ਉਤਪਤ 49

49
ਯਾਕੋਬ ਨੇ ਆਪਣੇ ਪੁੱਤਰਾਂ ਨੂੰ ਅਸੀਸ ਦਿੱਤੀ
1ਤਦ ਯਾਕੋਬ ਨੇ ਆਪਣੇ ਪੁੱਤਰਾਂ ਨੂੰ ਬੁਲਾਇਆ ਅਤੇ ਕਿਹਾ, “ਇਕੱਠੇ ਹੋਵੋ ਤਾਂ ਜੋ ਮੈਂ ਤੁਹਾਨੂੰ ਦੱਸ ਸਕਾਂ ਕਿ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਨਾਲ ਕੀ ਵਾਪਰੇਗਾ।
2“ਯਾਕੋਬ ਦੇ ਪੁੱਤਰੋ, ਇਕੱਠੇ ਹੋਵੋ ਅਤੇ ਸੁਣੋ;
ਆਪਣੇ ਪਿਤਾ ਇਸਰਾਏਲ ਨੂੰ ਸੁਣੋ।
3“ਰਊਬੇਨ, ਤੂੰ ਮੇਰਾ ਜੇਠਾ ਹੈ,
ਮੇਰੀ ਸ਼ਕਤੀ, ਮੇਰੀ ਤਾਕਤ ਦਾ ਮੁੱਢ ਹੈ,
ਆਦਰ ਵਿੱਚ ਉੱਤਮ, ਸ਼ਕਤੀ ਵਿੱਚ ਉੱਤਮ ਹੈ।
4ਤੂੰ ਪਾਣੀ ਵਾਂਗੂੰ ਉਬਲਣ ਵਾਲਾ ਹੈ, ਪਰ ਤੂੰ ਉੱਚੀ ਪਦਵੀ ਨਾ ਪਾਵੇਗਾ,
ਕਿਉਂ ਜੋ ਤੂੰ ਆਪਣੇ ਪਿਤਾ ਦੇ ਬਿਸਤਰੇ ਉੱਤੇ ਚੜ੍ਹ ਗਿਆ,
ਤੂੰ ਆਪਣੇ ਪਿਤਾ ਦੇ ਬਿਸਤਰੇ ਨੂੰ ਭ੍ਰਿਸ਼ਟ ਕੀਤਾ।
5“ਸ਼ਿਮਓਨ ਅਤੇ ਲੇਵੀ ਭਰਾ ਹਨ,
ਉਹਨਾਂ ਦੀਆਂ ਤਲਵਾਰਾਂ ਜ਼ੁਲਮ ਦੇ ਹਥਿਆਰ ਹਨ।
6ਮੈਨੂੰ ਉਹਨਾਂ ਦੀ ਸਭਾ ਵਿੱਚ ਨਾ ਜਾਣ ਦਿਓ,
ਮੈਨੂੰ ਉਹਨਾਂ ਦੀ ਸਭਾ ਵਿੱਚ ਸ਼ਾਮਲ ਨਾ ਹੋਣ ਦਿਓ,
ਕਿਉਂ ਜੋ ਉਹਨਾਂ ਨੇ ਆਪਣੇ ਕ੍ਰੋਧ ਵਿੱਚ ਮਨੁੱਖਾਂ ਨੂੰ ਮਾਰਿਆ ਹੈ
ਅਤੇ ਆਪਣੀ ਮਰਜ਼ੀ ਅਨੁਸਾਰ ਬਲਦਾਂ ਨੂੰ ਵੱਢ ਸੁੱਟਿਆ ਹੈ।
7ਉਨ੍ਹਾਂ ਦਾ ਕ੍ਰੋਧ ਸਰਾਪਿਆ ਜਾਵੇ, ਕਿਉਂ ਜੋ ਉਹ ਭਿਅੰਕਰ ਸੀ;
ਉਹਨਾਂ ਦਾ ਕਹਿਰ, ਇੰਨਾ ਜ਼ਾਲਮ ਸੀ!
