਹੀ ਸਤਿ ਹੈ। 19ਪਰ ਮੈਂ ਤੇਰੇ ਸਵਾਲ ਦਾ ਜਵਾਬ ਦੇਵਾਂਗਾ। ਕੀ ਤੂੰ ਨੇਮਾਂ ਨੂੰ ਜਾਣਦਾ ਹੈ। ਕਿਸੇ ਨੂੰ ਨਾ ਮਾਰੋ, ਬਦਕਾਰੀ ਦਾ ਪਾਪ ਨਾ ਕਰੋ, ਚੋਰੀ ਨਾ ਕਰੋ, ਝੂਠੀ ਗਵਾਹੀ ਨਾ ਦੇਵੋ, ਧੋਖਾ ਨਾ ਕਰੋ ਅਤੇ ‘ਆਪਣੇ ਮਾਤਾ-ਪਿਤਾ ਦਾ ਆਦਰ-ਮਾਣ ਕਰੋ।’”#ਕੂਚ 20:12-16; ਬਿਵਸਥਾ ਸਾਰ 5:16-20
20ਉਸ ਮਨੁੱਖ ਨੇ ਕਿਹਾ, “ਗੁਰੂ ਜੀ, ਮੈਂ ਇਨ੍ਹਾਂ ਹੁਕਮਾਂ ਨੂੰ ਉਦੋਂ ਤੋਂ ਮੰਨਦਾ ਆ ਰਿਹਾ ਹਾਂ ਜਦ ਕਿ ਮੈਂ ਹਾਲੇ ਬੱਚਾ ਹੀ ਸੀ।”
21ਯਿਸੂ ਨੇ ਉਸ ਵੱਲ ਪਿਆਰ ਨਾਲ ਵੇਖਿਆ ਅਤੇ ਕਿਹਾ, “ਅਜੇ ਵੀ ਤੇਰੇ ਲਈ ਇੱਕ ਚੀਜ਼ ਕਰਨੀ ਬਾਕੀ ਹੈ। ਉਹ ਇਹ ਕਿ ਜੋ ਕੁਝ ਵੀ ਤੇਰੇ ਕੋਲ ਹੈ ਸਭ ਕੁਝ ਵੇਚਦੇ। ਇਹ ਸਾਰਾ ਧਨ ਤੂੰ ਗਰੀਬਾਂ ਵਿੱਚ ਵੰਡਦੇ ਤਾਂ ਤੈਨੂੰ ਸਵਰਗ ਵਿੱਚ ਇਸਦਾ ਫ਼ਲ ਮਿਲੇਗਾ ਅਤੇ ਫ਼ੇਰ ਆਕੇ ਤੂੰ ਮੇਰੇ ਪਿੱਛੇ ਹੋ ਤੁਰ।”
22ਪਰ ਉਹ ਆਦਮੀ ਬਹੁਤ ਨਿਰਾਸ਼ ਹੋਇਆ ਅਤੇ ਉਦਾਸੀ ਨਾਲ ਉੱਥੋਂ ਚੱਲਾ ਗਿਆ ਕਿਉਂਕਿ ਉਹ ਬਹੁਤ ਧਨਵਾਨ ਸੀ।
23ਤਦ ਯਿਸੂ ਨੇ ਆਲੇ-ਦੁਆਲੇ ਵੇਖਿਆ ਅਤੇ ਆਪਣੇ ਚੇਲਿਆਂ ਨੂੰ ਆਖਿਆ, “ਅਮੀਰ ਆਦਮੀ ਲਈ ਪਰਮੇਸ਼ੁਰ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਕਿੰਨਾ ਔਖਾ ਹੈ।”
24ਯਿਸੂ ਨੇ ਇਸ ਕਥਨ ਤੇ ਚੇਲੇ ਬੜੇ ਹੈਰਾਨ ਹੋਏ ਪਰ ਉਸ ਨੇ ਫ਼ੇਰ ਕਿਹਾ, “ਮੇਰੇ ਬਚਿਓ, ਪਰਮੇਸ਼ੁਰ ਦੇ ਰਾਜ ਵਿੱਚ ਦਾਖਿਲ ਹੋਣਾ ਕਿੰਨਾ ਔਖਾ ਹੈ! 25ਸੂਈ ਦੇ ਨੱਕੇ ਵਿੱਚੋਂ ਦੀ ਊਠ ਦਾ ਲੰਘਣਾ ਸੌਖਾ ਹੈ ਪਰ ਧਨਵਾਨ ਦਾ ਪਰਮੇਸ਼ੁਰ ਦੇ ਰਾਜ ਵਿੱਚ ਜਾਣਾ ਔਖਾ ਹੈ!”
