ਲੂਕਸ 18

18
ਇੱਕ ਵਿਧਵਾ ਦੀ ਦਿੜ੍ਹਤਾ ਦਾ ਦ੍ਰਿਸ਼ਟਾਂਤ
1ਇੱਕ ਦਿਨ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਇੱਕ ਦ੍ਰਿਸ਼ਟਾਂਤ ਵਿੱਚ ਗੱਲਾਂ ਕਰ ਕੇ ਕਹਿਣ ਲੱਗਾ ਕਿ ਉਹਨਾਂ ਨੂੰ ਹਮੇਸ਼ਾ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਹਾਰ ਨਹੀਂ ਮੰਨਣੀ ਚਾਹੀਦੀ। 2ਉਹਨਾਂ ਨੇ ਕਿਹਾ: “ਕਿਸੇ ਸ਼ਹਿਰ ਵਿੱਚ ਇੱਕ ਜੱਜ ਸੀ ਜੋ ਨਾ ਤਾਂ ਪਰਮੇਸ਼ਵਰ ਦਾ ਡਰ ਮੰਨਦਾ ਸੀ ਅਤੇ ਨਾ ਹੀ ਲੋਕਾਂ ਦੀ ਸੋਚ ਦੀ ਪਰਵਾਹ ਕਰਦਾ ਸੀ। 3ਅਤੇ ਉਸ ਨਗਰ ਵਿੱਚ ਇੱਕ ਵਿਧਵਾ ਔਰਤ ਸੀ ਜੋ ਉਸ ਕੋਲ ਬੇਨਤੀ ਕਰਦੀ ਰਹੀ, ‘ਮੈਨੂੰ ਮੇਰੇ ਵਿਰੋਧੀਆਂ ਤੋਂ ਮੇਰਾ ਬਦਲਾ ਲੈ ਦਿਓ।’
4“ਕੁਝ ਸਮੇਂ ਲਈ ਉਸ ਜੱਜ ਨੇ ਇਨਕਾਰ ਕੀਤਾ। ਪਰ ਅੰਤ ਵਿੱਚ ਉਸ ਨੇ ਆਪਣੇ ਆਪ ਨੂੰ ਕਿਹਾ, ‘ਭਾਵੇਂ ਕਿ ਮੈਂ ਪਰਮੇਸ਼ਵਰ ਦਾ ਡਰ ਨਹੀਂ ਮੰਨਦਾ ਜਾਂ ਪਰਵਾਹ ਨਹੀਂ ਕਰਦਾ ਕਿ ਲੋਕ ਕੀ ਸੋਚਦੇ ਹਨ, 5ਫਿਰ ਵੀ ਕਿਉਂਕਿ ਇਹ ਵਿਧਵਾ ਮੈਨੂੰ ਪਰੇਸ਼ਾਨ ਕਰਦੀ ਰਹਿੰਦੀ ਹੈ, ਇਸ ਲਈ ਇਹ ਵਧੀਆ ਰਹੇਗਾ ਕਿ ਮੈਂ ਇਸ ਦਾ ਨਿਆਂ ਕਰਾਂ ਤਾਂ ਜੋ ਇਹ ਬਾਰ-ਬਾਰ ਆ ਕੇ ਮੈਨੂੰ ਤੰਗ ਨਾ ਕਰੇ।’ ”
6ਅਤੇ ਪ੍ਰਭੂ ਨੇ ਅੱਗੇ ਕਿਹਾ, “ਉਸ ਬੇਇਨਸਾਫ ਜੱਜ ਦੇ ਸ਼ਬਦਾਂ ਵੱਲ ਧਿਆਨ ਦਿਓ ਜੋ ਉਹ ਕੀ ਕਹਿੰਦਾ ਹੈ। 7ਅਤੇ ਕੀ ਪਰਮੇਸ਼ਵਰ ਆਪਣੇ ਚੁਣੇ ਹੋਏ ਲੋਕਾਂ ਲਈ ਨਿਆਂ ਨਹੀਂ ਕਰੇਗਾ, ਜੋ ਉਹਨਾਂ ਨੂੰ ਦਿਨ-ਰਾਤ ਪੁਕਾਰਦੇ ਹਨ? ਕੀ ਉਹ ਉਨ੍ਹਾਂ ਬਾਰੇ ਦੇਰੀ ਕਰੇਗਾ? 8ਮੈਂ ਤੁਹਾਨੂੰ ਦੱਸਦਾ ਹਾਂ, ਉਹ ਵੇਖਣਗੇ ਕਿ ਉਹਨਾਂ ਨੂੰ ਜਲਦੀ ਨਿਆਂ ਮਿਲੇ। ਪਰ ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਕੀ ਉਸ ਵੇਲੇ ਤੱਕ ਧਰਤੀ ਉੱਤੇ ਵਿਸ਼ਵਾਸ ਬਣਿਆ ਰਹੇਗਾ?”
