ਯਸ਼ਾਯਾਹ 2
2
ਯਾਹਵੇਹ ਦਾ ਪਰਬਤ
1ਆਮੋਸ ਦੇ ਪੁੱਤਰ ਯਸ਼ਾਯਾਹ ਦਾ ਬਚਨ ਜਿਹੜਾ ਉਸ ਨੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਵਿਖੇ ਦਰਸ਼ਨ ਵਿੱਚ ਵੇਖਿਆ:
2ਅੰਤ ਦੇ ਦਿਨਾਂ ਵਿੱਚ
ਅਜਿਹਾ ਹੋਵੇਗਾ ਯਾਹਵੇਹ ਦੇ ਭਵਨ ਦਾ ਪਰਬਤ
ਸਾਰਿਆਂ ਪਹਾੜਾਂ ਵਿੱਚੋਂ ਸਭ ਤੋਂ ਉੱਚਾ ਹੋਵੇਗਾ,
ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ,
ਅਤੇ ਸਾਰੀਆਂ ਕੌਮਾਂ ਵਗਦੀ ਨਦੀ ਵਾਂਗ ਉਸ ਦੇ ਵੱਲ ਵਗਣਗੀਆਂ।
3ਬਹੁਤ ਸਾਰੇ ਲੋਕ ਆਉਣਗੇ ਅਤੇ ਆਖਣਗੇ,
“ਆਓ, ਅਸੀਂ ਯਾਹਵੇਹ ਦੇ ਪਰਬਤ ਉੱਤੇ ਚੜ੍ਹੀਏ,
ਯਾਹਵੇਹ ਯਾਕੋਬ ਦੇ ਪਰਮੇਸ਼ਵਰ ਦੇ ਭਵਨ ਵੱਲ ਜਾਈਏ।
ਤਾਂ ਜੋ ਉਹ ਸਾਨੂੰ ਆਪਣੇ ਰਾਹ ਸਿਖਾਵੇ,
ਅਤੇ ਅਸੀਂ ਉਸ ਦੇ ਰਾਹਾਂ ਵਿੱਚ ਚੱਲੀਏ।”
ਕਿਉਂ ਜੋ ਬਿਵਸਥਾ ਸੀਯੋਨ ਤੋਂ,
ਅਤੇ ਯਾਹਵੇਹ ਦਾ ਬਚਨ ਯੇਰੂਸ਼ਲੇਮ ਤੋਂ ਨਿੱਕਲੇਗਾ।
4ਉਹ ਕੌਮਾਂ ਵਿੱਚ ਨਿਆਂ ਕਰੇਗਾ
ਅਤੇ ਬਹੁਤ ਸਾਰੇ ਲੋਕਾਂ ਦੇ ਝਗੜਿਆਂ ਦਾ ਨਿਪਟਾਰਾ ਕਰੇਗਾ।
ਉਹ ਆਪਣੀਆਂ ਤਲਵਾਰਾਂ ਨੂੰ ਕੁੱਟ-ਕੁੱਟ ਕੇ ਹੱਲ ਦੇ ਫ਼ਾਲ ਅਤੇ ਆਪਣੇ ਬਰਛਿਆਂ ਨੂੰ ਦਾਤੀਆਂ ਬਣਾਉਣਗੇ
ਅਤੇ ਆਪਣੇ ਬਰਛਿਆਂ ਨੂੰ ਕੁੰਡੀਆਂ ਬਣਾ ਲੈਣਗੇ।
ਕੌਮ-ਕੌਮ ਦੇ ਵਿਰੁੱਧ ਤਲਵਾਰ ਨਹੀਂ ਚੁੱਕੇਗੀ,
ਅਤੇ ਉਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।
5ਆਓ, ਯਾਕੋਬ ਦੀ ਸੰਤਾਨ,
ਅਸੀਂ ਯਾਹਵੇਹ ਦੇ ਚਾਨਣ ਵਿੱਚ ਚੱਲੀਏ।
ਯਾਹਵੇਹ ਦਾ ਦਿਨ
