Logo de YouVersion
Icono de búsqueda

ਉਤਪਤ 45

45
ਯੂਸੁਫ਼ ਦੱਸਦਾ ਹੈ ਕਿ ਉਹ ਕੌਣ ਹੈ
1ਯੂਸੁਫ਼ ਹੁਣ ਆਪਣੇ-ਆਪ ਉੱਤੇ ਹੋਰ ਬਹੁਤ ਚਿਰ ਕਾਬੂ ਨਹੀਂ ਰੱਖ ਸੱਕਿਆ। ਉਹ ਉੱਥੇ ਸਾਰੇ ਲੋਕਾਂ ਦੇ ਸਾਹਮਣੇ ਰੋ ਪਿਆ। ਯੂਸੁਫ਼ ਨੇ ਆਖਿਆ, “ਹਰੇਕ ਨੂੰ ਆਖੋ ਇੱਥੋਂ ਚੱਲਿਆ ਜਾਵੇ।” ਇਸ ਲਈ ਸਭ ਲੋਕ ਚੱਲੇ ਗਏ। ਸਿਰਫ਼ ਭਰਾ ਹੀ ਯੂਸੁਫ਼ ਦੇ ਕੋਲ ਰਹਿ ਗਏ। ਫ਼ੇਰ ਯੂਸੁਫ਼ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਕੌਣ ਹੈ। 2ਯੂਸੁਫ਼ ਰੋਂਦਾ ਰਿਹਾ ਅਤੇ ਫ਼ਿਰਊਨ ਦੇ ਘਰ ਦੇ ਸਾਰੇ ਮਿਸਰੀ ਲੋਕਾਂ ਨੇ ਇਸ ਨੂੰ ਸੁਣਿਆ। 3ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, “ਮੈਂ ਤੁਹਾਡਾ ਭਰਾ ਯੂਸੁਫ਼ ਹਾਂ। ਕੀ ਮੇਰਾ ਪਿਤਾ ਠੀਕ-ਠਾਕ ਹੈ?” ਪਰ ਭਰਾਵਾਂ ਨੇ ਉਸ ਨੂੰ ਜਵਾਬ ਨਹੀਂ ਦਿੱਤਾ। ਉਹ ਉਲਝਣ ਵਿੱਚ ਪਏ ਹੋਏ ਅਤੇ ਡਰੇ ਹੋਏ ਸਨ।
4ਇਸ ਲਈ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਇੱਕ ਵਾਰੀ ਫ਼ੇਰ ਆਖਿਆ, “ਆਓ ਮੇਰੇ ਕੋਲ ਆਓ। ਮੈਂ ਬੇਨਤੀ ਕਰਦਾ ਹਾਂ ਇੱਥੇ ਆਓ।” ਇਸ ਲਈ ਭਰਾ ਯੂਸੁਫ਼ ਦੇ ਨੇੜੇ ਹੋ ਗਏ। ਅਤੇ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਡਾ ਭਰਾ ਯੂਸੁਫ਼ ਹਾਂ। ਮੈਂ ਹੀ ਹਾਂ ਜਿਸ ਨੂੰ ਤੁਸੀਂ ਗੁਲਾਮ ਵਜੋਂ ਮਿਸਰ ਨੂੰ ਵੇਚ ਦਿੱਤਾ ਸੀ। 