ਮੱਤੀ 26
26
ਯਿਸੂ ਨੂੰ ਮਾਰਨ ਦੀ ਵਿਉਂਤ
1ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਇਹ ਸਾਰੀਆਂ ਗੱਲਾਂ ਕਹਿ ਚੁੱਕਾ ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, 2“ਤੁਸੀਂ ਜਾਣਦੇ ਹੋ ਕਿ ਦੋ ਦਿਨ ਬਾਅਦ ਪਸਾਹ ਦਾ ਤਿਉਹਾਰ ਹੈ ਅਤੇ ਮਨੁੱਖ ਦਾ ਪੁੱਤਰ ਸਲੀਬ 'ਤੇ ਚੜ੍ਹਾਉਣ ਲਈ ਫੜਵਾਇਆ ਜਾਵੇਗਾ।”
3ਤਦ ਪ੍ਰਧਾਨ ਯਾਜਕ#26:3 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਸ਼ਾਸਤਰੀ” ਲਿਖਿਆ ਹੈ। ਅਤੇ ਲੋਕਾਂ ਦੇ ਬਜ਼ੁਰਗ#26:3 ਅਰਥਾਤ ਯਹੂਦੀ ਆਗੂ ਕਯਾਫ਼ਾ ਨਾਮਕ ਮਹਾਂਯਾਜਕ ਦੇ ਵਿਹੜੇ ਵਿੱਚ ਇਕੱਠੇ ਹੋਏ 4ਅਤੇ ਮਿਲ ਕੇ ਵਿਉਂਤ ਬਣਾਈ ਕਿ ਯਿਸੂ ਨੂੰ ਧੋਖੇ ਨਾਲ ਫੜ ਕੇ ਮਾਰ ਸੁੱਟਣ; 5ਪਰ ਉਨ੍ਹਾਂ ਕਿਹਾ, “ਪਸਾਹ ਦੇ ਤਿਉਹਾਰ 'ਤੇ ਨਹੀਂ, ਕਿਤੇ ਅਜਿਹਾ ਨਾ ਹੋਵੇ ਕਿ ਲੋਕਾਂ ਵਿੱਚ ਦੰਗਾ ਹੋ ਜਾਵੇ।”
ਯਿਸੂ ਦਾ ਮਸਹ ਕੀਤਾ ਜਾਣਾ
6ਫਿਰ ਜਦੋਂ ਯਿਸੂ ਬੈਤਅਨੀਆ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਵਿੱਚ ਸੀ 7ਤਾਂ ਇੱਕ ਔਰਤ ਸੰਗਮਰਮਰ ਦੇ ਬਰਤਨ ਵਿੱਚ ਮਹਿੰਗੇ ਮੁੱਲ ਦਾ ਅਤਰ ਲੈ ਕੇ ਉਸ ਕੋਲ ਆਈ ਅਤੇ ਜਦੋਂ ਉਹ ਭੋਜਨ ਕਰਨ ਲਈ ਬੈਠਾ ਸੀ ਤਾਂ ਉਸ ਦੇ ਸਿਰ ਉੱਤੇ ਡੋਲ੍ਹ ਦਿੱਤਾ। 8ਪਰ ਚੇਲੇ ਇਹ ਵੇਖ ਕੇ ਖਿਝ ਗਏ ਅਤੇ ਕਹਿਣ ਲੱਗੇ, “ਇਹ ਕਿਉਂ ਬਰਬਾਦ ਕੀਤਾ ਗਿਆ? 9ਕਿਉਂਕਿ ਇਹ#26:9 ਕੁਝ ਹਸਤਲੇਖਾਂ ਵਿੱਚ “ਇਹ” ਦੇ ਸਥਾਨ 'ਤੇ “ਇਸ ਅਤਰ ਨੂੰ” ਲਿਖਿਆ ਹੈ। ਮਹਿੰਗੇ ਮੁੱਲ ਵੇਚ ਕੇ ਗਰੀਬਾਂ ਨੂੰ ਦਿੱਤਾ ਜਾ ਸਕਦਾ ਸੀ।” 10ਪਰ ਇਹ ਜਾਣ ਕੇ ਯਿਸੂ ਨੇ ਉਨ੍ਹਾਂ ਨੂੰ ਕਿਹਾ,“ਤੁਸੀਂ ਇਸ ਔਰਤ ਨੂੰ ਕਿਉਂ ਪਰੇਸ਼ਾਨ ਕਰਦੇ ਹੋ? ਇਸ ਨੇ ਤਾਂ ਮੇਰੇ ਨਾਲ ਚੰਗਾ ਵਰਤਾਓ ਕੀਤਾ ਹੈ; 11ਗਰੀਬ ਤਾਂ ਹਮੇਸ਼ਾ ਤੁਹਾਡੇ ਨਾਲ ਹਨ, ਪਰ ਮੈਂ ਹਮੇਸ਼ਾ ਤੁਹਾਡੇ ਨਾਲ ਨਹੀਂ ਹਾਂ। 