Logo de YouVersion
Icono de búsqueda

ਉਤਪਤ 48

48
ਮਨੱਸ਼ਹ ਅਤੇ ਇਫ਼ਰਾਈਮ ਲਈ ਅਸੀਸਾਂ
1ਕੁਝ ਸਮੇਂ ਬਾਦ, ਯੂਸੁਫ਼ ਨੂੰ ਪਤਾ ਲੱਗਿਆ ਕਿ ਉਸ ਦਾ ਪਿਤਾ ਬਹੁਤ ਬਿਮਾਰ ਸੀ। ਇਸ ਲਈ ਯੂਸੁਫ਼ ਨੇ ਆਪਣੇ ਦੋਹਾਂ ਪੁੱਤਰਾਂ, ਮਨੱਸ਼ਹ ਅਤੇ ਇਫ਼ਰਾਈਮ ਨੂੰ ਨਾਲ ਲਿਆ ਅਤੇ ਆਪਣੇ ਪਿਤਾ ਵੱਲ ਗਿਆ। 2ਜਦੋਂ ਯੂਸੁਫ਼ ਆਇਆ, ਕਿਸੇ ਨੇ ਯਾਕੂਬ ਨੂੰ ਆਖਿਆ “ਤੇਰਾ ਪੁੱਤਰ ਯੂਸੁਫ਼ ਤੈਨੂੰ ਮਿਲਣ ਆਇਆ ਹੈ।” ਇਸਰਾਏਲ ਉਨ੍ਹਾਂ ਨੂੰ ਵੇਖਕੇ ਬਹੁਤ ਜ਼ਿਆਦੇ ਪ੍ਰਸੰਨ ਹੋਇਆ ਅਤੇ ਬਿਸਤਰੇ ਤੋਂ ਉੱਠ ਕੇ ਬੈਠ ਗਿਆ।
3ਫ਼ੇਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, “ਕਨਾਨ ਦੀ ਧਰਤੀ ਉੱਤੇ ਲੂਜ਼ ਵਿਖੇ, ਸਰਬ-ਸ਼ਕਤੀਮਾਨ ਪਰਮੇਸ਼ੁਰ ਮੈਨੂੰ ਪ੍ਰਗਟਿਆ। ਪਰਮੇਸ਼ੁਰ ਨੇ ਮੈਨੂੰ ਉੱਥੇ ਅਸੀਸ ਦਿੱਤੀ ਸੀ। 4ਪਰਮੇਸ਼ੁਰ ਨੇ ਮੈਨੂੰ ਆਖਿਆ, ‘ਮੈਂ ਤੈਨੂੰ ਵੱਡਾ ਪਰਿਵਾਰ ਬਣਾ ਦਿਆਂਗਾ। ਮੈਂ ਤੈਨੂੰ ਬਹੁਤ ਔਲਾਦ ਦੇਵਾਂਗਾ ਅਤੇ ਤੁਸੀਂ ਮਹਾਨ ਲੋਕ ਬਣੋਂਗੇ। ਇਹ ਧਰਤੀ ਸਦਾ ਤੁਹਾਡੇ ਪਰਿਵਾਰ ਦੀ ਹੋਵੇਗੀ।’ 5ਅਤੇ ਹੁਣ ਤੇਰੇ ਦੋ ਪੁੱਤਰ ਹਨ। ਇਨ੍ਹਾਂ ਪੁੱਤਰਾਂ ਦਾ ਜਨਮ ਮੇਰੇ ਆਉਣ ਤੋਂ ਪਹਿਲਾਂ ਇੱਥੇ ਮਿਸਰ ਦੇਸ਼ ਵਿੱਚ ਹੋਇਆ ਸੀ। ਤੇਰੇ ਦੋਵੇਂ ਪੁੱਤਰ, ਇਫ਼ਰਾਈਮ ਅਤੇ ਮਨੱਸ਼ਹ ਮੇਰੇ ਆਪਣੇ ਪੁੱਤਰਾਂ ਵਰਗੇ ਹੋਣਗੇ। ਉਹ ਮੇਰੇ ਲਈ ਰਊਬੇਨ ਅਤੇ ਸਿਮਓਨ ਵਰਗੇ ਹੋਣਗੇ। 