ਮੱਤੀ ਦੀ ਇੰਜੀਲ 18
18
ਯਿਸੂ ਨੇ ਦੱਸਿਆ ਕਿ ਕੌਣ ਮਹਾਨ ਹੈ
(ਮਰਕੁਸ 9:33-37; ਲੂਕਾ 9:46-48)
1ਉਸੇ ਘੜੀ ਚੇਲੇ ਯਿਸੂ ਕੋਲ ਆਏ ਅਤੇ ਆਖਣ ਲੱਗੇ, “ਸਵਰਗ ਦੇ ਰਾਜ ਵਿੱਚ ਸਭਨਾ ਨਾਲੋਂ ਵੱਡਾ ਕੌਣ ਹੈ?”
2ਤਦ ਉਸ ਨੇ ਇੱਕ ਛੋਟੇ ਬੱਚੇ ਨੂੰ ਸੱਦਿਆ ਅਤੇ ਉਸ ਨੂੰ ਚੇਲਿਆਂ ਦੇ ਸਾਹਮਣੇ ਖੜ੍ਹਾ ਕਰਕੇ ਆਖਿਆ, 3“ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਤੁਹਨੂੰ ਬਦਲਨਾ ਚਾਹੀਦਾ ਹੈ ਅਤੇ ਆਪਣੇ ਦਿਲਾਂ ਵਿੱਚ ਛੋਟੇ ਬੱਚਿਆਂ ਜਿਹੇ ਬਣ ਜਾਣਾ ਚਾਹੀਦਾ ਹੈ, ਨਹੀਂ ਤਾਂ ਤੁਸੀਂ ਕਦੇ ਵੀ ਸਵਰਗ ਦੇ ਰਾਜ ਵਿੱਚ ਦਾਖਲ ਨਹੀਂ ਹੋਵੋਂਗੇ। 4ਇਸ ਲਈ ਜੋ ਕੋਈ ਵੀ ਆਪਣੇ-ਆਪ ਨੂੰ ਇਸ ਬੱਚੇ ਵਾਂਗ ਨਿਮਰ ਬਣਾਉਂਦਾ ਸੋਈ ਸਵਰਗ ਦੇ ਰਾਜ ਵਿੱਚ ਸਭਨਾਂ ਤੋਂ ਵੱਡਾ ਹੈ।
5“ਅਤੇ ਜੋ ਕੋਈ ਵੀ ਇਸ ਤਰ੍ਹਾਂ ਇੱਕ ਛੋਟੇ ਬੱਚੇ ਨੂੰ ਮੇਰੇ ਨਾਂ ਵਿੱਚ ਕਬੂਲਦਾ, ਉਹ ਮੈਨੂੰ ਕਬੂਲਦਾ ਹੈ।
ਯਿਸੂ ਪਾਪਾਂ ਦੇ ਕਾਰਣਾ ਬਾਰੇ ਚਿਤਾਵਨੀ ਦਿੰਦਾ ਹੈ
(ਮਰਕੁਸ 9:42-48; ਲੂਕਾ 17:1-2)
6“ਅਤੇ ਜਿਹੜਾ ਕੋਈ ਵੀ ਇਨ੍ਹਾਂ ਛੋਟਿਆਂ ਬੱਚਿਆਂ ਕੋਲੋਂ, ਜਿਹੜੇ ਮੇਰੇ ਵਿੱਚ ਨਿਹਚਾ ਰੱਖਦੇ ਹਨ, ਪਾਪ ਕਰਾਉਣ ਦਾ ਕਾਰਣ ਬਣਦਾ ਹੈ, ਉਸ ਮਨੁੱਖ ਲਈ ਇਹ ਚੰਗਾ ਹੋਵੇਗਾ ਕਿ ਉਸ ਦੇ ਗਲੇ ਵਿੱਚ ਚੱਕੀ ਦਾ ਪੁੜ ਬੰਨ੍ਹ ਕੇ ਉਸ ਨੂੰ ਡੂੰਘੇ ਸਮੁੰਦਰ ਵਿੱਚ ਡੋਬ ਦਿੱਤਾ ਜਾਵੇ। 