12ਇਹ ਅਤਰ ਜੋ ਇਸ ਨੇ ਮੇਰੇ ਸਰੀਰ ਉੱਤੇ ਪਾਇਆ, ਇਹ ਮੇਰੇ ਦਫ਼ਨਾਏ ਜਾਣ ਲਈ ਕੀਤਾ ਹੈ। 13ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਸਾਰੇ ਸੰਸਾਰ ਵਿੱਚ ਜਿੱਥੇ ਵੀ ਇਸ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ, ਇਹ ਵੀ ਜੋ ਇਸ ਨੇ ਕੀਤਾ ਇਸ ਦੀ ਯਾਦ ਲਈ ਦੱਸਿਆ ਜਾਵੇਗਾ।”
14ਫਿਰ ਉਨ੍ਹਾਂ ਬਾਰ੍ਹਾਂ ਵਿੱਚੋਂ ਯਹੂਦਾ ਇਸਕਰਿਯੋਤੀ ਨਾਮਕ ਇੱਕ ਚੇਲੇ ਨੇ ਪ੍ਰਧਾਨ ਯਾਜਕਾਂ ਕੋਲ ਜਾ ਕੇ ਕਿਹਾ, 15“ਜੇ ਮੈਂ ਉਸ ਨੂੰ ਤੁਹਾਡੇ ਹੱਥ ਫੜਵਾ ਦਿਆਂ ਤਾਂ ਤੁਸੀਂ ਮੈਨੂੰ ਕੀ ਦਿਓਗੇ?” ਤਦ ਉਨ੍ਹਾਂ ਉਸ ਨੂੰ ਚਾਂਦੀ ਦੇ ਤੀਹ ਸਿੱਕੇ ਤੋਲ ਦਿੱਤੇ। 16ਉਹ ਉਸੇ ਸਮੇਂ ਤੋਂ ਇਸ ਤਾਕ ਵਿੱਚ ਰਹਿਣ ਲੱਗਾ ਕਿ ਮੌਕਾ ਪਾ ਕੇ ਉਸ ਨੂੰ ਫੜਵਾ ਦੇਵੇ।
ਪਸਾਹ ਦੇ ਲਈ ਤਿਆਰੀ
17ਅਖ਼ਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲੇ ਯਿਸੂ ਕੋਲ ਆ ਕੇ ਕਹਿਣ ਲੱਗੇ, “ਤੂੰ ਕਿੱਥੇ ਚਾਹੁੰਦਾ ਹੈਂ ਕਿ ਅਸੀਂ ਤੇਰੇ ਖਾਣ ਲਈ ਪਸਾਹ ਤਿਆਰ ਕਰੀਏ?” 18ਉਸ ਨੇ ਕਿਹਾ,“ਨਗਰ ਵਿੱਚ ਫਲਾਣੇ ਵਿਅਕਤੀ ਕੋਲ ਜਾਓ ਅਤੇ ਉਸ ਨੂੰ ਕਹੋ ਕਿ ਗੁਰੂ ਕਹਿੰਦਾ ਹੈ, ‘ਮੇਰਾ ਸਮਾਂ ਨੇੜੇ ਹੈ; ਮੈਂ ਆਪਣੇ ਚੇਲਿਆਂ ਨਾਲ ਤੇਰੇ ਕੋਲ ਪਸਾਹ ਮਨਾਉਣਾ ਹੈ’।” 19ਸੋ ਚੇਲਿਆਂ ਨੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਯਿਸੂ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ ਅਤੇ ਪਸਾਹ ਤਿਆਰ ਕੀਤਾ।
ਯਿਸੂ ਨੂੰ ਫੜਵਾਉਣ ਵਾਲਾ
