YouVersion 標識
搜索圖示

ਮਰਕੁਸ 16

16
ਪ੍ਰਭੂ ਯਿਸੂ ਦਾ ਮੁਰਦਿਆਂ ਵਿੱਚੋਂ ਜੀਅ ਉੱਠਣਾ
(ਮੱਤੀ 28:1-8, ਲੂਕਾ 24:1-12, ਯੂਹੰਨਾ 20:1-10)
1ਫਿਰ ਜਦੋਂ ਸਬਤ ਦਾ ਦਿਨ ਬੀਤ ਗਿਆ ਤਾਂ ਮਰਿਯਮ ਮਗਦਲੀਨੀ, ਯਾਕੂਬ ਦੀ ਮਾਂ ਮਰਿਯਮ ਅਤੇ ਸਲੋਮੀ ਨੇ ਖ਼ੁਸ਼ਬੂਦਾਰ ਤੇਲ ਖ਼ਰੀਦੇ ਕਿ ਉਹ ਜਾ ਕੇ ਯਿਸੂ ਦੇ ਸਰੀਰ ਉੱਤੇ ਮਲਣ । 2ਇਸ ਲਈ ਹਫ਼ਤੇ ਦੇ ਪਹਿਲੇ ਦਿਨ ਤੜਕੇ ਜਦੋਂ ਅਜੇ ਸੂਰਜ ਨਿੱਕਲ ਰਿਹਾ ਸੀ ਉਹ ਕਬਰ ਉੱਤੇ ਆਈਆਂ । 3ਉਹ ਤੁਰੀਆਂ ਜਾਂਦੀਆਂ ਆਪਸ ਵਿੱਚ ਕਹਿ ਰਹੀਆਂ ਸਨ, “ਸਾਡੇ ਲਈ ਕਬਰ ਦੇ ਮੂੰਹ ਦੇ ਉੱਤੋਂ ਪੱਥਰ ਕੌਣ ਹਟਾਵੇਗਾ ?” 4ਪਰ ਜਦੋਂ ਉਹਨਾਂ ਨੇ ਕਬਰ ਉੱਤੇ ਜਾ ਕੇ ਦੇਖਿਆ ਤਾਂ ਪੱਥਰ ਕਬਰ ਤੋਂ ਹਟਿਆ ਹੋਇਆ ਸੀ ਜਦ ਕਿ ਉਹ ਇੱਕ ਬਹੁਤ ਵੱਡਾ ਪੱਥਰ ਸੀ । 5ਫਿਰ ਜਦੋਂ ਉਹ ਕਬਰ ਦੇ ਅੰਦਰ ਗਈਆਂ ਤਾਂ ਉਹਨਾਂ ਨੇ ਚਿੱਟੇ ਕੱਪੜੇ ਪਹਿਨੇ ਹੋਏ ਇੱਕ ਨੌਜਵਾਨ ਨੂੰ ਸੱਜੇ ਪਾਸੇ ਬੈਠੇ ਦੇਖਿਆ । ਉਹ ਉਸ ਨੂੰ ਦੇਖ ਕੇ ਡਰ ਗਈਆਂ । 6ਪਰ ਉਸ ਨੇ ਉਹਨਾਂ ਨੂੰ ਕਿਹਾ, “ਡਰੋ ਨਾ । ਤੁਸੀਂ ਨਾਸਰਤ ਨਿਵਾਸੀ ਯਿਸੂ ਜਿਹਨਾਂ ਨੂੰ ਸਲੀਬ ਉੱਤੇ ਚੜ੍ਹਾਇਆ ਗਿਆ ਸੀ ਲੱਭ ਰਹੀਆਂ ਹੋ, ਉਹ ਇੱਥੇ ਨਹੀਂ ਹਨ । ਉਹ ਜੀਅ ਉੱਠੇ ਹਨ ! ਦੇਖੋ, ਇਹ ਉਹ ਥਾਂ ਹੈ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਸੀ । 7#ਮੱਤੀ 26:32, ਮਰ 14:28ਇਸ ਲਈ ਜਾਓ, ਅਤੇ ਉਹਨਾਂ ਦੇ ਚੇਲਿਆਂ ਅਤੇ ਪਤਰਸ ਨੂੰ ਇਹ ਸਮਾਚਾਰ ਦਿਓ ਕਿ ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾ ਰਹੇ ਹਨ ਤੁਸੀਂ ਉੱਥੇ ਉਹਨਾਂ ਦੇ ਦਰਸ਼ਨ ਕਰੋਗੇ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ।” 8ਇਸ ਲਈ ਉਹ ਕਬਰ ਵਿੱਚੋਂ ਨਿੱਕਲ ਕੇ ਦੌੜੀਆਂ ਕਿਉਂਕਿ ਉਹ ਕੰਬਦੀਆਂ ਹੋਈਆਂ ਹੈਰਾਨੀ ਨਾਲ ਭਰ ਗਈਆਂ ਸਨ । ਉਹਨਾਂ ਨੇ ਕਿਸੇ ਨੂੰ ਕੁਝ ਨਾ ਕਿਹਾ ਕਿਉਂਕਿ ਉਹ ਬਹੁਤ ਹੀ ਡਰੀਆਂ ਹੋਈਆਂ ਸਨ ।
ਮਰਕੁਸ ਦੇ ਸ਼ੁਭ ਸਮਾਚਾਰ ਦੀ ਲੰਮੀ ਸਮਾਪਤੀ
ਪ੍ਰਭੂ ਯਿਸੂ ਮਰਿਯਮ ਮਗਦਲੀਨੀ ਨੂੰ ਦਰਸ਼ਨ ਦਿੰਦੇ ਹਨ
(ਮੱਤੀ 28:9-10, ਯੂਹੰਨਾ 20:11-18)
[9ਹਫ਼ਤੇ ਦੇ ਪਹਿਲੇ ਦਿਨ ਜਦੋਂ ਯਿਸੂ ਤੜਕੇ ਮੁਰਦਿਆਂ ਵਿੱਚੋਂ ਜੀਅ ਉੱਠੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਮਰਿਯਮ ਮਗਦਲੀਨੀ ਨੂੰ ਦਰਸ਼ਨ ਦਿੱਤੇ ਜਿਸ ਵਿੱਚੋਂ ਉਹਨਾਂ ਨੇ ਸੱਤ ਅਸ਼ੁੱਧ ਆਤਮਾਵਾਂ ਕੱਢੀਆਂ ਸਨ । 10ਉਸ ਨੇ ਜਾ ਕੇ ਇਹ ਸਮਾਚਾਰ ਉਹਨਾਂ ਦੇ ਸਾਥੀਆਂ ਨੂੰ ਸੁਣਾਇਆ ਜਿਹੜੇ ਸੋਗ ਵਿੱਚ ਰੋ ਰਹੇ ਸਨ । 11ਜਦੋਂ ਉਹਨਾਂ ਨੇ ਉਸ ਤੋਂ ਸੁਣਿਆ ਕਿ ਯਿਸੂ ਜੀਅ ਉੱਠੇ ਹਨ ਅਤੇ ਉਸ ਨੇ ਯਿਸੂ ਨੂੰ ਦੇਖਿਆ ਹੈ ਤਾਂ ਉਹਨਾਂ ਨੇ ਉਸ ਦਾ ਵਿਸ਼ਵਾਸ ਨਾ ਕੀਤਾ ।