5ਹੁਣ, ਫ਼ਿਕਰ ਨਾ ਕਰੋ। ਜੋ ਕੁਝ ਤੁਸੀਂ ਕੀਤਾ ਸੀ ਉਸ ਕਾਰਣ ਆਪਣੇ-ਆਪ ਉੱਤੇ ਗੁੱਸਾ ਨਾ ਕਰੋ। ਇਹ ਮੇਰੇ ਲਈ ਪਰਮੇਸ਼ੁਰ ਦੀ ਯੋਜਨਾ ਸੀ ਕਿ ਮੈਂ ਇੱਥੇ ਆਉਂਦਾ। ਮੈਂ ਇੱਥੇ ਤੁਹਾਡੀ ਜਾਨ ਬਚਾਉਣ ਲਈ ਹਾਂ। 6ਅਕਾਲ ਦਾ ਇਹ ਭਿਆਨਕ ਸਮਾਂ ਹੁਣ ਦੋ ਸਾਲ ਤੋਂ ਜਾਰੀ ਹੈ। ਅਤੇ ਪੰਜ ਵਰ੍ਹੇ ਹੋਰ ਫ਼ਸਲਾਂ ਦੀ ਬਿਜਾਈ ਜਾਂ ਵਾਢੀ ਤੋਂ ਬਿਨਾ ਰਹਿਣਗੇ। 7ਇਸ ਲਈ ਪਰਮੇਸ਼ੁਰ ਨੇ ਮੈਨੂੰ ਇੱਥੇ ਤੁਹਾਡੇ ਨਾਲੋਂ ਪਹਿਲਾਂ ਭੇਜ ਦਿੱਤਾ ਸੀ ਤਾਂ ਜੋ ਮੈਂ ਇਸ ਦੇਸ਼ ਵਿੱਚ ਤੁਹਾਡੇ ਲੋਕਾਂ ਨੂੰ ਬਚਾ ਸੱਕਾਂ। 8ਇਹ ਤੁਹਾਡਾ ਦੋਸ਼ ਨਹੀਂ ਸੀ ਕਿ ਮੈਨੂੰ ਇੱਥੇ ਭੇਜਿਆ ਗਿਆ। ਇਹ ਪਰਮੇਸ਼ੁਰ ਦੀ ਯੋਜਨਾ ਸੀ। ਪਰਮੇਸ਼ੁਰ ਨੇ ਮੈਨੂੰ ਫ਼ਿਰਊਨ ਲਈ ਪਿਤਾ ਵਾਂਗ ਬਣਾਇਆ। ਮੈਂ ਉਸ ਦੇ ਸਾਰੇ ਘਰ ਅਤੇ ਪੂਰੇ ਮਿਸਰ ਦਾ ਰਾਜਪਾਲ ਹਾਂ।”
ਇਸਰਾਏਲ ਨੂੰ ਮਿਸਰ ਆਉਣ ਦਾ ਸੱਦਾ
9ਯੂਸੁਫ਼ ਨੇ ਆਖਿਆ, “ਛੇਤੀ ਕਰੋ ਅਤੇ ਮੇਰੇ ਪਿਤਾ ਕੋਲ ਜਾਉ। ਉਸ ਨੂੰ ਆਖੋ ਕਿ ਉਸ ਦੇ ਪੁੱਤਰ ਯੂਸੁਫ਼ ਨੇ ਇਹ ਸੰਦੇਸ਼ ਭੇਜਿਆ ਹੈ: ‘ਪਰਮੇਸ਼ੁਰ ਨੇ ਮੈਨੂੰ ਮਿਸਰ ਦਾ ਰਾਜਪਾਲ ਬਣਾਇਆ ਹੈ। ਇਸ ਲਈ ਇੱਥੇ ਮੇਰੇ ਕੋਲ ਆਉ। ਦੇਰੀ ਨਾ ਕਰੋ। ਹੁਣੇ ਆ ਜਾਉ। 10ਤੁਸੀਂ ਮੇਰੇ ਨੇੜੇ ਗੋਸ਼ਨ ਦੀ ਧਰਤੀ ਉੱਤੇ ਰਹਿ ਸੱਕਦੇ ਹੋ। ਤੁਸੀਂ, ਤੁਹਾਡੇ ਬੱਚੇ, ਤੁਹਾਡੇ ਪੋਤਰੇ ਅਤੇ ਤੁਹਾਡੇ ਸਾਰੇ ਪਸ਼ੂ ਇੱਥੇ ਸਵਾਗਤ ਦੇ ਯੋਗ ਹਨ। 11ਮੈਂ ਅਕਾਲ ਦੇ ਅਗਲੇ ਪੰਜ ਸਾਲ ਤੁਹਾਡੀ ਦੇਖ-ਭਾਲ ਕਰਾਂਗਾ। ਇਸ ਲਈ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਕੋਈ ਨੁਕਸਾਨ ਨਹੀਂ ਹੋਵੇਗਾ।’