ਫ਼ਰੀਸੀ ਅਤੇ ਚੁੰਗੀ ਲੈਣ ਵਾਲੇ ਦਾ ਦ੍ਰਿਸ਼ਟਾਂਤ
9ਯਿਸ਼ੂ ਨੇ ਉਹਨਾਂ ਲਈ ਜਿਹੜੇ ਆਪਣੇ ਆਪ ਨੂੰ ਧਰਮੀ ਮੰਨਦੇ ਸਨ ਪਰ ਦੂਜਿਆਂ ਨੂੰ ਨੀਵਾਂ ਵੇਖਦੇ ਸਨ ਅਤੇ ਇਹ ਦ੍ਰਿਸ਼ਟਾਂਤ ਸੁਣਾਇਆ: 10“ਦੋ ਆਦਮੀ ਹੈਕਲ ਵਿੱਚ ਪ੍ਰਾਰਥਨਾ ਕਰਨ ਲਈ ਗਏ, ਇੱਕ ਫ਼ਰੀਸੀ ਅਤੇ ਦੂਸਰਾ ਇੱਕ ਚੁੰਗੀ ਲੈਣ ਵਾਲਾ ਸੀ। 11ਫ਼ਰੀਸੀ ਨੇ ਖੜ੍ਹੇ ਹੋ ਕੇ ਇਸ ਤਰ੍ਹਾਂ ਪ੍ਰਾਰਥਨਾ ਕੀਤੀ: ‘ਹੇ ਪਰਮੇਸ਼ਵਰ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਮੈਂ ਦੂਸਰੇ ਲੋਕਾਂ ਦੀ ਤਰ੍ਹਾਂ ਨਹੀਂ ਹਾਂ: ਲੁਟੇਰਾ, ਬਦਕਾਰੀ, ਵਿਭਚਾਰੀ ਜਾਂ ਇੱਥੋਂ ਤੱਕ ਕਿ ਇਸ ਚੁੰਗੀ ਲੈਣ ਵਾਲੇ ਵਾਂਗ ਨਹੀਂ ਹਾਂ। 12ਮੈਂ ਹਫ਼ਤੇ ਵਿੱਚ ਦੋ ਵਾਰ ਵਰਤ ਰੱਖਦਾ ਹਾਂ ਅਤੇ ਜੋ ਵੀ ਮੈਨੂੰ ਮਿਲਦਾ ਹੈ ਉਸ ਦਾ ਦਸਵੰਧ ਦਿੰਦਾ ਹਾਂ।’
13“ਪਰ ਚੁੰਗੀ ਲੈਣ ਵਾਲਾ ਕੁਝ ਦੂਰੀ ਉੱਤੇ ਖੜ੍ਹਾ ਰਿਹਾ। ਉਸ ਨੇ ਇਹ ਵੀ ਨਾ ਚਾਹਿਆ ਜੋ ਆਪਣੀਆਂ ਅੱਖਾਂ ਸਵਰਗ ਦੇ ਵੱਲ ਚੁੱਕੇ, ਪਰ ਆਪਣੀ ਛਾਤੀ ਨੂੰ ਕੁੱਟਦੇ ਹੋਏ ਪ੍ਰਾਰਥਨਾ ਕੀਤੀ, ‘ਹੇ ਪਰਮੇਸ਼ਵਰ, ਮੈਂ ਇੱਕ ਪਾਪੀ ਹਾਂ, ਮੇਰੇ ਉੱਤੇ ਕਿਰਪਾ ਕਰ।’