26ਚੇਲੇ ਹੋਰ ਵੀ ਜ਼ਿਆਦਾ ਹੈਰਾਨ ਹੋਏ ਤੇ ਇੱਕ ਦੂਜੇ ਨੂੰ ਆਖਣ ਲੱਗੇ, “ਤਾਂ ਫ਼ੇਰ ਕੌਣ ਬਚ ਸੱਕਦਾ ਹੈ?”
27ਯਿਸੂ ਨੇ ਚੇਲਿਆਂ ਵੱਲ ਵੇਖਿਆ ਅਤੇ ਆਖਿਆ, “ਇਹ ਮਨੁੱਖ ਨਾਲ ਅਸੰਭਵ ਹੈ ਪਰ ਸਿਰਫ਼ ਪਰਮੇਸ਼ੁਰ ਨਾਲ ਸੰਭਵ ਹੈ। ਕਿਉਂਕਿ ਪਰਮੇਸ਼ੁਰ ਲਈ ਸਭ ਕੁਝ ਸੰਭਵ ਹੈ।”
28ਪਤਰਸ ਨੇ ਯਿਸੂ ਨੂੰ ਕਿਹਾ, “ਤੁਹਾਡਾ ਅਨੁਸਰਣ ਕਰਨ ਲਈ ਅਸੀਂ ਆਪਣਾ ਸਭ ਕੁਝ ਤਿਆਗ ਦਿੱਤਾ ਹੈ।”
29ਉਸ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਜਿਸ ਕਿਸੇ ਨੇ ਵੀ ਮੇਰੀ ਜਾਂ ਖੁਸ਼ਖਬਰੀ ਦੀ ਖਾਤਰ ਆਪਣਾ ਘਰ, ਭਰਾ-ਭੈਣਾਂ, ਮਾਂ-ਬਾਪ ਬੱਚੇ ਜਾਂ ਖੇਤ ਛੱਡੇ ਹਨ, ਇਸ ਦੁਨੀਆਂ ਨਾਲੋਂ ਵੀ ਸੌ ਗੁਣਾ ਵੱਧ ਪ੍ਰਾਪਤ ਕਰੇਗਾ। 30ਇਸ ਦੁਨੀਆਂ ਵਿੱਚ ਉਸ ਨੂੰ ਵੱਧੇਰੇ ਘਰ, ਭਰਾ-ਭੈਣਾ, ਮਾਂ-ਬਾਪ, ਬੱਚੇ ਅਤੇ ਖੇਤ ਪ੍ਰਾਪਤ ਹੋ ਜਾਣਗੇ ਅਤੇ ਉਨ੍ਹਾਂ ਦੇ ਨਾਲ ਉਸ ਮਨੁੱਖ ਨੂੰ ਦੰਡ ਮਿਲੇਗਾ ਪਰ ਅਗਲੇ ਜੀਵਨ ਵਿੱਚ ਉਸ ਨੂੰ ਸਦੀਪਕ ਜੀਵਨ ਵੀ ਮਿਲੇਗਾ। 31ਕੁਝ ਲੋਕ ਜਿਨ੍ਹਾਂ ਦਾ ਰੁਤਬਾ ਇਸ ਵੇਲੇ ਬੜਾ ਉੱਚਾ ਹੈ, ਭਵਿੱਖ ਵਿੱਚ ਉਨ੍ਹਾਂ ਦਾ ਰੁਤਬਾ ਸਭ ਤੋਂ ਨੀਵੇਂ ਦਰਜੇ ਦਾ ਹੋਵੇਗਾ ਅਤੇ ਕੁਝ ਲੋਕ ਜਿਨ੍ਹਾਂ ਦਾ ਰੁਤਬਾ ਇਸ ਵਕਤ ਬਹੁਤ ਨੀਵਾਂ ਹੈ ਆਉਣ ਵਾਲੇ ਸਮੇਂ ਵਿੱਚ ਬੜੇ ਉੱਚੇ ਰੁਤਬੇ ਦੇ ਹੋਣਗੇ।”
ਯਿਸੂ ਦਾ ਆਪਣੀ ਮੌਤ ਬਾਰੇ ਫ਼ੇਰ ਗੱਲ ਕਰਨਾ
(ਮੱਤੀ 20:17-19; ਲੂਕਾ 18:31-34)
