Logo de YouVersion
Icono de búsqueda

ਕੂਚ 8

8
1ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਫ਼ਿਰਊਨ ਕੋਲ ਜਾਹ ਅਤੇ ਉਸ ਨੂੰ ਆਖ ਕਿ ਯਹੋਵਾਹ ਆਖਦਾ ਹੈ, ‘ਮੇਰੇ ਲੋਕਾਂ ਨੂੰ ਮੇਰੀ ਉਪਾਸਨਾ ਕਰਨ ਲਈ ਚੱਲੇ ਜਾਣ ਦੇ। 2ਜੇ ਤੂੰ ਮੇਰੇ ਲੋਕਾਂ ਨੂੰ ਨਹੀਂ ਜਾਣ ਦੇਵੇਂਗਾ, ਤਾਂ ਮੈਂ ਸਾਰੇ ਮਿਸਰ ਨੂੰ ਡੱਡੂਆਂ ਨਾਲ ਭਰ ਦਿਆਂਗਾ। 3ਉਹ ਨਦੀ ਵਿੱਚੋਂ ਆਉਣਗੇ ਅਤੇ ਤੁਹਾਡੇ ਘਰਾਂ ਵਿੱਚ ਦਾਖਲ ਹੋ ਜਾਣਗੇ। ਉਹ ਤੁਹਾਡੇ ਸੌਣ ਵਾਲੇ ਕਮਰਿਆਂ ਅਤੇ ਤੁਹਾਡੇ ਬਿਸਤਰਿਆਂ ਵਿੱਚ ਹੋਣਗੇ। ਡੱਡੂ ਤੇਰੇ ਅਧਿਕਾਰੀਆਂ ਦੇ ਘਰਾਂ ਵਿੱਚ, ਅਤੇ ਤੁਹਾਡੇ ਚੁਲ੍ਹਿਆਂ ਅਤੇ ਪਾਣੀ ਦੇ ਬਰਤਨਾਂ ਵਿੱਚ ਹੋਣਗੇ। 4ਡੱਡੂ ਤੇਰੇ, ਤੇਰੇ ਲੋਕਾਂ ਅਤੇ ਤੇਰੇ ਅਧਿਕਾਰੀਆਂ ਦੇ ਹਰ ਪਾਸੇ ਹੋਣਗੇ।’”
5ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਹਾਰੂਨ ਨੂੰ ਆਖ ਕਿ ਉਹ ਆਪਣੀ ਸੋਟੀ ਫ਼ੜੇ ਅਤੇ ਨਹਿਰਾਂ, ਨਦੀਆਂ ਅਤੇ ਝੀਲਾਂ ਦੇ ਉੱਤੇ ਰੱਖੇ। ਤਾਂ ਡੱਡੂ ਨਿਕਲ ਆਉਣਗੇ ਅਤੇ ਮਿਸਰ ਦੀ ਧਰਤੀ ਤੇ ਫ਼ੈਲ ਜਾਣਗੇ।”
6ਇਸ ਤਰ੍ਹਾਂ ਹਾਰੂਨ ਨੇ ਆਪਣਾ ਹੱਥ ਮਿਸਰ ਦੇ ਪਾਣੀਆਂ ਉੱਪਰ ਉੱਠਾਇਆ, ਅਤੇ ਡੱਡੂ ਪਾਣੀ ਵਿੱਚੋਂ ਨਿਕਲਣ ਲੱਗੇ ਅਤੇ ਉਨ੍ਹਾਂ ਨੇ ਮਿਸਰ ਦੀ ਧਰਤੀ ਨੂੰ ਭਰ ਦਿੱਤਾ।
7ਮਿਸਰੀ ਜਾਦੂਗਰਾਂ ਨੇ ਆਪਣੀਆਂ ਜਾਦੂਗਰੀਆਂ ਵਰਤੀਆਂ ਅਤੇ ਉਨ੍ਹਾਂ ਨੇ ਵੀ ਹੋਰ ਵੱਧੇਰੇ ਡੱਡੂ ਬਾਹਰ ਕੱਢੇ ਅਤੇ ਮਿਸਰ ਦੀ ਧਰਤੀ ਤੇ ਫ਼ੈਲਾ ਦਿੱਤੇ।
8ਫ਼ਿਰਊਨ ਨੇ ਮੂਸਾ ਤੇ ਹਾਰੂਨ ਨੂੰ ਸੱਦਿਆ ਤੇ ਆਖਿਆ, “ਯਹੋਵਾਹ ਨੂੰ ਆਖੋ ਕਿ ਮੇਰੇ ਅਤੇ ਮੇਰੇ ਲੋਕਾਂ ਤੋਂ ਡੱਡੂਆਂ ਨੂੰ ਹਟਾ ਦੇਵੇ। ਮੈਂ ਲੋਕਾਂ ਨੂੰ ਜਾਣ ਦੇਵਾਂਗਾ ਅਤੇ ਯਹੋਵਾਹ ਨੂੰ ਬਲੀਆਂ ਚੜ੍ਹਾਉਣ ਦੇਵਾਂਗਾ।”