14“ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਚੁੰਗੀ ਲੈਣ ਵਾਲਾ, ਦੂਸਰੇ ਦੀ ਬਜਾਏ, ਪਰਮੇਸ਼ਵਰ ਦੇ ਅੱਗੇ ਧਰਮੀ ਠਹਿਰਿਆ। ਜੋ ਕੋਈ ਆਪਣੇ ਆਪ ਨੂੰ ਉੱਚਾ ਕਰੇਂਗਾ, ਉਹ ਨੀਵਾਂ ਕੀਤਾ ਜਾਵੇਗਾ, ਅਤੇ ਜੋ ਕੋਈ ਆਪਣੇ ਆਪ ਨੂੰ ਨੀਵਾਂ ਕਰੇਂਗਾ, ਉਹ ਉੱਚਾ ਕੀਤਾ ਜਾਵੇਗਾ।”
ਯਿਸ਼ੂ ਅਤੇ ਛੋਟੇ ਬੱਚੇ
15ਲੋਕ ਆਪਣੇ ਛੋਟੇ ਬੱਚਿਆਂ ਨੂੰ ਯਿਸ਼ੂ ਕੋਲ ਲਿਆ ਰਹੇ ਸਨ ਤਾਂ ਜੋ ਯਿਸ਼ੂ ਉਹਨਾਂ ਉੱਪਰ ਆਪਣਾ ਹੱਥ ਰੱਖੇ। ਜਦੋਂ ਚੇਲਿਆਂ ਨੇ ਇਹ ਵੇਖਿਆ ਤਾਂ ਉਹਨਾਂ ਨੇ ਉਹਨਾਂ ਨੂੰ ਝਿੜਕਿਆ 16ਪਰ ਯਿਸ਼ੂ ਨੇ ਬੱਚਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਆਖਿਆ, “ਛੋਟੇ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਹਨਾਂ ਨੂੰ ਨਾ ਰੋਕੋ ਕਿਉਂਕਿ ਪਰਮੇਸ਼ਵਰ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ। 17ਮੈਂ ਤੁਹਾਨੂੰ ਸੱਚ ਆਖਦਾ ਹਾਂ, ਜਿਹੜਾ ਮਨੁੱਖ ਇੱਕ ਛੋਟੇ ਬੱਚੇ ਵਾਂਗ ਪਰਮੇਸ਼ਵਰ ਦੇ ਰਾਜ ਨੂੰ ਕਬੂਲ ਨਾ ਕਰੇ ਉਹ ਕਦੇ ਵੀ ਉਸ ਵਿੱਚ ਪ੍ਰਵੇਸ਼ ਨਹੀਂ ਕਰੇਂਗਾ।”
ਅਮੀਰ ਅਤੇ ਪਰਮੇਸ਼ਵਰ ਦਾ ਰਾਜ
18ਇੱਕ ਯਹੂਦੀ ਪ੍ਰਧਾਨ ਨੇ ਉਹਨਾਂ ਨੂੰ ਪੁੱਛਿਆ, “ਚੰਗੇ ਗੁਰੂ ਜੀ, ਸਦੀਪਕ ਜੀਵਨ ਪ੍ਰਾਪਤ ਕਰਨ ਲਈ ਮੈਂ ਕੀ ਕਰਾਂ?”