32ਯਿਸੂ ਦੇ ਨਾਲ ਲੋਕ ਵੀ ਯਰੂਸ਼ਲਮ ਵੱਲ ਨੂੰ ਜਾ ਰਹੇ ਸਨ। ਉਹ ਉਨ੍ਹਾਂ ਦੇ ਅੱਗੇ ਚੱਲ ਰਿਹਾ ਸੀ। ਉਸ ਦੇ ਚੇਲੇ ਹੈਰਾਨ ਸਨ, ਪਰ ਜਿਹੜੇ ਲੋਕ ਉਸ ਮਗਰ ਤੁਰ ਰਹੇ ਸਨ ਉਹ ਡਰੇ ਹੋਏ ਸਨ। ਉਸ ਨੇ ਫ਼ੇਰ ਬਾਰ੍ਹਾਂ ਰਸੂਲਾਂ ਨੂੰ ਇੱਕਲਿਆਂ ਬੁਲਾਕੇ ਉਨ੍ਹਾਂ ਨਾਲ ਗੱਲ ਕੀਤੀ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨਾਲ ਕੀ ਵਾਪਰ ਸੱਕਦਾ ਹੈ। 33ਉਸ ਨੇ ਕਿਹਾ, “ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ। ਮਨੁੱਖ ਦਾ ਪੁੱਤਰ ਪ੍ਰਧਾਨ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਨੂੰ ਦੇ ਦਿੱਤਾ ਜਾਵੇਗਾ ਉਹ ਉਸ ਨੂੰ ਮਾਰ ਦੇਣਗੇ ਅਤੇ ਗੈਰ-ਯਹੂਦੀਆਂ ਦੇ ਹਵਾਲੇ ਕਰ ਦੇਣਗੇ। 34ਉਹ ਲੋਕ ਉਸਦਾ ਮਜ਼ਾਕ ਉਡਾਉਣਗੇ ਅਤੇ ਉਸ ਉੱਤੇ ਥੁਕਣਗੇ। ਉਹ ਉਸ ਨੂੰ ਕੋੜਿਆਂ ਨਾਲ ਮਾਰਨਗੇ ਅਤੇ ਜਾਨੋ ਮਾਰ ਸੁੱਟਣਗੇ, ਪਰ ਉਹ ਮੌਤ ਤੋਂ ਤੀਜੇ ਦਿਨ ਪਿੱਛੋਂ ਫਿਰ ਜੀਅ ਉੱਠੇਗਾ।”
ਯਾਕੂਬ ਅਤੇ ਯੂਹੰਨਾ ਦਾ ਉਸਤੋਂ ਮਦਦ ਮੰਗਣਾ
(ਮੱਤੀ 20:20-28)
35ਤਦ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਉਸ ਦੇ ਕੋਲ ਆਣਕੇ ਉਸ ਨੂੰ ਕਹਿਣ ਲੱਗੇ, “ਗੁਰੂ ਜੀ! ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਲਈ ਇੱਕ ਮਿਹਰਬਾਨੀ ਕਰੋ।”
36ਯਿਸੂ ਨੇ ਆਖਿਆ, “ਤੁਸੀਂ ਮੈਥੋਂ ਆਪਣੇ ਲਈ ਕੀ ਕਰਾਉਣਾ ਚਾਹੁੰਦੇ ਹੋ?”
