YouVersion 標識
搜索圖示

ਮਰਕੁਸ 7

7
ਪੁਰਖਿਆਂ ਦੀ ਰੀਤ
(ਮੱਤੀ 15:1-9)
1 ਫ਼ਰੀਸੀ ਅਤੇ ਕੁਝ ਵਿਵਸਥਾ ਦੇ ਸਿੱਖਿਅਕ ਜਿਹੜੇ ਯਰੂਸ਼ਲਮ ਤੋਂ ਆਏ ਸਨ ਯਿਸੂ ਕੋਲ ਇਕੱਠੇ ਹੋ ਕੇ ਆਏ । 2ਉਹਨਾਂ ਨੇ ਉੱਥੇ ਦੇਖਿਆ ਕਿ ਯਿਸੂ ਦੇ ਕੁਝ ਚੇਲੇ ਰੀਤਾਂ ਦੇ ਵਿਰੁੱਧ ਹੱਥ ਧੋਤੇ ਬਿਨਾਂ ਹੀ ਭੋਜਨ ਖਾਂਦੇ ਸਨ । 3ਕਿਉਂਕਿ ਫ਼ਰੀਸੀ ਅਤੇ ਸਾਰੇ ਯਹੂਦੀ ਲੋਕ ਪੁਰਖਿਆਂ ਦੀ ਰੀਤ ਨੂੰ ਮੰਨਦੇ ਸਨ । ਉਹ ਉਸ ਸਮੇਂ ਤੱਕ ਭੋਜਨ ਨਹੀਂ ਖਾਂਦੇ ਸਨ ਜਦੋਂ ਤੱਕ ਕਿ ਉਹ ਰੀਤ ਅਨੁਸਾਰ ਹੱਥ ਨਾ ਧੋ ਲੈਣ । 4ਉਹ ਬਜ਼ਾਰ ਤੋਂ ਆ ਕੇ ਕੁਝ ਵੀ ਨਹੀਂ ਖਾਂਦੇ ਸਨ ਜਦੋਂ ਤੱਕ ਕਿ ਉਹ ਰੀਤ ਅਨੁਸਾਰ ਇਸ਼ਨਾਨ ਨਾ ਕਰ ਲੈਣ । ਇਸੇ ਤਰ੍ਹਾਂ ਕਈ ਹੋਰ ਰੀਤਾਂ ਨੂੰ ਜਿਹੜੀਆਂ ਉਹਨਾਂ ਨੂੰ ਆਪਣੇ ਪੁਰਖਿਆਂ ਕੋਲੋਂ ਮਿਲੀਆਂ ਮੰਨਦੇ ਸਨ ਜਿਵੇਂ ਠੀਕ ਢੰਗ ਨਾਲ ਪਿਆਲਿਆਂ, ਗੜਵੀਆਂ, ਪਿੱਤਲ ਦੇ ਭਾਂਡਿਆਂ ਅਤੇ ਚੌਂਕੀਆਂ#7:4 ਚੌਂਕੀਆਂ ਕੁਝ ਪ੍ਰਾਚੀਨ ਲਿਖਤਾਂ ਵਿੱਚ ਇਹ ਨਹੀਂ ਲਿਖਿਆ ਗਿਆ ਨੂੰ ਧੋਣਾ ।
5ਇਸ ਲਈ ਫ਼ਰੀਸੀਆਂ ਅਤੇ ਵਿਵਸਥਾ ਦੇ ਸਿੱਖਿਅਕਾਂ ਨੇ ਯਿਸੂ ਕੋਲੋਂ ਪੁੱਛਿਆ, “ਤੇਰੇ ਚੇਲੇ ਪੁਰਖਿਆਂ ਦੀ ਰੀਤ ਨੂੰ ਕਿਉਂ ਨਹੀਂ ਮੰਨਦੇ ? ਉਹ ਬਿਨਾਂ ਹੱਥ ਧੋਤੇ ਭੋਜਨ ਖਾਂਦੇ ਹਨ ।” 6#ਯਸਾ 29:13ਯਿਸੂ ਨੇ ਉੱਤਰ ਦਿੱਤਾ, “ਤੁਹਾਡੇ ਪਖੰਡੀਆਂ ਦੇ ਲਈ ਯਸਾਯਾਹ ਨਬੀ ਨੇ ਠੀਕ ਭਵਿੱਖਬਾਣੀ ਕੀਤੀ ਸੀ, ਜਿਸ ਤਰ੍ਹਾਂ ਉਸ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ,
‘ਇਹ ਲੋਕ ਮੂੰਹ ਨਾਲ ਮੇਰਾ ਸਤਿਕਾਰ ਕਰਦੇ ਹਨ ਪਰ ਇਹਨਾਂ ਦੇ ਦਿਲ ਮੇਰੇ ਤੋਂ ਬਹੁਤ ਦੂਰ ਹਨ ।
