YouVersion 標識
搜索圖示

ਮਰਕੁਸ 3

3
ਸੁੱਕੇ ਹੱਥ ਵਾਲਾ ਆਦਮੀ
(ਮੱਤੀ 12:9-14, ਲੂਕਾ 6:6-11)
1ਇਸ ਦੇ ਬਾਅਦ ਯਿਸੂ ਪ੍ਰਾਰਥਨਾ ਘਰ ਵਿੱਚ ਗਏ । ਉੱਥੇ ਇੱਕ ਆਦਮੀ ਸੀ ਜਿਸ ਦਾ ਹੱਥ ਸੁੱਕਾ ਹੋਇਆ ਸੀ । 2ਕੁਝ ਲੋਕ ਉੱਥੇ ਇਸ ਮੌਕੇ ਦੀ ਭਾਲ ਵਿੱਚ ਸਨ ਕਿ ਉਹ ਦੇਖਣ ਕਿ ਯਿਸੂ ਸਬਤ ਦੇ ਦਿਨ ਉਸ ਆਦਮੀ ਦਾ ਸੁੱਕਾ ਹੱਥ ਠੀਕ ਕਰਦੇ ਹਨ ਜਾਂ ਨਹੀਂ ਤਾਂ ਜੋ ਉਹ ਯਿਸੂ ਉੱਤੇ ਦੋਸ਼ ਲਾ ਸਕਣ । 3ਯਿਸੂ ਨੇ ਉਸ ਸੁੱਕੇ ਹੱਥ ਵਾਲੇ ਆਦਮੀ ਨੂੰ ਕਿਹਾ, “ਉੱਠ ਕੇ ਇੱਥੇ ਸਾਹਮਣੇ ਆ ।” 4ਫਿਰ ਉਹਨਾਂ ਨੇ ਲੋਕਾਂ ਵੱਲ ਦੇਖਿਆ ਅਤੇ ਪੁੱਛਿਆ, “ਠੀਕ ਕੀ ਹੈ ? ਸਬਤ ਦੇ ਦਿਨ ਕਿਸੇ ਦਾ ਭਲਾ ਕਰਨਾ ਜਾਂ ਬੁਰਾ ਕਰਨਾ ? ਕਿਸੇ ਦਾ ਜੀਵਨ ਬਚਾਉਣਾ ਜਾਂ ਨਾਸ਼ ਕਰਨਾ ?” ਪਰ ਉਹ ਚੁੱਪ ਰਹੇ । 5ਤਦ ਯਿਸੂ ਨੇ ਗੁੱਸੇ ਨਾਲ ਚਾਰੇ ਪਾਸੇ ਦੇਖਿਆ ਅਤੇ ਉਹਨਾਂ ਦੇ ਦਿਲਾਂ ਦੀ ਕਠੋਰਤਾ ਉੱਤੇ ਦੁੱਖ ਪ੍ਰਗਟ ਕਰਦੇ ਹੋਏ ਉਸ ਆਦਮੀ ਨੂੰ ਕਿਹਾ, “ਆਪਣਾ ਹੱਥ ਅੱਗੇ ਵਧਾ ।” ਉਸ ਨੇ ਵਧਾ ਦਿੱਤਾ ਅਤੇ ਉਸ ਦਾ ਹੱਥ ਉਸੇ ਸਮੇਂ ਬਿਲਕੁਲ ਠੀਕ ਹੋ ਗਿਆ । 6ਇਸ ਦੇ ਬਾਅਦ ਫ਼ਰੀਸੀ ਉਸੇ ਸਮੇਂ ਪ੍ਰਾਰਥਨਾ ਘਰ ਵਿੱਚੋਂ ਬਾਹਰ ਚਲੇ ਗਏ ਅਤੇ ਹੇਰੋਦੇਸ ਦੇ ਧੜੇ ਦੇ ਲੋਕਾਂ ਨਾਲ ਮਿਲ ਕੇ ਯੋਜਨਾ ਬਣਾਉਣ ਲੱਗੇ ਕਿ ਕਿਸ ਤਰ੍ਹਾਂ ਯਿਸੂ ਦਾ ਨਾਸ਼ ਕੀਤਾ ਜਾਵੇ ।
