3
ਵਿਸ਼ਵਾਸ ਜਾਂ ਬਿਵਸਥਾ ਦੇ ਕੰਮ
1ਹੇ ਮੂਰਖ ਗਲਾਤੀਓ! ਕਿਸ ਨੇ ਤੁਹਾਨੂੰ ਭਰਮਾ ਲਿਆ? ਤੁਹਾਡੀਆਂ ਅੱਖਾਂ ਦੇ ਸਾਹਮਣੇ ਯਿਸ਼ੂ ਮਸੀਹ ਨੂੰ ਸਪੱਸ਼ਟ ਤੌਰ ਤੇ ਸਲੀਬ ਉੱਤੇ ਚੜ੍ਹਾਇਆ ਗਿਆ ਸੀ। 2ਮੈਂ ਤੁਹਾਡੇ ਤੋਂ ਸਿਰਫ ਇੱਕ ਗੱਲ ਸਿੱਖਣਾ ਚਾਹੁੰਦਾ ਹਾਂ: ਕੀ ਤੁਸੀਂ ਪਰਮੇਸ਼ਵਰ ਦੀ ਆਤਮਾ ਨੂੰ ਬਿਵਸਥਾ ਦੇ ਕੰਮਾਂ ਦੁਆਰਾ ਪ੍ਰਾਪਤ ਕੀਤਾ, ਜਾਂ ਜੋ ਤੁਸੀਂ ਸੁਣਿਆ ਉਸ ਉੱਤੇ ਵਿਸ਼ਵਾਸ ਕਰਕੇ?#3:2 ਗਲਾ 3:5; ਰਸੂ 15:8-10 3ਕੀ ਤੁਸੀਂ ਇੰਨੇ ਮੂਰਖ ਹੋ? ਪਰਮੇਸ਼ਵਰ ਦੀ ਆਤਮਾ ਤੋਂ ਸ਼ੁਰੂਆਤ ਕਰਕੇ, ਤੁਸੀਂ ਹੁਣ ਸਰੀਰ ਦੁਆਰਾ ਅੰਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? 4ਕੀ ਤੁਸੀਂ ਵਿਅਰਥ ਵਿੱਚ ਹੀ ਬਹੁਤ ਸਾਰੇ ਦੁੱਖਾਂ ਨੂੰ ਝੱਲਿਆ, ਜੇ ਉਹ ਸੱਚ-ਮੁੱਚ ਵਿਅਰਥ ਹੀ ਸੀ? 5ਇਸ ਲਈ ਮੈਂ ਫਿਰ ਪੁੱਛਦਾ ਹਾਂ, ਕੀ ਪਰਮੇਸ਼ਵਰ ਨੇ ਤੁਹਾਨੂੰ ਆਪਣਾ ਪਵਿੱਤਰ ਆਤਮਾ ਦਿੱਤਾ ਹੈ ਅਤੇ ਬਿਵਸਥਾ ਦੇ ਕੰਮਾਂ ਦੁਆਰਾ ਤੁਹਾਡੇ ਵਿੱਚ ਚਮਤਕਾਰ ਕਰਦਾ ਹੈ, ਜਾਂ ਤੁਹਾਡੇ ਵਿਸ਼ਵਾਸ ਦੁਆਰਾ ਜੋ ਤੁਸੀਂ ਸੁਣਿਆ ਹੈ? 6ਇਸੇ ਤਰ੍ਹਾਂ ਅਬਰਾਹਾਮ ਨੇ “ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ, ਅਤੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ।”#3:6 ਉਤ 15:6