7ਇਹ ਵਿਅਰਥ ਮੇਰੀ ਅਰਾਧਨਾ ਕਰਦੇ ਹਨ ਕਿਉਂਕਿ ਇਹ ਮਨੁੱਖਾਂ ਦੇ ਬਣਾਏ ਹੋਏ ਸਿਧਾਂਤਾਂ ਨੂੰ ਪਰਮੇਸ਼ਰ ਦੇ ਸਿਧਾਂਤ ਕਰ ਕੇ ਸਿਖਾਉਂਦੇ ਹਨ ।’”
8ਯਿਸੂ ਨੇ ਫਿਰ ਕਿਹਾ, “ਤੁਸੀਂ ਮਨੁੱਖਾਂ ਦੀਆਂ ਬਣਾਈਆਂ ਰੀਤਾਂ ਨੂੰ ਤਾਂ ਪੂਰਾ ਕਰਦੇ ਹੋ ਪਰ ਪਰਮੇਸ਼ਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋ ।”
9“ਤੁਸੀਂ ਕਿੰਨੇ ਸੋਹਣੇ ਤਰੀਕੇ ਨਾਲ ਪਰਮੇਸ਼ਰ ਦੇ ਹੁਕਮਾਂ ਨੂੰ ਟਾਲ ਦਿੰਦੇ ਹੋ ਤਾਂ ਜੋ ਆਪਣੀਆਂ ਰੀਤਾਂ ਨੂੰ ਪੂਰਾ ਕਰ ਸਕੋ । 10#ਕੂਚ 20:12, 21:17, ਲੇਵੀ 20:9, ਵਿਵ 5:16ਮੂਸਾ ਨੇ ਕਿਹਾ ਹੈ, ‘ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰੋ ਅਤੇ ਜਿਹੜਾ ਆਪਣੇ ਮਾਤਾ-ਪਿਤਾ ਨੂੰ ਬੁਰਾ ਕਹੇ ਉਸ ਨੂੰ ਜ਼ਰੂਰ ਮੌਤ ਦੀ ਸਜ਼ਾ ਦਿੱਤੀ ਜਾਵੇ ।’ 11ਪਰ ਤੁਸੀਂ ਕਹਿੰਦੇ ਹੋ ਕਿ ਜੇਕਰ ਕੋਈ ਆਦਮੀ ਮਾਤਾ ਜਾਂ ਪਿਤਾ ਨੂੰ ਕਹੇ, ‘ਜੋ ਕੁਝ ਮੈਂ ਤੁਹਾਡੀ ਸੇਵਾ ਵਿੱਚ ਲਾ ਸਕਦਾ ਸੀ, ਉਹ ਕੋਰਬਾਨ#7:11 ਪਰਮੇਸ਼ਰ ਨੂੰ ਦਿੱਤਾ ਗਿਆ ਚੜ੍ਹਾਵਾ ਭਾਵ ਪਰਮੇਸ਼ਰ ਦੇ ਨਾਮ ਲੱਗ ਚੁੱਕਾ ਹੈ ।’ 12ਫਿਰ ਤੁਸੀਂ ਉਸ ਨੂੰ ਆਪਣੇ ਮਾਤਾ-ਪਿਤਾ ਦੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕਰਨ ਦਿੰਦੇ । 13ਇਸ ਤਰ੍ਹਾਂ ਤੁਸੀਂ ਆਪਣੀਆਂ ਰੀਤਾਂ ਨੂੰ ਪੂਰਾ ਕਰਨ ਲਈ ਪਰਮੇਸ਼ਰ ਦੇ ਵਚਨ ਨੂੰ ਬੇਅਸਰ ਕਰਦੇ ਹੋ । ਤੁਸੀਂ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਕੰਮ ਕਰਦੇ ਹੋ ।”
ਉਹ ਚੀਜ਼ਾਂ ਜਿਹੜੀਆਂ ਮਨੁੱਖ ਨੂੰ ਅਪਵਿੱਤਰ ਕਰਦੀਆਂ ਹਨ