19ਯਿਸ਼ੂ ਨੇ ਜਵਾਬ ਦਿੱਤਾ, “ਤੁਸੀਂ ਮੈਨੂੰ ਉੱਤਮ ਕਿਉਂ ਕਹਿੰਦੇ ਹੋ? ਇਕੱਲੇ ਪਰਮੇਸ਼ਵਰ ਤੋਂ ਇਲਾਵਾ ਕੋਈ ਵੀ ਉੱਤਮ ਨਹੀਂ ਹੈ। 20ਤੁਸੀਂ ਇਨ੍ਹਾਂ ਹੁਕਮਾਂਂ ਨੂੰ ਜਾਣਦੇ ਹੋ: ‘ਕਿ ਤੂੰ ਵਿਭਚਾਰ ਨਾ ਕਰ, ਤੂੰ ਕਤਲ ਨਾ ਕਰ, ਤੂੰ ਚੋਰੀ ਨਾ ਕਰ, ਤੂੰ ਝੂਠੀ ਗਵਾਹੀ ਨਾ ਦੇ, ਤੂੰ ਆਪਣੇ ਪਿਤਾ ਅਤੇ ਮਾਤਾ ਦਾ ਸਤਿਕਾਰ ਕਰ।’ ”#18:20 ਕੂਚ 20:12-16; ਬਿਵ 5:16-20
21ਉਸ ਨੇ ਕਿਹਾ, “ਇਹ ਸਭ ਕੁਝ ਮੈਂ ਬਚਪਨ ਤੋਂ ਹੀ ਕਰਦਾ ਆ ਰਿਹਾ ਹਾਂ।”
22ਜਦੋਂ ਯਿਸ਼ੂ ਨੇ ਇਹ ਸੁਣਿਆ ਤਾਂ ਉਸ ਨੇ ਉਸ ਨੂੰ ਕਿਹਾ, “ਅਜੇ ਵੀ ਇੱਕ ਚੀਜ਼ ਦੀ ਤੇਰੇ ਵਿੱਚ ਘਾਟ ਹੈ। ਆਪਣਾ ਸਭ ਕੁਝ ਵੇਚ ਅਤੇ ਗਰੀਬਾਂ ਨੂੰ ਵੰਡ ਦੇ, ਤਾਂ ਤੈਨੂੰ ਸਵਰਗ ਵਿੱਚ ਖ਼ਜ਼ਾਨਾ ਮਿਲੇਗਾ ਫਿਰ ਆ ਮੇਰੇ ਮਗਰ ਚੱਲ।”
23ਜਦੋਂ ਉਸ ਨੇ ਇਹ ਸੁਣਿਆ ਤਾਂ ਉਹ ਬੜਾ ਉਦਾਸ ਹੋਇਆ ਕਿਉਂਕਿ ਉਹ ਬਹੁਤ ਧਨਵਾਨ ਸੀ। 24ਯਿਸ਼ੂ ਨੇ ਉਸ ਵੱਲ ਵੇਖਿਆ ਅਤੇ ਕਿਹਾ, “ਅਮੀਰ ਲੋਕਾਂ ਲਈ ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋਣਾ ਕਿੰਨਾ ਔਖਾ ਹੈ! 25ਧਨੀ ਵਿਅਕਤੀ ਦਾ ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋਣ ਨਾਲੋਂ, ਊਠ ਦਾ ਸੂਈ ਦੇ ਨੱਕੇ ਦੇ ਵਿੱਚੋਂ ਦੀ ਲੰਘਣਾ ਸੌਖਾ ਹੈ।”
26ਜਿਨ੍ਹਾਂ ਨੇ ਇਹ ਸੁਣਿਆ ਉਹਨਾਂ ਨੇ ਪੁੱਛਿਆ, “ਤਾਂ ਫਿਰ ਕੌਣ ਬਚਾਇਆ ਜਾ ਸਕਦਾ ਹੈ?”