ਮੈਂ ਉਹਨਾਂ ਨੂੰ ਯਾਕੋਬ ਵਿੱਚ ਖਿਲਾਰ ਦਿਆਂਗਾ
ਅਤੇ ਇਸਰਾਏਲ ਵਿੱਚ ਖਿਲਾਰ ਦਿਆਂਗਾ।
8“ਹੇ ਯਹੂਦਾਹ#49:8 ਯਹੂਦਾਹ ਅਰਥ ਧੰਨਵਾਦ, ਤੇਰੇ ਭਰਾ ਤੇਰੀ ਉਸਤਤ ਕਰਨਗੇ,
ਤੇਰਾ ਹੱਥ ਤੇਰੇ ਵੈਰੀਆਂ ਦੀ ਗਰਦਨ ਉੱਤੇ ਹੋਵੇਗਾ;
ਤੇਰੇ ਪਿਉ ਦੇ ਪੁੱਤਰ ਤੈਨੂੰ ਮੱਥਾ ਟੇਕਣਗੇ।
9ਹੇ ਯਹੂਦਾਹ, ਤੂੰ ਸ਼ੇਰ ਦਾ ਬੱਚਾ ਹੈ,
ਮੇਰੇ ਪੁੱਤਰ, ਤੂੰ ਸ਼ਿਕਾਰ ਮਾਰ ਕੇ ਆਇਆ ਹੈ।
ਸ਼ੇਰ ਵਾਂਗੂੰ ਝੁਕ ਕੇ ਲੇਟਦਾ ਹੈ,
ਸ਼ੇਰਨੀ ਵਾਂਗ, ਕੌਣ ਉਸ ਨੂੰ ਜਗਾਉਣ ਦੀ ਹਿੰਮਤ ਕਰਦਾ ਹੈ?
10ਯਹੂਦਾਹ ਤੋਂ ਰਾਜਦੰਡ ਨਾ ਹਟੇਗਾ,
ਨਾ ਹਾਕਮ ਦੀ ਲਾਠੀ ਉਸ ਦੇ ਪੈਰਾਂ ਦੇ ਵਿਚਕਾਰੋਂ,
ਜਦ ਤੱਕ ਉਹ ਜਿਹ ਦੇ ਕੋਲ ਨਾ ਆਵੇ
ਅਤੇ ਕੌਮਾਂ ਦੀ ਆਗਿਆਕਾਰੀ ਉਹ ਦੀ ਹੋਵੇਗੀ।
11ਉਹ ਆਪਣੇ ਖੋਤੇ ਨੂੰ ਅੰਗੂਰੀ ਵੇਲ ਨਾਲ,
ਆਪਣੀ ਗਧੀ ਦੇ ਬੱਚੇ ਨੂੰ ਸਭ ਤੋਂ ਵੱਧੀਆ ਦਾਖ ਦੇ ਬੂਟੇ ਨਾਲ ਬੰਨ੍ਹੇਗਾ।
ਉਹ ਆਪਣੇ ਬਸਤਰ ਮੈਅ ਵਿੱਚ ਧੋਵੇਗਾ,
ਅੰਗੂਰਾਂ ਦੇ ਲਹੂ ਵਿੱਚ ਆਪਣੇ ਬਸਤਰ ਧੋਵੇਗਾ।
12ਉਹ ਦੀਆਂ ਅੱਖਾਂ ਦਾਖ਼ਰਸ ਨਾਲੋਂ ਗੂੜ੍ਹੀਆਂ ਹੋਣਗੀਆਂ,
ਉਸਦੇ ਦੰਦ ਦੁੱਧ ਨਾਲੋਂ ਚਿੱਟੇ ਹੋਣਗੇ।
13“ਜ਼ਬੂਲੁਨ ਸਮੁੰਦਰਾਂ ਦੇ ਘਾਟ ਉੱਤੇ ਵੱਸੇਗਾ
ਅਤੇ ਉਹ ਬੇੜਿਆਂ ਦੀ ਬੰਦਰਗਾਹ ਹੋਵੇਗਾ;
