15
1ਅਸੀਂ ਜੋ ਵਿਸ਼ਵਾਸ ਵਿੱਚ ਮਜ਼ਬੂਤ ਹਾਂ ਸਾਨੂੰ ਚਾਹੀਦਾ ਹੈ ਕਿ ਕਮਜ਼ੋਰਾਂ ਦੀਆਂ ਕਮਜ਼ੋਰੀਆਂ ਨਾਲ ਧੀਰਜ ਰੱਖੀਏ ਨਾ ਕਿ ਸਿਰਫ ਆਪਣੇ ਵਿੱਚ ਅਨੰਦ ਰਹੀਏ 2ਸਾਡੇ ਵਿੱਚੋਂ ਹਰ ਇੱਕ ਨੂੰ ਆਪਣੇ ਗੁਆਂਢੀ ਦੀ ਖੁਸ਼ਹਾਲੀ ਨੂੰ ਉਸ ਦੀ ਭਲਾਈ ਅਤੇ ਤਰੱਕੀ ਲਈ ਖੁਸ਼ ਹੋਣਾ ਚਾਹੀਦਾ ਹੈ। 3ਕਿਉਂਕਿ ਮਸੀਹ ਨੇ ਵੀ ਆਪਣੇ ਆਪ ਨੂੰ ਖੁਸ਼ ਨਹੀਂ ਕੀਤਾ, ਪਰ ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ਜਿਹੜੇ ਲੋਕ ਤੇਰੀ ਨਿੰਦਿਆ ਕਰਦੇ ਹਨ ਉਹਨਾਂ ਦੀ ਨਿੰਦਿਆਂ ਮੇਰੇ ਉੱਤੇ ਡਿੱਗ ਪਈ ਹੈ।”#15:3 ਜ਼ਬੂ 69:9 4ਕਿਉਂਕਿ ਜੋ ਕੁਝ ਪਹਿਲਾਂ ਹੀ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਗਿਆ ਸੀ ਉਹ ਸਾਨੂੰ ਸਿਖਾਉਣ ਲਈ ਲਿਖਿਆ ਗਿਆ ਸੀ, ਤਾਂ ਜੋ ਸਹਿਣਸ਼ੀਲਤਾ ਦੁਆਰਾ ਸਿਖਾਇਆ ਗਿਆ ਪਵਿੱਤਰ ਸ਼ਾਸਤਰ ਅਤੇ ਪਵਿੱਤਰ ਬਚਨ ਦੇ ਦਿਲਾਸੇ ਤੋਂ ਆਸ ਰੱਖੀਏ।
5ਪਰਮੇਸ਼ਵਰ ਜੋ ਧੀਰਜ ਅਤੇ ਦਿਲਾਸਾ ਦਿੰਦਾ ਹੈ, ਤੁਹਾਨੂੰ ਇੱਕ-ਦੂਜੇ ਪ੍ਰਤੀ ਉਹੋ ਜਿਹਾ ਰਵੱਈਆ ਦੇਵੇ ਜੋ ਮਸੀਹ ਯਿਸ਼ੂ ਦਾ ਸੀ, 6ਤਾਂ ਜੋ ਇੱਕ ਮਨ ਅਤੇ ਇੱਕ ਆਵਾਜ਼ ਨਾਲ ਤੁਸੀਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪਰਮੇਸ਼ਵਰ ਅਤੇ ਪਿਤਾ ਦੀ ਵਡਿਆਈ ਕਰ ਸਕੋ।