ਝੀਲ ਦੇ ਕੰਢੇ ਉੱਤੇ ਇੱਕ ਭੀੜ
7ਯਿਸੂ ਆਪਣੇ ਚੇਲਿਆਂ ਦੇ ਨਾਲ ਗਲੀਲ ਦੀ ਝੀਲ ਵੱਲ ਗਏ । ਉਹਨਾਂ ਦੇ ਪਿੱਛੇ ਇੱਕ ਬਹੁਤ ਵੱਡੀ ਭੀੜ ਚੱਲ ਪਈ ਜਿਹੜੀ ਗਲੀਲ, ਯਹੂਦਿਯਾ, 8ਯਰੂਸ਼ਲਮ, ਇਦੁਮਿਯਾ ਅਤੇ ਯਰਦਨ ਨਦੀ ਦੇ ਪਾਰ ਦੇ ਇਲਾਕਿਆਂ, ਸੋਰ ਅਤੇ ਸੈਦਾ ਦੇ ਆਲੇ-ਦੁਆਲੇ ਤੋਂ ਸੀ । ਇਹ ਭੀੜ ਯਿਸੂ ਦੇ ਕੰਮਾਂ ਦੇ ਬਾਰੇ ਸੁਣ ਕੇ ਉਹਨਾਂ ਦੇ ਕੋਲ ਆਈ ਸੀ । 9#ਮਰ 4:1, ਲੂਕਾ 5:1-3ਇਸ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਇੱਕ ਕਿਸ਼ਤੀ ਮੇਰੇ ਲਈ ਤਿਆਰ ਰੱਖੋ ਤਾਂ ਜੋ ਲੋਕ ਮੈਨੂੰ ਮਿੱਧ ਨਾ ਦੇਣ ।” 10ਉਹਨਾਂ ਨੇ ਬਹੁਤ ਸਾਰਿਆਂ ਨੂੰ ਚੰਗਾ ਕੀਤਾ ਸੀ, ਇਸ ਲਈ ਕਈ ਪ੍ਰਕਾਰ ਦੀਆਂ ਬਿਮਾਰੀਆਂ ਵਾਲੇ ਲੋਕ ਉਹਨਾਂ ਉੱਤੇ ਡਿੱਗਦੇ ਪਏ ਸਨ ਕਿ ਉਹ ਯਿਸੂ ਨੂੰ ਕਿਸੇ ਤਰ੍ਹਾਂ ਛੂਹ ਲੈਣ । 11ਅਸ਼ੁੱਧ ਆਤਮਾਵਾਂ ਜਦੋਂ ਯਿਸੂ ਨੂੰ ਦੇਖਦੀਆਂ ਸਨ ਤਾਂ ਉਹਨਾਂ ਦੇ ਸਾਹਮਣੇ ਡਿੱਗ ਪੈਂਦੀਆਂ ਅਤੇ ਚੀਕਦੀਆਂ ਹੋਈਆਂ ਕਹਿੰਦੀਆਂ ਸਨ, “ਤੁਸੀਂ ਪਰਮੇਸ਼ਰ ਦੇ ਪੁੱਤਰ ਹੋ !” 12ਪਰ ਯਿਸੂ ਨੇ ਉਹਨਾਂ ਨੂੰ ਬੜੀ ਸਖ਼ਤੀ ਨਾਲ ਕਿਹਾ ਕਿ ਉਹ ਕਿਸੇ ਨੂੰ ਨਾ ਦੱਸਣ ਕਿ ਉਹ ਕੌਣ ਹਨ ।
ਬਾਰ੍ਹਾਂ ਰਸੂਲਾਂ ਦੀ ਚੋਣ
(ਮੱਤੀ 10:1-4, ਲੂਕਾ 6:12-16)
