ਮਲਾਕੀ 3

3
1“ਮੈਂ ਆਪਣਾ ਦੂਤ ਤੇਰੇ ਅੱਗੇ ਭੇਜਦਾ ਹਾਂ, ਜੋ ਮੇਰੇ ਅੱਗੇ ਰਸਤਾ ਤਿਆਰ ਕਰੇਗਾ। ਫਿਰ ਅਚਾਨਕ ਯਾਹਵੇਹ ਜਿਸ ਨੂੰ ਤੁਸੀਂ ਲੱਭ ਰਹੇ ਹੋ ਉਹ ਆਪਣੀ ਹੈਕਲ ਵਿੱਚ ਆ ਜਾਵੇਗਾ; ਨੇਮ ਦਾ ਦੂਤ, ਜਿਸਨੂੰ ਤੁਸੀਂ ਚਾਹੁੰਦੇ ਹੋ, ਉਹ ਆਵੇਗਾ,” ਸਰਬਸ਼ਕਤੀਮਾਨ ਯਾਹਵੇਹ ਕਹਿੰਦਾ ਹੈ।
2ਪਰ ਉਸ ਦੇ ਆਉਣ ਵਾਲੇ ਦਿਨ ਨੂੰ ਕੌਣ ਸਹਾਰ ਸਕਦਾ ਹੈ? ਜਦੋਂ ਉਹ ਪ੍ਰਗਟ ਹੁੰਦਾ ਹੈ, ਤਾਂ ਉਸ ਦੇ ਅੱਗੇ ਕੌਣ ਖੜ੍ਹਾ ਹੋ ਸਕਦਾ ਹੈ? ਕਿਉਂਕਿ ਇਹ ਸੁਨਿਆਰੇ ਦੀ ਭੱਠੀ ਵਾਂਗ ਜਾਂ ਧੋਤੀ ਦੇ ਸਾਬਣ ਵਰਗਾ ਹੋਵੇਗਾ। 3ਉਹ ਚਾਂਦੀ ਨੂੰ ਤਾਉਣ ਅਤੇ ਸ਼ੁੱਧ ਕਰਨ ਲਈ ਬੈਠੇਗਾ; ਉਹ ਲੇਵੀਆਂ ਨੂੰ ਚਾਂਦੀ ਵਾਂਗ ਸ਼ੁੱਧ ਕਰੇਗਾ ਅਤੇ ਉਹਨਾਂ ਨੂੰ ਸੋਨੇ ਵਾਂਗ ਅੱਗ ਵਿੱਚ ਤਾਵੇਗਾ। ਤਦ ਯਾਹਵੇਹ ਦੇ ਕੋਲ ਅਜਿਹੇ ਮਨੁੱਖ ਹੋਣਗੇ ਜੋ ਧਾਰਮਿਕਤਾ ਵਿੱਚ ਚੜ੍ਹਾਵੇ ਲਿਆਉਣਗੇ, 4ਅਤੇ ਯਹੂਦਾਹ ਅਤੇ ਯੇਰੂਸ਼ਲੇਮ ਦੀਆਂ ਭੇਟਾਂ ਯਾਹਵੇਹ ਨੂੰ ਪਸੰਦ ਹੋਣਗੀਆਂ, ਜਿਵੇਂ ਅਸੀਂ ਪਹਿਲੇ ਦਿਨਾਂ ਅਤੇ ਪੁਰਾਣੇ ਸਾਲਾਂ ਵਿੱਚ ਸਵੀਕਾਰ ਕਰਦੇ ਸੀ।
5“ਫਿਰ ਮੈਂ ਤੁਹਾਨੂੰ ਪਰਖਣ ਲਈ ਆਵਾਂਗਾ। ਮੈਂ ਤੁਰੰਤ ਉਨ੍ਹਾਂ ਲੋਕਾਂ ਦੇ ਵਿਰੁੱਧ ਗਵਾਹੀ ਦੇਵਾਂਗਾ, ਜੋ ਜਾਦੂ-ਟੂਣੇ ਕਰਦੇ ਹਨ, ਜੋ ਵਿਭਚਾਰ ਕਰਦੇ ਹਨ, ਜੋ ਝੂਠੀ ਗਵਾਹੀ ਦਿੰਦੇ ਹਨ, ਜੋ ਮਜ਼ਦੂਰਾਂ ਦੀ ਮਜ਼ਦੂਰੀ ਨੂੰ ਦਬਾਉਂਦੇ ਹਨ, ਜੋ ਵਿਧਵਾਵਾਂ ਅਤੇ ਅਨਾਥਾਂ ਉੱਤੇ ਜ਼ੁਲਮ ਕਰਦੇ ਹਨ, ਅਤੇ ਤੁਹਾਡੇ ਵਿੱਚ ਰਹਿਣ ਵਾਲੇ ਪਰਦੇਸੀਆਂ ਦੇ ਨਿਆਂ ਨੂੰ ਵਿਗਾੜਦੇ ਹਨ, ਅਤੇ ਮੇਰਾ ਹੁਕਮ ਨਹੀਂ ਮੰਨਦੇ,” ਸਰਵਸ਼ਕਤੀਮਾਨ ਯਾਹਵੇਹ ਇਹ ਕਹਿੰਦਾ ਹੈ।
ਦਸਵੰਧ ਰੋਕ ਕੇ ਨੇਮ ਤੋੜਨਾ