9ਮੂਸਾ ਨੇ ਫ਼ਿਰਊਨ ਨੂੰ ਆਖਿਆ, “ਮੈਨੂੰ ਇਹ ਦੱਸੋ ਕਿ ਤੁਸੀਂ ਡੱਡੂਆਂ ਨੂੰ ਕਦੋਂ ਦੂਰ ਕਰਨਾ ਚਾਹੁੰਦੇ ਹੋ। ਮੈਂ ਤੁਹਾਡੇ ਲਈ, ਤੁਹਾਡੇ ਲੋਕਾਂ ਲਈ ਅਤੇ ਤੁਹਾਡੇ ਅਧਿਕਾਰੀਆਂ ਲਈ ਪ੍ਰਾਰਥਨਾ ਕਰਾਂਗਾ। ਫ਼ੇਰ ਡੱਡੂ ਤੁਹਾਨੂੰ ਅਤੇ ਤੁਹਾਡੇ ਘਰਾਂ ਨੂੰ ਛੱਡ ਜਾਣਗੇ। ਡੱਡੂ ਸਿਰਫ਼ ਨਦੀ ਵਿੱਚ ਰਹਿਣਗੇ। ਤੁਸੀਂ ਕਦੋਂ ਚਾਹੁੰਦੇ ਹੋ ਕਿ ਡੱਡੂ ਇੱਥੋਂ ਚੱਲੇ ਜਾਣ?”
10ਫ਼ਿਰਊਨ ਨੇ ਆਖਿਆ, “ਕੱਲ ਨੂੰ।”
ਮੂਸਾ ਨੇ ਆਖਿਆ, “ਇਵੇਂ ਹੀ ਹੋਵੇਗਾ ਜਿਵੇਂ ਤੁਸੀਂ ਕਹਿੰਦੇ ਹੋ। ਇਸ ਤਰ੍ਹਾਂ ਤੁਸੀਂ ਜਾਣ ਜਾਵੋਂਗੇ ਕਿ ਯਹੋਵਾਹ ਸਾਡੇ ਪਰਮੇਸ਼ੁਰ ਵਰਗਾ ਕੋਈ ਹੋਰ ਦੇਵਤਾ ਨਹੀਂ ਹੈ। 11ਡੱਡੂ ਤੁਹਾਨੂੰ, ਤੁਹਾਡੇ ਘਰਾਂ ਨੂੰ, ਤੁਹਾਡੇ ਅਧਿਕਾਰੀਆਂ ਅਤੇ ਤੁਹਾਡੇ ਲੋਕਾਂ ਨੂੰ ਛੱਡ ਜਾਣਗੇ। ਡੱਡੂ ਸਿਰਫ਼ ਨਦੀ ਵਿੱਚ ਰਹਿਣਗੇ।”
12ਮੂਸਾ ਤੇ ਹਾਰੂਨ ਦੇ ਫ਼ਿਰਊਨ ਕੋਲੋਂ ਚੱਲੇ ਜਾਣ ਤੋਂ ਬਾਦ, ਮੂਸਾ ਨੇ ਯਹੋਵਾਹ ਅੱਗੇ ਉਨ੍ਹਾਂ ਡੱਡੂਆਂ ਬਾਰੇ ਪੁਕਾਰ ਕੀਤੀ ਜਿਹੜੇ ਉਸ ਨੇ ਫ਼ਿਰਊਨ ਖਿਲਾਫ਼ ਭੇਜੇ ਸਨ। 13ਅਤੇ ਯਹੋਵਾਹ ਨੇ ਉਵੇਂ ਹੀ ਕੀਤਾ ਜਿਵੇਂ ਮੂਸਾ ਨੇ ਮੰਗ ਕੀਤੀ ਸੀ। ਘਰਾਂ ਵਿੱਚਲੇ, ਵਿਹੜਿਆਂ ਵਿੱਚਲੇ ਅਤੇ ਖੇਤਾਂ ਵਿੱਚਲੇ ਡੱਡੂ ਮਰ ਗਏ। 14ਉਨ੍ਹਾਂ ਨੇ ਵੱਡੀ ਸੰਖਿਆ ਵਿੱਚ ਉਨ੍ਹਾਂ ਦੇ ਢੇਰ ਲਾ ਦਿੱਤੇ ਅਤੇ ਉਹ ਸੜਨ ਲੱਗੇ, ਇਸ ਲਈ ਸਾਰਾ ਦੇਸ਼ ਸੜਿਆਂਦ ਮਾਰਨ ਲੱਗ ਪਿਆ। 15ਫ਼ਿਰਊਨ ਨੇ ਦੇਖਿਆ ਕਿ ਉਹ ਡੱਡੂਆਂ ਤੋਂ ਮੁਕਤ ਹੋ ਗਏ ਸਨ, ਅਤੇ ਉਹ ਫ਼ੇਰ ਜ਼ਿੱਦੀ ਬਣ ਗਿਆ। ਫ਼ਿਰਊਨ ਨੇ ਉਹ ਕੁਝ ਨਾ ਕੀਤਾ ਜਿਸਦੀ ਮੂਸਾ ਨੇ ਹਾਰੂਨ ਨੇ ਉਸਤੋਂ ਮੰਗ ਕੀਤੀ ਸੀ। ਇਹ ਉਸੇ ਤਰ੍ਹਾਂ ਵਾਪਰਿਆ ਜਿਵੇਂ ਯਹੋਵਾਹ ਨੇ ਆਖਿਆ ਸੀ।