ਪ੍ਰਭੂ ਯਿਸੂ ਦਾ ਦੋ ਚੇਲਿਆਂ ਨੂੰ ਦਰਸ਼ਨ ਦੇਣਾ
(ਲੂਕਾ 24:13-35)
12ਇਸ ਦੇ ਬਾਅਦ ਯਿਸੂ ਨੇ ਇੱਕ ਦੂਜੇ ਢੰਗ ਨਾਲ ਉਹਨਾਂ ਵਿੱਚੋਂ ਦੋ ਜਣਿਆਂ ਨੂੰ ਦਰਸ਼ਨ ਦਿੱਤੇ ਜਿਹੜੇ ਇੱਕ ਪਿੰਡ ਵੱਲ ਜਾ ਰਹੇ ਸਨ । 13ਉਹਨਾਂ ਨੇ ਵਾਪਸ ਆ ਕੇ ਬਾਕੀ ਚੇਲਿਆਂ ਨੂੰ ਇਹ ਸਮਾਚਾਰ ਦਿੱਤਾ ਪਰ ਉਹਨਾਂ ਨੇ ਫਿਰ ਵੀ ਵਿਸ਼ਵਾਸ ਨਾ ਕੀਤਾ ।
ਪ੍ਰਭੂ ਯਿਸੂ ਦਾ ਗਿਆਰਾਂ ਚੇਲਿਆਂ ਨੂੰ ਦਰਸ਼ਨ ਦੇਣਾ
(ਮੱਤੀ 28:16-20, ਲੂਕਾ 24:36-49, ਯੂਹੰਨਾ 20:19-23, ਰਸੂਲਾਂ ਦੇ ਕੰਮ 1:6-8)
14ਇਸ ਦੇ ਬਾਅਦ ਯਿਸੂ ਨੇ ਗਿਆਰਾਂ ਚੇਲਿਆਂ ਨੂੰ ਜਦੋਂ ਉਹ ਭੋਜਨ ਕਰ ਰਹੇ ਸਨ, ਦਰਸ਼ਨ ਦਿੱਤੇ ਅਤੇ ਉਹਨਾਂ ਦੇ ਅਵਿਸ਼ਵਾਸ ਅਤੇ ਦਿਲਾਂ ਦੀ ਕਠੋਰਤਾ ਦੇ ਲਈ ਉਹਨਾਂ ਨੂੰ ਝਿੜਕਿਆ ਕਿਉਂਕਿ ਚੇਲਿਆਂ ਨੇ ਉਹਨਾਂ ਦਾ ਵਿਸ਼ਵਾਸ ਨਹੀਂ ਕੀਤਾ ਸੀ ਜਿਹਨਾਂ ਨੇ ਯਿਸੂ ਨੂੰ ਜੀਅ ਉੱਠਣ ਦੇ ਬਾਅਦ ਦੇਖਿਆ ਸੀ । 15#ਰਸੂਲਾਂ 1:8ਫਿਰ ਯਿਸੂ ਨੇ ਉਹਨਾਂ ਨੂੰ ਕਿਹਾ, “ਜਾਓ, ਸਾਰੇ ਸੰਸਾਰ ਵਿੱਚ ਜਾ ਕੇ ਹਰ ਇੱਕ ਨੂੰ ਸ਼ੁਭ ਸਮਾਚਾਰ ਸੁਣਾਓ । 16ਉਹ ਜਿਹੜਾ ਵਿਸ਼ਵਾਸ ਕਰੇ ਅਤੇ ਬਪਤਿਸਮਾ ਲਵੇ, ਉਹ ਮੁਕਤੀ ਪਾਵੇਗਾ । ਪਰ ਜਿਹੜਾ ਵਿਸ਼ਵਾਸ ਨਾ ਕਰੇ, ਉਹ ਦੋਸ਼ੀ ਠਹਿਰੇਗਾ । 17ਵਿਸ਼ਵਾਸ ਕਰਨ ਵਾਲਿਆਂ ਦੇ ਲਈ ਇਹ ਚਿੰਨ੍ਹ ਹੋਣਗੇ, ਉਹ ਮੇਰਾ ਨਾਮ ਲੈ ਕੇ ਅਸ਼ੁੱਧ ਆਤਮਾਵਾਂ ਨੂੰ ਕੱਢਣਗੇ, ਉਹ ਅਣਜਾਣ ਭਾਸ਼ਾਵਾਂ ਬੋਲਣਗੇ । 