Skip to content

ਅਸਤਰ 9

9
1ਬਾਰ੍ਹਵੇਂ ਮਹੀਨੇ ਅਰਥਾਤ ਅਦਾਰ ਦੇ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ ਰਾਜਾ ਦਾ ਹੁਕਮ ਪੂਰਾ ਕੀਤਾ ਜਾਣਾ ਸੀ। ਇਸ ਦਿਨ ਯਹੂਦੀਆਂ ਦੇ ਦੁਸ਼ਮਣਾਂ ਨੇ ਉਨ੍ਹਾਂ ਉੱਤੇ ਕਬਜ਼ਾ ਕਰਨ ਦੀ ਉਮੀਦ ਕੀਤੀ ਸੀ, ਪਰ ਹੁਣ ਹਾਲਾਤ ਬਦਲ ਗਏ ਸਨ ਅਤੇ ਯਹੂਦੀਆਂ ਨੇ ਉਨ੍ਹਾਂ ਨਾਲ ਨਫ਼ਰਤ ਕਰਨ ਵਾਲਿਆਂ ਉੱਤੇ ਕਬਜ਼ਾ ਕਰ ਲਿਆ ਸੀ। 2ਯਹੂਦੀ ਰਾਜੇ ਅਹਸ਼ਵੇਰੋਸ਼ ਦੇ ਸਾਰੇ ਸੂਬਿਆਂ ਵਿੱਚ ਉਨ੍ਹਾਂ ਦੇ ਸ਼ਹਿਰਾਂ ਵਿੱਚ ਇਕੱਠੇ ਹੋਏ ਜੋ ਉਨ੍ਹਾਂ ਉੱਤੇ ਹਮਲਾ ਕਰਨ ਜੋ ਉਨ੍ਹਾਂ ਨੂੰ ਤਬਾਹ ਕਰਨਾ ਚਾਹੁੰਦੇ ਸਨ। ਕੋਈ ਵੀ ਉਨ੍ਹਾਂ ਦੇ ਵਿਰੁੱਧ ਖੜ੍ਹਾ ਨਹੀਂ ਹੋ ਸਕਦਾ ਸੀ, ਕਿਉਂਕਿ ਬਾਕੀ ਸਾਰੀਆਂ ਕੌਮਾਂ ਦੇ ਲੋਕ ਉਨ੍ਹਾਂ ਤੋਂ ਡਰਦੇ ਸਨ। 3ਅਤੇ ਪ੍ਰਾਂਤਾਂ ਦੇ ਸਾਰੇ ਅਧਿਕਾਰੀਆਂ, ਆਗੂਆਂ ਅਤੇ ਰਾਜੇ ਦੇ ਰਾਜਪਾਲਾਂ ਅਤੇ ਕਰਮਚਾਰੀਆਂ ਨੇ ਯਹੂਦੀਆਂ ਦੀ ਸਹਾਇਤਾ ਕੀਤੀ ਕਿਉਂਕਿ ਉਹ ਸਾਰੇ ਮਾਰਦਕਈ ਤੋਂ ਡਰਦੇ ਸਨ। 4ਮਾਰਦਕਈ ਮਹਿਲ ਵਿੱਚ ਪ੍ਰਮੁੱਖ ਸੀ; ਉਸ ਦੀ ਨੇਕਨਾਮੀ ਸਾਰੇ ਸੂਬਿਆਂ ਵਿੱਚ ਫੈਲ ਗਈ, ਅਤੇ ਉਹ ਵੱਧ ਤੋਂ ਵੱਧ ਤਾਕਤਵਰ ਹੁੰਦਾ ਗਿਆ।
5ਇਸ ਤਰ੍ਹਾਂ ਯਹੂਦੀਆਂ ਨੇ ਆਪਣੇ ਸਾਰੇ ਵੈਰੀਆਂ ਨੂੰ ਤਲਵਾਰ ਦੀ ਧਾਰ ਨਾਲ ਮਾਰ ਕੇ ਨਾਸ ਕਰ ਦਿੱਤਾ, ਮਿਟਾ ਦਿੱਤਾ ਅਤੇ ਆਪਣੇ ਸਾਰੇ ਵੈਰੀਆਂ ਨਾਲ ਆਪਣੀ ਇੱਛਾ ਅਨੁਸਾਰ ਵਰਤਾਉ ਕੀਤਾ। 