الانتقال إلى المحتوى

ਕਹਾਉਤਾਂ 19

19
1ਉਸ ਮੂਰਖ ਨਾਲੋਂ ਜਿਸ ਦੇ ਬੁੱਲ੍ਹ ਵਿਗੜਦੇ ਹਨ,
ਉਹ ਗਰੀਬ ਚੰਗਾ ਹੈ ਜਿਸ ਦਾ ਤੁਰਨਾ ਨਿਰਦੋਸ਼ ਹੈ।
2ਗਿਆਨ ਤੋਂ ਬਿਨਾਂ ਇੱਛਾ ਚੰਗੀ ਨਹੀਂ,
ਅਤੇ ਜਿਹੜਾ ਕਾਹਲੀ ਕਰਦਾ ਹੈ ਉਹ ਕੁਰਾਹੇ ਪੈ ਜਾਂਦਾ ਹੈ!
3ਮਨੁੱਖ ਦੀ ਆਪਣੀ ਮੂਰਖਤਾਈ ਉਸ ਦੀ ਬਰਬਾਦੀ ਵੱਲ ਲੈ ਜਾਂਦੀ ਹੈ,
ਤਾਂ ਵੀ ਉਹਨਾਂ ਦਾ ਦਿਲ ਯਾਹਵੇਹ ਦੇ ਵਿਰੁੱਧ ਕ੍ਰੋਧਿਤ ਹੁੰਦਾ ਹੈ।
4ਦੌਲਤ ਬਹੁਤ ਸਾਰੇ ਦੋਸਤਾਂ ਨੂੰ ਖਿੱਚਦੀ ਹੈ,
ਪਰ ਗਰੀਬ ਦਾ ਸਭ ਤੋਂ ਨਜ਼ਦੀਕੀ ਮਿੱਤਰ ਵੀ ਉਹਨਾਂ ਨੂੰ ਛੱਡ ਦਿੰਦਾ ਹੈ।
5ਝੂਠਾ ਗਵਾਹ ਸਜ਼ਾ ਤੋਂ ਮੁਕਤ ਨਹੀਂ ਹੋਵੇਗਾ,
ਅਤੇ ਜੋ ਕੋਈ ਝੂਠ ਬੋਲਦਾ ਹੈ ਉਹ ਅਜ਼ਾਦ ਨਹੀਂ ਹੋਵੇਗਾ।
6ਸ਼ਾਸਕ ਦੇ ਬਹੁਤੇ ਲੋਕ ਤਰਲੇ ਕਰਦੇ ਹਨ,
ਅਤੇ ਹਰ ਕੋਈ ਉਸ ਦਾ ਮਿੱਤਰ ਹੈ ਜੋ ਤੋਹਫ਼ੇ ਦਿੰਦਾ ਹੈ।
7ਗਰੀਬ ਆਪਣੇ ਸਾਰੇ ਰਿਸ਼ਤੇਦਾਰਾਂ ਤੋਂ ਦੂਰ ਰਹਿੰਦੇ ਹਨ,
ਤਾਂ ਉਹਨਾਂ ਦੇ ਮਿੱਤਰ ਉਹਨਾਂ ਤੋਂ ਕਿਉਂ ਨਾ ਦੂਰ ਰਹਿਣਗੇ!
ਭਾਵੇਂ ਗਰੀਬ ਮਿੰਨਤਾਂ ਕਰਕੇ ਉਹਨਾਂ ਦਾ ਪਿੱਛਾ ਕਰਦੇ ਹਨ,
ਉਹ ਕਿਤੇ ਨਹੀਂ ਲੱਭਦੇ।
8ਜਿਹੜਾ ਬੁੱਧ ਨੂੰ ਪ੍ਰਾਪਤ ਕਰਦਾ ਹੈ ਉਹ ਆਪਣੇ ਜਾਨ ਨੂੰ ਪਿਆਰ ਕਰਦਾ ਹੈ,
ਜਿਹੜਾ ਸਮਝ ਦੀ ਪਾਲਣਾ ਕਰਦਾ ਹੈ ਉਸਨੂੰ ਲਾਭ ਮਿਲੇਗਾ।
9ਝੂਠਾ ਗਵਾਹ ਸਜ਼ਾ ਤੋਂ ਮੁਕਤ ਨਹੀਂ ਹੋਵੇਗਾ,
ਅਤੇ ਜੋ ਕੋਈ ਝੂਠ ਬੋਲਦਾ ਹੈ ਉਹ ਨਾਸ ਹੋ ਜਾਵੇਗਾ।
10ਇੱਕ ਮੂਰਖ ਲਈ ਐਸ਼ੋ-ਆਰਾਮ ਵਿੱਚ ਰਹਿਣਾ ਠੀਕ ਨਹੀਂ ਹੈ,
ਇੱਕ ਗੁਲਾਮ ਦਾ ਹਾਕਮਾਂ ਉੱਤੇ ਰਾਜ ਕਰਨਾ ਕਿਵੇਂ ਫੱਬੇਗਾ!