6ਇਸ ਲਈ ਇਹ ਦੋਵੇਂ ਮੁੰਡੇ ਮੇਰੇ ਪੁੱਤਰ ਹੋਣਗੇ। ਮੇਰੀ ਹਰ ਚੀਜ਼ ਵਿੱਚ ਇਨ੍ਹਾਂ ਦਾ ਹਿੱਸਾ ਹੋਵੇਗਾ। ਪਰ ਜੇ ਤੇਰੇ ਹੋਰ ਪੁੱਤਰ ਹੋਏ ਤਾਂ ਉਹ ਤੇਰੇ ਪੁੱਤਰ ਹੋਣਗੇ। ਪਰ ਉਹ ਇਫ਼ਰਾਈਮ ਅਤੇ ਮਨੱਸ਼ਹ ਲਈ ਪੁੱਤਰਾਂ ਵਰਗੇ ਹੋਣਗੇ-ਅਰਥਾਤ, ਭਵਿੱਖ ਵਿੱਚ ਉਹ ਇਫ਼ਰਾਈਮ ਅਤੇ ਮਨੱਸ਼ਹ ਦੀ ਸਾਰੀ ਜਾਇਦਾਦ ਦਾ ਹਿੱਸਾ ਵੰਡਾਉਣਗੇ। 7ਪਦਨ ਅਰਾਮ ਤੋਂ ਸਫ਼ਰ ਕਰਦੇ ਹੋਏ ਰਾਖੇਲ ਦਾ ਦੇਹਾਂਤ ਹੋ ਗਿਆ ਸੀ। ਇਸ ਨੇ ਮੈਨੂੰ ਬਹੁਤ ਉਦਾਸ ਕੀਤਾ। ਉਹ ਕਨਾਨ ਦੀ ਧਰਤੀ ਉੱਤੇ ਮਰੀ ਸੀ। ਅਸੀਂ ਹਾਲੇ ਅਫ਼ਰਾਤ ਵੱਲ ਸਫ਼ਰ ਕਰ ਰਹੇ ਸਾਂ। ਮੈਂ ਉਸ ਨੂੰ ਉਸੇ ਅਫ਼ਰਾਤ ਦੇ ਰਸਤੇ ਉੱਤੇ ਦਫ਼ਨ ਕਰ ਦਿੱਤਾ ਸੀ।” (ਅਫ਼ਰਾਤ ਬੇਤਲਹਮ ਹੈ।)
8ਫ਼ੇਰ ਇਸਰਾਏਲ ਨੇ ਯੂਸੁਫ਼ ਦੇ ਪੁੱਤਰਾਂ ਵੱਲ ਵੇਖਿਆ। ਇਸਰਾਏਲ ਨੇ ਆਖਿਆ, “ਇਹ ਮੁੰਡੇ ਕੌਣ ਹਨ?”
9ਯੂਸੁਫ਼ ਨੇ ਆਪਣੇ ਪਿਤਾ ਨੂੰ ਆਖਿਆ, “ਇਹ ਮੇਰੇ ਪੁੱਤਰ ਹਨ। ਇਹ ਉਹ ਮੁੰਡੇ ਹਨ ਜਿਹੜੇ ਪਰਮੇਸ਼ੁਰ ਨੇ ਮੈਨੂੰ ਦਿੱਤੇ ਹਨ।”
ਇਸਰਾਏਲ ਨੇ ਆਖਿਆ, “ਆਪਣੇ ਪੁੱਤਰਾਂ ਨੂੰ ਮੇਰੇ ਕੋਲ ਲਿਆ। ਮੈਂ ਇਨ੍ਹਾਂ ਨੂੰ ਅਸੀਸ ਦੇਵਾਂਗਾ।”
