ਉਤਪਤ 8

8
1ਪਰ ਪਰਮੇਸ਼ਵਰ ਨੇ ਨੋਹ ਨੂੰ ਅਤੇ ਸਾਰੇ ਜੰਗਲੀ ਜਾਨਵਰਾਂ ਅਤੇ ਡੰਗਰਾਂ ਨੂੰ ਜਿਹੜੇ ਕਿਸ਼ਤੀ ਵਿੱਚ ਉਸਦੇ ਨਾਲ ਸਨ ਚੇਤੇ ਕੀਤਾ ਅਤੇ ਉਸ ਨੇ ਧਰਤੀ ਉੱਤੇ ਹਵਾ ਭੇਜੀ ਅਤੇ ਪਾਣੀ ਘੱਟ ਗਿਆ। 2ਹੁਣ ਡੂੰਘੇ ਚਸ਼ਮੇ ਅਤੇ ਅਕਾਸ਼ ਦੇ ਦਰਵਾਜ਼ੇ ਬੰਦ ਹੋ ਗਏ ਸਨ ਅਤੇ ਅਕਾਸ਼ ਤੋਂ ਮੀਂਹ ਪੈਣਾ ਬੰਦ ਹੋ ਗਿਆ ਸੀ। 3ਧਰਤੀ ਤੋਂ ਪਾਣੀ ਲਗਾਤਾਰ ਘੱਟਦਾ ਗਿਆ ਅਤੇ ਇੱਕ ਸੌ ਪੰਜਾਹ ਦਿਨਾਂ ਦੇ ਅੰਤ ਤੱਕ ਪਾਣੀ ਘੱਟ ਗਿਆ ਸੀ। 4ਸੱਤਵੇਂ ਮਹੀਨੇ ਦੇ ਸਤਾਰਵੇਂ ਦਿਨ ਕਿਸ਼ਤੀ ਅਰਾਰਾਤ ਦੇ ਪਹਾੜਾਂ ਉੱਤੇ ਟਿਕ ਗਈ। 5ਅਤੇ ਪਾਣੀ ਦਸਵੇਂ ਮਹੀਨੇ ਤੱਕ ਘਟਦਾ ਗਿਆ ਅਤੇ ਦਸਵੇਂ ਮਹੀਨੇ ਦੇ ਪਹਿਲੇ ਦਿਨ ਪਹਾੜਾਂ ਦੀਆਂ ਚੋਟੀਆਂ ਦਿਖਾਈ ਦੇਣ ਲੱਗ ਪਈਆਂ।
6ਚਾਲੀ ਦਿਨਾਂ ਬਾਅਦ ਨੋਹ ਨੇ ਇੱਕ ਖਿੜਕੀ ਖੋਲ੍ਹੀ ਜੋ ਉਸ ਨੇ ਕਿਸ਼ਤੀ ਵਿੱਚ ਬਣਾਈ ਸੀ 7ਅਤੇ ਉਸ ਨੇ ਇੱਕ ਕਾਂ ਨੂੰ ਬਾਹਰ ਭੇਜਿਆ, ਅਤੇ ਉਹ ਅੱਗੇ-ਪਿੱਛੇ ਉੱਡਦਾ ਰਿਹਾ ਜਦੋਂ ਤੱਕ ਧਰਤੀ ਤੋਂ ਪਾਣੀ ਸੁੱਕ ਨਾ ਗਿਆ। 8ਫਿਰ ਉਸ ਨੇ ਇੱਕ ਘੁੱਗੀ ਨੂੰ ਇਹ ਵੇਖਣ ਲਈ ਭੇਜਿਆ ਕਿ ਪਾਣੀ ਜ਼ਮੀਨ ਦੀ ਸਤ੍ਹਾ ਤੋਂ ਘੱਟ ਗਿਆ ਹੈ ਜਾਂ ਨਹੀਂ। 9ਪਰ ਘੁੱਗੀ ਨੂੰ ਬੈਠਣ ਲਈ ਕੋਈ ਟਿਕਾਣਾ ਨਾ ਲੱਭਿਆ ਕਿਉਂਕਿ ਧਰਤੀ ਦੀ ਸਾਰੀ ਸਤ੍ਹਾ ਉੱਤੇ ਪਾਣੀ ਸੀ, ਇਸ ਲਈ ਉਹ ਕਿਸ਼ਤੀ ਵਿੱਚ ਨੋਹ ਕੋਲ ਵਾਪਸ ਆ ਗਈ ਉਸਨੇ ਆਪਣਾ ਹੱਥ ਵਧਾ ਕੇ ਘੁੱਗੀ ਨੂੰ ਫੜ ਲਿਆ ਅਤੇ ਕਿਸ਼ਤੀ ਵਿੱਚ ਆਪਣੇ ਕੋਲ ਵਾਪਸ ਲੈ ਆਇਆ। 