6ਸ਼ੂਸ਼ਨ ਦੇ ਗੜ੍ਹ ਵਿੱਚ, ਯਹੂਦੀਆਂ ਨੇ ਪੰਜ ਸੌ ਮਨੁੱਖਾਂ ਨੂੰ ਮਾਰਿਆ ਅਤੇ ਤਬਾਹ ਕਰ ਦਿੱਤਾ। 7ਉਨ੍ਹਾਂ ਨੇ ਪਰਸ਼ੰਦਥਾ, ਦਲਫੋਨ, ਅਸਪਥਾ, 8ਪੋਰਥਾ, ਅਦਲੀਆ, ਅਰੀਦਾਥਾ, 9ਪਰਮਾਸ਼ਤਾ, ਅਰਿਸਈ, ਅਰੀਦਈ ਅਤੇ ਵੈਜ਼ਾਥਾ, 10ਯਹੂਦੀਆਂ ਦੇ ਵੈਰੀ ਹਮਦਾਥਾ ਦੇ ਪੁੱਤਰ ਹਾਮਾਨ ਦੇ ਦਸ ਪੁੱਤਰਾਂ ਨੂੰ ਵੀ ਮਾਰ ਦਿੱਤਾ। ਪਰ ਯਹੂਦੀਆਂ ਨੇ ਉਨ੍ਹਾਂ ਦੀ ਜਾਇਦਾਦ ਨਹੀਂ ਲੁੱਟੀ।
11ਸ਼ੂਸ਼ਨ ਦੇ ਗੜ੍ਹ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਉਸੇ ਦਿਨ ਰਾਜੇ ਨੂੰ ਦੱਸੀ ਗਈ। 12ਰਾਜੇ ਨੇ ਰਾਣੀ ਏਸਤੇਰ ਨੂੰ ਆਖਿਆ, “ਯਹੂਦੀਆਂ ਨੇ ਸ਼ੂਸ਼ਨ ਦੇ ਗੜ੍ਹ ਵਿੱਚ ਪੰਜ ਸੌ ਮਨੁੱਖਾਂ ਅਤੇ ਹਾਮਾਨ ਦੇ ਦਸ ਪੁੱਤਰਾਂ ਨੂੰ ਮਾਰ ਸੁੱਟਿਆ ਹੈ। ਉਨ੍ਹਾਂ ਨੇ ਰਾਜੇ ਦੇ ਬਾਕੀ ਸੂਬਿਆਂ ਵਿੱਚ ਕੀ ਕੀਤਾ ਹੈ? ਹੁਣ ਤੇਰੀ ਕੀ ਬੇਨਤੀ ਹੈ? ਇਹ ਤੈਨੂੰ ਦਿੱਤਾ ਜਾਵੇਗਾ। ਤੇਰੀ ਕੀ ਮੰਗ ਹੈ? ਉਹ ਤੇਰੇ ਲਈ ਕੀਤਾ ਜਾਵੇਗਾ।”
13ਏਸਤੇਰ ਨੇ ਉੱਤਰ ਦਿੱਤਾ, “ਜੇਕਰ ਇਹ ਰਾਜੇ ਨੂੰ ਚੰਗਾ ਲੱਗਦਾ ਹੈ, ਤਾਂ ਸ਼ੂਸ਼ਨ ਦੇ ਯਹੂਦੀਆਂ ਨੂੰ ਇਹ ਕਰਨ ਦੀ ਇਜਾਜ਼ਤ ਦੇ ਦਿਓ ਕਿ ਹਾਮਾਨ ਦੇ ਦਸ ਪੁੱਤਰਾਂ ਨੂੰ ਸੂਲੀ ਉੱਤੇ ਚੜ੍ਹਾ ਦਿੱਤਾ ਜਾਵੇ।”
14ਤਾਂ ਰਾਜੇ ਨੇ ਹੁਕਮ ਦਿੱਤਾ ਕਿ ਇਹ ਕੀਤਾ ਜਾਵੇ। ਸ਼ੂਸ਼ਨ ਵਿੱਚ ਇੱਕ ਫ਼ਰਮਾਨ ਜਾਰੀ ਕੀਤਾ ਗਿਆ ਸੀ, ਅਤੇ ਉਨ੍ਹਾਂ ਨੇ ਹਾਮਾਨ ਦੇ ਦਸ ਪੁੱਤਰਾਂ ਨੂੰ ਸੂਲੀ ਉੱਤੇ ਚੜ੍ਹਾ ਦਿੱਤਾ। 15ਅਦਾਰ ਦੇ ਮਹੀਨੇ ਦੀ ਚੌਦ੍ਹਵੀਂ ਤਾਰੀਖ਼ ਨੂੰ ਸ਼ੂਸ਼ਨ ਵਿੱਚ ਯਹੂਦੀ ਇਕੱਠੇ ਹੋਏ ਅਤੇ ਉਨ੍ਹਾਂ ਨੇ ਸ਼ੂਸ਼ਨ ਵਿੱਚ ਤਿੰਨ ਸੌ ਮਨੁੱਖਾਂ ਨੂੰ ਵੱਢ ਸੁੱਟਿਆ ਪਰ ਉਨ੍ਹਾਂ ਦੀ ਜਾਇਦਾਦ ਨਹੀਂ ਲੁੱਟੀ।