11ਬੁੱਧ ਇੱਕ ਵਿਅਕਤੀ ਵਿੱਚ ਧੀਰਜ ਪੈਦਾ ਕਰਦੀ ਹੈ,
ਕਿਸੇ ਅਪਰਾਧ ਤੋਂ ਮੂੰਹ ਫੇਰ ਲੈਣ ਵਿੱਚ ਉਸਦੀ ਸ਼ਾਨ ਹੈ।
12ਰਾਜੇ ਦਾ ਗੁੱਸਾ ਸ਼ੇਰ ਦੀ ਗਰਜ ਵਰਗਾ ਹੈ,
ਪਰ ਉਹ ਦੀ ਕਿਰਪਾ ਘਾਹ ਉੱਤੇ ਤ੍ਰੇਲ ਵਰਗੀ ਹੈ।
13ਇੱਕ ਮੂਰਖ ਬੱਚਾ ਪਿਤਾ ਦੇ ਲਈ ਬਰਬਾਦੀ ਹੈ,
ਅਤੇ ਝਗੜਾਲੂ ਪਤਨੀ ਹਮੇਸ਼ਾ
ਛੱਤ ਦੇ ਚੋਣ ਵਰਗੀ ਹੁੰਦੀ ਹੈ।
14ਘਰ ਅਤੇ ਦੌਲਤ ਮਾਤਾ-ਪਿਤਾ ਤੋਂ ਮਿਰਾਸ ਵਿੱਚ ਮਿਲਦੇ ਹਨ,
ਪਰ ਇੱਕ ਬੁੱਧਵਾਨ ਪਤਨੀ ਯਾਹਵੇਹ ਵੱਲੋ ਮਿਲਦੀ ਹੈ।
15ਆਲਸ ਡੂੰਘੀ ਨੀਂਦ ਲਿਆਉਂਦਾ ਹੈ,
ਇੱਕ ਸੁਸਤ ਪ੍ਰਾਣੀ ਭੁੱਖਾ ਰਹਿੰਦਾ ਹੈ।
16ਜਿਹੜਾ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਨਾ ਕਰਦਾ ਹੈ ਉਹ ਆਪਣੀ ਜਾਨ ਦੀ ਰਾਖੀ ਕਰਦਾ ਹੈ,
ਪਰ ਜਿਹੜਾ ਆਪਣੇ ਚਾਲ-ਚਲਣ ਉੱਤੇ ਧਿਆਨ ਨਹੀਂ ਦਿੰਦਾ ਹੈ ਉਹ ਮਰ ਜਾਵੇਗਾ।
17ਜੋ ਕੋਈ ਗਰੀਬਾਂ ਉੱਤੇ ਦਯਾ ਕਰਦਾ ਹੈ ਉਹ ਯਾਹਵੇਹ ਨੂੰ ਉਧਾਰ ਦਿੰਦਾ ਹੈ,
ਅਤੇ ਉਹ ਉਹਨਾਂ ਨੂੰ ਉਹਨਾਂ ਦੇ ਕੀਤੇ ਦਾ ਫਲ ਦੇਵੇਗਾ।
18ਆਪਣੇ ਬੱਚਿਆਂ ਨੂੰ ਅਨੁਸ਼ਾਸਨ ਸਿਖਾਓ ਕਿਉਂਕਿ ਇਸ ਵਿੱਚ ਆਸ ਹੈ,
ਜਾਣ ਬੁੱਝ ਕੇ ਉਹਨਾਂ ਦੇ ਨਾਸ ਦਾ ਕਾਰਨ ਨਾ ਬਣੋ।
19ਇੱਕ ਗਰਮ ਸੁਭਾਅ ਵਾਲੇ ਵਿਅਕਤੀ ਨੂੰ ਸਜ਼ਾ ਭੋਗਣੀ ਚਾਹੀਦਾ ਹੈ,
ਜੇ ਤੂੰ ਉਹਨਾਂ ਨੂੰ ਛੁਡਾਵੇ ਤਾਂ ਤੈਨੂੰ ਬਾਰ-ਬਾਰ ਛੁਡਾਉਣਾ ਪਵੇਗਾ।