10ਉਸ ਨੇ ਸੱਤ ਦਿਨ ਹੋਰ ਇੰਤਜ਼ਾਰ ਕੀਤਾ ਅਤੇ ਫੇਰ ਕਬੂਤਰ ਨੂੰ ਕਿਸ਼ਤੀ ਵਿੱਚੋਂ ਬਾਹਰ ਭੇਜਿਆ। 11ਜਦੋਂ ਸ਼ਾਮ ਨੂੰ ਘੁੱਗੀ ਉਹ ਦੇ ਕੋਲ ਮੁੜੀ ਤਾਂ ਉਸ ਦੀ ਚੁੰਝ ਵਿੱਚ ਜ਼ੈਤੂਨ ਦਾ ਇੱਕ ਤਾਜ਼ਾ ਪੱਤਾ ਸੀ! ਤਦ ਨੋਹ ਨੂੰ ਪਤਾ ਲੱਗਾ ਕਿ ਪਾਣੀ ਧਰਤੀ ਤੋਂ ਘੱਟ ਗਿਆ ਹੈ। 12ਉਸ ਨੇ ਸੱਤ ਦਿਨ ਹੋਰ ਇੰਤਜ਼ਾਰ ਕੀਤਾ ਅਤੇ ਘੁੱਗੀ ਨੂੰ ਫੇਰ ਬਾਹਰ ਭੇਜਿਆ ਪਰ ਇਸ ਵਾਰ ਉਹ ਉਸ ਕੋਲ ਮੁੜ ਕੇ ਵਾਪਸ ਨਾ ਆਈ।
13ਨੋਹ ਦੀ ਉਮਰ ਦੇ ਛੇ ਸੌ ਪਹਿਲੇ ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਤੱਕ ਧਰਤੀ ਉੱਤੋਂ ਪਾਣੀ ਸੁੱਕ ਗਿਆ ਸੀ ਅਤੇ ਫਿਰ ਨੋਹ ਨੇ ਕਿਸ਼ਤੀ ਦੀ ਛੱਤ ਖੋਲੀ ਅਤੇ ਦੇਖਿਆ ਕਿ ਜ਼ਮੀਨ ਦੀ ਸਤ੍ਹਾ ਸੁੱਕੀ ਸੀ। 14ਦੂਜੇ ਮਹੀਨੇ ਦੇ ਸਤਾਈਵੇਂ ਦਿਨ ਤੱਕ ਧਰਤੀ ਪੂਰੀ ਤਰ੍ਹਾਂ ਸੁੱਕ ਗਈ ਸੀ।
15ਤਦ ਪਰਮੇਸ਼ਵਰ ਨੇ ਨੋਹ ਨੂੰ ਆਖਿਆ, 16“ਤੂੰ ਅਤੇ ਤੇਰੀ ਪਤਨੀ ਅਤੇ ਤੇਰੇ ਪੁੱਤਰ ਅਤੇ ਤੇਰੀਆਂ ਨੂੰਹਾਂ ਕਿਸ਼ਤੀ ਵਿੱਚੋਂ ਬਾਹਰ ਆ ਜਾਓ। 17ਹਰ ਪ੍ਰਕਾਰ ਦੇ ਜੀਵ-ਜੰਤੂ, ਪੰਛੀ, ਜਾਨਵਰ ਅਤੇ ਧਰਤੀ ਦੇ ਨਾਲ-ਨਾਲ ਚੱਲਣ ਵਾਲੇ ਸਾਰੇ ਪ੍ਰਾਣੀ ਜੋ ਤੁਹਾਡੇ ਨਾਲ ਹਨ ਬਾਹਰ ਲਿਆਓ ਤਾਂ ਜੋ ਉਹ ਧਰਤੀ ਉੱਤੇ ਵੱਧ ਸਕਣ ਅਤੇ ਫਲਦਾਰ ਹੋਣ ਅਤੇ ਇਸ ਉੱਤੇ ਗਿਣਤੀ ਵਿੱਚ ਵੱਧ ਸਕਣ।”