20ਜਦੋਂ ਸ਼ਾਮ ਹੋਈ ਤਾਂ ਉਹ ਬਾਰ੍ਹਾਂ ਨਾਲ ਭੋਜਨ ਕਰਨ ਬੈਠਾ 21ਅਤੇ ਜਦੋਂ ਉਹ ਖਾ ਰਹੇ ਸਨ ਤਾਂ ਉਸ ਨੇ ਕਿਹਾ,“ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ।” 22ਤਦ ਉਹ ਬਹੁਤ ਉਦਾਸ ਹੋਏ ਅਤੇ ਹਰ ਇੱਕ ਉਸ ਨੂੰ ਪੁੱਛਣ ਲੱਗਾ, “ਪ੍ਰਭੂ, ਕੀ ਉਹ ਮੈਂ ਹਾਂ?” 23ਪਰ ਉਸ ਨੇ ਉੱਤਰ ਦਿੱਤਾ,“ਜਿਸ ਨੇ ਮੇਰੇ ਨਾਲ ਕਟੋਰੇ ਵਿੱਚ ਆਪਣਾ ਹੱਥ ਡੁਬੋਇਆ ਹੈ, ਉਹੋ ਮੈਨੂੰ ਫੜਵਾਏਗਾ। 24ਮਨੁੱਖ ਦਾ ਪੁੱਤਰ ਤਾਂ ਜਿਵੇਂ ਉਸ ਦੇ ਵਿਖੇ ਲਿਖਿਆ ਹੈ, ਜਾਂਦਾ ਹੈ ਪਰ ਹਾਏ ਉਸ ਮਨੁੱਖ ਉੱਤੇ ਜਿਸ ਦੇ ਦੁਆਰਾ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ ਹੈ। ਉਸ ਮਨੁੱਖ ਦੇ ਲਈ ਚੰਗਾ ਹੁੰਦਾ ਕਿ ਉਹ ਜੰਮਦਾ ਹੀ ਨਾ!” 25ਤਦ ਉਸ ਦੇ ਫੜਵਾਉਣ ਵਾਲੇ ਯਹੂਦਾ ਨੇ ਕਿਹਾ, “ਹੇ ਰੱਬੀ#26:25 ਅਰਥਾਤ ਗੁਰੂ, ਕੀ ਉਹ ਮੈਂ ਹਾਂ?” ਉਸ ਨੇ ਕਿਹਾ,“ਤੂੰ ਆਪੇ ਕਹਿ ਦਿੱਤਾ।”
ਪ੍ਰਭੂ ਭੋਜ
26ਜਦੋਂ ਉਹ ਖਾ ਰਹੇ ਸਨ ਤਾਂ ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ਚੇਲਿਆਂ ਨੂੰ ਦੇ ਕੇ ਕਿਹਾ,“ਲਵੋ, ਖਾਓ; ਇਹ ਮੇਰਾ ਸਰੀਰ ਹੈ।” 27ਫਿਰ ਉਸ ਨੇ ਪਿਆਲਾ ਲੈ ਕੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਦੇ ਕੇ ਕਿਹਾ,“ਤੁਸੀਂ ਸਾਰੇ ਇਸ ਵਿੱਚੋਂ ਪੀਓ, 28ਕਿਉਂਕਿ ਇਹ#26:28 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਨਵੇਂ” ਲਿਖਿਆ ਹੈ।ਨੇਮ ਦਾ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ। 29ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਮੈਂ ਉਸ ਦਿਨ ਤੱਕ ਦਾਖਰਸ ਕਦੇ ਨਾ ਪੀਵਾਂਗਾ ਜਦੋਂ ਤੱਕ ਮੈਂ ਆਪਣੇ ਪਿਤਾ ਦੇ ਰਾਜ ਵਿੱਚ ਤੁਹਾਡੇ ਨਾਲ ਨਵਾਂ ਨਾ ਪੀਵਾਂ।” 30ਫਿਰ ਭਜਨ ਗਾਉਣ ਤੋਂ ਬਾਅਦ ਉਹ ਜ਼ੈਤੂਨ ਪਹਾੜ ਵੱਲ ਚਲੇ ਗਏ।
ਪਤਰਸ ਦੇ ਇਨਕਾਰ ਦੀ ਭਵਿੱਖਬਾਣੀ
31ਯਿਸੂ ਨੇ ਉਨ੍ਹਾਂ ਨੂੰ ਕਿਹਾ,“ਅੱਜ ਰਾਤ ਨੂੰ ਤੁਸੀਂ ਸਭ ਮੇਰੇ ਕਾਰਨ ਠੋਕਰ ਖਾਓਗੇ, ਕਿਉਂਕਿ ਲਿਖਿਆ ਹੈ:
ਮੈਂ ਚਰਵਾਹੇ ਨੂੰ ਮਾਰਾਂਗਾ
ਅਤੇ ਇੱਜੜ ਦੀਆਂ ਭੇਡਾਂ ਤਿੱਤਰ-ਬਿੱਤਰ ਹੋ ਜਾਣਗੀਆਂ। #
ਜ਼ਕਰਯਾਹ 13:7
32 ਪਰ ਜੀ ਉੱਠਣ ਤੋਂ ਬਾਅਦ ਮੈਂ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਵਾਂਗਾ।” 33ਪਤਰਸ ਨੇ ਉਸ ਨੂੰ ਕਿਹਾ, “ਭਾਵੇਂ ਸਾਰੇ ਤੈਨੂੰ ਛੱਡ ਜਾਣ, ਪਰ ਮੈਂ ਤੈਨੂੰ ਕਦੇ ਨਾ ਛੱਡਾਂਗਾ।” 34ਯਿਸੂ ਨੇ ਉਸ ਨੂੰ ਕਿਹਾ,“ਮੈਂ ਤੈਨੂੰ ਸੱਚ ਕਹਿੰਦਾ ਹਾਂ ਕਿ ਇਸੇ ਰਾਤ ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾਂ, ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ।” 35ਪਤਰਸ ਨੇ ਉਸ ਨੂੰ ਕਿਹਾ, “ਜੇ ਮੈਨੂੰ ਤੇਰੇ ਨਾਲ ਮਰਨਾ ਵੀ ਪਵੇ, ਤਾਂ ਵੀ ਮੈਂ ਤੇਰਾ ਇਨਕਾਰ ਨਹੀਂ ਕਰਾਂਗਾ।” ਬਾਕੀ ਸਾਰੇ ਚੇਲਿਆਂ ਨੇ ਵੀ ਇਸੇ ਤਰ੍ਹਾਂ ਕਿਹਾ।
ਗਥਸਮਨੀ ਬਾਗ ਵਿੱਚ ਪ੍ਰਾਰਥਨਾ
36ਤਦ ਯਿਸੂ ਉਨ੍ਹਾਂ ਦੇ ਨਾਲ ਗਥਸਮਨੀ ਨਾਮਕ ਜਗ੍ਹਾ 'ਤੇ ਆਇਆ ਅਤੇ ਆਪਣੇ ਚੇਲਿਆਂ ਨੂੰ ਕਿਹਾ,“ਜਦੋਂ ਤੱਕ ਮੈਂ ਉੱਥੇ ਜਾ ਕੇ ਪ੍ਰਾਰਥਨਾ ਕਰਦਾ ਹਾਂ, ਤੁਸੀਂ ਇੱਥੇ ਬੈਠੋ।” 37ਉਹ ਪਤਰਸ ਅਤੇ ਜ਼ਬਦੀ ਦੇ ਦੋਹਾਂ ਪੁੱਤਰਾਂ ਨੂੰ ਨਾਲ ਲੈ ਗਿਆ ਅਤੇ ਬਹੁਤ ਉਦਾਸ ਅਤੇ ਵਿਆਕੁਲ ਹੋਣ ਲੱਗਾ। 38ਤਦ ਉਸ ਨੇ ਉਨ੍ਹਾਂ ਨੂੰ ਕਿਹਾ,“ਮੇਰਾ ਮਨ ਬਹੁਤ ਉਦਾਸ ਹੈ, ਐਨਾ ਕਿ ਮਰਨ ਦੇ ਦਰਜੇ ਤੱਕ। ਇੱਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ।” 39ਫਿਰ ਉਹ ਥੋੜ੍ਹਾ ਅੱਗੇ ਗਿਆ ਅਤੇ ਮੂੰਹ ਪਰਨੇ ਲੰਮੇ ਪੈ ਕੇ ਇਹ ਪ੍ਰਾਰਥਨਾ ਕਰਨ ਲੱਗਾ,“ਹੇ ਮੇਰੇ ਪਿਤਾ, ਜੇ ਸੰਭਵ ਹੋਵੇ ਤਾਂ ਇਹ ਪਿਆਲਾ ਮੇਰੇ ਤੋਂ ਟਲ਼ ਜਾਵੇ; ਤਾਂ ਵੀ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਸਗੋਂ ਉਹ ਜੋ ਤੂੰ ਚਾਹੁੰਦਾ ਹੈਂ।” 