ਜੂਆਂ
16ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਹਾਰੂਨ ਤੂੰ ਆਪਣੀ ਸੋਟੀ ਚੁੱਕ ਤੇ ਧਰਤੀ ਦੀ ਧੂੜ ਉੱਤੇ ਮਾਰਨ ਲਈ ਆਖ, ਅਤੇ ਮਿਸਰ ਦੀ ਹਰ ਥਾਂ ਦੀ ਧੂੜ ਜੂਆਂ ਬਣ ਜਾਵੇਗੀ।”
17ਉਨ੍ਹਾਂ ਨੇ ਇਹੀ ਕੀਤਾ। ਹਾਰੂਨ ਨੇ ਆਪਣੇ ਹੱਥ ਵਿੱਚ ਆਪਣੀ ਸੋਟੀ ਚੁੱਕੀ ਅਤੇ ਧਰਤੀ ਦੀ ਧੂੜ ਉੱਤੇ ਮਾਰੀ, ਅਤੇ ਮਿਸਰ ਦੀ ਹਰ ਥਾਂ ਦੀ ਧੂੜ ਜੂਆਂ ਬਣ ਗਈ ਅਤੇ ਜਾਨਵਰਾਂ ਅਤੇ ਲੋਕਾਂ ਨੂੰ ਚੁਂਬੜ ਗਈਆਂ।
18ਜਾਦੂਗਰਾਂ ਨੇ ਆਪਣੇ ਕਰਤਬ ਵਰਤੇ ਅਤੇ ਉਹੋ ਕੁਝ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਧੂੜ ਵਿੱਚੋਂ ਜੂਆਂ ਨਾ ਬਣਾ ਸੱਕੇ। ਜੂਆਂ ਜਾਨਵਰਾਂ ਅਤੇ ਲੋਕਾਂ ਨੂੰ ਚੁੰਬੜ ਗਈਆਂ। 19ਇਸ ਲਈ ਜਾਦੂਗਰਾਂ ਨੇ ਫ਼ਿਰਊਨ ਨੂੰ ਦੱਸਿਆ ਕਿ ਪਰਮੇਸ਼ੁਰ ਦੀ ਸ਼ਕਤੀ ਨੇ ਅਜਿਹਾ ਕੀਤਾ ਸੀ। ਪਰ ਫ਼ਿਰਊਨ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਉਹ ਉਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਆਖਿਆ ਸੀ।
ਮੱਖੀਆਂ
20ਯਹੋਵਾਹ ਨੇ ਮੂਸਾ ਨੂੰ ਆਖਿਆ, “ਸਵੇਰੇ ਉੱਠ ਕੇ ਫ਼ਿਰਊਨ ਕੋਲ ਜਾਵੀਂ। ਫ਼ਿਰਊਨ ਨਦੀ ਵੱਲ ਜਾਵੇਗਾ। ਉਸ ਨੂੰ ਆਖੀਂ ਕਿ ਯਹੋਵਾਹ ਆਖਦਾ ਹੈ, ‘ਮੇਰੇ ਲੋਕਾਂ ਨੂੰ ਜਾਣ ਦੇ ਅਤੇ ਮੇਰੀ ਉਪਾਸਨਾ ਕਰਨ ਦੇ। 