ਉਸਦੀ ਸਰਹੱਦ ਸੀਦੋਨ ਵੱਲ ਵੱਧੇਗੀ।
14“ਯਿੱਸਾਕਾਰ ਬਲਵੰਤ ਗਧਾ ਹੈ
ਜਿਹੜਾ ਭੇਡਾਂ ਦੇ ਵਾੜੇ ਵਿਚਕਾਰ ਪਿਆ ਹੋਇਆ ਹੈ।
15ਜਦੋਂ ਉਹ ਵੇਖਦਾ ਹੈ ਕਿ ਉਸਦਾ ਆਰਾਮ ਸਥਾਨ ਕਿੰਨਾ ਚੰਗਾ ਹੈ
ਅਤੇ ਉਸਦੀ ਧਰਤੀ ਕਿੰਨੀ ਸੁਹਾਵਣੀ ਹੈ,
ਉਹ ਆਪਣੇ ਮੋਢੇ ਨੂੰ ਬੋਝ ਚੁੱਕਣ ਵੱਲ ਮੋੜੇਗਾ
ਅਤੇ ਜਬਰੀ ਮਜ਼ਦੂਰੀ ਦੇ ਅਧੀਨ ਹੋਵੋ।
16“ਦਾਨ ਇਸਰਾਏਲ ਦੇ ਗੋਤਾਂ ਵਿੱਚੋਂ ਇੱਕ ਹੋ ਕੇ ਆਪਣੇ ਲੋਕਾਂ ਲਈ ਨਿਆਂ ਕਰੇਗਾ।
17ਦਾਨ ਸੜਕ ਦੇ ਕਿਨਾਰੇ ਇੱਕ ਸੱਪ ਹੋਵੇਗਾ,
ਰਾਹ ਵਿੱਚ ਇੱਕ ਸੱਪ,
ਜੋ ਘੋੜੇ ਦੀ ਅੱਡੀ ਨੂੰ ਡੰਗ ਮਾਰਦਾ ਹੈ
ਤਾਂ ਜੋ ਉਸ ਦਾ ਸਵਾਰ ਪਿੱਛੇ ਡਿੱਗ ਜਾਵੇ।
18“ਹੇ ਯਾਹਵੇਹ, ਮੈਂ ਤੇਰਾ ਛੁਟਕਾਰਾ ਭਾਲਦਾ ਹਾਂ।
19“ਗਾਦ ਉੱਤੇ ਹਮਲਾਵਰਾਂ ਦੇ ਇੱਕ ਜੱਥੇ ਦੁਆਰਾ ਹਮਲਾ ਕੀਤਾ ਜਾਵੇਗਾ,
ਪਰ ਉਹ ਉਹਨਾਂ ਦੀ ਅੱਡੀ ਉੱਤੇ ਹਮਲਾ ਕਰੇਗਾ।
20“ਆਸ਼ੇਰ ਦਾ ਭੋਜਨ ਉੱਤਮ ਹੋਵੇਗਾ;
ਉਹ ਸੁਆਦਲੇ ਸ਼ਾਹੀ ਭੋਜਨ ਦੇਵੇਗਾ।
21“ਨਫ਼ਤਾਲੀ ਇੱਕ ਸੁਤੰਤਰ ਹਿਰਨੀ ਹੈ,
ਉਹ ਸੁੰਦਰ ਗੱਲਾਂ ਬੋਲਦਾ ਹੈ।
22ਯੋਸੇਫ਼ ਇੱਕ ਫਲਦਾਇਕ ਦਾਖ਼ਲਤਾ ਹੈ,
ਜੋ ਸੋਤੇ ਕੋਲ ਲੱਗੀ ਹੋਈ ਇੱਕ ਫਲਦਾਇਕ ਦਾਖ਼ਲਤਾ,
ਜਿਸ ਦੀਆ ਟਾਹਣੀਆਂ ਕੰਧ ਉੱਤੇ ਚੜ੍ਹ ਜਾਂਦੀਆਂ ਹਨ।
23ਤੀਰ-ਅੰਦਾਜ਼ਾਂ ਨੇ ਉਹ ਨੂੰ ਸਤਾਇਆ