13ਯਿਸੂ ਇੱਕ ਪਹਾੜ ਉੱਤੇ ਚੜ੍ਹ ਗਏ ਅਤੇ ਜਿਹਨਾਂ ਨੂੰ ਉਹ ਚਾਹੁੰਦੇ ਸਨ, ਆਪਣੇ ਕੋਲ ਸੱਦਿਆ । ਉਹ ਉਹਨਾਂ ਦੇ ਕੋਲ ਆਏ । 14ਯਿਸੂ ਨੇ ਬਾਰ੍ਹਾਂ ਨੂੰ ਆਪਣੇ ਨਾਲ ਰਹਿਣ ਲਈ ਚੁਣਿਆ ਅਤੇ ਉਹਨਾਂ ਨੂੰ ਰਸੂਲ ਕਿਹਾ । ਉਹਨਾਂ ਨੇ ਰਸੂਲਾਂ ਨੂੰ ਇਸ ਲਈ ਚੁਣਿਆ ਕਿ ਉਹ ਉਹਨਾਂ ਨੂੰ ਪ੍ਰਚਾਰ ਕਰਨ ਦੇ ਲਈ ਭੇਜਣ 15ਅਤੇ ਅਸ਼ੁੱਧ ਆਤਮਾਵਾਂ ਨੂੰ ਕੱਢਣ ਦਾ ਅਧਿਕਾਰ ਰੱਖਣ । 16ਉਹ ਬਾਰ੍ਹਾਂ ਚੁਣੇ ਹੋਏ ਇਹ ਸਨ, ਸ਼ਮਊਨ (ਜਿਸ ਦਾ ਉਪਨਾਮ ਯਿਸੂ ਨੇ ਪਤਰਸ ਰੱਖਿਆ), 17ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ (ਜਿਹਨਾਂ ਦਾ ਉਪਨਾਮ ਬੁਆਨੇਰਗਿਸ ਰੱਖਿਆ ਭਾਵ ਗਰਜਨ ਵਾਲੇ), 18ਅੰਦ੍ਰਿਯਾਸ, ਫ਼ਿਲਿੱਪੁਸ, ਬਰਥੁਲਮਈ, ਮੱਤੀ, ਥੋਮਾ, ਹਲਫ਼ਈ ਦਾ ਪੁੱਤਰ ਯਾਕੂਬ, ਥੱਦਈ, ਸ਼ਮਊਨ ਜਿਹੜਾ ਇੱਕ ਦੇਸ਼ ਭਗਤ ਸੀ ਅਤੇ 19ਯਹੂਦਾ ਇਸਕਰਿਯੋਤੀ ਜਿਸ ਨੇ ਯਿਸੂ ਨੂੰ ਫੜਵਾਇਆ ਸੀ ।
ਪ੍ਰਭੂ ਯਿਸੂ ਅਤੇ ਬਾਲਜ਼ਬੂਲ
(ਮੱਤੀ 12:22-32, ਲੂਕਾ 11:14-23, 12:10)
20ਫਿਰ ਯਿਸੂ ਇੱਕ ਘਰ ਵਿੱਚ ਗਏ ਤਾਂ ਉੱਥੇ ਵੀ ਇੰਨੇ ਲੋਕ ਇਕੱਠੇ ਹੋ ਗਏ ਕਿ ਯਿਸੂ ਅਤੇ ਉਹਨਾਂ ਦੇ ਚੇਲੇ ਭੋਜਨ ਵੀ ਨਾ ਕਰ ਸਕੇ । 21ਇਹ ਸੁਣ ਕੇ ਯਿਸੂ ਦੇ ਪਰਿਵਾਰ ਦੇ ਲੋਕ ਉਹਨਾਂ ਨੂੰ ਫੜਨ ਦੇ ਲਈ ਗਏ ਕਿਉਂਕਿ ਲੋਕ ਕਹਿੰਦੇ ਸਨ ਕਿ ਉਹ ਪਾਗਲ ਹੋ ਗਿਆ ਹੈ ।
