ਉਤਪਤ 19

19
ਸੋਦੋਮ ਅਤੇ ਗਾਮੂਰਾਹ ਦਾ ਨਾਸ਼
1ਸ਼ਾਮ ਨੂੰ ਦੋ ਦੂਤ ਸੋਦੋਮ ਵਿੱਚ ਪਹੁੰਚੇ ਅਤੇ ਲੂਤ ਸ਼ਹਿਰ ਦੇ ਦਰਵਾਜ਼ੇ ਵਿੱਚ ਬੈਠਾ ਸੀ। ਜਦੋਂ ਉਸਨੇ ਉਹਨਾਂ ਨੂੰ ਦੇਖਿਆ, ਤਾਂ ਉਹ ਉਹਨਾਂ ਨੂੰ ਮਿਲਣ ਲਈ ਉੱਠਿਆ ਅਤੇ ਆਪਣਾ ਮੂੰਹ ਜ਼ਮੀਨ ਤੱਕ ਝੁਕਾਇਆ। 2ਉਸ ਨੇ ਕਿਹਾ, “ਮੇਰੇ ਮਾਲਕੋ, ਕਿਰਪਾ ਕਰਕੇ ਆਪਣੇ ਸੇਵਕ ਦੇ ਘਰ ਵੱਲ ਮੁੜੋ। ਤੁਸੀਂ ਆਪਣੇ ਪੈਰ ਧੋਵੋ ਅਤੇ ਰਾਤ ਠਹਿਰੋ ਅਤੇ ਫਿਰ ਸਵੇਰੇ ਆਪਣੇ ਰਾਹ ਚਲੇ ਜਾਣਾ।”
ਪਰ ਉਹਨਾਂ ਨੇ ਜਵਾਬ ਦਿੱਤਾ, “ਨਹੀਂ ਅਸੀਂ ਚੌਂਕ ਵਿੱਚ ਰਾਤ ਕੱਟਾਂਗੇ।”
3ਪਰ ਉਸ ਨੇ ਇੰਨਾ ਜ਼ੋਰ ਪਾਇਆ ਕਿ ਉਹ ਉਸ ਦੇ ਨਾਲ ਚੱਲੇ ਅਤੇ ਉਸ ਦੇ ਘਰ ਵੜ ਗਏ ਅਤੇ ਉਸਨੇ ਉਹਨਾਂ ਲਈ ਭੋਜਨ ਤਿਆਰ ਕੀਤਾ, ਖਮੀਰ ਤੋਂ ਬਿਨਾਂ ਰੋਟੀ ਪਕਾਈ ਅਤੇ ਉਹਨਾਂ ਨੇ ਖਾਧਾ। 4ਉਹਨਾਂ ਦੇ ਸੌਣ ਤੋਂ ਪਹਿਲਾਂ, ਸੋਦੋਮ ਸ਼ਹਿਰ ਦੇ ਸਾਰੇ ਆਦਮੀਆਂ ਨੇ ਕੀ ਜਵਾਨ, ਕੀ ਬੁੱਢੇ ਚਾਰੇ ਪਾਸਿਓਂ ਉਸ ਘਰ ਨੂੰ ਘੇਰ ਲਿਆ। 5ਉਹਨਾਂ ਨੇ ਲੂਤ ਨੂੰ ਪੁਕਾਰਿਆ, “ਉਹ ਮਨੁੱਖ ਕਿੱਥੇ ਹਨ ਜਿਹੜੇ ਅੱਜ ਰਾਤ ਤੇਰੇ ਕੋਲ ਆਏ ਸਨ? ਉਹਨਾਂ ਨੂੰ ਬਾਹਰ ਸਾਡੇ ਕੋਲ ਲਿਆਓ ਤਾਂ ਜੋ ਅਸੀਂ ਉਹਨਾਂ ਨਾਲ ਸੰਭੋਗ ਕਰ ਸਕੀਏ।”