37ਉਨ੍ਹਾਂ ਨੇ ਜਵਾਬ ਦਿੱਤਾ, “ਸਾਨੂੰ ਦੋਹਾਂ ਨੂੰ ਵਚਨ ਦੇ ਕਿ ਤੇਰੀ ਮਹਿਮਾ ਵਿੱਚ, ਸਾਡੇ ਵਿੱਚੋਂ ਇੱਕ ਤੇਰੇ ਸੱਜੇ ਪਾਸੇ ਅਤੇ ਦੂਜਾ ਤੇਰੇ ਖੱਬੇ ਪਾਸੇ ਬੈਠੇ!”
38ਉਸ ਨੇ ਕਿਹਾ, “ਤੁਹਾਨੂੰ ਨਹੀ ਪਤਾ ਕਿ ਤੁਸੀਂ ਕੀ ਮੰਗ ਰਹੇ ਹੋ। ਕੀ ਜਿਸ ਤਰ੍ਹਾਂ ਦੇ ਦੁੱਖ ਮੈਨੂੰ ਝੱਲਣੇ ਪੈ ਰਹੇ ਹਨ, ਓਹੋ ਜਿਹੇ ਤੁਸੀਂ ਸਹਾਰਣ ਨੂੰ ਤਿਆਰ ਹੋ? ਅਤੇ ਜਿਹੋ ਜਿਹਾ ਬਪਤਿਸਮਾ ਮੈਂ ਲੈਣਾ ਹੈ, ਕੀ ਤੁਸੀਂ ਉਹੋ ਜਿਹਾ ਬਪਤਿਸਮਾ ਲੈ ਸੱਕਦੇ ਹੋ?”
39ਉਨ੍ਹਾਂ ਉਸ ਨੂੰ ਆਖਿਆ, “ਹਾਂ ਹੋ ਸੱਕਦਾ ਹੈ!”
ਯਿਸੂ ਨੇ ਉਨ੍ਹਾਂ ਨੂੰ ਆਖਿਆ, “ਜਿਨ੍ਹਾਂ ਤਕਲੀਫ਼ਾਂ ਰਾਹੀਂ ਮੈਂ ਗੁਜਰਾਂਗਾ, ਤੁਸੀਂ ਵੀ ਗੁਜਰੋਂਗੇ ਜਿਹੜਾ ਬਪਤਿਸਮਾ ਮੈਂ ਲਵਾਂਗਾ ਤੁਸੀਂ ਵੀ ਲਵੋਂਗੇ। 40ਪਰ ਕੌਣ ਮੇਰੇ ਸੱਜੇ ਅਤੇ ਖੱਬੇ ਪਾਸੇ ਬੈਠੇਗਾ ਇਸਦਾ ਫ਼ੈਸਲਾ ਕਰਨ ਵਾਲਾ ਮੈਂ ਨਹੀਂ ਹਾਂ! ਇਹ ਜਗ੍ਹਾਵਾਂ ਉਨ੍ਹਾਂ ਲਈ ਰੱਖੀਆਂ ਗਈਆਂ ਹਨ ਜਿਨ੍ਹਾਂ ਲਈ ਇਹ ਤਿਆਰ ਕੀਤੀਆਂ ਗਈਆਂ ਹਨ।”
41ਬਾਕੀ ਦਸ ਚੇਲਿਆਂ ਨੇ ਵੀ ਇਹ ਸੁਣਿਆ। ਉਨ੍ਹਾਂ ਨੂੰ ਯਾਕੂਬ ਅਤੇ ਯੂਹੰਨਾ ਤੇ ਕਰੋਧ ਆਇਆ ਤਾਂ 42ਯਿਸੂ ਨੇ ਸਾਰੇ ਚੇਲਿਆਂ ਨੂੰ ਇਕੱਠਿਆਂ ਕੀਤਾ ਅਤੇ ਕਿਹਾ, “ਤੁਸੀਂ ਜਾਣਦੇ ਹੋ ਕਿ ਉਹ ਲੋਕ ਜਿਨ੍ਹਾਂ ਨੂੰ ਪਰਾਈਆਂ ਕੌਮਾਂ ਦੇ ਹਾਕਮ ਸਮਝਿਆ ਜਾਂਦਾ ਹੈ, ਉਹ ਉਨ੍ਹਾਂ ਤੇ ਦਬਦਬਾ ਰੱਖਣਾ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੇ ਵਿਸ਼ੇਸ਼ ਆਗੂ ਉਨ੍ਹਾਂ ਉੱਤੇ ਅਧਿਕਾਰ ਇਸਤੇਮਾਲ ਕਰਨਾ ਪਸੰਦ ਕਰਦੇ ਹਨ। 