12“ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਦੱਸਿਆ, ਅਵੱਸ਼ ਹੀ ਤੁਸੀਂ ਦੇਖ ਸੱਕਦੇ ਹੋ ਕਿ ਮੈਂ ਸੱਚਮੁੱਚ ਯੂਸੁਫ਼ ਹੀ ਹਾਂ। ਮੇਰਾ ਭਰਾ ਬਿਨਯਾਮੀਨ ਵੀ ਜਾਣਦਾ ਹੈ ਕਿ ਮੈਂ ਸੱਚਮੁੱਚ ਯੂਸੁਫ਼ ਹੀ ਹਾਂ, ਤੁਹਾਡਾ ਭਰਾ, ਤੁਹਾਡੇ ਨਾਲ ਗੱਲ ਕਰ ਰਿਹਾ। 13ਇਸ ਲਈ ਮੇਰੇ ਪਿਤਾ ਨੂੰ ਉਸ ਇੱਜ਼ਤ ਬਾਰੇ ਦੱਸੋ ਜਿਹੜੀ ਇੱਥੇ ਮੈਨੂੰ ਮਿਸਰ ਵਿੱਚ ਮਿਲੀ ਹੋਈ ਹੈ। ਉਸ ਨੂੰ ਉਹ ਸਾਰਾ ਕੁਝ ਦੱਸੋ ਜੋ ਤੁਸੀਂ ਇੱਥੇ ਦੇਖਿਆ ਹੈ। ਹੁਣ ਛੇਤੀ ਕਰੋ, ਮੇਰੇ ਪਿਤਾ ਨੂੰ ਮੇਰੇ ਕੋਲ ਵਾਪਸ ਲੈ ਕੇ ਆਉ।” 14ਫ਼ੇਰ ਯੂਸੁਫ਼ ਨੇ ਆਪਣੇ ਭਰਾ ਬਿਨਯਾਮੀਨ ਨੂੰ ਜ਼ਫ਼ੀ ਵਿੱਚ ਲਿਆ ਅਤੇ ਉਹ ਦੋਵੇਂ ਰੋ ਪਏ। 15ਫ਼ੇਰ ਯੂਸੁਫ਼ ਨੇ ਆਪਣੇ ਸਾਰੇ ਭਰਾਵਾਂ ਨੂੰ ਚੁੰਮਿਆ ਅਤੇ ਉਨ੍ਹਾਂ ਨਾਲ ਲੱਗ ਕੇ ਰੋਇਆ। ਇਸ ਤੋਂ ਮਗਰੋਂ ਭਰਾ ਉਸ ਨਾਲ ਗੱਲਾਂ ਕਰਨ ਲੱਗੇ।
16ਫ਼ਿਰਊਨ ਨੂੰ ਪਤਾ ਲੱਗਿਆ ਕਿ ਯੂਸੁਫ਼ ਦੇ ਭਰਾ ਉਸ ਕੋਲ ਆਏ ਹਨ। ਇਹ ਖ਼ਬਰ ਫ਼ਿਰਊਨ ਦੇ ਸਾਰੇ ਘਰ ਵਿੱਚ ਫ਼ੈਲ ਗਈ। ਫ਼ਿਰਊਨ ਅਤੇ ਉਸ ਦੇ ਨੌਕਰ ਬਹੁਤ ਉੱਤੇਜ਼ਿਤ ਸਨ। 17ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਆਪਣੇ ਭਰਾਵਾਂ ਨੂੰ ਆਖ ਕਿ ਉਹ ਸਾਰਾ ਲੋੜੀਂਦਾ ਅਨਾਜ ਕਨਾਨ ਦੀ ਧਰਤੀ ਉੱਤੇ ਲੈ ਜਾਣ। 18ਉਨ੍ਹਾਂ ਨੂੰ ਆਖ ਕਿ ਉਹ ਤੇਰੇ ਪਿਤਾ ਨੂੰ ਆਪਣੇ ਪਰਿਵਾਰਾਂ ਨੂੰ ਇੱਥੇ ਮੇਰੇ ਕੋਲ ਵਾਪਸ ਲੈ ਕੇ ਆਉਣ। ਮੈਂ ਤੁਹਾਨੂੰ ਰਹਿਣ ਵਾਸਤੇ ਮਿਸਰ ਦੀ ਸਭ ਤੋਂ ਚੰਗੀ ਜ਼ਮੀਨ ਦੇਵਾਂਗਾ। ਅਤੇ ਤੁਹਾਡਾ ਪਰਿਵਾਰ ਇੱਥੋਂ ਦਾ ਬਿਹਤਰੀਨ ਭੋਜਨ ਖਾ ਸੱਕਦਾ ਹੈ।” 