7ਉਨ੍ਹਾਂ ਲੋਕਾਂ ਉੱਤੇ ਹਾਏ ਜੋ ਲੋਕਾਂ ਤੋਂ ਪਾਪ ਕਰਾਉਣ ਦਾ ਕਾਰਣ ਬਣਦੇ ਹਨ। ਇਹ ਗੱਲਾਂ ਜ਼ਰੂਰ ਵਾਪਰਨੀਆਂ ਚਾਹੀਦੀਆਂ ਹਨ। ਪਰ ਉਸ ਵਿਅਕਤੀ ਤੇ ਹਾਏ ਜੋ ਇਨ੍ਹਾਂ ਗੱਲਾਂ ਦੇ ਵਾਪਰਨ ਦਾ ਕਾਰਣ ਬਣਦਾ ਹੈ।
8“ਜੇਕਰ ਤੁਹਾਡਾ ਹੱਥ ਜਾਂ ਪੈਰ ਤੁਹਾਥੋਂ ਪਾਪ ਕਰਾਵੇ, ਤਾਂ ਇਸ ਨੂੰ ਵੱਢੱਕੇ ਸੁੱਟ ਦਿਓ। ਤੁਹਾਡੇ ਵਾਸਤੇ ਇੱਕ ਹੱਥ ਜਾਂ ਪੈਰ ਨਾਲ ਜੀਵਨ ਵਿੱਚ ਦਾਖਲ ਹੋਣਾ ਇਸਤੋਂ ਕਿਤੇ ਵੱਧ ਲਾਹੇਵੰਦ ਹੈ ਕਿ ਤੁਸੀਂ ਦੋਹਾਂ ਹੱਥਾਂ-ਪੈਰਾਂ ਸਮੇਤ ਹਮੇਸ਼ਾ ਲਈ ਨਰਕਾਂ ਦੀ ਅੱਗ ਵਿੱਚ ਸੁੱਟੇ ਜਾਵੋਂ। 9ਜੇਕਰ ਤੁਹਾਡੀ ਅੱਖ ਪਾਪ ਕਰਾਵੇ, ਤਾਂ ਇਸ ਨੂੰ ਕੱਢ ਕੇ ਸੁੱਟ ਦਿਓ। ਤੁਹਾਡੇ ਲਈ ਕਾਣਾ ਹੋਕੇ ਜੀਵਨ ਵਿੱਚ ਦਾਖਲ ਹੋਣਾ ਇਸਤੋਂ ਕਿਤੇ ਚੰਗਾ ਹੈ ਕਿ ਤੁਸੀਂ ਦੋ ਅੱਖਾ ਹੁੰਦਿਆਂ ਵੀ ਹਮੇਸ਼ਾ ਲਈ ਨਰਕਾਂ ਦੀ ਅੱਗ ਵਿੱਚ ਸੁੱਟ ਦਿੱਤੇ ਜਾਵੋਂ।
ਯਿਸੂ ਦਾ ਗੁਆਚੀ ਭੇਡ ਬਾਰੇ ਦ੍ਰਿਸ਼ਟਾਂਤ
(ਲੂਕਾ 15:3-7)
10“ਸਾਵੱਧਾਨ ਰਹੋ! ਇਨ੍ਹਾਂ ਛੋਟੇ ਬੱਚਿਆਂ ਨੂੰ ਨਫ਼ਰਤ ਨਾਲ ਨਾ ਵੇਖੋ! ਕਿਉਂਕਿ ਮੈਂ ਤੁਹਾਨੂੰ ਆਖਦਾ ਹਾਂ ਕਿ ਇਨ੍ਹਾਂ ਬੱਚਿਆਂ ਦੇ ਦੂਤ ਸਵਰਗਾਂ ਵਿੱਚ ਹਨ ਅਤੇ ਉਹ ਦੂਤ ਹਮੇਸ਼ਾ ਉੱਤੇ ਮੇਰੇ ਸੁਰਗੀ ਪਿਤਾ ਨਾਲ ਹੁੰਦੇ ਹਨ। 11#18:11 ਕੁਝ ਯੂਨਾਨੀ ਨਕਲਾਂ ਵਿੱਚ ਤੁਕ 11 ਜੋੜੀ ਗਈ ਹੈ: “ਆਦਮੀ ਦਾ ਪੁੱਤਰ ਗੁਆਚੇ ਲੋਕਾਂ ਨੂੰ ਬਚਾਉਣ ਲਈ ਆਇਆ।”