22 # ਮੱਤੀ 9:34, 10:25 ਵਿਵਸਥਾ ਦੇ ਸਿੱਖਿਅਕ ਜਿਹੜੇ ਯਰੂਸ਼ਲਮ ਤੋਂ ਆਏ ਸਨ ਕਹਿਣ ਲੱਗੇ, “ਇਸ ਦੇ ਵਿੱਚ ਬਾਲਜ਼ਬੂਲ ਹੈ ਅਤੇ ਇਹ ਅਸ਼ੁੱਧ ਆਤਮਾਵਾਂ ਦੇ ਹਾਕਮ ਦੀ ਮਦਦ ਨਾਲ ਉਹਨਾਂ ਨੂੰ ਕੱਢਦਾ ਹੈ ।” 23ਪਰ ਯਿਸੂ ਨੇ ਉਹਨਾਂ ਲੋਕਾਂ ਨੂੰ ਆਪਣੇ ਕੋਲ ਸੱਦ ਕੇ ਉਹਨਾਂ ਨੂੰ ਦ੍ਰਿਸ਼ਟਾਂਤ ਸੁਣਾਏ, “ਸ਼ੈਤਾਨ, ਸ਼ੈਤਾਨ ਨੂੰ ਕਿਸ ਤਰ੍ਹਾਂ ਕੱਢ ਸਕਦਾ ਹੈ ?” ਫਿਰ ਉਹਨਾਂ ਨੇ ਕਿਹਾ, 24“ਜੇਕਰ ਕਿਸੇ ਰਾਜ ਦੇ ਲੋਕਾਂ ਵਿੱਚ ਫੁੱਟ ਪੈ ਜਾਵੇ ਤਾਂ ਉਹ ਰਾਜ ਸਥਿਰ ਨਹੀਂ ਰਹਿ ਸਕਦਾ । 25ਜੇਕਰ ਕਿਸੇ ਘਰ ਦੇ ਲੋਕਾਂ ਵਿੱਚ ਫੁੱਟ ਪੈ ਜਾਵੇ ਤਾਂ ਉਹ ਘਰ ਸਥਿਰ ਨਹੀਂ ਰਹਿ ਸਕਦਾ । 26ਇਸੇ ਤਰ੍ਹਾਂ ਜੇਕਰ ਸ਼ੈਤਾਨ ਆਪਣੇ ਵਿਰੁੱਧ ਆਪ ਚੱਲੇ ਤਾਂ ਉਸ ਦੇ ਰਾਜ ਵਿੱਚ ਫੁੱਟ ਹੈ ਅਤੇ ਇਸ ਕਾਰਨ ਉਹ ਸਥਿਰ ਨਹੀਂ ਰਹਿ ਸਕਦਾ ਕਿਉਂਕਿ ਇਹ ਉਸ ਦਾ ਅੰਤ ਹੈ । 27ਕੋਈ ਕਿਸੇ ਤਾਕਤਵਰ ਦੇ ਘਰ ਵਿੱਚ ਵੜ ਕੇ ਉਸ ਦਾ ਮਾਲ ਨਹੀਂ ਲੁੱਟ ਸਕਦਾ ਜਦੋਂ ਤੱਕ ਕਿ ਉਹ ਪਹਿਲਾਂ ਤਾਕਤਵਰ ਦੇ ਹੱਥ ਪੈਰ ਬੰਨ੍ਹ ਨਾ ਲਵੇ, ਫਿਰ ਉਹ ਉਸ ਦੇ ਘਰ ਨੂੰ ਲੁੱਟ ਸਕੇਗਾ ।