19ਫ਼ੇਰ ਫ਼ਿਰਊਨ ਨੇ ਆਖਿਆ, “ਆਪਣੇ ਭਰਾਵਾਂ ਨੂੰ ਸਾਡੀਆਂ ਕੁਝ ਵੱਧੀਆਂ ਗੱਡੀਆਂ ਵੀ ਦਿਉ। ਉਨ੍ਹਾਂ ਨੂੰ ਆਖੋ ਕਿ ਕਨਾਨ ਜਾਣ ਅਤੇ ਤੁਹਾਡੇ ਪਿਤਾ, ਸਾਰੀਆਂ ਔਰਤਾਂ ਅਤੇ ਬੱਚਿਆਂ ਨੂੰ ਗੱਡੀਆਂ ਵਿੱਚ ਬਿਠਾਕੇ ਵਾਪਸ ਆ ਜਾਣ। 20ਉਹ ਆਪਣੇ ਸਾਰੇ ਸਮਾਨ ਨੂੰ ਇੱਥੇ ਲਿਆਉਣ ਦੀ ਚਿੰਤਾ ਨਾ ਕਰਨ। ਅਸੀਂ ਉਨ੍ਹਾਂ ਨੂੰ ਮਿਸਰ ਦੀਆਂ ਸਭ ਤੋਂ ਵੱਧੀਆਂ ਚੀਜ਼ਾਂ ਦੇਵਾਂਗੇ।”
21ਇਸ ਲਈ ਇਸਰਾਏਲ ਦੇ ਪੁੱਤਰਾਂ ਨੇ ਇਹੀ ਗੱਲ ਕੀਤੀ। ਯੂਸੁਫ਼ ਨੇ ਉਨ੍ਹਾਂ ਨੂੰ ਚੰਗੀਆਂ ਗੱਡੀਆਂ ਦੇ ਦਿੱਤੀਆਂ ਜਿਹਾ ਕਿ ਫ਼ਿਰਊਨ ਨੇ ਇਕਰਾਰ ਕੀਤਾ ਸੀ। ਅਤੇ ਯੂਸੁਫ਼ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਸਫ਼ਰ ਲਈ ਕਾਫ਼ੀ ਭੋਜਨ ਦੇ ਦਿੱਤਾ। 22ਯੂਸੁਫ਼ ਨੇ ਹਰੇਕ ਭਰਾ ਨੂੰ ਚੰਗੇ ਕੱਪੜੇ ਦਾ ਸੂਟ ਦਿੱਤਾ। ਪਰ ਯੂਸੁਫ਼ ਨੇ ਬਿਨਯਾਮੀਨ ਨੂੰ ਸੁੰਦਰ ਕੱਪੜੇ ਦੇ ਪੰਜ ਸੂਟ ਦਿੱਤੇ। ਅਤੇ ਯੂਸੁਫ਼ ਨੇ ਬਿਨਯਾਮੀਨ ਨੂੰ ਚਾਂਦੀ ਦੇ 300 ਸਿੱਕੇ ਵੀ ਦਿੱਤੇ। 23ਯੂਸੁਫ਼ ਨੇ ਆਪਣੇ ਪਿਤਾ ਨੂੰ ਵੀ ਸੁਗਾਤਾਂ ਭੇਜੀਆਂ। ਉਸ ਨੇ ਮਿਸਰ ਦੀਆਂ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੇ ਥੈਲੇ ਦਸ ਖੋਤਿਆਂ ਉੱਤੇ ਲੱਦ ਦਿੱਤੇ। ਅਤੇ ਉਸ ਨੇ ਆਪਣੇ ਪਿਤਾ ਦੇ ਵਾਪਸੀ ਸਫ਼ਰ ਲਈ ਦਸ ਖੋਤੇ ਅਨਾਜ ਰੋਟੀ ਅਤੇ ਹੋਰ ਭੋਜਨ ਨਾਲ ਲੱਦ ਹੋਏ ਵੀ ਭੇਜੇ। 