12“ਤੁਸੀਂ ਕੀ ਸਮਝਦੇ ਹੋ? ਜੇਕਰ ਕਿਸੇ ਮਨੁੱਖ ਕੋਲ ਸੌ ਭੇਡਾਂ ਹੋਣ, ਅਤੇ ਉਨ੍ਹਾਂ ਵਿੱਚੋਂ ਇੱਕ ਭੇਡ ਗੁਆਚ ਜਾਵੇ, ਤਾਂ ਕੀ ਉਹ 99 ਭੇਡਾਂ ਨੂੰ ਪਹਾੜ ਤੇ ਛੱਡ ਕੇ ਉਸ ਗੁਆਚੀ ਹੋਈ ਭੇਡ ਨੂੰ ਲੱਭਣ ਨਹੀਂ ਜਾਵੇਗਾ? 13ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜੇਕਰ ਮਨੁੱਖ ਗੁਆਚੀ ਹੋਈ ਭੇਡ ਨੂੰ ਲੱਭ ਲਵੇ, ਤਾਂ ਉਹ ਆਦਮੀ 99 ਭੇਡਾਂ ਨਾਲੋਂ, ਜਿਹੜੀਆਂ ਗੁਆਚੀਆਂ ਨਹੀਂ ਸਨ, ਉਸ ਇੱਕ ਭੇਡ ਬਾਰੇ ਵੱਧ ਖੁਸ਼ ਹੋਵੇਗਾ। 14ਉਸੇ ਤਰ੍ਹਾਂ ਤੁਹਾਡੇ ਪਿਤਾ ਦੀ ਜਿਹੜਾ ਸਵਰਗ ਵਿੱਚ ਹੈ ਇਹ ਮਰਜ਼ੀ ਨਹੀਂ ਕਿ ਇਨ੍ਹਾਂ ਬੱਚਿਆਂ ਵਿੱਚੋਂ ਕੋਈ ਇੱਕ ਵੀ ਗੁਆਚ ਜਾਵੇ।
ਜਦੋਂ ਕੋਈ ਮਨੁੱਖ ਗਲਤ ਕੰਮ ਕਰਦਾ
(ਲੂਕਾ 17:3)
15“ਜੇਕਰ ਤੁਹਾਡਾ ਕੋਈ ਭਰਾ ਤੁਹਾਡੇ ਨਾਲ ਗਲਤ ਵਿਹਾਰ ਕਰੇ, ਤਾਂ ਤੁਸੀਂ ਉਸ ਨੂੰ ਇੱਕਲਾ ਜਾਕੇ ਸਮਝਾਓ ਕਿ ਉਸ ਨੇ ਇਹ ਕੰਮ ਗਲਤ ਕੀਤਾ ਹੈ। ਜੇਕਰ ਉਹ ਤੁਹਾਨੂੰ ਸੁਣਦਾ ਹੈ ਤਾਂ ਤੁਸੀਂ ਉਸ ਨੂੰ ਫ਼ਿਰ ਤੋਂ ਆਪਣਾ ਚੰਗਾ ਭਰਾ ਬਨਾਉਣ ਵਿੱਚ ਸਫ਼ਲ ਹੋ ਗਏ ਹੋਂ। 16ਪਰ ਜੇਕਰ ਉਹ ਤੁਹਾਨੂੰ ਸੁਨਣ ਤੋਂ ਇਨਕਾਰ ਕਰਦਾ ਹੈ ਤਾਂ, ਆਪਣੇ ਨਾਲ ਇੱਕ ਜਾਂ ਦੋ ਵਿਅਕਤੀਆਂ ਨੂੰ ਲੈ ਕੇ ਜਾਓ ਤਾਂ ਕਿ ਜੋ ਕੁਝ ਵੀ ਵਾਪਰੇ, ਉਸ ਬਾਰੇ ਉਹ ਦੋ ਜਾਂ ਤਿੰਨ ਵਿਅਕਤੀ ਗਵਾਹੀ ਦੇ ਸੱਕਣ।