10ਇਸਰਾਏਲ ਬਹੁਤ ਬਿਰਧ ਸੀ ਅਤੇ ਉਸ ਦੀ ਨਜ਼ਰ ਕਮਜ਼ੋਰ ਸੀ। ਇਸ ਲਈ ਯੂਸੁਫ਼ ਮੁੰਡਿਆਂ ਨੂੰ ਆਪਣੇ ਪਿਤਾ ਦੇ ਬਹੁਤ ਨੇੜੇ ਲੈ ਗਿਆ। ਇਸਰਾਏਲ ਨੇ ਮੁੰਡਿਆਂ ਨੂੰ ਚੁੰਮਿਆ ਅਤੇ ਆਪਣੇ ਨਾਲ ਘੁੱਟਿਆ। 11ਫ਼ੇਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, “ਮੈਂ ਕਦੇ ਨਹੀਂ ਸੀ ਸੋਚਿਆ ਕਿ ਮੈਂ ਮੁੜ ਕੇ ਤੇਰਾ ਚਿਹਰਾ ਦੇਖਾਂਗਾ। ਪਰ ਦੇਖੋ; ਪਰਮੇਸ਼ੁਰ ਨੇ ਮੈਨੂੰ ਤੂੰ ਅਤੇ ਤੇਰੇ ਬੱਚੇ ਦਿਖਾ ਦਿੱਤੇ ਹਨ।”
12ਫ਼ੇਰ ਯੂਸੁਫ਼ ਨੇ ਮੁੰਡਿਆਂ ਨੂੰ ਇਸਰਾਏਲ ਦੀ ਗੋਦੀ ਵਿੱਚੋਂ ਚੁੱਕ ਲਿਆ ਅਤੇ ਉਹ ਉਸ ਦੇ ਪਿਤਾ ਅੱਗੇ ਧਰਤੀ ਉੱਤੇ ਝੁਕ ਗਏ। 13ਯੂਸੁਫ਼ ਨੇ ਇਫ਼ਰਾਈਮ ਨੂੰ ਆਪਣੇ ਸੱਜੇ ਪਾਸੇ ਅਤੇ ਮਨੱਸ਼ਹ ਨੂੰ ਆਪਣੇ ਖੱਬੇ ਪਾਸੇ ਬਿਠਾਇਆ। (ਇਸ ਤਰ੍ਹਾਂ, ਇਫ਼ਰਾਈਮ ਇਸਰਾਏਲ ਦੇ ਖੱਬੇ ਪਾਸੇ ਸੀ ਅਤੇ ਮਨੱਸ਼ਹ ਇਸਰਾਏਲ ਦੇ ਸੱਜੇ ਪਾਸੇ ਸੀ।) 14ਪਰ ਇਸਰਾਏਲ ਨੇ ਆਪਣੇ ਹੱਥ ਵੱਧਾ ਕੇ ਆਪਣਾ ਸੱਜਾ ਹੱਥ ਛੋਟੇ ਮੁੰਡੇ ਇਫ਼ਰਾਈਮ ਦੇ ਸਿਰ ਉੱਤੇ ਰੱਖਿਆ। ਫ਼ੇਰ ਇਸਰਾਏਲ ਨੇ ਆਪਣਾ ਖੱਬਾ ਹੱਥ ਵੱਡੇ ਮੁੰਡੇ ਮਨੱਸ਼ਹ ਦੇ ਸਿਰ ਉੱਤੇ ਰੱਖਿਆ। ਉਸ ਨੇ ਆਪਣਾ ਹੱਥ ਮਨੱਸ਼ਹ ਉੱਤੇ ਰੱਖਿਆ ਭਾਵੇਂ ਮਨੱਸ਼ਹ ਪਹਿਲੋਠਾ ਸੀ। 15ਅਤੇ ਇਸਰਾਏਲ ਨੇ ਯੂਸੁਫ਼ ਨੂੰ ਅਸੀਸ ਦਿੱਤੀ ਅਤੇ ਆਖਿਆ,
“ਮੇਰੇ ਪੁਰਖਿਆਂ, ਅਬਰਾਹਾਮ ਅਤੇ ਇਸਹਾਕ ਨੇ, ਸਾਡੇ ਪਰਮੇਸ਼ੁਰ ਦੀ ਉਪਾਸਨਾ ਕੀਤੀ ਸੀ।
ਅਤੇ ਉਸ ਪਰਮੇਸ਼ੁਰ ਨੇ ਸਾਰੀ ਉਮਰ ਮੇਰੀ ਅਗਵਾਈ ਕੀਤੀ ਹੈ।
16ਉਹ ਦੂਤ ਸੀ, ਜਿਸਨੇ ਮੈਨੂੰ ਮੇਰੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਇਆ ਸੀ।
ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਉਹ ਇਨ੍ਹਾਂ ਮੁੰਡਿਆਂ ਨੂੰ ਅਸੀਸ ਦੇਵੇ।
ਹੁਣ ਇਨ੍ਹਾਂ ਮੁੰਡਿਆਂ ਨੂੰ ਮੇਰਾ ਅਤੇ ਸਾਡੇ ਪੁਰਖਿਆਂ ਅਬਰਾਹਾਮ ਅਤੇ ਇਸਹਾਕ ਦਾ ਨਾਮ ਮਿਲੇਗਾ।
ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਹ ਵੱਧ ਫ਼ੁੱਲ ਕੇ ਧਰਤੀ ਦੇ ਮਹਾਨ ਪਰਿਵਾਰ ਅਤੇ ਕੌਮਾਂ ਬਨਣ।”
17ਯੂਸੁਫ਼ ਨੇ ਦੇਖਿਆ ਕਿ ਉਸ ਦੇ ਪਿਤਾ ਨੇ ਆਪਣਾ ਸੱਜਾ ਹੱਥ ਇਫ਼ਰਾਈਮ ਦੇ ਸਿਰ ਉੱਤੇ ਰੱਖਿਆ ਸੀ। ਇਸ ਨਾਲ ਯੂਸੁਫ਼ ਨੂੰ ਖੁਸ਼ੀ ਨਹੀਂ ਹੋਈ। ਯੂਸੁਫ਼ ਨੇ ਆਪਣੇ ਪਿਤਾ ਦਾ ਹੱਥ ਫ਼ੜ ਲਿਆ। ਉਹ ਇਸ ਨੂੰ ਇਫ਼ਰਾਈਮ ਦੇ ਸਿਰ ਤੋਂ ਹਟਾਕੇ ਮਨੱਸ਼ਹ ਦੇ ਸਿਰ ਉੱਤੇ ਰੱਖਣਾ ਚਾਹੁੰਦਾ ਸੀ। 18ਯੂਸੁਫ਼ ਨੇ ਆਪਣੇ ਪਿਤਾ ਨੂੰ ਆਖਿਆ, “ਤੁਸੀਂ ਆਪਣਾ ਸੱਜਾ ਹੱਥ ਗਲਤ ਮੁੰਡੇ ਦੇ ਸਿਰ ਉੱਤੇ ਰੱਖਿਆ ਹੈ। ਮਨੱਸ਼ਹ ਪਹਿਲੋਠਾ ਹੈ। ਆਪਣਾ ਸੱਜਾ ਹੱਥ ਉਸ ਉੱਤੇ ਰੱਖੋ।”
19ਪਰ ਉਸ ਦੇ ਪਿਤਾ ਨੇ ਦਲੀਲ ਦਿੱਤੀ ਅਤੇ ਆਖਿਆ, “ਮੈਂ ਜਾਣਦਾ ਹਾਂ, ਪੁੱਤਰ। ਮੈਂ ਜਾਣਦਾ ਹਾਂ ਮਨੱਸ਼ਹ ਪਹਿਲੋਠਾ ਹੈ ਅਤੇ ਉਹ ਮਹਾਨ ਬਣੇਗਾ। ਉਹ ਬਹੁਤ ਸਾਰੇ ਲੋਕਾਂ ਦਾ ਪਿਤਾਮਾ ਹੋਵੇਗਾ। ਪਰ ਛੋਟਾ ਭਰਾ ਵੱਡੇ ਨਾਲੋਂ ਵੱਧੇਰੇ ਮਹਾਨ ਹੋਵੇਗਾ। ਅਤੇ ਛੋਟੇ ਭਰਾ ਦਾ ਪਰਿਵਾਰ ਬਹੁਤ ਵੱਡੇਰਾ ਹੋਵੇਗਾ।”