24ਫ਼ੇਰ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਵਿਦਾ ਕਰ ਦਿੱਤਾ। ਅਤੇ ਜਦੋਂ ਉਹ ਜਾਣ ਲੱਗੇ ਤਾਂ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਸਿੱਧੇ ਘਰ ਜਾਇਓ। ਅਤੇ ਰਸਤੇ ਵਿੱਚ ਲੜਿਓ ਨਾ।”
25ਇਸ ਲਈ ਭਰਾ ਮਿਸਰ ਤੋਂ ਤੁਰ ਪਏ ਅਤੇ ਕਨਾਨ ਦੀ ਧਰਤੀ ਉੱਤੇ ਆਪਣੇ ਪਿਤਾ ਯਾਕੂਬ ਕੋਲ ਚੱਲੇ ਗਏ। 26ਭਰਾਵਾਂ ਨੇ ਉਸ ਨੂੰ ਦੱਸਿਆ, “ਪਿਤਾ ਜੀ, ਯੂਸੁਫ਼ ਹਾਲੇ ਜਿਉਂਦਾ ਹੈ! ਅਤੇ ਉਹ ਸਾਰੇ ਮਿਸਰ ਦੇਸ਼ ਦਾ ਰਾਜਪਾਲ ਹੈ।”
ਉਸ ਦੇ ਪਿਤਾ ਨੂੰ ਸਮਝ ਨਾ ਆਵੇ ਕਿ ਕੀ ਸੋਚੇ। ਪਹਿਲਾਂ ਤਾਂ ਉਸ ਨੂੰ ਉਨ੍ਹਾਂ ਉੱਤੇ ਵਿਸ਼ਵਾਸ ਨਹੀਂ ਆਇਆ। 27ਪਰ ਫ਼ੇਰ ਉਨ੍ਹਾਂ ਨੇ ਉਸ ਨੂੰ ਹਰ ਉਹ ਗੱਲ ਦੱਸੀ ਜਿਹੜੀ ਯੂਸੁਫ਼ ਨੇ ਆਖੀ ਸੀ। ਅਤੇ ਯਾਕੂਬ ਨੇ ਉਹ ਗੱਡੀਆਂ ਵੀ ਦੇਖੀਆਂ ਜਿਹੜੀਆਂ ਯੂਸੁਫ਼ ਨੇ ਉਸ ਨੂੰ ਮਿਸਰ ਵਾਪਸ ਲਿਜਾਣ ਲਈ ਭੇਜੀਆਂ ਸਨ। ਫ਼ੇਰ ਯਾਕੂਬ ਬਹੁਤ ਉੱਤੇਜਿਤ ਹੋ ਗਿਆ। ਅਤੇ ਬਹੁਤ ਖੁਸ਼ ਹੋ ਗਿਆ। 28ਇਸਰਾਏਲ ਨੇ ਆਖਿਆ, “ਹੁਣ ਮੈਨੂੰ ਤੁਹਾਡੇ ਉਤੇ ਵਿਸ਼ਵਾਸ ਹੋ ਗਿਆ ਹੈ। ਮੇਰਾ ਪੁੱਤਰ ਯੂਸੁਫ਼ ਅਜੇ ਜਿਉਂਦਾ ਹੈ! ਮੈਂ ਉਸ ਨੂੰ ਮਰਨ ਤੋਂ ਪਹਿਲਾਂ ਦੇਖਣ ਲਈ ਜਾ ਰਿਹਾ ਹਾਂ।”

Actualmente seleccionado:

ਉਤਪਤ 45: PERV

Destacar

Compartir

Copiar

None

¿Quieres tener guardados todos tus destacados en todos tus dispositivos? Regístrate o inicia sesión