20ਸਲਾਹ ਨੂੰ ਸੁਣੋ ਅਤੇ ਅਨੁਸ਼ਾਸਨ ਨੂੰ ਸਵੀਕਾਰ ਕਰੋ,
ਅਤੇ ਅੰਤ ਵਿੱਚ ਤੁਸੀਂ ਬੁੱਧਵਾਨਾਂ ਵਿੱਚ ਗਿਣੇ ਜਾਵੋਗੇ।
21ਮਨੁੱਖ ਦੇ ਦਿਲ ਵਿੱਚ ਬਹੁਤ ਸਾਰੀਆਂ ਯੋਜਨਾਵਾਂ ਹਨ,
ਪਰ ਯਾਹਵੇਹ ਦੀ ਯੋਜਨਾ ਕਾਇਮ ਰਹੇਗੀ।
22ਇੱਕ ਵਿਅਕਤੀ ਜੋ ਚਾਹੁੰਦਾ ਹੈ ਉਹ ਹੈ ਅਟੁੱਟ ਪਿਆਰ,
ਝੂਠੇ ਨਾਲੋਂ ਗਰੀਬ ਹੋਣਾ ਚੰਗਾ ਹੈ।
23ਯਾਹਵੇਹ ਦਾ ਡਰ ਜੀਵਨ ਵੱਲ ਲੈ ਜਾਂਦਾ ਹੈ,
ਫਿਰ ਉਹ ਮੁਸੀਬਤ ਤੋਂ ਅਛੂਤ, ਸੰਤੁਸ਼ਟ ਆਰਾਮ ਕਰਦਾ ਹੈ।
24ਇੱਕ ਆਲਸੀ ਆਪਣਾ ਹੱਥ ਕਟੋਰੇ ਵਿੱਚ ਦੱਬਦਾ ਹੈ,
ਪਰ ਐਨਾ ਵੀ ਨਹੀਂ ਕਰਦਾ ਭਈ ਉਹ ਨੂੰ ਫੇਰ ਮੂੰਹ ਤੱਕ ਲਿਆਵੇ।
25ਮਖੌਲ ਉਡਾਉਣ ਵਾਲੇ ਨੂੰ ਮਾਰ ਤਾਂ ਭਲੇ ਲੋਕ ਸਿਆਣੇ ਹੋ ਜਾਣਗੇ,
ਸਮਝਦਾਰਾਂ ਨੂੰ ਝਿੜਕ, ਅਤੇ ਉਹ ਗਿਆਨ ਪ੍ਰਾਪਤ ਕਰਨਗੇ।
26ਜੋ ਕੋਈ ਆਪਣੇ ਪਿਤਾ ਨੂੰ ਲੁੱਟਦਾ ਹੈ ਅਤੇ ਆਪਣੀ ਮਾਂ ਨੂੰ ਬਾਹਰ ਕੱਢਦਾ ਹੈ,
ਉਹ ਬੱਚਾ ਸ਼ਰਮ ਅਤੇ ਬੇਇੱਜ਼ਤੀ ਲਿਆਉਂਦਾ ਹੈ।
27ਹੇ ਮੇਰੇ ਪੁੱਤਰ, ਜਿਸ ਸਿੱਖਿਆ ਨਾਲ ਗਿਆਨ ਦੇ ਬਚਨਾਂ ਤੋਂ ਭਟਕ ਜਾਈਦਾ ਹੈ,
ਉਹ ਦਾ ਸੁਣਨਾ ਹੀ ਛੱਡ ਦੇ।
28ਇੱਕ ਭ੍ਰਿਸ਼ਟ ਗਵਾਹ ਨਿਆਂ ਦਾ ਮਜ਼ਾਕ ਉਡਾਉਦਾ ਹੈ,
ਅਤੇ ਦੁਸ਼ਟ ਦਾ ਮੂੰਹ ਬੁਰਿਆਈ ਨੂੰ ਨਿਗਲਦਾ ਹੈ।
29ਮਜ਼ਾਕ ਕਰਨ ਵਾਲਿਆਂ ਲਈ ਸ਼ਜਾ,
ਅਤੇ ਮੂਰਖਾਂ ਦੀ ਪਿੱਠ ਲਈ ਕੋਰੜੇ ਤਿਆਰ ਹਨ।