ਮੱਤੀ ਦੀ ਇੰਜੀਲ 15
15
ਪਰਮੇਸ਼ੁਰ ਦੇ ਨੇਮ ਅਤੇ ਲੋਕਾਂ ਦੀਆਂ ਰੀਤਾਂ
(ਮਰਕੁਸ 7:1-23)
1ਤਦ ਕੁਝ ਫ਼ਰੀਸੀ ਤੇ ਨੇਮ ਦੇ ਉਪਦੇਸ਼ਕ ਯਿਸੂ ਕੋਲ ਆਏ। ਉਹ ਯਰੂਸ਼ਲਮ ਤੋਂ ਉਸ ਕੋਲ ਆਏ ਤੇ ਕਿਹਾ। 2“ਤੇਰੇ ਚੇਲੇ ਸਾਡੇ ਵਡੇਰਿਆਂ ਦੀ ਰੀਤ ਦੀ ਉਲੰਘਣਾ ਕਿਉਂ ਕਰਦੇ ਹਨ? ਤੇਰੇ ਚੇਲੇ ਭੋਜਨ ਖਾਣ ਤੋਂ ਪਹਿਲਾਂ ਹੱਥ ਕਿਉਂ ਨਹੀਂ ਧੋਂਦੇ?”
3ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਤੁਸੀਂ ਵੀ ਆਪਣੀ ਰੀਤ ਨਾਲ ਪਰਮੇਸ਼ੁਰ ਦੇ ਹੁਕਮ ਦੀ ਉਲੰਘਨਾ ਕਿਉਂ ਕਰਦੇ ਹੋ? 4ਪਰਮੇਸ਼ੁਰ ਨੇ ਫ਼ੁਰਮਾਇਆ ਹੈ ਕਿ, ‘ਤੁਸੀਂ ਆਪਣੇ ਪਿਤਾ ਅਤੇ ਮਾਤਾ ਦਾ ਆਦਰ ਕਰੋ,#ਕੂਚ 20:12; ਬਿਵਸਥਾ ਸਾਰ 5:16 ਅਤੇ ਪਰਮੇਸ਼ੁਰ ਨੇ ਇਹ ਵੀ ਫ਼ੁਰਮਾਇਆ ਹੈ ਕਿ ਜਿਹੜਾ ਵੀ ਮਨੁੱਖ ਪਿਤਾ ਜਾਂ ਮਾਤਾ ਨੂੰ ਮੰਦਾ ਬੋਲੇ ਉਹ ਜਾਨੋ ਮਾਰਿਆ ਜਾਵੇ।’#ਕੂਚ 21:17 5ਪਰ ਤੁਸੀਂ ਉਪਦੇਸ਼ ਦਿੰਦੇ ਹੋ ਕਿ ਜਿਹੜਾ ਵਿਅਕਤੀ ਆਪਣੇ ਪਿਤਾ ਜਾਂ ਮਾਤਾ ਨੂੰ ਆਖ ਸੱਕਦਾ ਹੈ, ਮੇਰੇ ਕੋਲ ਕੁਝ ਹੈ ਜੋ ਮੈਂ ਤੁਹਾਡੀ ਸਹਾਇਤਾ ਲਈ ਇਸਤੇਮਾਲ ਕਰ ਸੱਕਦਾ ਹਾਂ ਪਰ ਇਹ ਮੈਂ ਤੁਹਾਡੀ ਸਹਾਇਤਾ ਕਰਨ ਲਈ ਇਸਤੇਮਾਲ ਨਹੀਂ ਕਰਾਂਗਾ। ਮੈਂ ਇਹ ਪਰਮੇਸ਼ੁਰ ਨੂੰ ਦੇਵਾਂਗਾ। 6ਤੁਸੀਂ ਉਸ ਬੰਦੇ ਨੂੰ ਆਪਣੇ ਪਿਤਾ ਦਾ ਸਤਿਕਾਰ ਨਾ ਕਰਨ ਦਾ ਉਪਦੇਸ਼ ਦਿੰਦੇ ਹੋ। ਇਸ ਤਰ੍ਹਾਂ, ਤੁਸੀਂ ਆਪਣੀ ਪਰੰਪਰਾ ਕਾਰਣ ਪਰਮੇਸ਼ੁਰ ਦੇ ਹੁਕਮਾਂ ਨੂੰ ਵਿਅਰਥ ਕਰ ਦਿੱਤਾ ਹੈ। 7ਹੇ ਕਪਟੀਓ; ਯਸਾਯਾਹ ਨੇ ਤੁਹਾਡੇ ਬਾਰੇ ਠੀਕ ਅਗੰਮ ਵਾਕ ਕੀਤਾ ਹੈ ਕਿ:
8‘ਇਹ ਲੋਕ ਆਪਣੇ ਬੁਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ,
ਪਰ ਇਨ੍ਹਾਂ ਦਾ ਦਿਲ ਮੈਥੋਂ ਦੂਰ ਹੈ।
9ਉਹ ਕਿਸੇ ਚੀਜ਼ ਵਾਸਤੇ ਮੇਰੀ ਉਪਾਸਨਾ ਨਹੀਂ
ਕਰਦੇ ਕਿਉਂਕਿ ਉਹ ਮਨੁੱਖ ਦੀਆਂ ਬਣਾਈਆਂ ਰੀਤਾਂ ਦਾ ਉਪਦੇਸ਼ ਦਿੰਦੇ ਹਨ।’”#ਯਸਾਯਾਹ 29:13
10ਉਸ ਨੇ ਲੋਕਾਂ ਨੂੰ ਕੋਲ ਸੱਦਕੇ ਉਨ੍ਹਾਂ ਨੂੰ ਆਖਿਆ, “ਸੁਣੋ ਅਤੇ ਸਮਝੋ! 11ਜੋ ਕੁਝ ਵੀ ਮਨੁੱਖ ਦੇ ਮੂੰਹ ਅੰਦਰ ਜਾਂਦਾ ਹੈ ਉਹ ਉਸ ਨੂੰ ਅਸ਼ੁੱਧ ਨਹੀਂ ਬਣਾਉਂਦਾ, ਸਗੋਂ ਜੋ ਕੁਝ ਵੀ ਉਸ ਵਿਅਕਤੀ ਦੇ ਮੂਹੋਂ ਨਿਕਲਦਾ ਹੈ ਉਹ ਉਸ ਨੂੰ ਅਸ਼ੁੱਧ ਬਣਾਉਂਦਾ ਹੈ।”
12ਤਦ ਚੇਲੇ ਯਿਸੂ ਕੋਲ ਆਏ ਅਤੇ ਪੁੱਛਿਆ, “ਕੀ ਤੁਹਾਨੂੰ ਪਤਾ ਹੈ ਕਿ ਜੋ ਕੁਝ ਤੁਸੀਂ ਆਖਿਆ ਸੀ, ਫ਼ਰੀਸੀ ਉਸ ਨੂੰ ਸੁਣਕੇ ਨਰਾਜ਼ ਹੋ ਗਏ ਸਨ।”
13ਯਿਸੂ ਨੇ ਕਿਹਾ, “ਹਰੇਕ ਬੂਟਾ ਜੋ ਮੇਰੇ ਸੁਰਗੀ ਪਿਤਾ ਨੇ ਨਹੀਂ ਲਾਇਆ ਸੋ ਜੜੋਂ ਪੁਟਿਆ ਜਾਵੇਗਾ। 14ਫ਼ਰੀਸੀਆਂ ਤੋਂ ਦੂਰ ਰਹੋ। ਉਨ੍ਹਾਂ ਨੂੰ ਛੱਡ ਦੇਵੋ। ਉਹ ਅੰਨ੍ਹੇ ਲੋਕਾਂ ਦੇ ਅੰਨ੍ਹੇ ਆਗੂ ਹਨ। ਅਤੇ ਜੇਕਰ ਇੱਕ ਅੰਨ੍ਹਾ ਆਦਮੀ ਦੂਸਰੇ ਅੰਨ੍ਹੇ ਦੀ ਰਾਹਨੁਮਾਈ ਕਰਦਾ ਤਾਂ ਦੋਵੇਂ ਹੀ ਟੋਏ ਵਿੱਚ ਡਿੱਗਣਗੇ।”
15ਪਤਰਸ ਨੇ ਪੁੱਛਿਆ, “ਜੋ ਕੁਝ ਤੁਸੀਂ ਲੋਕਾਂ ਨੂੰ ਕਿਹਾ ਸਾਨੂੰ ਉਸਦਾ ਅਰਥ ਦੱਸੋ।”
16ਉਸ ਨੇ ਕਿਹਾ, “ਦੂਜੇ ਲੋਕਾਂ ਦੀ ਤਰ੍ਹਾਂ ਕੀ ਹਾਲੇ ਵੀ ਤੁਹਾਨੂੰ ਸਮਝਣਾ ਮੁਸ਼ਕਿਲ ਹੈ। 17ਕੀ ਤੁਸੀਂ ਇਹ ਨਹੀਂ ਜਾਣਦੇ ਕਿ ਜੋ ਕੁਝ ਮੂੰਹ ਵਿੱਚ ਪੈਂਦਾ ਹੈ ਉਹ ਢਿੱਡ ਵਿੱਚ ਜਾਂਦਾ ਹੈ, ਅਤੇ ਫ਼ੇਰ ਬਾਹਰ ਆਉਂਦਾ ਹੈ ਅਤੇ ਪੱਖਾਨੇ ਵਿੱਚ ਜਾਂਦਾ ਹੈ? 