43ਪਰ ਤੁਹਾਡੇ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ। ਸਗੋਂ ਤੁਹਾਡੇ ਵਿੱਚੋਂ ਜੇਕਰ ਕੋਈ ਮਹਾਨ ਹੋਣਾ ਚਾਹੁੰਦਾ ਹੈ ਉਸ ਨੂੰ ਤੁਹਾਡਾ ਸੇਵਕ ਹੋਣਾ ਚਾਹੀਦਾ ਹੈ। 44ਜੇਕਰ ਤੁਹਾਡੇ ਵਿੱਚੋਂ ਕੋਈ ਸਭ ਤੋਂ ਵੱਡਾ ਬਨਣਾ ਚਾਹੁੰਦਾ ਹੈ, ਤਾਂ ਉਸ ਨੂੰ ਨੋਕਰ ਵਾਂਗ ਸਭ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। 45ਕਿਉਂਕਿ ਮਨੁੱਖ ਦਾ ਪੁੱਤਰ ਦੂਜਿਆਂ ਤੋਂ ਆਪਣੀ ਸੇਵਾ ਨਹੀਂ ਕਰਾਉਣ ਆਇਆ ਪਰ ਲੋਕਾਂ ਦੀ ਸੇਵਾ ਕਰਨ ਅਤੇ ਬਹੁਤੇ ਲੋਕਾਂ ਨੂੰ ਬਚਾਉਣ ਦੀ ਖਾਤਰ ਆਪਣੀ ਜਾਨ ਦੇਣ ਲਈ ਆਇਆ ਹੈ।”
ਯਿਸੂ ਦਾ ਇੱਕ ਅੰਨ੍ਹੇ ਨੂੰ ਠੀਕ ਕਰਨਾ
(ਮੱਤੀ 20:29-34; ਲੂਕਾ 18:35-43)
46ਤਦ ਉਹ ਯਰੀਹੋ ਵਿੱਚ ਆਏ। ਜਦ ਉਹ, ਉਸ ਦੇ ਚੇਲੇ ਅਤੇ ਹੋਰ ਬਹੁਤ ਸਾਰੇ ਲੋਕ ਯਰੀਹੋ ਨੂੰ ਛੱਡ ਕੇ ਜਾ ਰਹੇ ਸਨ ਇੱਕ ਅੰਨ੍ਹਾ ਆਦਮੀ (ਤਮਈ ਦਾ ਪੁੱਤਰ) ਬਰਤਿਮਈ ਸੜਕ ਦੇ ਕਿਨਾਰੇ ਬੈਠਾ ਸੀ। ਇਹ ਆਦਮੀ ਸੜਕ ਕੰਢੇ ਬੈਠ ਭੀਖ ਮੰਗ ਰਿਹਾ ਸੀ। 47ਉਸ ਨੇ ਸੁਣਿਆ ਕਿ ਯਿਸੂ ਨਾਸਰੀ ਇਧਰ ਦੀ ਲੰਘ ਰਿਹਾ ਸੀ। ਉਸ ਨੇ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, “ਯਿਸੂ, ਦਾਊਦ ਦੇ ਪੁੱਤਰ! ਮੇਰੇ ਤੇ ਮਿਹਰ ਕਰ।”