16ਇਸ ਦੌਰਾਨ, ਬਾਕੀ ਦੇ ਯਹੂਦੀ ਜਿਹੜੇ ਰਾਜੇ ਦੇ ਸੂਬਿਆਂ ਵਿੱਚ ਸਨ, ਉਹ ਵੀ ਆਪਣੀ ਰੱਖਿਆ ਕਰਨ ਅਤੇ ਆਪਣੇ ਦੁਸ਼ਮਣਾਂ ਤੋਂ ਛੁਟਕਾਰਾ ਪਾਉਣ ਲਈ ਇਕੱਠੇ ਹੋਏ। ਉਨ੍ਹਾਂ ਨੇ 75 ਹਜ਼ਾਰ ਨੂੰ ਮਾਰ ਦਿੱਤਾ ਪਰ ਉਨ੍ਹਾਂ ਦੀ ਜਾਇਦਾਦ ਨਹੀਂ ਲੁੱਟੀ। 17ਇਹ ਅਦਾਰ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ ਹੋਇਆ ਅਤੇ ਚੌਦ੍ਹਵੇਂ ਦਿਨ ਉਨ੍ਹਾਂ ਨੇ ਆਰਾਮ ਕੀਤਾ ਅਤੇ ਦਾਅਵਤ ਅਤੇ ਅਨੰਦ ਦਾ ਦਿਨ ਬਣਾਇਆ।
18ਪਰ ਸ਼ੂਸ਼ਨ ਵਿੱਚ ਯਹੂਦੀ ਤੇਰ੍ਹਵੀਂ ਅਤੇ ਚੌਦਵੀਂ ਨੂੰ ਇਕੱਠੇ ਹੋਏ ਸਨ ਅਤੇ ਫਿਰ ਪੰਦਰਵੀਂ ਤਾਰੀਖ਼ ਨੂੰ ਅਰਾਮ ਕੀਤਾ ਅਤੇ ਦਾਅਵਤ ਅਤੇ ਅਨੰਦ ਦਾ ਦਿਨ ਬਣਾਇਆ।
19ਇਸੇ ਕਰਕੇ ਪੇਂਡੂ ਯਹੂਦੀ ਜਿਹੜੇ ਪਿੰਡਾਂ ਵਿੱਚ ਰਹਿੰਦੇ ਹਨ, ਅਦਾਰ ਮਹੀਨੇ ਦੀ ਚੌਦਵੀਂ ਨੂੰ ਖੁਸ਼ੀ ਅਤੇ ਦਾਅਵਤ ਦੇ ਦਿਨ ਵਜੋਂ ਮਨਾਉਂਦੇ ਹਨ ਅਤੇ ਇੱਕ-ਦੂਜੇ ਨੂੰ ਤੋਹਫ਼ੇ ਦਿੰਦੇ ਸਨ।
ਪੁਰੀਮ ਦੀ ਸਥਾਪਨਾ
20ਮਾਰਦਕਈ ਨੇ ਇਹਨਾਂ ਘਟਨਾਵਾਂ ਨੂੰ ਦਰਜ ਕੀਤਾ ਅਤੇ ਉਸਨੇ ਸਾਰੇ ਯਹੂਦੀਆਂ ਨੂੰ ਰਾਜੇ ਅਹਸ਼ਵੇਰੋਸ਼ ਦੇ ਨੇੜੇ ਅਤੇ ਦੂਰ ਦੇ ਸਾਰੇ ਸੂਬਿਆਂ ਵਿੱਚ ਚਿੱਠੀਆਂ ਭੇਜੀਆਂ, 21ਤਾਂ ਜੋ ਉਹ ਹਰ ਸਾਲ ਅਦਾਰ ਦੇ ਮਹੀਨੇ ਦਾ ਚੌਧਵਾਂ ਅਤੇ ਪੰਦਰਵਾਂ ਦਿਨ ਮਨਾਉਣ। 