40ਫਿਰ ਉਸ ਨੇ ਚੇਲਿਆਂ ਦੇ ਕੋਲ ਆ ਕੇ ਉਨ੍ਹਾਂ ਨੂੰ ਸੁੱਤੇ ਹੋਏ ਵੇਖਿਆ ਅਤੇ ਪਤਰਸ ਨੂੰ ਕਿਹਾ,“ਕੀ ਤੁਸੀਂ ਮੇਰੇ ਨਾਲ ਇੱਕ ਘੜੀ ਵੀ ਨਾ ਜਾਗ ਸਕੇ? 41ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਪਰਤਾਵੇ ਵਿੱਚ ਨਾ ਪਵੋ; ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ।” 42ਫੇਰ ਉਸ ਨੇ ਦੂਜੀ ਵਾਰ ਜਾ ਕੇ ਇਹ ਪ੍ਰਾਰਥਨਾ ਕੀਤੀ,“ਹੇ ਮੇਰੇ ਪਿਤਾ, ਜੇ ਇਹ#26:42 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪਿਆਲਾ” ਲਿਖਿਆ ਹੈ।ਮੇਰੇ ਪੀਤੇ ਬਿਨਾਂ ਨਹੀਂ ਟਲ਼ ਸਕਦਾ ਤਾਂ ਤੇਰੀ ਇੱਛਾ ਪੂਰੀ ਹੋਵੇ।” 43ਉਸ ਨੇ ਆ ਕੇ ਉਨ੍ਹਾਂ ਨੂੰ ਫੇਰ ਸੁੱਤੇ ਹੋਏ ਵੇਖਿਆ ਕਿਉਂਕਿ ਉਨ੍ਹਾਂ ਦੀਆਂ ਅੱਖਾਂ ਨੀਂਦ ਕਰਕੇ ਭਾਰੀਆਂ ਸਨ। 44ਉਹ ਉਨ੍ਹਾਂ ਨੂੰ ਛੱਡ ਕੇ ਫੇਰ ਚਲਾ ਗਿਆ ਅਤੇ ਉਹੀ ਗੱਲ ਕਹਿ ਕੇ ਤੀਜੀ ਵਾਰ ਪ੍ਰਾਰਥਨਾ ਕੀਤੀ। 45ਤਦ ਉਸ ਨੇ ਚੇਲਿਆਂ ਕੋਲ ਆ ਕੇ ਉਨ੍ਹਾਂ ਨੂੰ ਕਿਹਾ,“ਹੁਣ ਸੁੱਤੇ ਰਹੋ ਅਤੇ ਅਰਾਮ ਕਰੋ; ਵੇਖੋ, ਘੜੀ ਆ ਗਈ ਹੈ ਅਤੇ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥੀਂ ਫੜਵਾਇਆ ਜਾ ਰਿਹਾ ਹੈ। 46ਉੱਠੋ, ਚੱਲੀਏ! ਵੇਖੋ, ਮੈਨੂੰ ਫੜਵਾਉਣ ਵਾਲਾ ਨੇੜੇ ਆ ਪਹੁੰਚਿਆ ਹੈ।”
ਯਿਸੂ ਦਾ ਫੜਵਾਇਆ ਜਾਣਾ
47ਉਹ ਅਜੇ ਬੋਲਦਾ ਹੀ ਸੀ ਕਿ ਵੇਖੋ, ਯਹੂਦਾ ਜਿਹੜਾ ਬਾਰ੍ਹਾਂ ਵਿੱਚੋਂ ਇੱਕ ਸੀ, ਆ ਪਹੁੰਚਿਆ ਅਤੇ ਪ੍ਰਧਾਨ ਯਾਜਕਾਂ ਅਤੇ ਲੋਕਾਂ ਦੇ ਬਜ਼ੁਰਗਾਂ ਵੱਲੋਂ ਇੱਕ ਵੱਡੀ ਭੀੜ ਤਲਵਾਰਾਂ ਅਤੇ ਡਾਂਗਾਂ ਫੜੀ ਉਸ ਦੇ ਨਾਲ ਸੀ। 48ਉਸ ਨੂੰ ਫੜਵਾਉਣ ਵਾਲੇ ਨੇ ਉਨ੍ਹਾਂ ਨੂੰ ਇਹ ਚਿੰਨ੍ਹ ਦਿੱਤਾ ਸੀ, “ਜਿਸ ਨੂੰ ਮੈਂ ਚੁੰਮਾਂ ਉਹੋ ਹੈ; ਉਸ ਨੂੰ ਫੜ ਲੈਣਾ।” 