7ਤਾਂ ਸਮਝ ਲਵੋ ਕਿ ਜਿਹੜੇ ਵਿਸ਼ਵਾਸ ਕਰਦੇ ਹਨ ਉਹ ਅਬਰਾਹਾਮ ਦੀ ਸੰਤਾਨ ਹਨ। 8ਪਵਿੱਤਰ ਸ਼ਾਸਤਰ ਨੇ ਪਹਿਲਾਂ ਹੀ ਵੇਖਿਆ ਸੀ ਕਿ ਪਰਮੇਸ਼ਵਰ ਗ਼ੈਰ-ਯਹੂਦੀਆਂ ਨੂੰ ਵਿਸ਼ਵਾਸ ਦੁਆਰਾ ਧਰਮੀ ਠਹਿਰਾਵੇਗਾ, ਅਤੇ ਅਬਰਾਹਾਮ ਨੂੰ ਪਹਿਲਾਂ ਹੀ ਖੁਸ਼ਖ਼ਬਰੀ ਦਾ ਐਲਾਨ ਕੀਤਾ: “ਸਾਰੀਆਂ ਕੌਮਾਂ ਤੇਰੇ ਦੁਆਰਾ ਮੁਬਾਰਕ ਹੋਣਗੀਆਂ।”#3:8 ਉਤ 12:3; 18:18 9ਇਸ ਲਈ ਜਿਹੜੇ ਵਿਸ਼ਵਾਸ ਕਰਨ ਵਾਲੇ ਹਨ, ਉਹ ਅਬਰਾਹਾਮ, ਵਿਸ਼ਵਾਸ ਦੇ ਆਦਮੀ ਦੇ ਨਾਲ ਬਰਕਤ ਪਾਉਂਦੇ ਹਨ।
10ਉਨ੍ਹਾਂ ਸਾਰਿਆਂ ਲਈ ਜੋ ਬਿਵਸਥਾ ਦੇ ਕੰਮਾਂ ਤੇ ਨਿਰਭਰ ਰਹਿਦੇ ਹਨ ਉਹ ਸਰਾਪ ਦੇ ਹੇਠਾਂ ਹਨ, ਜਿਵੇਂ ਕਿ ਲਿਖਿਆ ਹੋਇਆ ਹੈ: “ਸਰਾਪੀ ਹੈ ਉਹ ਹਰ ਕੋਈ ਜਿਹੜਾ ਇਸ ਬਿਵਸਥਾ ਦੀ ਕਿਤਾਬ ਵਿੱਚ ਲਿਖੀ ਹੋਈ ਹਰ ਗੱਲ ਦੀ ਪਾਲਣਾ ਨਹੀਂ ਕਰਦਾ।”#3:10 ਬਿਵ 27:26; ਯਾਕੂ 2:12,20 11ਸਪੱਸ਼ਟ ਹੈ ਕਿ ਜੋ ਕੋਈ ਵੀ ਬਿਵਸਥਾ ਉੱਤੇ ਭਰੋਸਾ ਰੱਖਦਾ ਹੈ ਉਹ ਪਰਮੇਸ਼ਵਰ ਦੇ ਅੱਗੇ ਧਰਮੀ ਨਹੀਂ ਹੈ, ਕਿਉਂਕਿ “ਧਰਮੀ ਵਿਸ਼ਵਾਸ ਦੁਆਰਾ ਜੀਉਂਦਾ ਰਹੇਗਾ।” ਇਹ ਸ਼ਾਸਤਰਾਂ ਵਿੱਚ ਲਿਖਿਆ ਹੈ,#3:11 ਹਬੱ 2:4 12ਬਿਵਸਥਾ ਵਿਸ਼ਵਾਸ ਤੇ ਅਧਾਰਤ ਨਹੀਂ ਹੈ; ਇਸ ਦੇ ਉਲਟ, ਇਹ ਆਖਦੀ ਹੈ, “ਜਿਹੜਾ ਵਿਅਕਤੀ ਇਹ ਬਿਵਸਥਾ ਦੀਆ ਗੱਲਾਂ ਪੂਰਾ ਕਰਦਾ ਹੈ ਉਹ ਇਹਨਾਂ ਦੁਆਰਾ ਜੀਉਂਦਾ ਰਹੇਗਾ।”#3:12 ਲੇਵਿ 18:5 13ਮਸੀਹ ਨੇ ਸਾਨੂੰ ਮੁੱਲ ਲੈ ਕੇ ਬਿਵਸਥਾ ਦੇ ਸਰਾਪ ਤੋਂ ਛੁਡਾਇਆ ਇਸ ਕਰਕੇ ਜੋ ਉਹ ਸਾਡੇ ਲਈ ਸਰਾਪ ਬਣਿਆ, ਕਿਉਂ ਜੋ ਇਹ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ: “ਕਿ ਸਰਾਪੀ ਹੈ ਹਰੇਕ ਜਿਹੜਾ ਰੁੱਖ ਅਰਥਾਤ ਕਾਠ ਉੱਤੇ ਟੰਗਿਆ ਜਾਂਦਾ ਹੈ।”