6“ਮੈਂ ਯਾਹਵੇਹ ਨਹੀਂ ਬਦਲਦਾ। ਇਸ ਲਈ ਹੇ ਯਾਕੋਬ ਦੇ ਉੱਤਰਾਧਿਕਾਰੀ, ਤੁਸੀਂ ਨਾਸ਼ ਨਹੀਂ ਹੋਵੋਗੇ। 7ਆਪਣੇ ਪੁਰਖਿਆਂ ਦੇ ਦਿਨਾਂ ਤੋਂ ਮੇਰੀਆਂ ਬਿਧੀਆਂ ਤੋਂ ਬੇਮੁੱਖ ਹੁੰਦੇ ਆਏ ਹੋ ਅਤੇ ਉਹਨਾਂ ਦੀ ਪਾਲਣਾ ਨਹੀਂ ਕੀਤੀ। ਮੇਰੇ ਕੋਲ ਵਾਪਸ ਆਓ ਅਤੇ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ,” ਸਰਬਸ਼ਕਤੀਮਾਨ ਯਾਹਵੇਹ ਇਹ ਕਹਿੰਦਾ ਹੈ।
“ਪਰ ਤੁਸੀਂ ਕਹਿੰਦੇ ਹੋ, ‘ਅਸੀਂ ਵਾਪਸ ਕਿਵੇਂ ਜਾਵਾਂਗੇ?’
8“ਕੀ ਕੋਈ ਮਨੁੱਖ ਪਰਮੇਸ਼ਵਰ ਨੂੰ ਠੱਗ ਸਕਦਾ? ਫਿਰ ਵੀ ਤੁਸੀਂ ਮੈਨੂੰ ਠੱਗ ਲਿਆ।
“ਪਰ ਤੁਸੀਂ ਆਖਦੇ ਹੋ, ‘ਕਿਹੜੀ ਗੱਲ ਵਿੱਚ ਅਸੀਂ ਤੈਨੂੰ ਠੱਗ ਲਿਆ?’
“ਦਸਵੰਧਾ ਅਤੇ ਚੜ੍ਹਾਵਿਆ ਵਿੱਚ। 9ਤੁਸੀਂ ਸਰਾਪ ਦੇ ਅਧੀਨ ਹੋ ਤੁਸੀਂ ਮੈਨੂੰ ਠੱਗਦੇ ਹੋ, ਸਗੋਂ ਸਾਰੀ ਕੌਮ ਵੀ ਅਜਿਹਾ ਕਰਦੀ ਹੈ। 10ਸਾਰੇ ਦਸਵੰਧ ਮੇਰੇ ਭਵਨ ਵਿੱਚ ਲਿਆਓ ਤਾਂ ਜੋ ਮੇਰੇ ਭਵਨ ਵਿੱਚ ਭੋਜਨ ਹੋਵੇ। ਮੈਨੂੰ ਇਸ ਵਿੱਚ ਪਰਖੋ” ਸਰਵਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ, “ਕੀ ਮੈਂ ਤੁਹਾਡੇ ਲਈ ਅਕਾਸ਼ ਦੀਆਂ ਖਿੜਕੀਆਂ ਖੋਲ੍ਹਦਾ ਹਾਂ ਕਿ ਨਹੀਂ, ਤਾਂ ਕਿ ਤੁਹਾਡੇ ਲਈ ਬਰਕਤ ਵਰ੍ਹਾਵਾਂ ਇੱਥੋਂ ਤੱਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ। 11ਮੈਂ ਕੀੜਿਆਂ ਨੂੰ ਤੁਹਾਡੀਆਂ ਫ਼ਸਲਾਂ ਨੂੰ ਖਾ ਜਾਣ ਤੋਂ ਝਿੜਕਾਂਗਾ ਅਤੇ ਤੁਹਾਡੇ ਅੰਗੂਰੀ ਪੈਲੀ ਵਿੱਚ ਸਮੇਂ ਤੋਂ ਪਹਿਲਾਂ ਫਲ ਨਾ ਡਿੱਗਣਗੇ,” ਸਰਬਸ਼ਕਤੀਮਾਨ ਯਾਹਵੇਹ ਦਾ ਇਹ ਕਹਿਣਾ ਹੈ। 12“ਤਦ ਸਾਰੀਆਂ ਕੌਮਾਂ ਤੈਨੂੰ ਮੁਬਾਰਕ ਆਖਣਗੀਆਂ, ਕਿਉਂਕਿ ਤੁਸੀਂ ਇੱਕ ਖੁਸ਼ੀ ਦਾ ਦੇਸ਼ ਹੋਵੋਗੇ,” ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ।
ਇਸਰਾਏਲ ਦਾ ਪਰਮੇਸ਼ਵਰ ਦੇ ਵਿਰੁੱਧ ਹੰਕਾਰ
13ਯਾਹਵੇਹ ਆਖਦਾ ਹੈ, “ਤੁਸੀਂ ਮੇਰੇ ਵਿਰੁੱਧ ਹੰਕਾਰ ਨਾਲ ਬੋਲਿਆ ਹੈ।