18ਪਰ ਜਿਹੜੀਆਂ ਗੱਲਾਂ ਮੂੰਹੋਂ ਨਿਕਲਦੀਆਂ ਹਨ, ਉਹ ਦਿਲੋਂ ਆਉਂਦੀਆਂ ਹਨ, ਅਤੇ ਇਹੋ ਗੱਲਾਂ ਮਨੁੱਖ ਨੂੰ ਅਸ਼ੁੱਧ ਬਣਾ ਦਿੰਦੀਆਂ ਹਨ। 19ਕਿਉਂਕਿ ਸਾਰੀਆਂ ਬੁਰੀਆਂ ਗੱਲਾਂ, ਜਿਵੇਂ, ਦੁਸ਼ਟ ਵਿੱਚਾਰ, ਕਤਲ, ਬਦਕਾਰੀ, ਜਿਨਸੀ ਗੁਨਾਹ, ਚੋਰੀ ਕਰਨਾ, ਝੂਠ ਬੋਲਣਾ ਅਤੇ ਭੰਡੀ ਕਰਨੀ, ਵਿਅਕਤੀ ਦੇ ਦਿਲੋਂ ਹੀ ਆਉਂਦੀਆਂ ਹਨ। 20ਇਹੋ ਗੱਲਾਂ ਹਨ ਜਿਹੜੀਆਂ ਮਨੁੱਖ ਨੂੰ ਅਸ਼ੁੱਧ ਬਣਾਉਂਦੀਆਂ ਹਨ, ਪਰ ਬਿਨਾ ਹੱਥ ਧੋਇਆਂ ਰੋਟੀ ਖਾਣੀ, ਮਨੁੱਖ ਨੂੰ ਅਸ਼ੁੱਧ ਨਹੀਂ ਬਣਾਉਂਦੀ।”
ਯਿਸੂ ਦਾ ਇੱਕ ਗ਼ੈਰ-ਯਹੂਦੀ ਔਰਤ ਨੂੰ ਬਚਾਉਣਾ
(ਮਰਕੁਸ 7:24-30)
21ਯਿਸੂ ਉੱਥੋਂ ਚੱਲ ਕੇ ਸੂਰ ਅਤੇ ਸੈਦਾ ਦੇ ਇਲਾਕੇ ਵਿੱਚ ਗਿਆ। 22ਉਸ ਇਲਾਕੇ ਵਿੱਚੋਂ ਇੱਕ ਕਨਾਨੀ ਔਰਤ ਆਈ ਅਤੇ ਉੱਚੀ ਅਵਾਜ਼ ਵਿੱਚ ਬੋਲੀ, “ਹੇ ਪ੍ਰਭੂ, ਦਾਊਦ ਦੇ ਪੁੱਤਰ! ਮੇਰੇ ਉੱਤੇ ਦਯਾ ਕਰੋ ਮੇਰੀ ਧੀ ਦਾ ਭੂਤ ਦੇ ਸਾਏ ਨਾਲ ਬੁਰਾ ਹਾਲ ਹੈ।”
23ਪਰ ਯਿਸੂ ਨੇ ਜਵਾਬ ਵਿੱਚ ਉਸ ਔਰਤ ਨੂੰ ਇੱਕ ਸ਼ਬਦ ਨਾ ਆਖਿਆ। ਉਸ ਦੇ ਚੇਲੇ ਉਸ ਕੋਲ ਆਏ ਅਤੇ ਉਸ ਨੂੰ ਬੇਨਤੀ ਕੀਤੀ, “ਐਰਤ ਨੂੰ ਕਹੋ ਕਿ ਉਹ ਚਲੀ ਜਾਵੇ। ਉਹ ਸਾਡਾ ਪਿੱਛਾ ਕਰਦੀ ਹੋਈ ਰੌਲਾ ਪਾ ਰਹੀ ਹੈ।”
24ਤਦ ਯਿਸੂ ਨੇ ਆਖਿਆ, “ਮੈਨੂੰ ਸਿਰਫ਼ ਇਸਰਾਏਲ ਦੀਆਂ ਗੁਆਚੀਆਂ ਹੋਈਆਂ ਭੇਡਾਂ ਲਈ ਘੱਲਿਆ ਗਿਆ ਹੈ।”
25ਪਰ ਉਹ ਯਿਸੂ ਕੋਲ ਆਈ ਅਤੇ ਉਸ ਦੇ ਅੱਗੇ ਮੱਥਾ ਟੇਕ ਕੇ ਬੋਲੀ, “ਪ੍ਰਭੂ ਜੀ, ਮੇਰੀ ਸਹਾਇਤਾ ਕਰੋ।”
26ਤਾਂ ਯਿਸੂ ਨੇ ਉੱਤਰ ਦਿੱਤਾ, “ਬਾਲਕਾਂ ਦੀ ਰੋਟੀ ਲੈ ਕੇ ਕੁੱਤਿਆਂ ਅੱਗੇ ਸੁੱਟਣੀ ਚੰਗੀ ਨਹੀਂ ਹੈ।”