6ਲੂਤ ਉਹਨਾਂ ਨੂੰ ਮਿਲਣ ਲਈ ਬਾਹਰ ਗਿਆ ਅਤੇ ਆਪਣੇ ਪਿੱਛੇ ਦਾ ਦਰਵਾਜ਼ਾ ਬੰਦ ਕਰ ਦਿੱਤਾ 7ਅਤੇ ਕਿਹਾ, “ਨਹੀਂ ਮੇਰੇ ਮਿੱਤਰੋ, ਇਹ ਬੁਰਾ ਕੰਮ ਨਾ ਕਰੋ। 8ਵੇਖੋ, ਮੇਰੀਆਂ ਦੋ ਧੀਆਂ ਹਨ ਜਿਨ੍ਹਾਂ ਨੇ ਕਦੇ ਕਿਸੇ ਮਰਦ ਨਾਲ ਸੰਗ ਨਹੀਂ ਕੀਤਾ। ਮੈਂ ਉਹਨਾਂ ਨੂੰ ਤੁਹਾਡੇ ਕੋਲ ਲੈ ਆਉਂਦਾ ਹਾਂ, ਅਤੇ ਤੁਸੀਂ ਉਹਨਾਂ ਨਾਲ ਉਹ ਕਰ ਸਕਦੇ ਹੋ ਜੋ ਤੁਸੀਂ ਚਾਹੁੰਦੇ ਹੋ। ਪਰ ਇਨ੍ਹਾਂ ਬੰਦਿਆਂ ਨਾਲ ਕੁਝ ਨਾ ਕਰੋ ਕਿਉਂਕਿ ਇਹ ਮੇਰੀ ਛੱਤ ਦੇ ਹੇਠਾਂ ਆਏ ਹਨ।”
9ਉਹਨਾਂ ਨੇ ਉੱਤਰ ਦਿੱਤਾ, “ਸਾਡੇ ਰਾਹ ਤੋਂ ਹਟ ਜਾਉ। ਇਹ ਸਾਥੀ ਇੱਥੇ ਇੱਕ ਪਰਦੇਸੀ ਹੋ ਕੇ ਆਇਆ ਸੀ, ਅਤੇ ਹੁਣ ਨਿਆਈਂ ਬਣ ਬੈਠਾ ਹੈ! ਅਸੀਂ ਤੇਰੇ ਨਾਲ ਉਹਨਾਂ ਨਾਲੋਂ ਵੀ ਭੈੜਾ ਸਲੂਕ ਕਰਾਂਗੇ।” ਉਹ ਲੂਤ ਉੱਤੇ ਬਹੁਤ ਦਬਾਅ ਪਾਉਂਦੇ ਰਹੇ ਅਤੇ ਦਰਵਾਜ਼ਾ ਤੋੜਨ ਲਈ ਅੱਗੇ ਵੱਧੇ।
10ਪਰ ਅੰਦਰਲੇ ਮਨੁੱਖਾਂ ਨੇ ਬਾਹਰ ਆ ਕੇ ਲੂਤ ਨੂੰ ਘਰ ਵਿੱਚ ਖਿੱਚ ਲਿਆ ਅਤੇ ਦਰਵਾਜ਼ਾ ਬੰਦ ਕਰ ਦਿੱਤਾ। 11ਜਿਹੜੇ ਮਨੁੱਖ ਬੂਹੇ ਦੇ ਅੱਗੇ ਸਨ ਉਹਨਾਂ ਨੇ ਉਹਨਾਂ ਨੂੰ ਕੀ ਛੋਟੇ ਕੀ ਵੱਡੇ ਸਭ ਨੂੰ ਅੰਨ੍ਹੇ ਕਰ ਦਿੱਤਾ ਇੱਥੋਂ ਤੱਕ ਕਿ ਉਹ ਦਰਵਾਜ਼ਾ ਲੱਭਦੇ-ਲੱਭਦੇ ਥੱਕ ਗਏ।
12ਉਹਨਾਂ ਦੋਹਾਂ ਮਨੁੱਖਾਂ ਨੇ ਲੂਤ ਨੂੰ ਆਖਿਆ, “ਕੀ ਇੱਥੇ ਤੇਰਾ ਕੋਈ ਹੋਰ ਹੈ, ਜਵਾਈ, ਪੁੱਤਰ, ਧੀਆਂ, ਜਾਂ ਸ਼ਹਿਰ ਵਿੱਚ ਕੋਈ ਹੋਰ ਜੋ ਤੇਰਾ ਹੈ? ਉਹਨਾਂ ਨੂੰ ਇਸ ਸ਼ਹਿਰ ਤੋਂ ਲੈ ਕੇ ਬਾਹਰ ਨਿੱਕਲ ਜਾ। 13ਕਿਉਂਕਿ ਅਸੀਂ ਇਸ ਥਾਂ ਨੂੰ ਤਬਾਹ ਕਰਨ ਵਾਲੇ ਹਾਂ। ਕਿਉਂ ਜੋ ਉਹਨਾਂ ਲੋਕਾਂ ਦੀ ਬੁਰਾਈ ਯਾਹਵੇਹ ਦੇ ਅੱਗੇ ਬਹੁਤ ਵੱਧ ਗਈ ਹੈ, ਅਤੇ ਯਾਹਵੇਹ ਨੇ ਸਾਨੂੰ ਇਸਨੂੰ ਤਬਾਹ ਕਰਨ ਲਈ ਭੇਜਿਆ ਹੈ।”