(ਮੱਤੀ 15:10-20)
14ਯਿਸੂ ਨੇ ਫਿਰ ਭੀੜ ਨੂੰ ਆਪਣੇ ਕੋਲ ਸੱਦ ਕੇ ਕਿਹਾ, “ਤੁਸੀਂ ਸਾਰੇ ਮੇਰੀ ਗੱਲ ਸੁਣੋ ਅਤੇ ਇਸ ਨੂੰ ਸਮਝੋ । 15ਕੋਈ ਅਜਿਹੀ ਚੀਜ਼ ਨਹੀਂ ਜਿਹੜੀ ਬਾਹਰੋਂ ਮਨੁੱਖ ਦੇ ਅੰਦਰ ਜਾ ਕੇ ਉਸ ਨੂੰ ਅਪਵਿੱਤਰ ਕਰ ਸਕਦੀ ਹੈ ਸਗੋਂ ਉਹ ਚੀਜ਼ਾਂ ਜਿਹੜੀਆਂ ਉਸ ਦੇ ਅੰਦਰੋਂ ਨਿਕਲਦੀਆਂ ਹਨ, ਉਸ ਨੂੰ ਅਪਵਿੱਤਰ ਕਰਦੀਆਂ ਹਨ ।”#7:15 ਕੁਝ ਪ੍ਰਾਚੀਨ ਲਿਖਤਾਂ ਵਿੱਚ ਇਹ ਸ਼ਬਦ ਪਾਏ ਜਾਂਦੇ ਹਨ 16 “ਜਿਸ ਦੇ ਸੁਣਨ ਵਾਲੇ ਕੰਨ ਹੋਣ, ਉਹ ਸੁਣੇ ।”
17ਫਿਰ ਜਦੋਂ ਯਿਸੂ ਲੋਕਾਂ ਤੋਂ ਵਿਦਾ ਲੈ ਕੇ ਘਰ ਆਏ ਤਾਂ ਉਹਨਾਂ ਦੇ ਚੇਲਿਆਂ ਨੇ ਇਸ ਦ੍ਰਿਸ਼ਟਾਂਤ ਦੇ ਬਾਰੇ ਉਹਨਾਂ ਤੋਂ ਪੁੱਛਿਆ । 18ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਤੁਸੀਂ ਵੀ ਦੂਜਿਆਂ ਦੇ ਵਾਂਗ ਬੇਸਮਝ ਹੋ । ਕੀ ਤੁਸੀਂ ਨਹੀਂ ਸਮਝਦੇ ਕਿ ਜੋ ਕੁਝ ਮਨੁੱਖ ਦੇ ਬਾਹਰੋਂ ਉਸ ਦੇ ਅੰਦਰ ਜਾਂਦਾ ਹੈ, ਉਹ ਉਸ ਨੂੰ ਅਪਵਿੱਤਰ ਨਹੀਂ ਕਰ ਸਕਦਾ ? 19ਕਿਉਂਕਿ ਜੋ ਕੁਝ ਉਸ ਦੇ ਅੰਦਰ ਜਾਂਦਾ ਹੈ, ਉਸ ਦੇ ਦਿਲ ਵਿੱਚ ਨਹੀਂ ਸਗੋਂ ਉਸ ਦੇ ਪੇਟ ਵਿੱਚ ਜਾਂਦਾ ਹੈ ਅਤੇ ਮੈਲ਼ਾ ਬਣ ਕੇ ਬਾਹਰ ਨਿੱਕਲ ਜਾਂਦਾ ਹੈ ।” (ਇਹ ਕਹਿ ਕੇ ਯਿਸੂ ਨੇ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਪਵਿੱਤਰ ਠਹਿਰਾਇਆ ।) 20ਯਿਸੂ ਨੇ ਫਿਰ ਕਿਹਾ, “ਜੋ ਕੁਝ ਮਨੁੱਖ ਦੇ ਅੰਦਰੋਂ ਨਿਕਲਦਾ ਹੈ, ਉਹ ਹੀ ਉਸ ਨੂੰ ਅਪਵਿੱਤਰ ਕਰਦਾ ਹੈ । 21ਮਨੁੱਖ ਦੇ ਅੰਦਰੋਂ ਵਿਚਾਰ ਨਿਕਲਦੇ ਹਨ, ਹਰਾਮਕਾਰੀ, ਚੋਰੀ, ਹੱਤਿਆ, 22ਵਿਭਚਾਰ, ਲਾਲਚ, ਵੈਰ, ਬੇਈਮਾਨੀ, ਕਾਮਵਾਸ਼ਨਾ, ਬੁਰੀ ਨਜ਼ਰ, ਨਿੰਦਾ, ਹੰਕਾਰ, ਅਤੇ ਮੂਰਖਤਾ । 23ਇਹ ਸਾਰੀਆਂ ਬੁਰਾਈਆਂ ਮਨੁੱਖ ਦੇ ਅੰਦਰੋਂ ਨਿਕਲਦੀਆਂ ਹਨ ਅਤੇ ਉਸ ਨੂੰ ਅਪਵਿੱਤਰ ਕਰਦੀਆਂ ਹਨ ।”