28“ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਮਨੁੱਖ ਦੇ ਸਾਰੇ ਪਾਪ ਅਤੇ ਨਿੰਦਾ ਦੀਆਂ ਗੱਲਾਂ ਜਿਹੜੀਆਂ ਉਸ ਦੇ ਮੂੰਹ ਵਿੱਚੋਂ ਨਿਕਲਦੀਆਂ ਹਨ, ਮਾਫ਼ ਹੋ ਸਕਦੀਆਂ ਹਨ 29#ਲੂਕਾ 12:10ਪਰ ਜਿਹੜਾ ਪਵਿੱਤਰ ਆਤਮਾ ਦੀ ਨਿੰਦਾ ਕਰਦਾ ਹੈ, ਉਸ ਨੂੰ ਅਨੰਤਕਾਲ ਤੱਕ ਮਾਫ਼ੀ ਨਹੀਂ ਮਿਲੇਗੀ ਸਗੋਂ ਉਸ ਦਾ ਇਹ ਪਾਪ ਹਮੇਸ਼ਾ ਉਸ ਦੇ ਸਿਰ ਉੱਤੇ ਰਹੇਗਾ ।” 30(ਯਿਸੂ ਨੇ ਇਹ ਇਸ ਲਈ ਕਿਹਾ ਕਿਉਂਕਿ ਕੁਝ ਲੋਕਾਂ ਨੇ ਕਿਹਾ ਸੀ, “ਇਸ ਦੇ ਵਿੱਚ ਅਸ਼ੁੱਧ ਆਤਮਾ ਹੈ ।”)
ਸੱਚਾ ਨਾਤਾ
(ਮੱਤੀ 12:46-50, ਲੂਕਾ 8:19-21)
31ਫਿਰ ਯਿਸੂ ਦੀ ਮਾਂ ਅਤੇ ਭਰਾ ਆਏ ਅਤੇ ਬਾਹਰ ਖੜ੍ਹੇ ਹੋ ਕੇ ਉਹਨਾਂ ਨੂੰ ਸੱਦਿਆ । 32ਉਸ ਸਮੇਂ ਯਿਸੂ ਦੇ ਕੋਲ ਵੱਡੀ ਭੀੜ ਲੱਗੀ ਹੋਈ ਸੀ । ਜਦੋਂ ਉਹਨਾਂ ਨੂੰ ਇਹ ਦੱਸਿਆ ਗਿਆ, “ਤੁਹਾਡੀ ਮਾਂ ਅਤੇ ਭਰਾ ਬਾਹਰ ਖੜ੍ਹੇ ਤੁਹਾਨੂੰ ਸੱਦ ਰਹੇ ਹਨ ।” 33ਉਹਨਾਂ ਨੇ ਕਿਹਾ, “ਕੌਣ ਹੈ ਮੇਰੀ ਮਾਂ ਅਤੇ ਕੌਣ ਹਨ ਮੇਰੇ ਭਰਾ ?” 34ਫਿਰ ਉਹਨਾਂ ਨੇ ਚਾਰੇ ਪਾਸੇ ਬੈਠੇ ਹੋਏ ਲੋਕਾਂ ਵੱਲ ਦੇਖਦੇ ਹੋਏ ਕਿਹਾ, “ਦੇਖੋ, ਇਹ ਹੈ ਮੇਰੀ ਮਾਂ ਅਤੇ ਇਹ ਹਨ ਮੇਰੇ ਭਰਾ । 35ਉਹ ਜਿਹੜਾ ਪਰਮੇਸ਼ਰ ਦੀ ਮਰਜ਼ੀ ਪੂਰੀ ਕਰਦਾ ਹੈ, ਮੇਰਾ ਭਰਾ ਹੈ, ਮੇਰੀ ਭੈਣ ਹੈ ਅਤੇ ਮੇਰੀ ਮਾਂ ਹੈ ।”

醒目顯示

分享

複製

None

想要在所有設備上保存你的醒目顯示嗎? 註冊或登入