22ਕਿਉਂਕਿ ਇਹ ਹੀ ਉਹ ਦਿਨ ਸਨ, ਜਿਨ੍ਹਾਂ ਵਿੱਚ ਯਹੂਦੀਆਂ ਨੂੰ ਆਪਣਿਆਂ ਵੈਰੀਆਂ ਤੋਂ ਅਰਾਮ ਮਿਲਿਆ, ਅਤੇ ਇਸ ਮਹੀਨੇ ਵਿੱਚ ਉਨ੍ਹਾਂ ਦਾ ਗਮ ਅਨੰਦ ਵਿੱਚ ਅਤੇ ਰੋਣਾ-ਪਿੱਟਣਾ ਖੁਸ਼ੀ ਦੇ ਦਿਨ ਵਿੱਚ ਬਦਲ ਗਿਆ। ਇਸ ਲਈ ਉਹ ਇਸ ਦਿਨ ਨੂੰ ਦਾਅਵਤ, ਅਨੰਦ, ਅਤੇ ਇੱਕ-ਦੂਜੇ ਨੂੰ ਸੁਗਾਤਾਂ ਭੇਜਣ ਦਾ ਦਿਨ ਅਤੇ ਗਰੀਬਾਂ ਨੂੰ ਦਾਨ ਦੇਣ ਦਾ ਦਿਨ ਕਰਕੇ ਮਨਾਉਣ।
23ਇਸ ਲਈ ਯਹੂਦੀ ਉਸ ਤਿਉਹਾਰ ਨੂੰ ਜਾਰੀ ਰੱਖਣ ਲਈ ਮੰਨ ਗਏ ਜੋ ਉਨ੍ਹਾਂ ਨੇ ਸ਼ੁਰੂ ਕੀਤਾ ਸੀ ਅਤੇ ਉਹੀ ਕਰਦੇ ਹੋਏ ਜੋ ਮਾਰਦਕਈ ਨੇ ਉਨ੍ਹਾਂ ਨੂੰ ਲਿਖਿਆ ਸੀ। 24ਕਿਉਂ ਜੋ ਹਮਦਾਥਾ ਦੇ ਪੁੱਤਰ ਹਾਮਾਨ ਨੇ ਜੋ ਸਾਰੇ ਯਹੂਦੀਆਂ ਦੇ ਵੈਰੀ ਅਗਾਗੀ ਨੇ ਯਹੂਦੀਆਂ ਦੇ ਵਿਰੁੱਧ ਵਿਉਂਤ ਬਣਾਈ ਸੀ। 25ਪਰ ਜਦੋਂ ਇਹ ਸਾਜ਼ਿਸ਼ ਰਾਜੇ ਦੇ ਧਿਆਨ ਵਿੱਚ ਆਈ ਤਾਂ ਉਸ ਨੇ ਲਿਖਤੀ ਹੁਕਮ ਜਾਰੀ ਕੀਤਾ ਕਿ ਜਿਹੜੀ ਬੁਰੀ ਜੁਗਤ ਹਾਮਾਨ ਨੇ ਯਹੂਦੀਆਂ ਦੇ ਵਿਰੁੱਧ ਘੜੀ ਸੀ, ਉਹ ਉਸ ਦੇ ਸਿਰ ਉੱਤੇ ਮੁੜ ਆਵੇ ਅਤੇ ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਖੰਭਿਆਂ ਉੱਤੇ ਚੜ੍ਹਾਇਆ ਜਾਵੇ। 26ਇਸ ਲਈ ਇਸ ਤਿਉਹਾਰ ਨੂੰ ਪੁਰੀਮ ਕਿਹਾ ਜਾਂਦਾ ਹੈ, ਕਿਉਂਕਿ ਇਹ ਗੁਣਾ ਪਾਉਣ ਲਈ ਪ੍ਰਾਚੀਨ ਸ਼ਬਦ ਹੈ। ਇਸ ਚਿੱਠੀ ਵਿੱਚ ਲਿਖੀਆਂ ਸਾਰੀਆਂ ਗੱਲਾਂ ਦੇ ਕਾਰਨ ਅਤੇ ਜੋ ਕੁਝ ਉਨ੍ਹਾਂ ਨੇ ਵੇਖਿਆ ਅਤੇ ਜੋ ਉਨ੍ਹਾਂ ਨਾਲ ਵਾਪਰਿਆ ਸੀ। 