“ਫਿਰ ਵੀ ਤੁਸੀਂ ਪੁੱਛਦੇ ਹੋ, ‘ਅਸੀਂ ਤੁਹਾਡੇ ਵਿਰੁੱਧ ਕੀ ਕਿਹਾ ਹੈ?’
14“ਤੁਸੀਂ ਕਿਹਾ ਹੈ, ‘ਪਰਮੇਸ਼ਵਰ ਦੀ ਸੇਵਾ ਕਰਨੀ ਵਿਅਰਥ ਹੈ। ਅਤੇ ਕੀ ਲਾਭ ਹੈ ਕਿ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ ਅਤੇ ਸਰਬਸ਼ਕਤੀਮਾਨ ਦੇ ਯਾਹਵੇਹ ਦੇ ਸਨਮੁਖ ਸਿਆਪਾ ਕਰਦੇ ਹੋਏੇ ਚੱਲੀਏ? 15ਪਰ ਹੁਣ ਅਸੀਂ ਹੰਕਾਰੀ ਨੂੰ ਧੰਨ ਆਖਦੇ ਹਾਂ। ਨਿਸ਼ਚਤ ਤੌਰ ਤੇ ਦੁਸ਼ਟ ਲੋਕ ਸਫ਼ਲ ਹੁੰਦੇ ਹਨ ਅਤੇ ਭਾਵੇਂ ਉਹ ਪਰਮੇਸ਼ਵਰ ਨੂੰ ਪਰਖਦੇ ਹਨ, ਉਹ ਇਸ ਤੋਂ ਬਚ ਜਾਂਦੇ ਹਨ।’ ”
ਵਫ਼ਾਦਾਰ
16ਤਦ ਉਹ ਜਿਹੜੇ ਯਾਹਵੇਹ ਤੋਂ ਡਰਦੇ ਸਨ ਇੱਕ-ਦੂਜੇ ਨਾਲ ਗੱਲਾਂ ਕੀਤੀਆਂ ਅਤੇ ਯਾਹਵੇਹ ਨੇ ਧਿਆਨ ਦਿੱਤਾ ਅਤੇ ਸੁਣੀਆਂ। ਤਾਂ ਯਾਹਵੇਹ ਤੋਂ ਡਰਨ ਵਾਲਿਆਂ ਲਈ ਅਤੇ ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ ਲਈ ਉਸ ਦੇ ਸਨਮੁਖ ਯਾਦਗਿਰੀ ਦੀ ਪੁਸਤਕ ਲਿਖੀ ਗਈ।
17ਸਰਬਸ਼ਕਤੀਮਾਨ ਯਾਹਵੇਹ ਕਹਿੰਦਾ ਹੈ, ਉਹ ਮੇਰੇ ਲਈ ਹੋਣਗੇ ਅਰਥਾਤ ਉਹ ਮੇਰੀ ਕੀਮਤੀ ਵਿਰਾਸਤ ਹੋਣਗੇ, ਜਿਸ ਦਿਨ ਮੈਂ ਇਹ ਕਰਾਂ, ਮੈਂ ਉਹਨਾਂ ਨੂੰ ਬਖ਼ਸ਼ ਦਿਆਂਗਾ ਜਿਵੇਂ ਕੋਈ ਮਨੁੱਖ ਆਪਣੀ ਸੇਵਾ ਕਰਨ ਵਾਲੇ ਪੁੱਤਰ ਨੂੰ ਬਖ਼ਸ਼ ਦਿੰਦਾ ਹੈ। 18ਅਤੇ ਫਿਰ ਤੁਸੀਂ ਧਰਮੀ ਅਤੇ ਦੁਸ਼ਟ ਵਿੱਚ, ਅਤੇ ਉਨ੍ਹਾਂ ਲੋਕਾਂ ਵਿੱਚ ਜੋ ਪਰਮੇਸ਼ਵਰ ਦੀ ਸੇਵਾ ਕਰਦੇ ਹਨ ਅਤੇ ਪਰਮੇਸ਼ਵਰ ਦੀ ਸੇਵਾ ਦੀ ਸੇਵਾ ਨਾ ਕਰਨ ਵਾਲੇ ਵਿੱਚ ਫ਼ਰਕ ਦੇਖੋਗੇ।

Àwon tá yàn lọ́wọ́lọ́wọ́ báyìí:

ਮਲਾਕੀ 3: OPCV

Ìsàmì-sí

Pín

Daako

None

Ṣé o fẹ́ fi àwọn ohun pàtàkì pamọ́ sórí gbogbo àwọn ẹ̀rọ rẹ? Wọlé pẹ̀lú àkántì tuntun tàbí wọlé pẹ̀lú àkántì tí tẹ́lẹ̀