27ਯਿਸ਼ੂ ਨੇ ਉੱਤਰ ਦਿੱਤਾ, “ਜੋ ਮਨੁੱਖ ਲਈ ਅਣਹੋਣਾ ਹੈ ਉਹ ਪਰਮੇਸ਼ਵਰ ਤੋਂ ਹੋ ਸਕਦਾ ਹੈ।”
28ਫਿਰ ਪਤਰਸ ਨੇ ਯਿਸ਼ੂ ਨੂੰ ਕਿਹਾ, “ਅਸੀਂ ਆਪਣਾ ਸਭ ਕੁਝ ਛੱਡ ਕੇ ਤੁਹਾਡੇ ਪਿੱਛੇ ਚੱਲ ਰਹੇ ਹਾਂ।”
29ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕੋਈ ਵੀ ਜਿਸ ਨੇ ਪਰਮੇਸ਼ਵਰ ਦੇ ਰਾਜ ਦੀ ਖ਼ਾਤਰ ਆਪਣਾ ਘਰ, ਪਤਨੀ, ਭਰਾ, ਭੈਣਾਂ, ਮਾਪਿਆਂ ਜਾਂ ਬੱਚਿਆਂ ਨੂੰ ਛੱਡ ਦਿੱਤਾ ਹੋਵੇ 30ਇਸ ਯੁੱਗ ਵਿੱਚ ਬਹੁਤ ਗੁਣਾ ਅਤੇ ਆਉਣ ਵਾਲੇ ਸਮੇਂ ਵਿੱਚ ਸਦੀਪਕ ਜੀਵਨ ਪ੍ਰਾਪਤ ਨਾ ਕਰੇ।”
ਯਿਸ਼ੂ ਨੇ ਆਪਣੀ ਮੌਤ ਦੀ ਤੀਜੀ ਵਾਰ ਭਵਿੱਖਬਾਣੀ ਕੀਤੀ
31ਯਿਸ਼ੂ ਨੇ ਬਾਰ੍ਹਾਂ ਨੂੰ ਇੱਕ ਪਾਸੇ ਕਰਕੇ ਉਹਨਾਂ ਨੂੰ ਕਿਹਾ, “ਅਸੀਂ ਯੇਰੂਸ਼ਲੇਮ ਨੂੰ ਜਾ ਰਹੇ ਹਾਂ, ਅਤੇ ਜੋ ਕੁਝ ਨਬੀਆਂ ਨੇ ਮਨੁੱਖ ਦੇ ਪੁੱਤਰ ਬਾਰੇ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ ਉਹ ਪੂਰਾ ਹੋਣ ਵਾਲਾ ਹੈ। 32ਉਹ ਉਸ ਨੂੰ ਗ਼ੈਰ-ਯਹੂਦੀਆਂ ਦੇ ਹਵਾਲੇ ਕਰ ਦੇਣਗੇ। ਉਹ ਉਸ ਦਾ ਮਜ਼ਾਕ ਉਡਾਉਣਗੇ, ਉਸ ਦਾ ਅਪਮਾਨ ਕਰਨਗੇ ਅਤੇ ਉਹ ਉਸ ਉੱਤੇ ਥੁੱਕਣਗੇ। 33ਉਹ ਉਸ ਨੂੰ ਕੋਰੜੇ ਮਾਰਨਗੇ ਅਤੇ ਨਾਲੇ ਉਸ ਨੂੰ ਮਾਰ ਦੇਣਗੇ। ਤੀਸਰੇ ਦਿਨ ਉਹ ਫਿਰ ਜੀ ਉੱਠੇਗਾ।”
34ਚੇਲਿਆਂ ਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਸੀ ਆਈ। ਇਸ ਦਾ ਅਰਥ ਉਹਨਾਂ ਤੋਂ ਲੁਕਿਆ ਹੋਇਆ ਸੀ ਅਤੇ ਉਹ ਨਹੀਂ ਜਾਣਦੇ ਸਨ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਹਨ।
ਇੱਕ ਅੰਨ੍ਹਾ ਭਿਖਾਰੀ ਆਪਣੀ ਨਜ਼ਰ ਪ੍ਰਾਪਤ ਕਰਦਾ ਹੈ
35ਜਦੋਂ ਯਿਸ਼ੂ ਯੇਰੀਖ਼ੋ ਨਗਰ ਦੇ ਕੋਲ ਪਹੁੰਚੇ, ਇੱਕ ਅੰਨ੍ਹਾ ਆਦਮੀ ਸੜਕ ਦੇ ਕਿਨਾਰੇ ਭੀਖ ਮੰਗ ਰਿਹਾ ਸੀ। 36ਜਦੋਂ ਉਸ ਨੇ ਭੀੜ ਨੂੰ ਜਾਂਦੇ ਹੋਏ ਸੁਣਿਆ, ਤਾਂ ਉਸ ਨੇ ਪੁੱਛਿਆ ਕਿ ਇਹ ਕੀ ਹੋ ਰਿਹਾ ਹੈ। 37ਉਹਨਾਂ ਨੇ ਉਸ ਨੂੰ ਕਿਹਾ, “ਯਿਸ਼ੂ ਨਾਸਰੀ ਲੰਘ ਰਹੇ ਹਨ।”
38ਉਸ ਨੇ ਪੁਕਾਰ ਕੇ ਕਿਹਾ, “ਹੇ ਯਿਸ਼ੂ, ਦਾਵੀਦ ਦੇ ਪੁੱਤਰ, ਮੇਰੇ ਉੱਤੇ ਕਿਰਪਾ ਕਰ!”