7ਇੱਕ-ਦੂਜੇ ਨੂੰ ਸਵੀਕਾਰ ਕਰੋ, ਜਿਵੇਂ ਕਿ ਮਸੀਹ ਨੇ ਤੁਹਾਨੂੰ ਸਵੀਕਾਰ ਕੀਤਾ ਹੈ, ਤਾਂ ਜੋ ਪਰਮੇਸ਼ਵਰ ਦੀ ਉਸਤਤ ਹੋਵੇ। 8ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਮਸੀਹ ਪਰਮੇਸ਼ਵਰ ਦੀ ਸੱਚਾਈ ਦੇ ਲਈ ਯਹੂਦੀ ਲੋਕਾਂ ਦਾ ਸੇਵਕ ਬਣ ਗਿਆ ਹੈ, ਤਾਂ ਜੋ ਪਰਮੇਸ਼ਵਰ ਸਾਡੇ ਪਿਉ-ਦਾਦਿਆਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰੇ।#15:8 ਮੱਤੀ 15:24 9ਅਤੇ ਇਸ ਤੋਂ ਇਲਾਵਾ, ਪਰਾਈਆਂ ਕੌਮਾਂ ਉਸ ਦੀ ਦਯਾ ਲਈ ਪਰਮੇਸ਼ਵਰ ਦੀ ਵਡਿਆਈ ਕਰਨ ਜਿਵੇਂ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ:
“ਇਸ ਲਈ ਮੈਂ ਪਰਾਈਆਂ ਕੌਮਾਂ ਦੇ ਵਿੱਚ ਤੇਰੀ ਉਸਤਤ ਕਰਾਂਗਾ;
ਮੈਂ ਤੁਹਾਡੇ ਨਾਮ ਦੀ ਉਸਤਤ ਗਾਵਾਂਗਾ।”#15:9 2 ਸ਼ਮੁ 22:50; ਜ਼ਬੂ 18:49
10ਫਿਰ, ਬਚਨ ਕਹਿੰਦਾ ਹੈ,
“ਤੁਸੀਂ ਗ਼ੈਰ-ਯਹੂਦੀਓ, ਉਸ ਦੇ ਲੋਕਾਂ ਨਾਲ ਖੁਸ਼ ਹੋਵੋ।”#15:10 ਬਿਵ 32:43
11ਅਤੇ ਦੁਬਾਰਾ ਫਿਰ ਕਹਿੰਦਾ ਹੈ,
“ਸਾਰੇ ਗ਼ੈਰ-ਯਹੂਦੀਓ, ਪ੍ਰਭੂ ਦੀ ਉਸਤਤ ਕਰੋ;
ਹੇ ਸਾਰੇ ਲੋਕੋ ਉਸ ਦੀ ਉਸਤਤ ਕਰੋ।”#15:11 ਜ਼ਬੂ 117:1
12ਅਤੇ ਯਸ਼ਾਯਾਹ ਫਿਰ ਕਹਿੰਦਾ ਹੈ,
“ਯੱਸੀ ਦੀ ਜੜ੍ਹ ਉੱਭਰੇਗੀ,
ਉਹ ਜੋ ਕੌਮਾਂ ਉੱਤੇ ਰਾਜ ਕਰਨ ਲਈ ਉੱਠੇਗਾ;
ਪਰਾਈਆਂ ਕੌਮਾਂ ਉਸ ਵਿੱਚ ਆਸ ਰੱਖਣਗੀਆਂ।”#15:12 ਯਸ਼ਾ 11:10 (ਸੈਪਟੁਜਿੰਟ ਦੇਖੋ)
13ਉਮੀਦ ਦਾ ਪਰਮੇਸ਼ਵਰ ਤੁਹਾਨੂੰ ਤੁਹਾਡੇ ਵਿਸ਼ਵਾਸ ਵਿੱਚ ਸਾਰੀ ਖੁਸ਼ੀ ਅਤੇ ਸ਼ਾਂਤੀ ਨਾਲ ਭਰ ਦੇਵੇ, ਤਾਂ ਜੋ ਤੁਸੀਂ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਉਮੀਦ ਵਿੱਚ ਭਰਪੂਰ ਹੋ ਸਕੋ।