14ਤਾਂ ਲੂਤ ਨੇ ਬਾਹਰ ਜਾ ਕੇ ਆਪਣੇ ਜਵਾਈਆਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਉਸ ਦੀਆਂ ਧੀਆਂ ਨਾਲ ਵਿਆਹ ਕਰਨ ਦਾ ਇਕਰਾਰ ਕੀਤਾ ਹੋਇਆ ਸੀ। ਉਸ ਨੇ ਕਿਹਾ, “ਜਲਦੀ ਕਰੋ ਅਤੇ ਇਸ ਥਾਂ ਤੋਂ ਬਾਹਰ ਚਲੇ ਜਾਓ ਕਿਉਂਕਿ ਯਾਹਵੇਹ ਸ਼ਹਿਰ ਨੂੰ ਤਬਾਹ ਕਰਨ ਵਾਲਾ ਹੈ!” ਪਰ ਉਸ ਦੇ ਜਵਾਈਆਂ ਨੇ ਸੋਚਿਆ ਕਿ ਉਹ ਮਜ਼ਾਕ ਕਰ ਰਿਹਾ ਹੈ।
15ਜਦ ਸਵੇਰ ਹੋਈ ਤਾਂ ਦੂਤਾਂ ਨੇ ਲੂਤ ਨੂੰ ਬੇਨਤੀ ਕੀਤੀ, “ਜਲਦੀ ਕਰ! ਆਪਣੀ ਪਤਨੀ ਅਤੇ ਆਪਣੀਆਂ ਦੋ ਧੀਆਂ ਨੂੰ ਲੈ ਜਾ ਜੋ ਇੱਥੇ ਹਨ, ਅਜਿਹਾ ਨਾ ਹੋਵੇ ਕੀ ਤੂੰ ਵੀ ਇਸ ਨਗਰ ਦੇ ਅਪਰਾਧਾਂ ਵਿੱਚ ਭਸਮ ਹੋ ਜਾਵੇ।”
16ਜਦੋਂ ਉਹ ਦੇਰੀ ਕਰ ਰਿਹਾ ਸੀ, ਤਾਂ ਆਦਮੀਆਂ ਨੇ ਉਸਦਾ ਹੱਥ ਅਤੇ ਉਸਦੀ ਪਤਨੀ ਅਤੇ ਉਸ ਦੀਆਂ ਦੋ ਧੀਆਂ ਦੇ ਹੱਥ ਫੜੇ ਅਤੇ ਉਹਨਾਂ ਨੂੰ ਸੁਰੱਖਿਅਤ ਢੰਗ ਨਾਲ ਸ਼ਹਿਰ ਤੋਂ ਬਾਹਰ ਲੈ ਗਏ, ਕਿਉਂਕਿ ਯਾਹਵੇਹ ਉਹਨਾਂ ਉੱਤੇ ਮਿਹਰਬਾਨ ਸੀ। 17ਜਿਵੇਂ ਹੀ ਉਹ ਉਹਨਾਂ ਨੂੰ ਬਾਹਰ ਲੈ ਆਏ ਤਾਂ ਉਹਨਾਂ ਵਿੱਚੋਂ ਇੱਕ ਨੇ ਕਿਹਾ, “ਆਪਣੀਆਂ ਜਾਨਾਂ ਬਚਾ ਕੇ ਭੱਜ ਜਾਓ! ਪਿੱਛੇ ਮੁੜ ਕੇ ਨਾ ਦੇਖਣਾ ਅਤੇ ਮੈਦਾਨ ਵਿੱਚ ਕਿਤੇ ਵੀ ਨਾ ਰੁਕਣਾ! ਪਹਾੜਾਂ ਨੂੰ ਭੱਜ ਜਾਓ, ਨਹੀਂ ਤਾਂ ਤੁਸੀਂ ਨਾਸ਼ ਹੋ ਜਾਵੋਂਗੇ!”