6ਹੇ ਯਾਹਵੇਹ ਤੂੰ ਤਾਂ ਆਪਣੀ ਪਰਜਾ
ਯਾਕੋਬ ਦੇ ਵੰਸ਼ ਨੂੰ ਛੱਡ ਦਿੱਤਾ ਹੈ।
ਉਹ ਪੂਰਬ ਦੇ ਵਹਿਮਾਂ ਨਾਲ ਭਰੇ ਹੋਏ ਹਨ;
ਉਹ ਫ਼ਲਿਸਤੀਆਂ ਵਾਂਗ ਭਵਿੱਖਬਾਣੀ ਦਾ ਅਭਿਆਸ ਕਰਦੇ ਹਨ
ਅਤੇ ਪਰਦੇਸੀਆਂ ਦੀਆਂ ਰੀਤਾਂ ਨੂੰ ਗਲ਼ ਨਾਲ ਲਾਉਂਦੇ ਹਨ।
7ਉਨ੍ਹਾਂ ਦੀ ਧਰਤੀ ਚਾਂਦੀ ਅਤੇ ਸੋਨੇ ਨਾਲ ਭਰੀ ਹੋਈ ਹੈ,
ਉਨ੍ਹਾਂ ਦੇ ਖ਼ਜ਼ਾਨਿਆਂ ਦਾ ਕੋਈ ਅੰਤ ਨਹੀਂ ਹੈ।
ਉਨ੍ਹਾਂ ਦੀ ਧਰਤੀ ਘੋੜਿਆਂ ਨਾਲ ਭਰੀ ਹੋਈ ਹੈ,
ਉਨ੍ਹਾਂ ਦੇ ਰਥਾਂ ਦਾ ਕੋਈ ਅੰਤ ਨਹੀਂ ਹੈ।
8ਉਨ੍ਹਾਂ ਦੀ ਧਰਤੀ ਮੂਰਤੀਆਂ ਨਾਲ ਭਰੀ ਹੋਈ ਹੈ;
ਉਹ ਆਪਣੀ ਦਸਤਕਾਰੀ ਨੂੰ ਮੱਥਾ ਟੇਕਦੇ ਹਨ,
ਜਿਹੜੀ ਉਹਨਾਂ ਦੀਆਂ ਉਂਗਲੀਆਂ ਦਾ ਕੰਮ ਹੈ।
9ਇਸ ਲਈ ਲੋਕਾਂ ਨੂੰ ਝੁਕਾਇਆ ਜਾਂਦਾ
ਅਤੇ ਹਰ ਕੋਈ ਨੀਵਾਂ ਕੀਤਾ ਜਾਵੇਗਾ,
ਉਹਨਾਂ ਨੂੰ ਮਾਫ਼ ਨਾ ਕਰੋ।
10ਚੱਟਾਨਾਂ ਵਿੱਚ ਜਾਓ, ਜ਼ਮੀਨ ਵਿੱਚ ਲੁਕ ਜਾਓ
ਯਾਹਵੇਹ ਦੇ ਭੈਅ ਦੇ ਕਾਰਨ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ,
ਚੱਟਾਨ ਵਿੱਚ ਵੜ ਅਤੇ ਮਿੱਟੀ ਵਿੱਚ ਲੁੱਕ ਜਾ!
11ਹੰਕਾਰੀ ਦੀਆਂ ਅੱਖਾਂ ਨੀਵੀਆਂ ਹੋ ਜਾਣਗੀਆਂ
ਅਤੇ ਮਨੁੱਖਾਂ ਦਾ ਹੰਕਾਰ ਨਿਵਾਇਆ ਜਾਵੇਗਾ,
ਉਸ ਦਿਨ ਇਕੱਲੇ ਯਾਹਵੇਹ ਨੂੰ ਉੱਚਾ ਕੀਤਾ ਜਾਵੇਗਾ।
12ਸਰਬਸ਼ਕਤੀਮਾਨ ਯਾਹਵੇਹ ਕੋਲ ਇੱਕ ਦਿਨ ਹੈ
ਜਿਹੜਾ ਹਰੇਕ ਘਮੰਡੀ ਅਤੇ ਅਭਮਾਨੀ ਦੇ ਵਿਰੁੱਧ,
ਉਨ੍ਹਾਂ ਸਾਰਿਆਂ ਲਈ ਜੋ ਉੱਚੇ ਹਨ
(ਅਤੇ ਉਹ ਨੀਵੇਂ ਕੀਤੇ ਜਾਣਗੇ),