18ਤਾਂ ਨੋਹ ਆਪਣੇ ਪੁੱਤਰਾਂ, ਆਪਣੀ ਪਤਨੀ ਅਤੇ ਆਪਣੀਆਂ ਨੂੰਹਾਂ ਸਮੇਤ ਬਾਹਰ ਆਇਆ। 19ਸਾਰੇ ਜਾਨਵਰ, ਜੀਵ-ਜੰਤੂ, ਧਰਤੀ ਤੇ ਘਿੱਸਰਨ ਵਾਲੇ ਅਤੇ ਸਾਰੇ ਪੰਛੀ ਅਰਥਾਤ ਸਭ ਕੁਝ ਜੋ ਧਰਤੀ ਉੱਤੇ ਚਲਦਾ ਹੈ, ਇੱਕ-ਇੱਕ ਕਰਕੇ ਕਿਸ਼ਤੀ ਵਿੱਚੋਂ ਬਾਹਰ ਆਏ।
20ਤਦ ਨੋਹ ਨੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ ਅਤੇ ਸਾਰੇ ਸ਼ੁੱਧ ਜਾਨਵਰਾਂ ਅਤੇ ਸ਼ੁੱਧ ਪੰਛੀਆਂ ਵਿੱਚੋਂ ਕੁਝ ਲੈ ਕੇ ਉਸ ਉੱਤੇ ਹੋਮ ਦੀਆਂ ਭੇਟਾਂ ਚੜ੍ਹਾਈਆਂ। 21ਯਾਹਵੇਹ ਨੇ ਪ੍ਰਸੰਨ ਸੁਗੰਧੀ ਨੂੰ ਸੁੰਘ ਕੇ ਆਪਣੇ ਮਨ ਵਿੱਚ ਕਿਹਾ, “ਮੈਂ ਮਨੁੱਖਾਂ ਦੇ ਕਾਰਨ ਧਰਤੀ ਨੂੰ ਕਦੇ ਵੀ ਸਰਾਪ ਨਹੀਂ ਦੇਵਾਂਗਾ, ਭਾਵੇਂ ਮਨੁੱਖ ਦੇ ਮਨ ਦੀ ਹਰ ਪ੍ਰਵਿਰਤੀ ਬਚਪਨ ਤੋਂ ਹੀ ਬੁਰੀ ਹੈ ਅਤੇ ਮੈਂ ਕਦੇ ਵੀ ਸਾਰੇ ਜੀਵਿਤ ਪ੍ਰਾਣੀਆਂ ਨੂੰ ਤਬਾਹ ਨਹੀਂ ਕਰਾਂਗਾ ਜਿਵੇਂ ਮੈਂ ਹੁਣ ਕੀਤਾ ਹੈ।
22“ਜਿੰਨਾ ਚਿਰ ਧਰਤੀ ਕਾਇਮ ਰਹੇਗੀ,
ਬੀਜਣ ਅਤੇ ਵਾਢੀ ਦਾ ਸਮਾਂ,
ਠੰਡਾ ਅਤੇ ਗਰਮ,
ਗਰਮੀਆਂ ਅਤੇ ਸਰਦੀਆਂ,
ਦਿਨ ਅਤੇ ਰਾਤ
ਕਦੇ ਨਹੀਂ ਰੁਕਣਗੇ।”

目前选定:

ਉਤਪਤ 8: OPCV

高亮显示

分享

复制

None

想要在所有设备上保存你的高亮显示吗? 注册或登录