49ਉਸ ਨੇ ਤੁਰੰਤ ਯਿਸੂ ਕੋਲ ਆ ਕੇ ਕਿਹਾ, “ਹੇ ਰੱਬੀ#26:49 ਅਰਥਾਤ ਗੁਰੂ, ਨਮਸਕਾਰ!” ਅਤੇ ਉਸ ਨੂੰ ਚੁੰਮਿਆ। 50ਯਿਸੂ ਨੇ ਉਸ ਨੂੰ ਕਿਹਾ,“ਮਿੱਤਰਾ, ਜਿਸ ਲਈ ਤੂੰ ਆਇਆ ਹੈਂ ਉਹ ਕਰ।” ਤਦ ਉਨ੍ਹਾਂ ਨੇ ਕੋਲ ਆ ਕੇ ਯਿਸੂ ਉੱਤੇ ਹੱਥ ਪਾਏ ਤੇ ਉਸ ਨੂੰ ਫੜ ਲਿਆ 51ਅਤੇ ਵੇਖੋ, ਯਿਸੂ ਦੇ ਸਾਥੀਆਂ ਵਿੱਚੋਂ ਇੱਕ ਨੇ ਹੱਥ ਵਧਾ ਕੇ ਆਪਣੀ ਤਲਵਾਰ ਖਿੱਚੀ ਅਤੇ ਮਹਾਂਯਾਜਕ ਦੇ ਸੇਵਕ ਉੱਤੇ ਚਲਾ ਕੇ ਉਸ ਦਾ ਕੰਨ ਲਾਹ ਦਿੱਤਾ। 52ਤਦ ਯਿਸੂ ਨੇ ਉਸ ਨੂੰ ਕਿਹਾ,“ਆਪਣੀ ਤਲਵਾਰ ਮਿਆਨ ਵਿੱਚ ਰੱਖ, ਕਿਉਂਕਿ ਜਿਹੜੇ ਤਲਵਾਰ ਚਲਾਉਂਦੇ ਹਨ ਉਹ ਸਭ ਤਲਵਾਰ ਨਾਲ ਨਾਸ ਹੋਣਗੇ। 53ਜਾਂ ਕੀ ਤੂੰ ਇਹ ਸੋਚਦਾ ਹੈਂ ਕਿ ਮੈਂ ਆਪਣੇ ਪਿਤਾ ਅੱਗੇ ਬੇਨਤੀ ਨਹੀਂ ਕਰ ਸਕਦਾ ਅਤੇ ਉਹ ਹੁਣੇ ਮੇਰੇ ਲਈ ਸਵਰਗਦੂਤਾਂ ਦੇ ਬਾਰਾਂ ਤੋਂ ਵੀ ਵੱਧ ਲਸ਼ਕਰ ਹਾਜ਼ਰ ਨਾ ਕਰੇਗਾ? 54ਫਿਰ ਉਹ ਲਿਖਤਾਂ ਕਿ ਇਸ ਤਰ੍ਹਾਂ ਹੋਣਾ ਜ਼ਰੂਰੀ ਹੈ, ਕਿਵੇਂ ਪੂਰੀਆਂ ਹੋਣਗੀਆਂ?” 55ਉਸੇ ਸਮੇਂ ਯਿਸੂ ਨੇ ਭੀੜ ਨੂੰ ਕਿਹਾ,“ਕੀ ਤੁਸੀਂ ਤਲਵਾਰਾਂ ਅਤੇ ਡਾਂਗਾਂ ਨਾਲ ਮੈਨੂੰ ਡਾਕੂ ਵਾਂਗ ਫੜਨ ਲਈ ਨਿੱਕਲੇ ਹੋ? ਮੈਂ ਤਾਂ ਹਰ ਰੋਜ਼ ਹੈਕਲ ਵਿੱਚ ਬੈਠ ਕੇ ਉਪਦੇਸ਼ ਦਿੰਦਾ ਸੀ ਅਤੇ ਤੁਸੀਂ ਮੈਨੂੰ ਨਾ ਫੜਿਆ। 56ਪਰ ਇਹ ਸਭ ਇਸ ਲਈ ਹੋਇਆ ਕਿ ਨਬੀਆਂ ਦੀਆਂ ਲਿਖਤਾਂ ਪੂਰੀਆਂ ਹੋਣ।” ਤਦ ਸਭ ਚੇਲੇ ਉਸ ਨੂੰ ਛੱਡ ਕੇ ਭੱਜ ਗਏ।
ਯਿਸੂ ਮਹਾਂਸਭਾ ਦੇ ਸਾਹਮਣੇ
57ਜਿਨ੍ਹਾਂ ਯਿਸੂ ਨੂੰ ਫੜਿਆ ਸੀ ਉਹ ਉਸ ਨੂੰ ਮਹਾਂਯਾਜਕ ਕਯਾਫ਼ਾ ਕੋਲ ਲੈ ਗਏ, ਜਿੱਥੇ ਸ਼ਾਸਤਰੀ ਅਤੇ ਬਜ਼ੁਰਗ ਇਕੱਠੇ ਹੋਏ ਸਨ। 58ਪਰ ਪਤਰਸ ਕੁਝ ਦੂਰੀ 'ਤੇ ਉਸ ਦੇ ਪਿੱਛੇ-ਪਿੱਛੇ ਮਹਾਂਯਾਜਕ ਦੇ ਵਿਹੜੇ ਤੱਕ ਗਿਆ ਅਤੇ ਨਤੀਜਾ ਵੇਖਣ ਲਈ ਅੰਦਰ ਜਾ ਕੇ ਪਹਿਰੇਦਾਰਾਂ ਦੇ ਨਾਲ ਬੈਠ ਗਿਆ। 