13ਨਾਲੇ ਲਬਾਨੋਨ ਦੇ ਸਾਰੇ ਦਿਆਰਾਂ ਦੇ ਵਿਰੁੱਧ, ਜਿਹੜੇ ਉੱਚੇ ਅਤੇ ਵਧੀਆ ਹਨ,
ਅਤੇ ਬਾਸ਼ਾਨ ਦੇ ਸਾਰੇ ਬਲੂਤਾਂ ਦੇ ਵਿਰੁੱਧ,
14ਸਾਰੇ ਉੱਚੇ ਪਹਾੜਾਂ
ਅਤੇ ਸਾਰੀਆਂ ਉੱਚੀਆਂ ਪਹਾੜੀਆਂ ਲਈ,
15ਹਰ ਇੱਕ ਉੱਚੇ ਬੁਰਜ ਲਈ
ਅਤੇ ਹਰ ਕਿਲ੍ਹੇ ਵਾਲੀ ਕੰਧ,
16ਹਰ ਵਪਾਰਕ ਜਹਾਜ਼
ਅਤੇ ਹਰ ਸ਼ਾਨਦਾਰ ਜਹਾਜ਼ ਲਈ।
17ਆਦਮੀ ਦਾ ਹੰਕਾਰ ਨਿਵਾਇਆ ਜਾਵੇਗਾ
ਅਤੇ ਮਨੁੱਖ ਦਾ ਹੰਕਾਰ ਨੀਵਾਂ ਕੀਤਾ ਜਾਵੇਗਾ;
ਅਤੇ ਇਕੱਲਾ ਯਾਹਵੇਹ ਹੀ ਉੱਚੀ ਥਾਂ ਤੇ ਬੈਠੇਗਾ,
18ਅਤੇ ਮੂਰਤੀਆਂ ਪੂਰੀ ਤਰ੍ਹਾਂ ਅਲੋਪ ਹੋ ਜਾਣਗੀਆਂ।
19ਜਦ ਯਾਹਵੇਹ ਧਰਤੀ ਨੂੰ ਜ਼ੋਰ ਨਾਲ ਹਿਲਾਉਣ ਨੂੰ ਉੱਠੇਗਾ,
ਤਾਂ ਉਸ ਦੇ ਭੈਅ ਦੇ ਕਾਰਨ
ਅਤੇ ਉਹ ਦੇ ਪਰਤਾਪ ਦੇ ਤੇਜ ਤੋਂ ਮਨੁੱਖ ਚੱਟਾਨ ਦੀਆਂ ਖੁੰਧਰਾਂ ਵਿੱਚ,
ਅਤੇ ਮਿੱਟੀ ਦੇ ਟੋਇਆਂ ਵਿੱਚ ਜਾ ਵੜਨਗੇ।
20ਉਸ ਦਿਨ ਲੋਕ ਆਪਣੀਆਂ ਚਾਂਦੀ ਦੀਆਂ ਮੂਰਤੀਆਂ
ਜਿਹੜੀਆਂ ਉਨ੍ਹਾਂ ਨੇ ਪੂਜਾ ਕਰਨ ਲਈ ਬਣਾਈਆਂ ਸਨ ਚਿੱਚੜਾਂ ਅਤੇ ਚਮਗਿੱਦੜਾਂ ਨੂੰ ਸੁੱਟ ਦੇਣਗੇ।
21ਉਹ ਯਾਹਵੇਹ ਦੀ ਭੈਭੀਤ ਹਜ਼ੂਰੀ
ਅਤੇ ਉਸ ਦੀ ਮਹਿਮਾ ਦੇ ਪਰਤਾਪ ਤੋਂ,
ਜਦੋਂ ਉਹ ਧਰਤੀ ਨੂੰ ਹਿਲਾਉਣ ਲਈ ਉੱਠਦਾ ਹੈ,
ਚੱਟਾਨਾਂ ਵਿੱਚ ਗੁਫ਼ਾਂਵਾਂ ਅਤੇ ਉੱਚੀਆਂ ਚਟਾਨਾਂ ਵੱਲ ਭੱਜ ਜਾਣਗੇ।
22ਇਸ ਲਈ ਮਨੁੱਖਾਂ ਉੱਤੇ ਭਰੋਸਾ ਕਰਨਾ ਛੱਡ ਦਿਓ,
ਜਿਨ੍ਹਾਂ ਦੀਆਂ ਨਾਸਾਂ ਵਿੱਚ ਸਾਹ ਹੀ ਹੈ
ਉਨ੍ਹਾਂ ਦਾ ਮੁੱਲ ਹੈ ਹੀ ਕੀ?
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.