ਗ਼ੈਰ-ਯਹੂਦੀਆਂ ਦਾ ਸੇਵਕ ਪੌਲੁਸ
14ਹੇ ਮੇਰੇ ਭਰਾਵੋ ਅਤੇ ਭੈਣੋ, ਮੈਨੂੰ ਖੁਦ ਯਕੀਨ ਹੈ ਕਿ ਤੁਸੀਂ ਖੁਦ ਭਲਾਈ ਨਾਲ ਭਰੇ ਹੋਏ ਹੋ, ਗਿਆਨ ਨਾਲ ਭਰੇ ਹੋਏ ਹੋ ਅਤੇ ਇੱਕ-ਦੂਜੇ ਨੂੰ ਸਿੱਖਿਆ ਦੇਣ ਦੇ ਯੋਗ ਹੋ। 15ਫਿਰ ਵੀ, ਮੈਂ ਤੁਹਾਨੂੰ ਦੁਬਾਰਾ ਯਾਦ ਕਰਾਉਣ ਲਈ ਕੁਝ ਵਿਸ਼ਿਆਂ ਉੱਤੇ ਹਿੰਮਤ ਨਾਲ ਲਿਖਿਆ ਹੈ। ਇਹ ਇਸ ਲਈ ਹੈ ਕਿਉਂਕਿ ਮੈਨੂੰ ਪਰਮੇਸ਼ਵਰ ਦੁਆਰਾ ਕਿਰਪਾ ਦਿੱਤੀ ਗਈ ਹੈ 16ਕਿ ਮੈਂ ਪਰਮੇਸ਼ਵਰ ਦੀ ਸਵਰਗੀ ਖੁਸ਼ਖ਼ਬਰੀ ਦੇ ਜਾਜਕ ਦੇ ਤੌਰ ਉੱਤੇ ਗ਼ੈਰ-ਯਹੂਦੀਆਂ ਲਈ ਮਸੀਹ ਯਿਸ਼ੂ ਦਾ ਸੇਵਕ ਹੋਵਾਂ, ਤਾਂ ਜੋ ਗ਼ੈਰ-ਯਹੂਦੀਆਂ ਦਾ ਚੜ੍ਹਾਇਆ ਜਾਣਾ ਪਵਿੱਤਰ ਆਤਮਾ ਦੇ ਵਸੀਲੇ ਨਾਲ ਪਵਿੱਤਰ ਬਣ ਕੇ ਸਵੀਕਾਰ ਹੋਵੇ।
17ਇਸ ਲਈ ਮੈਂ ਪਰਮੇਸ਼ਵਰ ਦੀ ਸੇਵਾ ਵਿੱਚ ਮਸੀਹ ਯਿਸ਼ੂ ਵਿੱਚ ਅਭਮਾਨ ਕਰਦਾ ਹਾਂ। 18ਮੈਂ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਬੋਲਾਂਗਾ ਕਿ ਮਸੀਹ ਯਿਸ਼ੂ ਨੇ ਮੈਨੂੰ ਗ਼ੈਰ-ਯਹੂਦੀਆਂ ਦੇ ਲਈ ਚੁਣਿਆ ਹੈ ਤਾਂ ਜੋ ਮੇਰੇ ਪ੍ਰਚਾਰ ਦੁਆਰਾ ਮੈਂ ਗ਼ੈਰ-ਯਹੂਦੀਆਂ ਨੂੰ ਪਰਮੇਸ਼ਵਰ ਦੀ ਆਗਿਆ ਵਿੱਚ ਲੈ ਕੇ ਆਵਾਂ। 19ਇਹ ਸਭ ਚਿੰਨ੍ਹ ਅਤੇ ਚਮਤਕਾਰਾਂ ਨਾਲ ਜੋ ਪਰਮੇਸ਼ਵਰ ਦੇ ਆਤਮਾ ਦੀ ਸ਼ਕਤੀ ਦੁਆਰਾ ਹੈ। ਇਸ ਲਈ ਯੇਰੂਸ਼ਲੇਮ ਤੋਂ ਲੈ ਕੇ ਇੱਲੁਰਿਕੁਨ ਤੱਕ, ਮੈਂ ਮਸੀਹ ਦੀ ਖੁਸ਼ਖ਼ਬਰੀ ਦਾ ਪੂਰੀ ਤਰ੍ਹਾਂ ਐਲਾਨ ਕੀਤਾ ਹੈ। 