59ਪ੍ਰਧਾਨ ਯਾਜਕ#26:59 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਯਹੂਦੀ ਆਗੂ ਅਤੇ ਪ੍ਰਧਾਨ ਜਾਜਕ” ਲਿਖਿਆ ਹੈ। ਅਤੇ ਸਾਰੀ ਮਹਾਂਸਭਾ ਯਿਸੂ ਦੇ ਵਿਰੁੱਧ ਝੂਠੀ ਗਵਾਹੀ ਲੱਭਣ ਲੱਗੀ ਤਾਂਕਿ ਉਸ ਨੂੰ ਮਾਰ ਸੁੱਟਣ, 60ਪਰ ਬਹੁਤ ਸਾਰੇ ਝੂਠੇ ਗਵਾਹਾਂ ਦੇ ਆਉਣ 'ਤੇ ਵੀ ਉਨ੍ਹਾਂ ਨੂੰ ਉਸ ਦੇ ਵਿਰੁੱਧ ਕੁਝ ਨਾ ਮਿਲਿਆ। ਅੰਤ ਵਿੱਚ ਦੋ ਵਿਅਕਤੀਆਂ ਨੇ ਆ ਕੇ ਕਿਹਾ, 61“ਇਸ ਨੇ ਕਿਹਾ ਸੀ, ‘ਮੈਂ ਪਰਮੇਸ਼ਰ ਦੀ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਫਿਰ ਬਣਾ ਸਕਦਾ ਹਾਂ’।” 62ਤਦ ਮਹਾਂਯਾਜਕ ਨੇ ਖੜ੍ਹੇ ਹੋ ਕੇ ਉਸ ਨੂੰ ਕਿਹਾ, “ਕੀ ਤੇਰੇ ਕੋਲ ਕੋਈ ਉੱਤਰ ਨਹੀਂ ਹੈ? ਇਹ ਤੇਰੇ ਵਿਰੁੱਧ ਕੀ ਗਵਾਹੀ ਦਿੰਦੇ ਹਨ?” 63ਪਰ ਯਿਸੂ ਚੁੱਪ ਹੀ ਰਿਹਾ। ਤਦ ਮਹਾਂਯਾਜਕ ਨੇ ਉਸ ਨੂੰ ਕਿਹਾ, “ਮੈਂ ਤੈਨੂੰ ਜੀਉਂਦੇ ਪਰਮੇਸ਼ਰ ਦੀ ਸੌਂਹ ਦਿੰਦਾ ਹਾਂ ਕਿ ਜੇ ਤੂੰ ਪਰਮੇਸ਼ਰ ਦਾ ਪੁੱਤਰ ਮਸੀਹ ਹੈਂ ਤਾਂ ਸਾਨੂੰ ਦੱਸ।” 64ਯਿਸੂ ਨੇ ਉਸ ਨੂੰ ਕਿਹਾ,“ਤੂੰ ਆਪ ਹੀ ਕਹਿ ਦਿੱਤਾ; ਪਰ ਮੈਂ ਤੁਹਾਨੂੰ ਕਹਿੰਦਾ ਹਾਂ,
ਹੁਣ ਤੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ
ਸਰਬ-ਸ਼ਕਤੀਮਾਨ ਦੇ ਸੱਜੇ ਹੱਥ ਬੈਠਾ
ਅਤੇ ਅਕਾਸ਼ ਦੇ ਬੱਦਲਾਂ ਉੱਤੇ ਆਉਂਦਾ ਵੇਖੋਗੇ।”
65ਤਦ ਮਹਾਂਯਾਜਕ ਨੇ ਆਪਣੇ ਕੱਪੜੇ ਪਾੜ ਕੇ ਕਿਹਾ, “ਇਸ ਨੇ ਪਰਮੇਸ਼ਰ ਦੀ ਨਿੰਦਾ ਕੀਤੀ ਹੈ! ਹੁਣ ਸਾਨੂੰ ਹੋਰ ਗਵਾਹਾਂ ਦੀ ਕੀ ਜ਼ਰੂਰਤ ਹੈ? ਵੇਖੋ, ਹੁਣੇ ਤੁਸੀਂ ਪਰਮੇਸ਼ਰ ਦੀ ਨਿੰਦਾ ਸੁਣੀ; 66ਤੁਸੀਂ ਕੀ ਸੋਚਦੇ ਹੋ?” ਉਨ੍ਹਾਂ ਨੇ ਉੱਤਰ ਦਿੱਤਾ, “ਇਹ ਮੌਤ ਦੀ ਸਜ਼ਾ ਦੇ ਲਾਇਕ ਹੈ।” 67ਤਦ ਉਨ੍ਹਾਂ ਉਸ ਦੇ ਮੂੰਹ 'ਤੇ ਥੁੱਕਿਆ, ਉਸ ਨੂੰ ਮੁੱਕੇ ਮਾਰੇ ਅਤੇ ਕੁਝ ਨੇ ਚਪੇੜਾਂ ਮਾਰ ਕੇ ਕਿਹਾ, 68“ਹੇ ਮਸੀਹ, ਸਾਨੂੰ ਭਵਿੱਖਬਾਣੀ ਕਰਕੇ ਦੱਸ ਤੈਨੂੰ ਕਿਸ ਨੇ ਮਾਰਿਆ?”