#18:16 ਦੇਖੋ ਬਿਵਸਥਾ ਸਾਰ 19:15 17ਜੇਕਰ ਉਹ ਉਨ੍ਹਾਂ ਦੀ ਵੀ ਨਾ ਸੁਣੇ ਤਾਂ ਫ਼ਿਰ ਕਲੀਸਿਯਾ ਨੂੰ ਖਬਰ ਦਿਓ। ਜੇਕਰ ਉਹ ਕਲੀਸਿਯਾ ਨੂੰ ਵੀ ਸੁਨਣ ਤੋਂ ਇਨਕਾਰ ਕਰਦਾ ਹੈ, ਤਾਂ ਉਸ ਨੂੰ ਗੈਰ-ਯਹੂਦੀ ਅਤੇ ਇੱਕ ਮਸੂਲੀਆ ਮੰਨ ਲਵੋ।
18“ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੋ ਵੀ ਨਿਆਂ ਤੁਸੀ ਇੱਥੇ ਧਰਤੀ ਤੇ ਕਰੋਂਗੇ ਉਹ ਪਰਮੇਸ਼ੁਰ ਦੁਆਰਾ ਕੀਤਾ ਨਿਆਂ ਹੋਵੇਗਾ। ਜੋ ਕੁਝ ਵੀ ਤੁਸੀਂ ਧਰਤੀ ਤੇ ਮਾਫ਼ ਕਰੋਂਗੇ ਉਹ ਮਾਫ਼ੀ ਪਰਮੇਸ਼ੁਰ ਦੀ ਦਿੱਤੀ ਹੋਈ ਮਾਫ਼ੀ ਹੋਵੇਗੀ। 19ਮੈਂ ਤੁਹਾਨੂੰ ਇਹ ਵੀ ਕਹਿੰਦਾ ਹਾਂ ਕਿ ਜੇਕਰ ਤੁਸੀਂ ਦੋ ਜਣੇ ਵੀ ਧਰਤੀ ਉੱਤੇ ਕਿਸੇ ਗੱਲ ਲਈ ਮੰਨੋਗੇ ਤਾਂ ਤੁਸੀਂ ਉਸ ਲਈ ਬੇਨਤੀ ਕਰ ਸੱਕਦੇ ਹੋ, ਅਤੇ ਜੋ ਵੀ ਤੁਸੀਂ ਮੰਗੋਂਗੇ ਉਹ ਤੁਹਾਡੇ ਲਈ ਮੇਰੇ ਸੁਰਗੀ ਪਿਤਾ ਦੁਆਰਾ ਪੂਰਾ ਕੀਤਾ ਜਾਵੇਗਾ। 20ਇਹ ਸੱਚ ਹੈ ਕਿਉਂਕਿ ਦੋ ਜਾਂ ਤਿੰਨ ਮਨੁੱਖ ਮੇਰੇ ਨਾਂ ਤੇ ਇਕੱਠੇ ਹੋਣ, ਤਾਂ ਮੈਂ ਉੱਥੇ ਉਨ੍ਹਾਂ ਦੇ ਨਾਲ ਹਾਂ।”
ਖਿਮਾ ਬਾਰੇ ਉਪਦੇਸ਼
21ਤਦ ਪਤਰਸ ਯਿਸੂ ਕੋਲ ਆਇਆ ਅਤੇ ਉਸ ਨੂੰ ਆਖਿਆ, “ਜੇਕਰ ਮੇਰਾ ਭਰਾ ਮੇਰਾ ਬੁਰਾ ਕਰਨਾ ਜਾਰੀ ਰੱਖੇ, ਤਾਂ ਕਿੰਨੀ ਵਾਰੀ ਮੈਂ ਉਸ ਨੂੰ ਮਾਫ਼ ਕਰਾਂ? ਕੀ ਮੈਂ ਉਸ ਨੂੰ ਸੱਤ ਵਾਰ ਬੁਰਾ ਕਰਨ ਤੱਕ ਮਾਫ਼ ਕਰਾਂ?”