18ਜੇਕਰ ਉਹ ਆਪਣੇ ਹੱਥਾਂ ਨਾਲ ਸੱਪ ਚੁੱਕ ਲੈਣ ਜਾਂ ਜ਼ਹਿਰ ਵੀ ਪੀ ਲੈਣ ਤਾਂ ਵੀ ਉਹਨਾਂ ਦਾ ਕੁਝ ਨਹੀਂ ਵਿਗੜੇਗਾ । ਉਹ ਰੋਗੀਆਂ ਉੱਤੇ ਹੱਥ ਰੱਖਣਗੇ ਅਤੇ ਉਹ ਚੰਗੇ ਹੋ ਜਾਣਗੇ ।”
ਪ੍ਰਭੂ ਯਿਸੂ ਦਾ ਸਵਰਗ ਵਿੱਚ ਉਠਾਇਆ ਜਾਣਾ
(ਲੂਕਾ 24:50-53, ਰਸੂਲਾਂ ਦੇ ਕੰਮ 1:9-11)
19 # ਰਸੂਲਾਂ 1:9-11 ਫਿਰ ਪ੍ਰਭੂ ਯਿਸੂ ਉਹਨਾਂ ਨਾਲ ਗੱਲਾਂ ਕਰਨ ਦੇ ਬਾਅਦ ਸਵਰਗ ਵਿੱਚ ਉਠਾ ਲਏ ਗਏ ਅਤੇ ਉਹ ਪਰਮੇਸ਼ਰ ਦੇ ਸੱਜੇ ਹੱਥ ਵਿਰਾਜਮਾਨ ਹੋ ਗਏ । 20ਤਦ ਚੇਲਿਆਂ ਨੇ ਹਰ ਥਾਂ ਜਾ ਕੇ ਪ੍ਰਚਾਰ ਕੀਤਾ ਅਤੇ ਪ੍ਰਭੂ ਉਹਨਾਂ ਦੇ ਸਹਾਇਕ ਸਨ । ਉਹ ਚਮਤਕਾਰ ਜਿਹੜੇ ਉਹਨਾਂ ਦੁਆਰਾ ਹੋ ਰਹੇ ਸਨ, ਉਹਨਾਂ ਦੇ ਉਪਦੇਸ਼ ਦੀ ਸੱਚਾਈ ਨੂੰ ਸਿੱਧ ਕਰਦੇ ਸਨ ।]
ਮਰਕੁਸ ਦੇ ਸ਼ੁਭ ਸਮਾਚਾਰ ਦੀ ਛੋਟੀ ਸਮਾਪਤੀ
[9ਉਹਨਾਂ ਔਰਤਾਂ ਨੇ ਉਸ ਸਾਰੇ ਸਮਾਚਾਰ ਦਾ ਸਾਰ ਜੋ ਸੁਣਿਆ ਸੀ, ਪਤਰਸ ਅਤੇ ਉਸ ਦੇ ਸਾਥੀਆਂ ਨੂੰ ਸੁਣਾਇਆ । 10ਇਸ ਦੇ ਬਾਅਦ ਯਿਸੂ ਨੇ ਆਪਣੇ ਚੇਲਿਆਂ ਦੇ ਰਾਹੀਂ ਪੂਰਬ ਤੋਂ ਲੈ ਕੇ ਪੱਛਮ ਤੱਕ, ਪਵਿੱਤਰ ਅਤੇ ਅਨੰਤ ਮੁਕਤੀ ਦਾ ਸਮਾਚਾਰ ਭੇਜਿਆ ।]#16:10 ਕੁਝ ਪ੍ਰਾਚੀਨ ਲਿਖਤਾਂ ਵਿੱਚ ਇਸ ਸ਼ੁਭ ਸਮਾਚਾਰ ਦਾ ਅੰਤ ਲੰਮੇ ਅੰਤਕੇ ਦੀ ਥਾਂ ਇਹਨਾਂ ਪੰਗਤੀਆਂ ਨਾਲ ਕੀਤਾ ਗਿਆ ਹੈ ।

醒目顯示

分享

複製

None

想要在所有設備上保存你的醒目顯示嗎? 註冊或登入