ਇੱਕ ਪਰਾਈ ਕੌਮ ਦੀ ਔਰਤ ਦਾ ਵਿਸ਼ਵਾਸ
(ਮੱਤੀ 15:21-28)
24ਫਿਰ ਯਿਸੂ ਉਸ ਥਾਂ ਨੂੰ ਛੱਡ ਕੇ ਸੋਰ ਸ਼ਹਿਰ ਦੇ ਇਲਾਕੇ ਵੱਲ ਆਏ । ਉਹ ਇੱਕ ਘਰ ਵਿੱਚ ਚਲੇ ਗਏ ਕਿਉਂਕਿ ਉਹ ਚਾਹੁੰਦੇ ਸਨ ਕਿ ਉਹਨਾਂ ਦੇ ਬਾਰੇ ਕੋਈ ਨਾ ਜਾਣੇ ਪਰ ਉਹ ਆਪਣੇ ਆਪ ਨੂੰ ਲੁਕਾ ਨਾ ਸਕੇ । 25ਇੱਕ ਔਰਤ ਨੇ ਯਿਸੂ ਬਾਰੇ ਸੁਣਿਆ ਜਿਸ ਦੀ ਛੋਟੀ ਬੱਚੀ ਵਿੱਚ ਅਸ਼ੁੱਧ ਆਤਮਾ ਸੀ । ਉਹ ਯਿਸੂ ਦੇ ਕੋਲ ਆਈ ਅਤੇ ਉਹਨਾਂ ਦੇ ਚਰਨਾਂ ਵਿੱਚ ਡਿੱਗ ਪਈ । 26ਉਹ ਯੂਨਾਨੀ ਔਰਤ ਸਰੂਫ਼ਿਨੀਕੀ ਕੌਮ ਵਿੱਚੋਂ ਸੀ । ਉਸ ਨੇ ਯਿਸੂ ਅੱਗੇ ਬੇਨਤੀ ਕੀਤੀ ਕਿ ਉਹ ਉਸ ਦੀ ਬੱਚੀ ਵਿੱਚੋਂ ਅਸ਼ੁੱਧ ਆਤਮਾ ਨੂੰ ਕੱਢ ਦੇਣ । 27ਯਿਸੂ ਨੇ ਉੱਤਰ ਦਿੱਤਾ, “ਪਹਿਲਾਂ ਬੱਚਿਆਂ ਨੂੰ ਰੱਜ ਕੇ ਖਾ ਲੈਣ ਦਿਓ, ਇਹ ਚੰਗਾ ਨਹੀਂ ਕਿ ਬੱਚਿਆਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਪਾਈ ਜਾਵੇ ।” 28ਉਸ ਨੇ ਉੱਤਰ ਦਿੱਤਾ, “ਸ੍ਰੀਮਾਨ ਜੀ, ਇਹ ਠੀਕ ਹੈ ਪਰ ਕਤੂਰਿਆਂ ਨੂੰ ਵੀ ਤਾਂ ਬੱਚਿਆਂ ਦੀ ਮੇਜ਼ ਦੇ ਥੱਲਿਉਂ ਚੂਰੇ-ਭੂਰੇ ਮਿਲ ਹੀ ਜਾਂਦੇ ਹਨ ।” 29ਇਹ ਸੁਣ ਕੇ ਯਿਸੂ ਨੇ ਉਸ ਨੂੰ ਕਿਹਾ, “ਤੇਰੇ ਇਸ ਉੱਤਰ ਦੇ ਕਾਰਨ ਆਪਣੇ ਘਰ ਜਾ, ਤੇਰੀ ਬੱਚੀ ਵਿੱਚੋਂ ਅਸ਼ੁੱਧ ਆਤਮਾ ਨਿੱਕਲ ਚੁੱਕੀ ਹੈ ।” 30ਉਸ ਔਰਤ ਨੇ ਆਪਣੇ ਘਰ ਆ ਕੇ ਬੱਚੀ ਨੂੰ ਬਿਸਤਰ ਉੱਤੇ ਲੰਮੀ ਪਈ ਦੇਖਿਆ । ਅਸ਼ੁੱਧ ਆਤਮਾ ਉਸ ਵਿੱਚੋਂ ਨਿੱਕਲ ਗਈ ਸੀ ।