ਪਤਰਸ ਦੁਆਰਾ ਯਿਸੂ ਦਾ ਇਨਕਾਰ
69ਪਤਰਸ ਬਾਹਰ ਵਿਹੜੇ ਵਿੱਚ ਬੈਠਾ ਹੋਇਆ ਸੀ ਅਤੇ ਇੱਕ ਦਾਸੀ ਉਸ ਦੇ ਕੋਲ ਆ ਕੇ ਕਹਿਣ ਲੱਗੀ, “ਤੂੰ ਵੀ ਤਾਂ ਉਸ ਗਲੀਲੀ ਯਿਸੂ ਦੇ ਨਾਲ ਸੀ।” 70ਪਰ ਉਸ ਨੇ ਸਭ ਦੇ ਸਾਹਮਣੇ ਇਨਕਾਰ ਕਰ ਦਿੱਤਾ ਅਤੇ ਕਿਹਾ, “ਮੈਂ ਨਹੀਂ ਜਾਣਦਾ ਕਿ ਤੂੰ ਕੀ ਕਹਿੰਦੀ ਹੈਂ?” 71ਜਦੋਂ ਉਹ ਬਾਹਰ ਫਾਟਕ ਵਿੱਚ ਗਿਆ ਤਾਂ ਦੂਜੀ ਦਾਸੀ ਨੇ ਉਸ ਨੂੰ ਵੇਖ ਕੇ ਉਨ੍ਹਾਂ ਨੂੰ ਜਿਹੜੇ ਉੱਥੇ ਸਨ, ਕਿਹਾ, “ਇਹ ਵੀ ਯਿਸੂ ਨਾਸਰੀ ਦੇ ਨਾਲ ਸੀ।” 72ਪਰ ਉਸ ਨੇ ਸੌਂਹ ਖਾ ਕੇ ਫੇਰ ਇਨਕਾਰ ਕਰ ਦਿੱਤਾ, “ਮੈਂ ਉਸ ਮਨੁੱਖ ਨੂੰ ਨਹੀਂ ਜਾਣਦਾ।” 73ਥੋੜ੍ਹੀ ਦੇਰ ਬਾਅਦ, ਜਿਹੜੇ ਉੱਥੇ ਖੜ੍ਹੇ ਸਨ ਉਨ੍ਹਾਂ ਨੇ ਪਤਰਸ ਕੋਲ ਆ ਕੇ ਕਿਹਾ, “ਸੱਚਮੁੱਚ ਤੂੰ ਵੀ ਉਨ੍ਹਾਂ ਵਿੱਚੋਂ ਹੈਂ ਕਿਉਂਕਿ ਤੇਰੀ ਬੋਲੀ ਤੋਂ ਪਤਾ ਲੱਗਦਾ ਹੈ।” 74ਤਦ ਉਹ ਸਰਾਪ ਦੇਣ ਅਤੇ ਸੌਂਹ ਖਾਣ ਲੱਗਾ, “ਮੈਂ ਉਸ ਮਨੁੱਖ ਨੂੰ ਨਹੀਂ ਜਾਣਦਾ।” ਅਤੇ ਉਸੇ ਵੇਲੇ ਮੁਰਗੇ ਨੇ ਬਾਂਗ ਦਿੱਤੀ। 75ਤਦ ਪਤਰਸ ਨੂੰ ਉਹ ਗੱਲ ਯਾਦ ਆਈ ਜੋ ਯਿਸੂ ਨੇ ਉਸ ਨੂੰ ਕਹੀ ਸੀ,“ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾਂ ਤਿੰਨ ਵਾਰ ਤੂੰ ਮੇਰਾ ਇਨਕਾਰ ਕਰੇਂਗਾ!” ਤਦ ਉਹ ਬਾਹਰ ਗਿਆ ਅਤੇ ਭੁੱਬਾਂ ਮਾਰ ਕੇ ਰੋਇਆ।
Επιλέχθηκαν προς το παρόν:
ਮੱਤੀ 26: PSB
Επισημάνσεις
Κοινοποίηση
Αντιγραφή

Θέλετε να αποθηκεύονται οι επισημάνσεις σας σε όλες τις συσκευές σας; Εγγραφείτε ή συνδεθείτε
PUNJABI STANDARD BIBLE©
Copyright © 2023 by Global Bible Initiative