21ਜੇ ਤੂੰ ਮੇਰੇ ਲੋਕਾਂ ਨੂੰ ਨਹੀਂ ਜਾਣ ਦੇਵੇਂਗਾ, ਤਾਂ ਮੱਖੀਆਂ ਤੁਹਾਡੇ ਘਰਾਂ ਅੰਦਰ ਆ ਜਾਣਗੀਆਂ। ਮੱਖੀਆਂ ਤੁਹਾਡੇ ਅਤੇ ਤੁਹਾਡੇ ਅਧਿਕਾਰੀਆਂ ਉੱਪਰ ਹੋਣਗੀਆਂ। ਮਿਸਰ ਦੇ ਘਰ ਮੱਖੀਆਂ ਨਾਲ ਭਰ ਜਾਣਗੇ। ਮੱਖੀਆਂ ਸਾਰੇ ਪਾਸੇ ਹੋਣਗੀਆਂ, ਧਰਤੀ ਉੱਤੇ ਵੀ। 22ਪਰ ਮੈਂ ਇਸਰਾਏਲ ਦੇ ਲੋਕਾਂ ਨਾਲ ਮਿਸਰੀ ਲੋਕਾਂ ਵਰਗਾ ਵਰਤਾਉ ਨਹੀਂ ਕਰਾਂਗਾ ਗੋਸ਼ਨ ਵਿੱਚ ਮੱਖੀਆਂ ਨਹੀਂ ਹੋਣਗੀਆਂ, ਜਿੱਥੇ ਮੇਰੇ ਲੋਕ ਰਹਿੰਦੇ ਹਨ। ਇਸ ਤਰ੍ਹਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ, ਯਹੋਵਾਹ, ਇਸ ਧਰਤੀ ਤੇ ਹਾਂ। 23ਇਸ ਲਈ ਕਲ ਨੂੰ ਮੈਂ ਆਪਣੇ ਲੋਕਾਂ ਨਾਲ ਤੁਹਾਡੇ ਲੋਕਾਂ ਨਾਲੋਂ ਵੱਖਰਾ ਸਲੂਕ ਕਰਾਂਗਾ। ਇਹ ਮੇਰਾ ਸਬੂਤ ਹੋਵੇਗਾ।’”
24ਇਸ ਤਰ੍ਹਾਂ ਯਹੋਵਾਹ ਨੇ ਉਹੀ ਕੀਤਾ ਜੋ ਉਸ ਨੇ ਆਖਿਆ ਸੀ। ਮਿਸਰ ਵਿੱਚ ਬਹੁਤ ਸਾਰੀਆਂ ਮੱਖੀਆਂ ਆ ਗਈਆਂ। ਮੱਖੀਆਂ ਫ਼ਿਰਊਨ ਦੇ ਘਰ ਵਿੱਚ ਸਨ, ਅਤੇ ਇਹ ਉਸ ਦੇ ਸਾਰੇ ਅਧਿਕਾਰੀਆਂ ਦੇ ਘਰਾਂ ਵਿੱਚ ਸਨ। ਮੱਖੀਆਂ ਮਿਸਰ ਵਿੱਚ ਹਰ ਪਾਸੇ ਸਨ। ਮੱਖੀਆਂ ਦੇਸ਼ ਨੂੰ ਤਬਾਹ ਕਰ ਰਹੀਆਂ ਸਨ। 25ਇਸ ਲਈ ਫ਼ਿਰਊਨ ਨੇ ਮੂਸਾ ਤੇ ਹਾਰੂਨ ਨੂੰ ਸੱਦਿਆ। ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਇਸ ਦੇਸ਼ ਵਿੱਚ ਆਪਣੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਵੋ।”
26ਪਰ ਮੂਸਾ ਨੇ ਆਖਿਆ, “ਅਜਿਹਾ ਕਰਨਾ ਠੀਕ ਨਹੀਂ ਹੋਵੇਗਾ। ਮਿਸਰੀ ਸੋਚਦੇ ਹਨ ਕਿ ਯਹੋਵਾਹ ਸਾਡੇ ਪਰਮੇਸ਼ੁਰ ਲਈ ਜਾਨਵਰਾਂ ਨੂੰ ਮਾਰਕੇ ਬਲੀਆਂ ਚੜ੍ਹਾਉਣਾ ਭਿਆਨਕ ਗੱਲ ਹੈ। ਜੇ ਅਸੀਂ ਇੱਥੇ ਅਜਿਹਾ ਕਰਾਂਗੇ ਤਾਂ ਮਿਸਰੀ ਸਾਨੂੰ ਦੇਖਣਗੇ, ਅਤੇ ਉਹ ਸਾਡੇ ਉੱਤੇ ਪੱਥਰ ਸੁੱਟਣਗੇ ਅਤੇ ਸਾਨੂੰ ਮਾਰ ਦੇਣਗੇ। 27ਸਾਨੂੰ ਤਿੰਨਾ ਦਿਨਾਂ ਲਈ ਮਾਰੂਥਲ ਅੰਦਰ ਜਾਣ ਦਿਉ ਅਤੇ ਯਹੋਵਾਹ ਸਾਡੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਉਣ ਦਿਉ। ਇਹੀ ਹੈ ਜੋ ਸਾਡੇ ਯਹੋਵਾਹ ਨੇ ਸਾਨੂੰ ਕਰਨ ਵਾਸਤੇ ਆਖਿਆ ਸੀ।”