#3:13 ਬਿਵ 21:23 14ਉਸ ਨੇ ਸਾਨੂੰ ਛੁਟਕਾਰਾ ਦਿੱਤਾ ਤਾਂ ਜੋ ਅਬਰਾਹਾਮ ਨੂੰ ਦਿੱਤੀ ਗਈ ਬਰਕਤ ਮਸੀਹ ਯਿਸ਼ੂ ਦੁਆਰਾ ਗ਼ੈਰ-ਯਹੂਦੀਆਂ ਉੱਤੇ ਵੀ ਆਵੇ, ਤਾਂ ਜੋ ਵਿਸ਼ਵਾਸ ਦੁਆਰਾ ਅਸੀਂ ਆਤਮਾ ਦਾ ਵਾਇਦਾ ਪ੍ਰਾਪਤ ਕਰ ਸਕੀਏ।
ਬਿਵਸਥਾ ਅਤੇ ਵਾਅਦਾ
15ਹੇ ਭਰਾਵੋ ਅਤੇ ਭੈਣੋ, ਮੈਨੂੰ ਰੋਜ਼ਾਨਾ ਜ਼ਿੰਦਗੀ ਤੋਂ ਇੱਕ ਉਦਾਹਰਣ ਲੈਣ ਦਿਓ। ਜਿਵੇਂ ਕਿ ਕੋਈ ਵੀ ਮਨੁੱਖ ਦਾ ਨੇਮ ਹੋਵੇ ਜਦੋਂ ਉਹ ਪੱਕਾ ਹੋ ਜਾਵੇ ਤਾਂ ਕੋਈ ਵੀ ਉਸ ਨੂੰ ਟਾਲ ਨਹੀਂ ਸਕਦਾ, ਅਤੇ ਨਾ ਉਸ ਵਿੱਚ ਕੁਝ ਵਾਧਾ ਕਰਦਾ ਹੈ। ਇਹ ਗੱਲ ਵੀ ਇਸੇ ਤਰ੍ਹਾਂ ਹੈ। 16ਵਾਇਦੇ ਅਬਰਾਹਾਮ ਅਤੇ ਉਸ ਦੀ ਸੰਤਾਨ ਨਾਲ ਕੀਤੇ ਗਏ ਸਨ। ਪਵਿੱਤਰ ਸ਼ਾਸਤਰ ਇਹ ਨਹੀਂ ਕਹਿੰਦਾ, “ਅੰਸਾਂ ਨੂੰ,” ਜਿਸ ਦਾ ਅਰਥ ਬਹੁਤ ਸਾਰੇ ਲੋਕ ਹਨ, ਪਰ ਅਰਥਾਤ “ਤੇਰੀ ਅੰਸ ਨੂੰ,” ਭਾਵ ਇੱਕ ਵਿਅਕਤੀ, ਜੋ ਮਸੀਹ ਹੈ।#3:16 ਮੱਤੀ 1:1 17ਪਰ ਮੈਂ ਇਹ ਆਖਦਾ ਹਾਂ: ਕਿ ਬਿਵਸਥਾ ਉਸ ਨੇਮ ਨੂੰ ਟਾਲ ਨਹੀਂ ਸਕਦੀ ਜੋ ਪਰਮੇਸ਼ਵਰ ਨੇ ਪਹਿਲਾਂ ਤੋਂ ਚਾਰ ਸੌ ਤੀਹ ਸਾਲਾਂ ਬਾਅਦ ਬੰਨ੍ਹਿਆ ਸੀ, ਤਾਂ ਜੋ ਉਹ ਵਾਇਦਾ ਕਿਤੇ ਵਿਅਰਥ ਹੋ ਜਾਵੇ।#3:17 ਕੂਚ 12:40 18ਕਿਉਂਕਿ ਜੇ ਵਿਰਾਸਤ ਬਿਵਸਥਾ ਦੁਆਰਾ ਹੈ, ਤਾਂ ਵਾਅਦੇ ਦੁਆਰਾ ਨਹੀਂ, ਪਰ ਪਰਮੇਸ਼ਵਰ ਨੇ ਆਪਣੀ ਕਿਰਪਾ ਨਾਲ ਅਬਰਾਹਾਮ ਨੂੰ ਇੱਕ ਵਾਇਦੇ ਰਾਹੀਂ ਦਿੱਤਾ।
