Ir al contenido

ਯਸ਼ਾਯਾਹ 3

3
ਯੇਰੂਸ਼ਲੇਮ ਅਤੇ ਯਹੂਦਾਹ ਦਾ ਨਿਆਂ
1ਹੁਣ ਵੇਖੋ, ਪ੍ਰਭੂ,
ਯਾਹਵੇਹ ਸਰਬਸ਼ਕਤੀਮਾਨ,
ਯੇਰੂਸ਼ਲੇਮ ਅਤੇ ਯਹੂਦਾਹ
ਤੋਂ ਆਸਰਾ ਅਤੇ ਸਹਾਇਤਾ ਦੋਵੇਂ ਲੈਣ ਵਾਲਾ ਹੈ:
ਅਰਥਾਤ ਰੋਟੀ ਦਾ ਸਾਰਾ ਸਹਾਰਾ ਤੇ ਪਾਣੀ ਦਾ ਸਾਰਾ ਸਹਾਰਾ,
2ਸੂਰਬੀਰ ਅਤੇ ਯੋਧਾ,
ਨਿਆਈਂ ਅਤੇ ਨਬੀ,
ਭਵਿੱਖ ਦੱਸਣ ਵਾਲਾ ਤੇ ਬਜ਼ੁਰਗ,
3ਪੰਜਾਹਾਂ ਦਾ ਸਰਦਾਰ ਅਤੇ ਦਰਜੇ ਦਾ ਆਦਮੀ,
ਸਲਾਹਕਾਰ, ਮਾਹਿਰ ਕਾਰੀਗਰ ਅਤੇ ਚਲਾਕ ਜਾਦੂਗਰ ਨੂੰ ਵੀ ਦੂਰ ਕਰ ਦੇਵੇਗਾ।
4“ਮੈਂ ਸਿਰਫ ਨੌਜਵਾਨਾਂ ਨੂੰ ਉਨ੍ਹਾਂ ਦਾ ਅਧਿਕਾਰੀ ਬਣਾਵਾਂਗਾ।
ਬੱਚੇ ਉਨ੍ਹਾਂ ਉੱਤੇ ਰਾਜ ਕਰਨਗੇ।”
5ਲੋਕ ਇੱਕ ਦੂਸਰੇ ਉੱਤੇ
ਅਤੇ ਹਰੇਕ ਆਦਮੀ ਦੂਸਰੇ ਆਦਮੀ ਦੇ ਵਿਰੁੱਧ, ਹਰੇਕ ਗੁਆਂਢੀ ਆਪਣੇ ਗੁਆਂਢੀ ਉੱਤੇ ਜ਼ੁਲਮ ਕਰੇਗਾ,
ਜੁਆਨ ਬੁੱਢਿਆਂ ਦੇ ਵਿਰੁੱਧ ਉੱਠੇਗਾ,
ਅਤੇ ਨੀਚ ਪਤਵੰਤੇ ਦੀ ਬੇਇੱਜ਼ਤੀ ਕਰੇਗਾ।
6ਇੱਕ ਮਨੁੱਖ ਆਪਣੇ ਪਿਤਾ ਦੇ ਘਰ ਵਿੱਚ
ਆਪਣੇ ਭਰਾਵਾਂ ਵਿੱਚੋਂ ਇੱਕ ਨੂੰ ਫੜ ਲਵੇਗਾ ਅਤੇ ਆਖੇਗਾ,
“ਤੁਹਾਡੇ ਕੋਲ ਇੱਕ ਚਾਦਰ ਹੈ, ਤੂੰ ਸਾਡਾ ਆਗੂ ਬਣ,
ਅਤੇ ਇਹ ਉੱਜੜਿਆ ਹੋਇਆ ਢੇਰ ਤੇਰੇ ਹੱਥ ਦੇ ਹੇਠ ਹੋਵੇਗਾ!”