18ਪਰ ਲੂਤ ਨੇ ਉਹਨਾਂ ਨੂੰ ਕਿਹਾ, “ਨਹੀਂ, ਹੇ ਮੇਰੇ ਹੇ ਮੇਰੇ ਪ੍ਰਭੂਓ, ਕਿਰਪਾ ਕਰਕੇ ਅਜਿਹਾ ਨਾ ਕਰਨਾ! 19ਤੇਰੀ ਨਿਗਾਹ ਵਿੱਚ ਤੇਰੇ ਸੇਵਕ ਉੱਤੇ ਕਿਰਪਾ ਹੋਈ ਹੈ, ਅਤੇ ਤੂੰ ਮੇਰੀ ਜਾਨ ਬਚਾਉਣ ਲਈ ਮੇਰੇ ਉੱਤੇ ਬਹੁਤ ਕਿਰਪਾ ਕੀਤੀ ਹੈ। ਪਰ ਮੈਂ ਪਹਾੜਾਂ ਵੱਲ ਭੱਜ ਨਹੀਂ ਸਕਦਾ, ਇਹ ਬਿਪਤਾ ਮੇਰੇ ਉੱਤੇ ਆ ਜਾਵੇਗੀ ਅਤੇ ਮੈਂ ਮਰ ਜਾਵਾਂਗਾ। 20ਵੇਖੋ, ਇੱਥੇ ਇੱਕ ਛੋਟਾ ਕਸਬਾ ਹੈ ਜੋ ਭੱਜਣ ਲਈ ਨੇੜੇ ਹੈ। ਮੈਨੂੰ ਇਸ ਵੱਲ ਭੱਜਣ ਦਿਓ ਇਹ ਨਗਰ ਬਹੁਤ ਛੋਟਾ ਨਹੀਂ ਹੈ? ਇਸ ਤਰ੍ਹਾਂ ਮੇਰੀ ਜਾਨ ਬਚ ਜਾਵੇਗੀ।”
21ਉਸ ਨੇ ਉਸ ਨੂੰ ਕਿਹਾ, ਮੈਂ ਇਹ ਬੇਨਤੀ ਵੀ ਮੰਨ ਲਵਾਂਗਾ। ਮੈਂ ਉਸ ਸ਼ਹਿਰ ਨੂੰ ਨਾਸ਼ ਨਹੀਂ ਕਰਾਂਗਾ, ਜਿਸਦੀ ਤੁਸੀਂ ਗੱਲ ਕਰਦੇ ਹੋ। 22ਪਰ ਉੱਥੋਂ ਜਲਦੀ ਭੱਜ ਜਾ ਕਿਉਂ ਜੋ ਮੈਂ ਕੁਝ ਨਹੀਂ ਕਰ ਸਕਦਾ ਜਦ ਤੱਕ ਤੁਸੀਂ ਉੱਥੇ ਨਾ ਪਹੁੰਚੋ। (ਇਸੇ ਕਰਕੇ ਇਸ ਨਗਰ ਨੂੰ ਸੋਆਰ#19:22 ਸੋਆਰ ਅਰਥ ਛੋਟਾ ਕਿਹਾ ਜਾਂਦਾ ਸੀ।)
23ਜਦੋਂ ਲੂਤ ਸੋਆਰ ਵਿੱਚ ਪਹੁੰਚਿਆ, ਸੂਰਜ ਧਰਤੀ ਉੱਤੇ ਚੜ੍ਹ ਚੁੱਕਾ ਸੀ। 24ਤਦ ਯਾਹਵੇਹ ਨੇ ਸੋਦੋਮ ਅਤੇ ਗਾਮੂਰਾਹ ਉੱਤੇ ਬਲਦੀ ਹੋਈ ਗੰਧਕ ਦੀ ਅਕਾਸ਼ ਤੋਂ ਬਰਸਾਤ ਕੀਤੀ। 25ਇਸ ਤਰ੍ਹਾਂ ਉਸ ਨੇ ਉਹਨਾਂ ਸ਼ਹਿਰਾਂ ਨੂੰ ਅਤੇ ਸਾਰੇ ਮੈਦਾਨ ਨੂੰ ਉਜਾੜ ਦਿੱਤਾ ਅਤੇ ਸ਼ਹਿਰਾਂ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਅਤੇ ਧਰਤੀ ਦੀ ਬਨਸਪਤੀ ਨੂੰ ਵੀ ਤਬਾਹ ਕਰ ਦਿੱਤਾ। 26ਪਰ ਲੂਤ ਦੀ ਪਤਨੀ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਉਹ ਲੂਣ ਦਾ ਥੰਮ੍ਹ ਬਣ ਗਈ।