ਅਤੇ ਤੀਰ ਚਲਾਏ ਤੇ ਉਹ ਦੇ ਨਾਲ ਵੈਰ ਰੱਖਿਆ।
24ਪਰ ਉਹ ਦਾ ਧਣੁੱਖ ਤਕੜਾ ਰਿਹਾ,
ਉਹ ਦੀਆਂ ਬਾਹਾਂ ਤਕੜੀਆਂ ਰਹੀਆਂ,
ਇਹ ਯਾਕੋਬ ਦੇ ਸਰਵਸ਼ਕਤੀਮਾਨ ਦੇ ਹੱਥ ਦੇ ਕਾਰਨ ਸੀ,
ਜੋ ਇਸਰਾਏਲ ਦਾ ਅਯਾਲੀ ਅਤੇ ਚੱਟਾਨ ਹੈ,
25ਤੇਰੇ ਪਿਤਾ ਦੇ ਪਰਮੇਸ਼ਵਰ ਜੋ ਤੇਰੀ ਮਦਦ ਕਰਦਾ ਹੈ,
ਸਰਵਸ਼ਕਤੀਮਾਨ ਦੇ ਕਾਰਨ ਜੋ ਤੈਨੂੰ ਬਰਕਤਾਂ ਦਿੰਦਾ ਹੈ,
ਉਹ ਤੁਹਾਨੂੰ ਉੱਪਰ ਅਕਾਸ਼ ਦੀਆਂ ਬਰਕਤਾਂ ਨਾਲ,
ਹੇਠਾਂ ਡੂੰਘੇ ਚਸ਼ਮੇ ਦੀਆਂ ਬਰਕਤਾਂ,
ਛਾਤੀ ਅਤੇ ਗਰਭ ਦੀਆਂ ਬਰਕਤਾਂ ਨਾਲ ਅਸੀਸ ਦੇਵੇ।
26ਤੁਹਾਡੇ ਪਿਤਾ ਦੀਆਂ ਬਰਕਤਾਂ
ਤੁਹਾਡੇ ਪਿਉ ਦਾਦਿਆਂ ਦੀਆਂ ਬਰਕਤਾਂ ਨਾਲੋਂ,
ਪੁਰਾਣੇ ਪਹਾੜਾਂ ਦੀਆਂ ਬਰਕਤਾਂ ਨਾਲੋਂ ਵੱਧ ਹਨ।
ਇਹ ਸਭ ਯੋਸੇਫ਼ ਦੇ ਸਿਰ ਉੱਤੇ,
ਉਸ ਦੇ ਭਰਾਵਾਂ ਵਿੱਚ ਰਾਜਕੁਮਾਰ ਦੇ ਮੱਥੇ ਉੱਤੇ ਰਹਿਣ ਦਿਓ।
27“ਬਿਨਯਾਮੀਨ ਇੱਕ ਪਾੜਨ ਵਾਲਾ ਬਘਿਆੜ ਹੈ;
ਸਵੇਰ ਨੂੰ ਉਹ ਸ਼ਿਕਾਰ ਨੂੰ ਖਾ ਜਾਂਦਾ ਹੈ,
ਸ਼ਾਮ ਨੂੰ ਉਹ ਲੁੱਟ ਨੂੰ ਵੰਡਦਾ ਹੈ।”
28ਇਹ ਸਾਰੇ ਇਸਰਾਏਲ ਦੇ ਬਾਰਾਂ ਗੋਤ ਹਨ ਅਤੇ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਇਹ ਗੱਲ ਆਖੀ ਸੀ ਜਦੋਂ ਉਸਨੇ ਉਹਨਾਂ ਨੂੰ ਬਰਕਤ ਦਿੱਤੀ ਅਤੇ ਹਰ ਇੱਕ ਨੂੰ ਉਸ ਦੇ ਲਈ ਢੁਕਵੀਂ ਬਰਕਤ ਦਿੱਤੀ।