39ਜਿਹੜੇ ਲੋਕ ਅੱਗੇ-ਅੱਗੇ ਚੱਲ ਰਹੇ ਸਨ ਉਹਨਾਂ ਨੇ ਉਸ ਨੂੰ ਝਿੜਕਿਆ ਅਤੇ ਚੁੱਪ ਰਹਿਣ ਲਈ ਕਿਹਾ, ਪਰ ਉਸ ਨੇ ਹੋਰ ਹੀ ਉੱਚੀ ਆਵਾਜ਼ ਵਿੱਚ ਕਿਹਾ, “ਹੇ ਦਾਵੀਦ ਦੇ ਪੁੱਤਰ, ਮੇਰੇ ਉੱਤੇ ਕਿਰਪਾ ਕਰ!”
40ਯਿਸ਼ੂ ਨੇ ਰੁਕ ਕੇ ਉਸ ਆਦਮੀ ਨੂੰ ਆਪਣੇ ਕੋਲ ਲਿਆਉਣ ਦਾ ਹੁਕਮ ਦਿੱਤਾ। ਜਦੋਂ ਉਹ ਨੇੜੇ ਆਇਆ ਤਾਂ ਯਿਸ਼ੂ ਨੇ ਉਸ ਨੂੰ ਪੁੱਛਿਆ, 41“ਤੂੰ ਕੀ ਚਾਹੁੰਦਾ ਹੈ ਜੋ ਮੈਂ ਤੇਰੇ ਲਈ ਕਰਾਂ?”
ਉਸ ਨੇ ਜਵਾਬ ਦਿੱਤਾ, “ਪ੍ਰਭੂ, ਮੈਂ ਵੇਖਣਾ ਚਾਹੁੰਦਾ ਹਾਂ।”
42ਯਿਸ਼ੂ ਨੇ ਉਸ ਨੂੰ ਕਿਹਾ, “ਸੁਜਾਖਾ ਹੋ ਜਾ; ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।” 43ਤੁਰੰਤ ਹੀ ਉਹ ਵੇਖਣ ਲੱਗਾ ਅਤੇ ਉਹ ਪਰਮੇਸ਼ਵਰ ਦੀ ਵਡਿਆਈ ਕਰਦਾ ਹੋਇਆ ਯਿਸ਼ੂ ਦੇ ਮਗਰ ਹੋ ਤੁਰਿਆ। ਜਦੋਂ ਸਾਰੇ ਲੋਕਾਂ ਨੇ ਇਹ ਵੇਖਿਆ, ਉਹਨਾਂ ਨੇ ਵੀ ਪਰਮੇਸ਼ਵਰ ਦੀ ਵਡਿਆਈ ਕੀਤੀ।

Àwon tá yàn lọ́wọ́lọ́wọ́ báyìí:

ਲੂਕਸ 18: OPCV

Ìsàmì-sí

Pín

Daako

None

Ṣé o fẹ́ fi àwọn ohun pàtàkì pamọ́ sórí gbogbo àwọn ẹ̀rọ rẹ? Wọlé pẹ̀lú àkántì tuntun tàbí wọlé pẹ̀lú àkántì tí tẹ́lẹ̀