22ਯਿਸੂ ਨੇ ਉਸ ਨੂੰ ਕਿਹਾ, “ਤੂੰ ਸੱਤ ਵਾਰ ਤੋਂ ਵੱਧ ਮਾਫ਼ ਕਰ। ਤੂੰ ਉਸ ਨੂੰ ਲਗਾਤਾਰ ਮਾਫ਼ ਕਰਦਾ ਜਾ, ਭਾਵੇਂ ਉਹ ਤੇਰੇ ਨਾਲ ਸਤੱਤਰ ਵਾਰ ਗਲਤੀ ਕਰੇ।
23“ਸੋ ਸੁਰਗ ਦਾ ਰਾਜ ਉਸ ਰਾਜੇ ਵਰਗਾ ਹੈ ਜਿਸਨੇ ਆਪਣੇ ਉਨ੍ਹਾਂ ਨੋਕਰਾਂ ਤੋਂ ਪੈਸਾ ਵਸੂਲਣ ਦਾ ਮਨ ਬਣਾਇਆ ਜੋ ਉਸ ਦੇ ਨੌਕਰ ਉਸ ਨੂੰ ਦੇਣਦਾਰ ਸਨ। 24ਜਦੋਂ ਰਾਜੇ ਨੇ ਪੈਸਾ ਇਕੱਠਾ ਕਰਨਾ ਸ਼ੁਰੂ ਕੀਤਾ, ਤਾਂ ਉਸ ਦੇ ਇੱਕ ਨੋਕਰ ਨੂੰ, ਜੋ ਉਸ ਨੂੰ ਚਾਂਦੀ ਦੇ ਕਈ ਹਜ਼ਾਰ ਸਿੱਕਿਆਂ ਦਾ ਦੇਣਦਾਰ ਸੀ, ਉਸ ਕੋਲ ਲਿਆਂਦਾ ਗਿਆ। 25ਪਰ ਨੋਕਰ, ਕੋਲ ਦੇਣ ਨੂੰ ਕੁਝ ਨਹੀਂ ਸੀ, ਤਦ ਉਸ ਦੇ ਮਾਲਕ ਨੇ ਹੁਕਮ ਦਿੱਤਾ ਉਹ ਉਸਦੀ ਤੀਵੀਂ, ਬਾਲ-ਬੱਚੇ ਅਤੇ ਜੋ ਕੁਝ ਵੀ ਉਸਦਾ ਹੈ ਸਭ ਵੇਚਿਆ ਜਾਵੇ ਅਤੇ ਕਰਜ ਭਰ ਲਿਆ ਜਾਵੇ।
26“ਉਸ ਸਮੇਂ ਨੋਕਰ ਨੇ ਉਸ ਅੱਗੇ ਝੁਕ ਕੇ ਬੇਨਤੀ ਕੀਤੀ, ‘ਮੇਰੇ ਤੇ ਰਹਿਮ ਕਰੋ ਅਤੇ ਮੈਂ ਜੋ ਕੁਝ ਤੁਹਾਥੋਂ ਲਿਆ ਹੈ, ਜਲਦੀ ਮੋੜ ਦੇਵਾਂਗਾ।’ 27ਤਾਂ ਮਾਲਕ ਨੂੰ ਉਸ ਉੱਤੇ ਤਰਸ ਆਇਆ। ਮਾਲਕ ਨੇ ਤਰਸ ਖਾਕੇ ਉਸਦਾ ਕਰਜ ਮਾਫ਼ ਕਰ ਦਿੱਤਾ ਅਤੇ ਉਸ ਨੂੰ ਵੀ ਛੱਡ ਦਿੱਤਾ।
28“ਜਦੋਂ ਉਹੀ ਨੋਕਰ ਬਾਹਰ ਆਇਆ, ਤਾਂ ਉਸ ਨੂੰ ਦੂਜਾ ਨੋਕਰ ਮਿਲਿਆ ਜੋ ਉਸ ਨੂੰ ਚਾਂਦੀ ਦੇ ਇੱਕ ਸੌ ਸਿੱਕਿਆਂ ਦਾ ਦੇਣਦਾਰ ਸੀ। ਤਾਂ ਉਸ ਨੋਕਰ ਨੇ ਦੂਜੇ ਨੂੰ ਗਲੋਂ ਫ਼ੜ ਲਿਆ ਅਤੇ ਆਖਿਆ ਜਿਸਦਾ ਤੂੰ ਮੈਨੂੰ ਦੇਣਦਾਰ ਹੈ, ਸੋ ਦੇ।
29“ਤਾਂ ਉਸ ਦੇ ਨਾਲ ਦਾ ਨੋਕਰ ਉਸ ਦੇ ਗੋਡੀ ਪੈ ਗਿਆ ਅਤੇ ਉਸ ਨੂੰ ਬੇਨਤੀ ਕੀਤੀ, ‘ਤੂੰ ਮੇਰੇ ਨਾਲ ਸਬਰ ਤੋਂ ਕੰਮ ਲੈ, ਮੈਂ ਤੇਰਾ ਸਾਰਾ ਕਰਜਾ ਦੇ ਦਿਆਂਗਾ।’