7ਪਰ ਉਸ ਦਿਨ ਉਹ ਪੁਕਾਰੇਗਾ,
“ਮੇਰੇ ਕੋਲ ਕੋਈ ਉਪਾਅ ਨਹੀਂ ਹੈ ਅਤੇ ਨਾ ਹੀ,
ਮੇਰੇ ਘਰ ਵਿੱਚ ਭੋਜਨ ਅਤੇ ਕੱਪੜਾ ਹੈ
ਮੈਨੂੰ ਲੋਕਾਂ ਦਾ ਆਗੂ ਨਾ ਠਹਿਰਾਓ।”
8ਯੇਰੂਸ਼ਲੇਮ ਠੇਡਾ ਖਾ ਗਿਆ ਹੈ,
ਯਹੂਦਾਹ ਡਿੱਗ ਪਿਆ ਹੈ;
ਉਹਨਾਂ ਦੀਆਂ ਗੱਲਾਂ ਅਤੇ ਕੰਮ ਯਾਹਵੇਹ ਦੇ ਵਿਰੁੱਧ ਹਨ,
ਉਸ ਦੀ ਮਹਿਮਾ ਵਾਲੀ ਹਜ਼ੂਰੀ ਨੂੰ ਨਕਾਰਦੇ ਹਨ।
9ਉਨ੍ਹਾਂ ਦਾ ਮੂੰਹ ਉਨ੍ਹਾਂ ਦੇ ਵਿਰੁੱਧ ਗਵਾਹੀ ਦਿੰਦਾ ਹੈ;
ਅਤੇ ਉਹ ਸੋਦੋਮ ਵਾਂਗ ਆਪਣੇ ਹੀ ਪਾਪਾਂ ਵੱਲ ਇਸ਼ਾਰਾ ਕਰਦੇ ਹਨ;
ਉਨ੍ਹਾਂ ਉੱਤੇ ਹਾਏ! ਜੋ ਉਹ ਉਨ੍ਹਾਂ ਨੂੰ ਲੁਕਾਉਂਦੇ ਨਹੀਂ
ਕਿਉਂਕਿ ਉਨ੍ਹਾਂ ਨੇ ਆਪਣਾ ਹੀ ਨੁਕਸਾਨ ਕੀਤਾ ਹੈ।
10ਧਰਮੀਆਂ ਨੂੰ ਦੱਸ ਕਿ ਉਨ੍ਹਾਂ ਦਾ ਭਲਾ ਹੋਵੇਗਾ,
ਕਿਉਂ ਜੋ ਉਹ ਆਪਣੇ ਕਰਮਾਂ ਦਾ ਫਲ ਭੋਗਣਗੇ।
11ਹਾਏ ਦੁਸ਼ਟਾਂ ਉੱਤੇ!
ਉਨ੍ਹਾਂ ਉੱਤੇ ਆਫ਼ਤ ਆਈ ਹੈ!
ਉਨ੍ਹਾਂ ਨੂੰ ਉਨ੍ਹਾਂ ਦੇ ਹੱਥਾਂ ਦੇ ਕੀਤੇ
ਦਾ ਬਦਲਾ ਦਿੱਤਾ ਜਾਵੇਗਾ।
12ਨੌਜਵਾਨ ਮੇਰੇ ਲੋਕਾਂ ਉੱਤੇ ਜ਼ੁਲਮ ਕਰਦੇ ਹਨ,
ਔਰਤਾਂ ਉਨ੍ਹਾਂ ਉੱਤੇ ਰਾਜ ਕਰਦੀਆਂ ਹਨ।
ਹੇ ਮੇਰੇ ਲੋਕੋ, ਤੁਹਾਡੇ ਮਾਰਗ ਦਰਸ਼ਕ ਤੁਹਾਨੂੰ ਕੁਰਾਹੇ ਪਾਉਂਦੇ ਹਨ,
ਉਹ ਤੁਹਾਨੂੰ ਰਸਤੇ ਤੋਂ ਮੋੜ ਦਿੰਦੇ ਹਨ।
13ਯਾਹਵੇਹ ਮੁਕੱਦਮਾ ਲੜਨ ਲਈ ਆਪਣੇ ਸਥਾਨ ਤੇ ਹੈ;
ਉਹ ਲੋਕਾਂ ਦਾ ਨਿਆਂ ਕਰਨ ਲਈ ਉੱਠਦਾ ਹੈ।
14ਯਾਹਵੇਹ ਆਪਣੀ ਪਰਜਾ ਦੇ ਬਜ਼ੁਰਗਾਂ
ਅਤੇ ਆਗੂਆਂ ਦੇ ਵਿਰੁੱਧ ਨਿਆਂ ਲਈ ਆਉਂਦਾ ਹੈ,
“ਇਹ ਤੁਸੀਂ ਹੀ ਹੋ ਜਿਸ ਨੇ ਮੇਰੇ ਅੰਗੂਰੀ ਬਾਗ ਨੂੰ ਬਰਬਾਦ ਕੀਤਾ ਹੈ;
ਗਰੀਬਾਂ ਦੀ ਲੁੱਟ ਤੁਹਾਡੇ ਘਰਾਂ ਵਿੱਚ ਹੈ।
15ਯਾਹਵੇਹ ਸਰਬਸ਼ਕਤੀਮਾਨ ਇਸ ਤਰ੍ਹਾਂ ਆਖਦਾ ਹੈ!