27ਉਸ ਨੇ ਆਖਿਆ, “ਹਾਂ ਪ੍ਰਭੂ ਜੀ, ਪਰ ਕੁੱਤੇ ਵੀ ਆਪਣੇ ਮਾਲਕ ਦੀ ਮੇਜ਼ ਤੋਂ ਡਿੱਗੇ ਰੋਟੀ ਦੇ ਟੁਕੜੇ ਖਾਂਦੇ ਹਨ।”
28ਤਦ ਯਿਸੂ ਨੇ ਉੱਤਰ ਦਿੱਤਾ, “ਹੇ ਬੀਬੀ ਤੇਰੀ ਵਿਸ਼ਵਾਸ ਵੱਡੀ ਹੈ। ਜਿਵੇਂ ਤੂੰ ਚਾਹੇਂ ਉਵੇਂ ਹੀ ਹੋਵੇ।” ਇਉਂ ਉਸਦੀ ਧੀ ਉਸੇ ਵੇਲੇ ਹੀ ਚੰਗੀ ਹੋ ਗਈ।
ਯਿਸੂ ਦਾ ਬਹੁਤ ਸਾਰੇ ਲੋਕਾਂ ਨੂੰ ਠੀਕ ਕਰਨਾ
29ਯਿਸੂ ਉੱਥੋਂ ਤੁਰਕੇ ਗਲੀਲੀ ਝੀਲ ਦੇ ਨੇੜੇ ਆਇਆ, ਅਤੇ ਪਹਾੜ ਉੱਤੇ ਚੜ੍ਹ੍ਹਕੇ ਉੱਥੇ ਬਹਿ ਗਿਆ।
30ਬਹੁਤ ਸਾਰੇ ਲੋਕ ਉਸ ਕੋਲ ਆਏ। ਉਹ ਆਪਣੇ ਨਾਲ ਲੰਗੜੀਆਂ, ਅੰਨ੍ਹਿਆਂ, ਟੁੰਡਿਆਂ, ਗੂੰਗਿਆਂ ਅਤੇ ਹੋਰ ਬਹੁਤ ਸਾਰਿਆਂ ਨੂੰ ਲੈ ਕੇ ਆਏ। ਅਤੇ ਉਨ੍ਹਾਂ ਨੂੰ ਯਿਸੂ ਦੇ ਚਰਨੀਂ ਲਾਇਆ ਅਤੇ ਯਿਸੂ ਨੇ ਉਨ੍ਹਾਂ ਸਾਰਿਆਂ ਨੂੰ ਚੰਗਾ ਕੀਤਾ। 31ਲੋਕਾਂ ਨੇ ਵੇਖਿਆ ਕਿ ਗੂੰਗੇ ਬੋਲ ਰਹੇ ਹਨ, ਟੁੰਡੇ ਚੰਗੇ ਹੁੰਦੇ ਹਨ, ਲੰਗੜ੍ਹੇ ਤੁਰਦੇ ਹਨ ਅਤੇ ਅੰਨ੍ਹੇ ਵੇਖਦੇ ਹਨ ਤਾਂ ਹੈਰਾਨ ਹੋਏ ਅਤੇ ਉਨ੍ਹਾਂ ਨੇ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤਿ ਕੀਤੀ।
ਯਿਸੂ ਦਾ ਚਾਰ ਹਜ਼ਾਰ ਤੋਂ ਵੱਧ ਲੋਕਾਂ ਨੂੰ ਭੋਜਨ ਕਰਾਉਣਾ
(ਮਰਕੁਸ 8:1-10)
32ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਸੱਦ ਕੇ ਕਿਹਾ, “ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ, ਕਿਉਂਕਿ ਇਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਰਹਿ ਰਹੇ ਹਨ, ਅਤੇ ਇਨ੍ਹਾਂ ਦੇ ਕੋਲ ਖਾਣ ਨੂੰ ਕੁਝ ਨਹੀਂ ਅਤੇ ਮੈਂ ਨਹੀਂ ਚਾਹੁੰਦਾ ਕਿ ਇਨ੍ਹਾਂ ਨੂੰ ਭੁੱਖਿਆਂ ਵਿਦਾ ਕਰਾਂ, ਕਿਤੇ ਉਹ ਰਸਤੇ ਵਿੱਚ ਹੀ ਭੁੱਖ ਦੇ ਮਾਰੇ ਬੇਹੋਸ਼ ਨਾ ਹੋ ਜਾਣ।”