30“ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਕਚਿਹਰੀ ਰਾਹੀਂ ਉਸ ਨੋਕਰ ਨੂੰ ਕੈਦ ਵਿੱਚ ਸੁੱਟ ਦਿਤਾ ਗਿਆ। ਉਸ ਨੂੰ ਓਨਾ ਚਿਰ ਕੈਦ ਵਿੱਚ ਰੱਖਿਆ ਗਿਆ ਜਦੋਂ ਤੱਕ ਕਿ ਉਸ ਨੇ ਸਾਰਾ ਕਰਜਾ ਵਾਪਸ ਨਹੀਂ ਦੇ ਦਿੱਤਾ। 31ਪਰ ਜਦੋਂ ਉਸ ਦੇ ਨਾਲ ਦੇ ਨੋਕਰਾਂ ਨੇ ਇਹ ਗੱਲ ਵਾਪਰਦੀ ਵੇਖੀ ਤਾਂ ਉਹ ਬੜੇ ਉਦਾਸ ਹੋਏ ਅਤੇ ਉਨ੍ਹਾਂ ਨੇ ਜਾਕੇ ਮਾਲਕ ਨੂੰ ਸਾਰਾ ਹਾਲ ਦੱਸ ਦਿੱਤਾ।
32“ਤਦ ਮਾਲਕ ਨੇ ਉਸ ਨੌਕਰ ਨੂੰ ਸੱਦਿਆ ਅਤੇ ਆਖਿਆ, ‘ਓਏ ਦੁਸ਼ਟ ਨੋਕਰ, ਤੂੰ ਮੇਰੇ ਕਿੰਨੇ ਧਨ ਦਾ ਦੇਣਦਾਰ ਸੀ, ਪਰ ਤੂੰ ਮੈਨੂੰ ਕਰਜਾ ਛੱਡਣ ਲਈ ਬੇਨਤੀ ਕੀਤੀ। ਇਸ ਲਈ ਮੈਂ ਤੇਰਾ ਸਾਰਾ ਕਰਜਾ ਛੱਡ ਦਿੱਤਾ। 33ਫ਼ੇਰ ਜਿਵੇਂ ਮੈਂ ਤੇਰੇ ਤੇ ਦਯਾ ਕੀਤੀ ਸੀ ਕੀ ਤੈਨੂੰ ਵੀ ਆਪਣੇ ਨਾਲ ਦੇ ਨੋਕਰ ਉੱਤੇ ਉਵੇਂ ਹੀ ਦਯਾ ਨਹੀਂ ਕਰਨੀ ਚਾਹੀਦੀ ਸੀ।’ 34ਮਾਲਕ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੇ ਨੋਕਰ ਨੂੰ ਸਜ਼ਾ ਦੇਣ ਲਈ ਕੈਦ ਵਿੱਚ ਸੁੱਟ ਦਿੱਤਾ, ਅਤੇ ਓਨੀ ਦੇਰ ਕੈਦ ਵਿੱਚ ਰੱਖਣ ਦਾ ਹੁਕਮ ਦਿੱਤਾ ਜਿੰਨੀ ਦੇਰ ਉਹ ਆਪਣਾ ਕਰਜਾ ਚੁਕਤਾ ਨਾ ਕਰ ਦੇਵੇ।
35“ਇਸੇ ਤਰ੍ਹਾਂ ਮੇਰਾ ਸੁਰਗੀ ਪਿਤਾ ਤੁਹਾਡੇ ਨਾਲ ਕਰੇਗਾ ਜਿਵੇਂ ਰਾਜੇ ਨੇ ਨੋਕਰ ਨਾਲ ਕੀਤਾ ਜੇਕਰ ਤੁਸੀਂ ਆਪਣੇ ਭਾਈਆਂ ਅਤੇ ਭੈਣਾਂ ਨੂੰ ਆਪਣੇ ਦਿਲੋਂ ਮਾਫ਼ ਨਹੀਂ ਕਰੋਂਗੇ ਤਾਂ ਮੇਰਾ ਸੁਰਗੀ ਪਿਤਾ ਤੁਹਾਨੂੰ ਮਾਫ਼ ਨਹੀਂ ਕਰੇਗਾ।”
נבחרו כעת:
ਮੱਤੀ ਦੀ ਇੰਜੀਲ 18: PERV
הדגשה
העתק
השווה
שתפו
רוצים לשמור את ההדגשות שלכם בכל המכשירים שלכם? הירשמו או היכנסו
Punjabi Holy Bible: Easy-to-Read Version
All rights reserved.
© 2002 Bible League International