20ਇਸ ਲਈ ਇਸਰਾਏਲ ਨੇ ਉਨ੍ਹਾਂ ਨੂੰ ਉਸ ਦਿਨ ਅਸੀਸ ਦਿੱਤੀ। ਉਸ ਨੇ ਆਖਿਆ,
“ਇਸਰਾਏਲ ਦੇ ਲੋਕ, ਜਦੋਂ ਵੀ ਕਿਸੇ
ਨੂੰ ਅਸੀਸ ਦੇਣਗੇ ਤੁਹਾਡਾ ਨਾਮ ਲੈਣਗੇ।
ਉਹ ਆਖਣਗੇ, ‘ਪਰਮੇਸ਼ੁਰ ਤੁਹਾਨੂੰ ਇਫ਼ਰਾਈਮ
ਅਤੇ ਮਨੱਸ਼ਹ ਵਰਗਾ ਬਣਾਵੇ।’”
ਇਸ ਤਰ੍ਹਾਂ, ਇਸਰਾਏਲ ਨੇ ਇਫ਼ਰਾਈਮ ਨੂੰ ਮਨੱਸ਼ਹ ਤੋਂ ਉੱਚਾ ਰੁਤਬਾ ਦਿੱਤਾ।
21ਫ਼ੇਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, “ਦੇਖ, ਮੇਰੇ ਦੇਹਾਂਤ ਦਾ ਸਮਾਂ ਤਕਰੀਬਨ ਆ ਚੁੱਕਾ ਹੈ। ਪਰ ਪਰਮੇਸ਼ੁਰ ਹਾਲੇ ਵੀ ਤੁਹਾਡੇ ਨਾਲ ਹੋਵੇਗਾ। ਉਹ ਤੁਹਾਨੂੰ ਤੁਹਾਡੇ ਪੁਰਖਿਆਂ ਦੀ ਧਰਤੀ ਉੱਤੇ ਜਾਣ ਵਿੱਚ ਅਗਵਾਈ ਦੇਵੇਗਾ।
22“ਮੈਂ ਤੈਨੂੰ ਤੇਰੇ ਭਰਾਵਾਂ ਨੂੰ ਦਿੱਤੇ ਨਾਲੋਂ, ਇੱਕ ਭਾਗ ਵੱਧ ਦਿੱਤਾ ਹੈ। ਮੈਂ ਤੈਨੂੰ ਉਹ ਪਰਬਤ ਦਿੱਤਾ ਜਿਹੜਾ ਮੈਂ ਅਮੋਰੀ ਲੋਕਾਂ ਤੋਂ ਮੇਰੀ ਤਲਵਾਰ ਅਤੇ ਮੇਰੇ ਧਨੁੱਖ ਨਾਲ ਲਿਆ ਸੀ। ਮੈਂ ਧਰਤੀ ਦੇ ਉਸ ਭਾਗ ਲਈ ਲੜਨ ਦੀ ਖਾਤਰ ਆਪਣੀ ਤਲਵਾਰ ਆਪਣੇ ਧਨੁਖ ਦੀ ਵਰਤੋਂ ਕੀਤੀ ਸੀ ਅਤੇ ਮੈਂ ਜਿੱਤ ਗਿਆ ਸੀ।”

Actualmente seleccionado:

ਉਤਪਤ 48: PERV

Destacar

Compartir

Copiar

None

¿Quieres tener guardados todos tus destacados en todos tus dispositivos? Regístrate o inicia sesión