ਇੱਕ ਬੋਲ਼ੇ ਅਤੇ ਗੂੰਗੇ ਨੂੰ ਠੀਕ ਕਰਨਾ
31ਇਸ ਦੇ ਬਾਅਦ ਯਿਸੂ ਸੋਰ ਦੇ ਇਲਾਕੇ ਤੋਂ ਸੈਦਾ ਦੇ ਰਾਹੀਂ ‘ਦਿਕਾਪੁਲਿਸ’#7:31 ਮੂਲ ਭਾਸ਼ਾ ਵਿੱਚ ਇੱਥੇ ‘ਦਿਕਾਪੁਲਿਸ’ ਹੈ ਦੀਆਂ ਹੱਦਾਂ ਵਿੱਚੋਂ ਲੰਘਦੇ ਹੋਏ ਗਲੀਲ ਦੀ ਝੀਲ ਦੇ ਕੰਢੇ ਉੱਤੇ ਪਹੁੰਚੇ । 32ਉੱਥੇ ਕੁਝ ਲੋਕ ਇੱਕ ਆਦਮੀ ਨੂੰ ਜਿਹੜਾ ਬੋਲ਼ਾ ਅਤੇ ਗੂੰਗਾ ਸੀ, ਯਿਸੂ ਕੋਲ ਲਿਆਏ ਅਤੇ ਬੇਨਤੀ ਕੀਤੀ ਕਿ ਉਹ ਆਪਣਾ ਹੱਥ ਉਸ ਉੱਤੇ ਰੱਖਣ । 33ਯਿਸੂ ਉਸ ਆਦਮੀ ਨੂੰ ਲੋਕਾਂ ਤੋਂ ਅਲੱਗ ਲੈ ਗਏ ਅਤੇ ਆਪਣੀਆਂ ਉਂਗਲੀਆਂ ਉਸ ਦੇ ਕੰਨਾਂ ਵਿੱਚ ਪਾਈਆਂ । ਫਿਰ ਉਹਨਾਂ ਨੇ ਥੁੱਕ ਕੇ ਉਸ ਦੀ ਜੀਭ ਨੂੰ ਛੂਹਿਆ । 34ਫਿਰ ਯਿਸੂ ਨੇ ਅਕਾਸ਼ ਵੱਲ ਦੇਖਿਆ ਅਤੇ ਇੱਕ ਹਉਕਾ ਭਰ ਕੇ ਕਿਹਾ, “ਏਫਥਾ” ਭਾਵ “ਖੁੱਲ੍ਹ ਜਾ !” 35ਇਕਦਮ ਉਸ ਆਦਮੀ ਦੇ ਕੰਨ ਖੁੱਲ੍ਹ ਗਏ ਅਤੇ ਉਸ ਦਾ ਗੂੰਗਾਪਨ ਵੀ ਦੂਰ ਹੋ ਗਿਆ ਅਤੇ ਉਹ ਸਾਫ਼ ਸਾਫ਼ ਬੋਲਣ ਲੱਗ ਪਿਆ । 36ਫਿਰ ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਕਿਸੇ ਨੂੰ ਕੁਝ ਨਾ ਦੱਸਣਾ ਪਰ ਜਿੰਨਾ ਹੀ ਯਿਸੂ ਨੇ ਉਹਨਾਂ ਨੂੰ ਮਨ੍ਹਾ ਕੀਤਾ, ਉੰਨਾ ਹੀ ਉਹ ਬਹੁਤ ਜੋਸ਼ ਵਿੱਚ ਆ ਕੇ ਇਸ ਗੱਲ ਦਾ ਪ੍ਰਚਾਰ ਕਰਨ ਲੱਗੇ । 37ਲੋਕ ਬਹੁਤ ਹੈਰਾਨ ਸਨ ਅਤੇ ਉਹਨਾਂ ਨੇ ਕਿਹਾ, “ਇਹ ਸਭ ਕੁਝ ਕਿੰਨਾ ਚੰਗਾ ਕਰਦੇ ਹਨ । ਇੱਥੋਂ ਤੱਕ ਕਿ ਇਹਨਾਂ ਨੇ ਬੋਲ਼ਿਆਂ ਨੂੰ ਸੁਣਨ ਦੀ ਅਤੇ ਗੂੰਗਿਆਂ ਨੂੰ ਬੋਲਣ ਦੀ ਸਮਰੱਥਾ ਦਿੱਤੀ ਹੈ ।”

醒目顯示

分享

複製

None

想要在所有設備上保存你的醒目顯示嗎? 註冊或登入