ਯਾਕੋਬ ਦੀ ਮੌਤ
29ਤਦ ਉਸ ਨੇ ਉਹਨਾਂ ਨੂੰ ਇਹ ਹਿਦਾਇਤਾਂ ਦਿੱਤੀਆਂ: “ਮੈਂ ਆਪਣੇ ਲੋਕਾਂ ਵਿੱਚ ਮਿਲਣ ਵਾਲਾ ਹਾਂ। ਮੈਨੂੰ ਮੇਰੇ ਪਿਉ-ਦਾਦਿਆਂ ਦੇ ਨਾਲ ਇਫਰੋਨ ਹਿੱਤੀ ਦੇ ਖੇਤ ਦੀ ਗੁਫ਼ਾ ਵਿੱਚ ਦਫ਼ਨਾਓ, 30ਕਨਾਨ ਵਿੱਚ ਮਮਰੇ ਦੇ ਨੇੜੇ ਮਕਪੇਲਾਹ ਦੇ ਖੇਤ ਦੀ ਗੁਫ਼ਾ ਵਿੱਚ, ਜਿਸ ਨੂੰ ਅਬਰਾਹਾਮ ਨੇ ਇਫਰੋਨ ਹਿੱਤੀ ਤੋਂ ਦਫ਼ਨਾਉਣ ਲਈ ਖੇਤ ਦੇ ਨਾਲ ਖਰੀਦਿਆ ਸੀ। 31ਉੱਥੇ ਅਬਰਾਹਾਮ ਅਤੇ ਉਸ ਦੀ ਪਤਨੀ ਸਾਰਾਹ ਨੂੰ ਦੱਬਿਆ ਗਿਆ, ਉੱਥੇ ਇਸਹਾਕ ਅਤੇ ਉਸ ਦੀ ਪਤਨੀ ਰਿਬਕਾਹ ਨੂੰ ਦੱਬਿਆ ਗਿਆ ਅਤੇ ਉੱਥੇ ਮੈਂ ਲੇਆਹ ਨੂੰ ਦੱਬਿਆ ਗਿਆ ਸੀ। 32ਉਸਨੇ ਹਿੱਤੀਆਂ ਤੋਂ ਗੁਫ਼ਾ ਸਮੇਤ ਖੇਤ ਖਰੀਦਿਆ।”
33ਜਦੋਂ ਯਾਕੋਬ ਆਪਣੇ ਪੁੱਤਰਾਂ ਨੂੰ ਉਪਦੇਸ਼ ਦੇ ਕੇ ਹਟਿਆ ਤਾਂ ਉਸ ਨੇ ਆਪਣੇ ਪੈਰ ਮੰਜੇ ਵੱਲ ਖਿੱਚੇ ਅਤੇ ਸਾਹ ਲਿਆ ਅਤੇ ਆਪਣੇ ਲੋਕਾਂ ਵਿੱਚ ਜਾ ਮਿਲਿਆ।

Àwon tá yàn lọ́wọ́lọ́wọ́ báyìí:

ਉਤਪਤ 49: OPCV

Ìsàmì-sí

Pín

Daako

None

Ṣé o fẹ́ fi àwọn ohun pàtàkì pamọ́ sórí gbogbo àwọn ẹ̀rọ rẹ? Wọlé pẹ̀lú àkántì tuntun tàbí wọlé pẹ̀lú àkántì tí tẹ́lẹ̀