28ਇਸ ਲਈ ਫ਼ਿਰਊਨ ਨੇ ਆਖਿਆ, “ਮੈਂ ਤੁਹਾਨੂੰ ਜਾਣ ਦੇਵਾਂਗਾ ਅਤੇ ਮਾਰੂਥਲ ਵਿੱਚ ਜਾਕੇ ਆਪਣੇ ਯਹੋਵਾਹ ਪਰਮੇਸ਼ੁਰ ਨੂੰ ਬਲੀਆਂ ਚੜ੍ਹਾਉਣ ਦੇਵਾਂਗਾ। ਪਰ ਤੁਹਾਨੂੰ ਬਹੁਤੀ ਦੂਰ ਨਹੀਂ ਜਾਣਾ ਚਾਹੀਦਾ। ਹੁਣ, ਜਾਓ ਅਤੇ ਮੇਰੇ ਵਾਸਤੇ ਪ੍ਰਾਰਥਨਾ ਕਰੋ।”
29ਮੂਸਾ ਨੇ ਆਖਿਆ, “ਦੇਖੋ, ਮੈਂ ਜਾਵਾਂਗਾ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕਰਾਂਗਾ ਅਤੇ ਮੱਖੀਆਂ ਤੈਨੂੰ, ਤੇਰੇ ਲੋਕਾਂ ਨੂੰ ਅਤੇ ਤੇਰੇ ਅਧਿਕਾਰੀਆਂ ਨੂੰ ਕਲ ਨੂੰ ਛੱਡ ਦੇਣਗੀਆਂ। ਪਰ ਤੈਨੂੰ ਫ਼ਿਰ ਸਾਨੂੰ ਸਾਡੇ ਯਹੋਵਾਹ ਨੂੰ ਬਲੀਆਂ ਨਾ ਚੜ੍ਹਾਉਣ ਦੀ ਆਗਿਆ ਦੇਕੇ ਗੁਮਰਾਹ ਨਹੀਂ ਕਰਨ ਚਾਹੀਦਾ।”
30ਇਸ ਤਰ੍ਹਾਂ ਮੂਸਾ ਫ਼ਿਰਊਨ ਕੋਲੋਂ ਚੱਲਿਆ ਗਿਆ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। 31ਅਤੇ ਯਹੋਵਾਹ ਨੇ ਓਹੀ ਕੀਤਾ ਜੋ ਮੂਸਾ ਨੇ ਮੰਗਿਆ ਸੀ। ਯਹੋਵਾਹ ਨੇ ਫ਼ਿਰਊਨ, ਉਸ ਦੇ ਅਧਿਕਾਰੀਆਂ ਅਤੇ ਉਸਦੀ ਪਰਜਾ ਤੋਂ ਮੱਖੀਆਂ ਨੂੰ ਦੂਰ ਕਰ ਦਿੱਤਾ। ਕੋਈ ਮੱਖੀ ਨਹੀਂ ਬਚੀ। 32ਪਰ ਉਸ ਨੇ ਫ਼ੇਰ ਜ਼ਿਦ ਫ਼ੜ ਲਈ ਅਤੇ ਲੋਕਾਂ ਨੂੰ ਨਹੀਂ ਜਾਣ ਦਿੱਤਾ।

Actualmente seleccionado:

ਕੂਚ 8: PERV

Destacar

Compartir

Copiar

None

¿Quieres tener guardados todos tus destacados en todos tus dispositivos? Regístrate o inicia sesión