48ਬਹੁਤ ਸਾਰੇ ਲੋਕਾਂ ਨੇ ਉਸ ਨੂੰ ਰੌਲਾ ਪਾਉਣ ਲਈ ਝਿੜਕਿਆ ਅਤੇ ਚੁੱਪ ਰਹਿਣ ਲਈ ਕਿਹਾ, ਪਰ ਉਸ ਅੰਨ੍ਹੇ ਆਦਮੀ ਨੇ ਹੋਰ ਵੀ ਜ਼ੋਰ ਦੀ ਰੌਲਾ ਪਾਇਆ, “ਦਾਊਦ ਦੇ ਪੁੱਤਰ ਮੇਰੇ ਤੇ ਮਿਹਰ ਕਰ।”
49ਯਿਸੂ ਉੱਥੇ ਰੁਕਿਆ ਅਤੇ ਆਖਿਆ, “ਉਸ ਆਦਮੀ ਨੂੰ ਕਹੋ, ਇਧਰ ਆਵੇ!”
ਤਾਂ ਉਨ੍ਹਾਂ ਨੇ ਉਸ ਅੰਨ੍ਹੇ ਆਦਮੀ ਨੂੰ ਬੁਲਾਇਆ ਅਤੇ ਕਿਹਾ, “ਖੁਸ਼ ਹੋ! ਅਤੇ ਖਲੋ ਜਾ, ਕਿਉਂਕਿ ਯਿਸੂ ਨੇ ਤੈਨੂੰ ਬੁਲਾਇਆ ਹੈ।” 50ਅੰਨ੍ਹਾ ਆਦਮੀ ਫ਼ਟਾ-ਫ਼ਟ ਖੜ੍ਹਾ ਹੋਇਆ, ਉਸ ਨੇ ਆਪਣਾ ਕੱਪੜਾ ਉੱਥੇ ਹੀ ਛੱਡਿਆ ਤੇ ਉਸ ਕੋਲ ਆ ਗਿਆ।
51ਯਿਸੂ ਨੇ ਉਸ ਆਦਮੀ ਨੂੰ ਕਿਹਾ, “ਮੈਥੋਂ ਆਪਣੇ ਲਈ ਕੀ ਕਰਾਉਣਾ ਚਾਹੁੰਦਾ ਹੈਂ?”
ਉਸ ਨੇ ਜਵਾਬ ਦਿੱਤਾ, “ਗੁਰੂ, ਮੈਂ ਮੁੜ ਤੋਂ ਵੇਖਣਾ ਚਾਹੁੰਦਾ ਹਾਂ।”
52ਉਸ ਨੇ ਕਿਹਾ, “ਜਾ, ਤੇਰੀ ਵਿਸ਼ਵਾਸ ਨੇ ਤੈਨੂੰ ਬਚਾਇਆ ਹੈ।” ਤਦ ਉਹ ਆਦਮੀ ਦੋਬਾਰਾ ਵੇਖਣ ਦੇ ਸਮਰਥ ਹੋ ਗਿਆ ਅਤੇ ਉਸ ਰਸਤੇ ਉਹ ਯਿਸੂ ਦੇ ਮਗਰ ਤੁਰ ਪਿਆ।
נבחרו כעת:
ਮਰਕੁਸ ਦੀ ਇੰਜੀਲ 10: PERV
הדגשה
העתק
השווה
שתפו
רוצים לשמור את ההדגשות שלכם בכל המכשירים שלכם? הירשמו או היכנסו
Punjabi Holy Bible: Easy-to-Read Version
All rights reserved.
© 2002 Bible League International