ਤੁਹਾਨੂੰ ਮੇਰੇ ਲੋਕਾਂ ਨੂੰ ਕੁਚਲਣ
ਅਤੇ ਗਰੀਬਾਂ ਦੇ ਮੂੰਹ ਪੀਸਣ ਦਾ ਕੀ ਮਤਲਬ ਹੈ?”
16ਯਾਹਵੇਹ ਇਹ ਆਖਦਾ ਹੈ,
“ਸੀਯੋਨ ਦੀਆਂ ਔਰਤਾਂ ਹੰਕਾਰੀ ਹਨ,
ਅਤੇ ਗਰਦਨਾਂ ਅਕੜਾ ਕੇ
ਅਤੇ ਆਪਣੀਆਂ ਅੱਖਾਂ ਮਟਕਾ ਕੇ ਤੁਰਦੀਆਂ ਹਨ,
ਅਤੇ ਠੁਮਕ-ਠੁਮਕ ਚਾਲ ਚੱਲਦੀਆਂ ਹਨ,
ਅਤੇ ਆਪਣੇ ਪੈਰਾਂ ਵਿੱਚ ਘੁੰਗਰੂ ਛਣਕਾਉਂਦੀਆਂ ਹਨ।
17ਇਸ ਲਈ ਯਾਹਵੇਹ ਸੀਯੋਨ ਦੀਆਂ ਧੀਆਂ ਦਾ ਸਿਰ ਗੰਜਾ ਕਰ ਦੇਵੇਗਾ
ਅਤੇ ਯਾਹਵੇਹ ਉਹਨਾਂ ਦੇ ਸਰੀਰ ਨੰਗੇ ਕਰ ਦੇਵੇਗਾ।”
18ਉਸ ਦਿਨ ਯਾਹਵੇਹ ਉਨ੍ਹਾਂ ਦਾ ਸ਼ਿੰਗਾਰ, ਚੂੜੀਆਂ ਅਤੇ ਸਿਰ ਦੇ ਮੁਕਟ ਅਤੇ ਚਮਕਦੇ ਹਾਰ ਨੂੰ ਖੋਹ ਲਵੇਗਾ: 19ਮੁੰਦਰੀਆਂ, ਕੰਗਣ, ਘੁੰਡ, 20ਚੌਂਕ, ਕੰਗਣ, ਪਟਕੇ, ਅਤਰਦਾਨੀਆਂ, ਚੌਂਕੀਆਂ ਦੀਆਂ ਬੋਤਲਾਂ ਅਤੇ ਸੁੰਦਰਤਾ, 21ਅੰਗੂਠੀਆਂ ਅਤੇ ਮੁੰਦਰੀਆਂ, 22ਵਧੀਆ ਬਸਤਰ ਅਤੇ ਚਾਦਰਾਂ, ਦੁਪੱਟੇ, ਥੈਲੇ 23ਸ਼ੀਸ਼ੇ, ਮਲਮਲ ਦੇ ਕੱਪੜੇ, ਮੁੰਦਰੀਆਂ ਅਤੇ ਬੁਰਕੇ, ਇਨ੍ਹਾਂ ਸਾਰਿਆਂ ਦੀ ਸ਼ੋਭਾ ਦੂਰ ਕਰੇਗਾ।
24ਅਤੇ ਅਜਿਹਾ ਹੋਵੇਗਾ ਕਿ ਸੁਗੰਧ ਦੇ ਥਾਂ ਸੜਿਆਂਧ ਹੋਵੇਗੀ;
ਪਟਕੇ ਦੀ ਥਾਂ ਰੱਸੀ,
ਮੀਢੀਆਂ ਦੇ ਜਗ੍ਹਾਂ ਗੰਜਾਪਨ;
ਵਧੀਆ ਕੱਪੜੇ ਦੀ ਬਜਾਏ, ਤੱਪੜ;
ਸੁੰਦਰਤਾ ਦੀ ਬਜਾਏ, ਬਦਸੂਰਤੀ ਹੋਵੇਗੀ।
25ਤੁਹਾਡੇ ਆਦਮੀ ਤਲਵਾਰ ਨਾਲ,
ਅਤੇ ਤੁਹਾਡੇ ਯੋਧੇ ਲੜਾਈ ਵਿੱਚ ਡਿੱਗਣਗੇ।
26ਸੀਯੋਨ ਦੇ ਦਰਵਾਜ਼ੇ ਵਿਰਲਾਪ ਕਰਨਗੇ ਅਤੇ ਸੋਗ ਕਰਨਗੇ;
ਬੇਸਹਾਰਾ, ਉਹ ਜ਼ਮੀਨ ਤੇ ਬੈਠੇਗੀ।