20ਮੇਰੀ ਹਮੇਸ਼ਾ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਦੀ ਇੱਛਾ ਰਹੀ ਹੈ ਜਿੱਥੇ ਮਸੀਹ ਨੂੰ ਨਹੀਂ ਜਾਣਿਆ ਜਾਂਦਾ ਸੀ, ਤਾਂ ਜੋ ਮੈਂ ਕਿਸੇ ਹੋਰ ਦੀ ਨੀਂਹ ਉੱਤੇ ਨਿਰਮਾਣ ਨਾ ਕਰਾਂ। 21ਸਗੋਂ, ਜਿਵੇਂ ਕਿ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ:
“ਜਿਨ੍ਹਾਂ ਨੂੰ ਉਸ ਦੇ ਬਾਰੇ ਨਹੀਂ ਦੱਸਿਆ ਗਿਆ ਸੀ ਉਹ ਵੇਖਣਗੇ,
ਅਤੇ ਜਿਨ੍ਹਾਂ ਨੇ ਨਹੀਂ ਸੁਣਿਆ ਉਹ ਸਮਝਣਗੇ।”#15:21 ਯਸ਼ਾ 52:15 (ਸੈਪਟੁਜਿੰਟ ਦੇਖੋ)
22ਇਸੇ ਕਰਕੇ ਮੈਨੂੰ ਤੁਹਾਡੇ ਕੋਲ ਆਉਣ ਤੋਂ ਅਕਸਰ ਰੋਕਿਆ ਜਾਂਦਾ ਰਿਹਾ ਹੈ।#15:22 ਰੋਮਿ 1:13
ਪੌਲੁਸ ਦੀ ਰੋਮ ਜਾਣ ਦੀ ਯੋਜਨਾ
23ਪਰ ਹੁਣ ਜਦੋਂ ਕਿ ਇਨ੍ਹਾਂ ਖੇਤਰਾਂ ਵਿੱਚ ਮੇਰੇ ਲਈ ਕੰਮ ਕਰਨ ਲਈ ਕੋਈ ਹੋਰ ਜਗ੍ਹਾ ਨਹੀਂ ਹੈ, ਅਤੇ ਜਦੋਂ ਕਿ ਮੈਂ ਤੁਹਾਨੂੰ ਮਿਲਣ ਲਈ ਕਈ ਸਾਲਾਂ ਤੋਂ ਤਰਸ ਰਿਹਾ ਹਾਂ। 24ਇਹ ਮੇਰੇ ਲਈ ਸੰਭਵ ਹੋਵੇਗਾ ਜਦੋਂ ਮੈਂ ਸਪੇਨ ਜਾਵਾਂਗਾ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਜਾਂਦੇ ਸਮੇਂ ਮਿਲੋਗੇ ਅਤੇ ਕੁਝ ਸਮੇਂ ਲਈ ਤੁਹਾਡੀ ਸੰਗਤੀ ਦਾ ਆਨੰਦ ਲਵਾਂਗਾ ਅਤੇ ਤੁਹਾਡੀ ਸਹਾਇਤਾ ਪ੍ਰਾਪਤ ਕਰਾਂਗਾ। 25ਪਰ ਹੁਣ, ਮੈਂ ਯੇਰੂਸ਼ਲੇਮ ਨੂੰ ਜਾ ਰਿਹਾ ਹਾਂ, ਉੱਥੇ ਪ੍ਰਭੂ ਦੇ ਸੰਤਾਂ ਦੀ ਸੇਵਾ ਕਰਨ ਲਈ ਜਾਂਦਾ ਹਾਂ। 26ਕਿਉਂਕਿ ਮਕਦੂਨਿਯਾ ਅਤੇ ਅਖਾਯਾ ਦੀ ਕਲੀਸਿਆ ਯੇਰੂਸ਼ਲੇਮ ਵਿੱਚ ਪ੍ਰਭੂ ਦੇ ਸੰਤਾਂ ਦੇ ਲਈ ਜੋ ਗਰੀਬ ਸਨ ਯੋਗਦਾਨ ਪਾ ਕੇ ਖੁਸ਼ ਸਨ। 