27ਅਗਲੀ ਸਵੇਰ ਅਬਰਾਹਾਮ ਉੱਠਿਆ ਅਤੇ ਉਸ ਥਾਂ ਨੂੰ ਮੁੜਿਆ ਜਿੱਥੇ ਉਹ ਯਾਹਵੇਹ ਦੇ ਸਾਹਮਣੇ ਖੜ੍ਹਾ ਸੀ। 28ਉਸ ਨੇ ਸੋਦੋਮ ਅਤੇ ਗਾਮੂਰਾਹ ਵੱਲ ਅਤੇ ਮੈਦਾਨ ਦੇ ਸਾਰੇ ਦੇਸ਼ ਵੱਲ ਨਿਗਾਹ ਕੀਤੀ ਅਤੇ ਉਸ ਨੇ ਭੱਠੀ ਦੇ ਧੂੰਏਂ ਵਾਂਗੂੰ ਧਰਤੀ ਵਿੱਚੋਂ ਸੰਘਣਾ ਧੂੰਆਂ ਉੱਠਦਾ ਵੇਖਿਆ।
29ਸੋ ਜਦੋਂ ਪਰਮੇਸ਼ਵਰ ਨੇ ਮੈਦਾਨ ਦੇ ਸ਼ਹਿਰਾਂ ਦਾ ਨਾਸ ਕੀਤਾ ਤਾਂ ਉਸ ਨੇ ਅਬਰਾਹਾਮ ਨੂੰ ਚੇਤੇ ਕੀਤਾ ਅਤੇ ਉਸ ਨੇ ਲੂਤ ਨੂੰ ਉਸ ਤਬਾਹੀ ਵਿੱਚੋਂ ਕੱਢ ਲਿਆ ਜਿਸ ਨੇ ਉਹਨਾਂ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਜਿੱਥੇ ਲੂਤ ਰਹਿੰਦਾ ਸੀ।
ਲੂਤ ਅਤੇ ਉਸ ਦੀਆਂ ਧੀਆਂ
30ਲੂਤ ਅਤੇ ਉਸ ਦੀਆਂ ਦੋ ਧੀਆਂ ਸੋਆਰ ਨੂੰ ਛੱਡ ਕੇ ਪਹਾੜਾਂ ਵਿੱਚ ਰਹਿਣ ਲੱਗ ਪਏ ਕਿਉਂਕਿ ਉਹ ਸੋਆਰ ਵਿੱਚ ਰਹਿਣ ਤੋਂ ਡਰਦਾ ਸੀ। ਉਹ ਅਤੇ ਉਸ ਦੀਆਂ ਦੋ ਧੀਆਂ ਇੱਕ ਗੁਫ਼ਾ ਵਿੱਚ ਰਹਿੰਦੇ ਸਨ। 31ਇੱਕ ਦਿਨ ਵੱਡੀ ਧੀ ਨੇ ਛੋਟੀ ਨੂੰ ਕਿਹਾ, “ਸਾਡਾ ਪਿਤਾ ਬੁੱਢਾ ਹੋ ਗਿਆ ਹੈ ਅਤੇ ਇੱਥੇ ਕੋਈ ਮਨੁੱਖ ਨਹੀਂ ਹੈ ਜੋ ਸਾਨੂੰ ਬੱਚੇ ਪੈਦਾ ਕਰੇ ਜਿਵੇਂ ਕਿ ਸਾਰੀ ਧਰਤੀ ਉੱਤੇ ਰਿਵਾਜ ਹੈ। 32ਇਸ ਲਈ ਆ, ਅਸੀਂ ਆਪਣੇ ਪਿਤਾ ਨੂੰ ਸ਼ਰਾਬ ਪਿਲਾਈਏ ਅਤੇ ਫਿਰ ਉਸਦੇ ਨਾਲ ਸੌਂਦੇ ਹਾਂ ਅਤੇ ਆਪਣੇ ਪਿਤਾ ਦੁਆਰਾ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਦੇ ਹਾਂ।”