33ਚੇਲਿਆਂ ਨੇ ਯਿਸੂ ਨੂੰ ਜਵਾਬ ਦਿੱਤਾ, “ਅਸੀਂ ਇਨ੍ਹਾਂ ਸਾਰੇ ਲੋਕਾਂ ਦੇ ਖਾਣ ਲਈ ਕਾਫ਼ੀ ਭੋਜਨ ਇਸ ਬੀਆਬਾਨ ਜਗ੍ਹਾ ਵਿੱਚ ਕਿੱਥੋਂ ਪ੍ਰਾਪਤ ਕਰ ਸੱਕਦੇ ਹਾਂ?”
34ਤਦ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?”
ਉਹ ਬੋਲੇ, “ਸੱਤ ਰੋਟੀਆਂ ਅਤੇ ਥੋੜੀਆਂ ਨਿੱਕੀਆਂ ਮੱਛੀਆਂ ਹਨ।”
35ਤਦ ਯਿਸੂ ਨੇ ਭੀੜ ਨੂੰ ਹੇਠਾਂ ਜ਼ਮੀਨ ਤੇ ਬੈਠਣ ਨੂੰ ਕਿਹਾ। 36ਤਦ ਉਸ ਨੇ ਸੱਤ ਰੋਟੀਆਂ ਅਤੇ ਮੱਛੀਆਂ ਲਈਆਂ ਅਤੇ ਪਰਮੇਸ਼ੁਰ ਦਾ ਸ਼ੁਕਰ ਕਰਕੇ ਤੋੜੀਆਂ ਅਤੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਵਿੱਚ ਵੰਡਿਆਂ। 37ਸਭ ਲੋਕਾਂ ਨੇ ਰੱਜਕੇ ਖਾਧਾ, ਅਤੇ ਉਸ ਦੇ ਚੇਲਿਆਂ ਨੇ ਬਚੇ ਹੋਏ ਭੋਜਨ ਨਾਲ ਸੱਤ ਟੋਕਰੀਆਂ ਭਰੀਆਂ। 38ਔਰਤਾਂ ਅਤੇ ਬੱਚਿਆਂ ਦੇ ਖਾਣ ਤੋਂ ਛੁੱਟ ਉੱਥੇ ਘੱਟ ਤੋਂ ਘੱਟ ਚਾਰ ਹਜ਼ਾਰ ਆਦਮੀ ਸਨ। 39ਫ਼ਿਰ ਲੋਕਾਂ ਨੂੰ ਵਿਦਾ ਕਰਕੇ ਉਹ ਬੇੜੀ ਉੱਤੇ ਚੜ੍ਹ੍ਹ ਗਿਆ ਅਤੇ ਮਗਦਾਨ ਦੇ ਇਲਾਕੇ ਵਿੱਚ ਆਇਆ।
נבחרו כעת:
ਮੱਤੀ ਦੀ ਇੰਜੀਲ 15: PERV
הדגשה
העתק
השווה
שתפו
רוצים לשמור את ההדגשות שלכם בכל המכשירים שלכם? הירשמו או היכנסו
Punjabi Holy Bible: Easy-to-Read Version
All rights reserved.
© 2002 Bible League International