27ਉਹ ਇਸ ਨੂੰ ਕਰਨ ਵਿੱਚ ਖੁਸ਼ ਸਨ, ਅਤੇ ਸੱਚ-ਮੁੱਚ ਉਹ ਉਹਨਾਂ ਦੇ ਕਰਜ਼ਦਾਰ ਹਨ। ਕਿਉਂਕਿ ਜੇ ਗ਼ੈਰ-ਯਹੂਦੀਆਂ ਨੇ ਯਹੂਦੀਆਂ ਦੀਆਂ ਆਤਮਿਕ ਬਰਕਤਾਂ ਵਿੱਚ ਹਿੱਸਾ ਲਿਆ ਹੈ, ਤਾਂ ਉਹ ਯਹੂਦੀਆਂ ਦੇ ਨਾਲ ਆਪਣੀਆਂ ਸਰੀਰਕ ਬਰਕਤਾਂ ਵੀ ਸਾਂਝਿਆਂ ਕਰਨ। 28ਜਿਵੇਂ ਹੀ ਮੈਂ ਇਹ ਦਾਨ ਦੇ ਦਿੱਤਾ ਅਤੇ ਉਹਨਾਂ ਦਾ ਇਹ ਨੇਕ ਕੰਮ ਪੂਰਾ ਕਰ ਲਿਆ, ਮੈਂ ਸਪੇਨ ਜਾਂਦੇ ਹੋਏ ਤੁਹਾਨੂੰ ਮਿਲਣ ਆਵਾਂਗਾ। 29ਮੈਂ ਜਾਣਦਾ ਹਾਂ ਕਿ ਜਦੋਂ ਮੈਂ ਤੁਹਾਡੇ ਕੋਲ ਆਵਾਂਗਾ, ਮੈਂ ਮਸੀਹ ਦੀ ਬਰਕਤ ਦੇ ਪੂਰੇ ਪੈਮਾਨੇ ਦੇ ਨਾਲ ਆਵਾਂਗਾ।
30ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਪ੍ਰਭੂ ਯਿਸ਼ੂ ਮਸੀਹ ਅਤੇ ਪਵਿੱਤਰ ਆਤਮਾ ਦੇ ਪਿਆਰ ਦੁਆਰਾ, ਮੇਰੇ ਲਈ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਕੇ ਮੇਰੇ ਨਾਲ ਸੰਘਰਸ਼ ਵਿੱਚ ਸ਼ਾਮਲ ਹੋਵੋ। 31ਪ੍ਰਾਰਥਨਾ ਕਰੋ ਕਿ ਮੈਨੂੰ ਯਹੂਦਿਯਾ ਦੇ ਅਵਿਸ਼ਵਾਸੀਆਂ ਤੋਂ ਸੁਰੱਖਿਅਤ ਰੱਖਿਆ ਜਾਵੇ ਅਤੇ ਜੋ ਯੇਰੂਸ਼ਲੇਮ ਵਿੱਚ ਮੈਂ ਯੋਗਦਾਨ ਪਾਉਂਦਾ ਹਾਂ ਉਹ ਪ੍ਰਭੂ ਦੇ ਸੰਤਾਂ ਦੁਆਰਾ ਉੱਥੇ ਪ੍ਰਾਪਤ ਕੀਤਾ ਜਾ ਸਕੇ, 32ਤਾਂ ਜੋ ਮੈਂ ਖੁਸ਼ੀ ਨਾਲ, ਪਰਮੇਸ਼ਵਰ ਦੀ ਇੱਛਾ ਨਾਲ ਤੁਹਾਡੇ ਕੋਲ ਆ ਸਕਾਂ, ਅਤੇ ਤੁਹਾਡੀ ਸੰਗਤ ਵਿੱਚ ਆਰਾਮ ਕਰ ਸਕਾਂ। 33ਸ਼ਾਂਤੀ ਦਾ ਪਰਮੇਸ਼ਵਰ ਤੁਹਾਡੇ ਸਾਰਿਆਂ ਦੇ ਨਾਲ ਹੋਵੇ। ਆਮੀਨ।