33ਉਸ ਰਾਤ ਉਹਨਾਂ ਨੇ ਆਪਣੇ ਪਿਤਾ ਨੂੰ ਮਧ ਪਿਲਾਈ ਅਤੇ ਵੱਡੀ ਧੀ ਅੰਦਰ ਜਾ ਕੇ ਉਸ ਦੇ ਨਾਲ ਸੌਂ ਗਈ। ਉਸਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਕਦੋਂ ਲੇਟ ਗਈ ਜਾਂ ਕਦੋਂ ਉੱਠੀ।
34ਅਗਲੇ ਦਿਨ ਵੱਡੀ ਧੀ ਨੇ ਛੋਟੀ ਨੂੰ ਕਿਹਾ, “ਕੱਲ ਰਾਤ ਮੈਂ ਆਪਣੇ ਪਿਤਾ ਨਾਲ ਸੁੱਤੀ ਸੀ। ਚਲੋ ਅੱਜ ਰਾਤ ਉਸਨੂੰ ਦੁਬਾਰਾ ਮਧ ਪਿਲਾਈਏ, ਅਤੇ ਤੂੰ ਅੰਦਰ ਜਾ ਅਤੇ ਉਸਦੇ ਨਾਲ ਸੌਂ ਤਾਂ ਜੋ ਅਸੀਂ ਆਪਣੇ ਪਿਤਾ ਦੁਆਰਾ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕੀਏ।” 35ਸੋ ਉਹਨਾਂ ਨੇ ਉਸ ਰਾਤ ਵੀ ਆਪਣੇ ਪਿਤਾ ਨੂੰ ਮਧ ਪਿਆਈ ਅਤੇ ਛੋਟੀ ਧੀ ਅੰਦਰ ਜਾ ਕੇ ਉਹ ਦੇ ਨਾਲ ਸੌਂ ਗਈ। ਦੁਬਾਰਾ ਫਿਰ ਉਸਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਕਦੋਂ ਲੇਟ ਗਈ ਜਾਂ ਕਦੋਂ ਉੱਠੀ।
36ਸੋ ਲੂਤ ਦੀਆਂ ਦੋਵੇਂ ਧੀਆਂ ਆਪਣੇ ਪਿਤਾ ਤੋਂ ਗਰਭਵਤੀ ਹੋ ਗਈਆਂ। 37ਵੱਡੀ ਧੀ ਦੇ ਇੱਕ ਪੁੱਤਰ ਸੀ ਅਤੇ ਉਸ ਨੇ ਉਸ ਦਾ ਨਾਮ ਮੋਆਬ#19:37 ਮੋਆਬ ਅਰਥ ਪਿਤਾ ਤੋਂ ਰੱਖਿਆ। ਉਹ ਅੱਜ ਦੇ ਮੋਆਬੀਆਂ ਦਾ ਪਿਤਾ ਹੈ। 38ਛੋਟੀ ਧੀ ਦਾ ਵੀ ਇੱਕ ਪੁੱਤਰ ਸੀ ਅਤੇ ਉਸ ਨੇ ਉਸ ਦਾ ਨਾਮ ਬਨ-ਅੰਮੀਹ#19:38 ਬਨ-ਅੰਮੀਹ ਅਰਥ ਮੇਰੇ ਪਿਤਾ ਦੇ ਲੋਕਾਂ ਦਾ ਪੁੱਤਰ ਰੱਖਿਆ। ਉਹ ਅੱਜ ਦੇ ਅੰਮੋਨੀ ਲੋਕਾਂ ਦਾ ਪਿਤਾ ਹੈ।

目前选定:

ਉਤਪਤ 19: OPCV

高亮显示

分享

复制

None

想要在所有设备上保存你的高亮显示吗? 注册或登录