27ਯਹੂਦੀਆਂ ਨੇ ਵਾਅਦਾ ਕੀਤਾ ਕਿ ਉਹ ਅਤੇ ਉਨ੍ਹਾਂ ਦੇ ਬੱਚੇ ਇਨ੍ਹਾਂ ਲਿਖਤੀ ਸੰਦੇਸ਼ਾਂ ਦੇ ਅਨੁਸਾਰ ਹਰ ਸਾਲ ਇਨ੍ਹਾਂ ਦੋ ਠਹਿਰਾਏ ਦਿਨਾਂ ਤੇ ਇਹ ਤਿਉਹਾਰ ਮਨਾਉਣਗੇ। 28ਇਹ ਦਿਨ ਹਰ ਪੀੜ੍ਹੀ ਵਿੱਚ ਹਰੇਕ ਘਰਾਣੇ ਵਿੱਚ ਅਤੇ ਹਰੇਕ ਸੂਬੇ ਵਿੱਚ ਅਤੇ ਹਰੇਕ ਸ਼ਹਿਰ ਵਿੱਚ ਯਾਦ ਰੱਖਣ ਅਤੇ ਮਨਾਉਣੇ ਚਾਹੀਦੇ ਹਨ ਅਤੇ ਪੁਰੀਮ ਦੇ ਇਹ ਦਿਨ ਯਹੂਦੀਆਂ ਦੁਆਰਾ ਮਨਾਏ ਜਾਣ ਵਿੱਚ ਕਦੇ ਵੀ ਅਸਫ਼ਲ ਨਹੀਂ ਹੋਣੇ ਚਾਹੀਦੇ ਅਤੇ ਨਾ ਹੀ ਇਹਨਾਂ ਦਿਨਾਂ ਦੀ ਯਾਦ ਉਹਨਾਂ ਦੇ ਬੱਚਿਆਂ ਵਿੱਚੋਂ ਖਤਮ ਹੋਣੀ ਚਾਹੀਦੀ ਹੈ।
29ਸੋ ਅਬੀਹਾਇਲ ਦੀ ਧੀ ਰਾਣੀ ਏਸਤੇਰ ਨੇ ਮਾਰਦਕਈ ਯਹੂਦੀ ਦੇ ਨਾਲ ਪੁਰੀਮ ਦੇ ਵਿਖੇ ਇਸ ਦੂਜੀ ਚਿੱਠੀ ਦੀ ਪੁਸ਼ਟੀ ਕਰਨ ਲਈ ਪੂਰੇ ਅਧਿਕਾਰ ਨਾਲ ਲਿਖਿਆ। 30ਅਤੇ ਮਾਰਦਕਈ ਨੇ ਅਹਸ਼ਵੇਰੋਸ਼ ਦੇ ਰਾਜ ਦੇ 127 ਪ੍ਰਾਂਤਾਂ ਵਿੱਚ ਸਾਰੇ ਯਹੂਦੀਆਂ ਨੂੰ ਚਿੱਠੀਆਂ ਸ਼ੁਭਕਾਮਨਾਵਾਂ ਅਤੇ ਭਰੋਸੇ ਦੀਆਂ ਗੱਲਾਂ ਨਾਲ ਭੇਜੀਆਂ। 31ਤਾਂ ਜੋ ਪੁਰੀਮ ਦੇ ਇਨ੍ਹਾਂ ਦਿਨਾਂ ਨੂੰ ਉਨ੍ਹਾਂ ਦੇ ਠਹਿਰਾਏ ਹੋਏ ਸਮਿਆਂ ਤੇ ਸਥਾਪਿਤ ਕੀਤਾ ਜਾ ਸਕੇ, ਜਿਵੇਂ ਮਾਰਦਕਈ ਯਹੂਦੀ ਅਤੇ ਰਾਣੀ ਏਸਤੇਰ ਨੇ ਉਨ੍ਹਾਂ ਲਈ ਹੁਕਮ ਦਿੱਤਾ ਸੀ ਅਤੇ ਜਿਵੇਂ ਕਿ ਉਹਨਾਂ ਨੇ ਆਪਣੇ ਲਈ ਅਤੇ ਉਹਨਾਂ ਦੇ ਬੱਚਿਆਂ ਲਈ ਵਰਤ ਅਤੇ ਵਿਰਲਾਪ ਦੇ ਸਮੇਂ ਦੇ ਸੰਬੰਧ ਵਿੱਚ ਸਥਾਪਿਤ ਕੀਤਾ ਸੀ। 32ਏਸਤੇਰ ਦੇ ਫ਼ਰਮਾਨ ਨੇ ਪੁਰੀਮ ਬਾਰੇ ਇਨ੍ਹਾਂ ਬਿਧੀਆਂ ਦੀ ਪੁਸ਼ਟੀ ਕੀਤੀ ਅਤੇ ਇਹ ਲੇਖਾਂ ਵਿੱਚ ਲਿਖਿਆ ਗਿਆ।