19ਤਾਂ ਫਿਰ, ਬਿਵਸਥਾ ਹੀ ਕਿਉਂ ਦਿੱਤੀ ਗਈ? ਇਹ ਅਪਰਾਧਾਂ ਦੇ ਕਾਰਨ ਬਾਅਦ ਵਿੱਚ ਦਿੱਤੀ ਗਈ ਸੀ ਜਦੋਂ ਤੱਕ ਉਹ ਅੰਸ ਜਿਹ ਨੂੰ ਵਾਅਦਾ ਦਿੱਤਾ ਹੋਇਆ ਹੈ ਨਾ ਆਵੇ। ਬਿਵਸਥਾ ਦੂਤਾਂ ਰਾਹੀਂ ਦਿੱਤੀ ਗਈ ਅਤੇ ਇੱਕ ਵਿਚੋਲੇ ਨੂੰ ਸੌਂਪੀ ਗਈ ਸੀ। 20ਹਾਲਾਂਕਿ, ਵਿਚੋਲਾ ਇੱਕ ਧਿਰ ਦਾ ਨਹੀਂ ਹੁੰਦਾ ਹੈ; ਪਰ ਪਰਮੇਸ਼ਵਰ ਇੱਕ ਹੈ।
21ਇਸ ਲਈ, ਕੀ ਬਿਵਸਥਾ, ਪਰਮੇਸ਼ਵਰ ਦੇ ਵਾਅਦਿਆਂ ਦੇ ਵਿਰੁੱਧ ਹੈ? ਬਿਲਕੁਲ ਨਹੀਂ! ਕਿਉਂਕਿ ਜੇ ਅਜਿਹੀ ਬਿਵਸਥਾ ਦਿੱਤੀ ਜਾਂਦੀ ਜੋ ਜੀਵਨ ਦੇ ਸਕਦੀ ਹੁੰਦੀ, ਤਾਂ ਨਿਸ਼ਚਤ ਤੌਰ ਤੇ ਬਿਵਸਥਾ ਦੁਆਰਾ ਧਾਰਮਿਕਤਾ ਆਉਂਦੀ। 22ਪਰ ਪਵਿੱਤਰ ਸ਼ਾਸਤਰ ਨੇ ਹਰ ਕਿਸੇ ਨੂੰ ਪਾਪ ਦੇ ਅਧੀਨ ਕੀਤਾ, ਤਾਂ ਉਹ ਜੋ ਵਾਇਦਾ ਕੀਤਾ ਗਿਆ ਸੀ, ਜੋ ਯਿਸ਼ੂ ਮਸੀਹ ਉੱਤੇ ਵਿਸ਼ਵਾਸ ਕਰਨ ਤੋਂ ਮਿਲਦਾ ਹੈ ਵਿਸ਼ਵਾਸ ਕਰਨ ਵਾਲਿਆਂ ਨੂੰ ਦਿੱਤਾ ਜਾਵੇ।
ਪਰਮੇਸ਼ਵਰ ਦੇ ਬੱਚੇ
23ਇਸ ਵਿਸ਼ਵਾਸ ਦੇ ਆਉਣ ਤੋਂ ਪਹਿਲਾਂ, ਸਾਨੂੰ ਬਿਵਸਥਾ ਦੇ ਅਧੀਨ ਹਿਰਾਸਤ ਵਿੱਚ ਰੱਖਿਆ ਗਿਆ ਸੀ, ਜਦੋਂ ਤੱਕ ਆਉਣ ਵਾਲਾ ਵਿਸ਼ਵਾਸ ਪ੍ਰਗਟ ਨਹੀਂ ਹੋ ਜਾਂਦਾ, ਉਦੋਂ ਤੱਕ ਬੰਦ ਕਰ ਦਿੱਤਾ ਗਿਆ ਸੀ। 24ਇਸ ਲਈ ਬਿਵਸਥਾ ਮਸੀਹ ਦੇ ਆਉਣ ਤੱਕ ਸਾਡੇ ਲਈ ਨਿਗਾਹਬਾਨ ਬਣੀ ਕਿ ਅਸੀਂ ਵਿਸ਼ਵਾਸ ਤੋਂ ਧਰਮੀ ਠਹਿਰਾਏ ਜਾਈਏ। 25ਹੁਣ ਜਦੋਂ ਇਹ ਵਿਸ਼ਵਾਸ ਆ ਚੁੱਕਿਆ, ਤਾਂ ਅਸੀਂ ਹੁਣ ਕਿਸੇ ਨਿਗਾਹਬਾਨ ਦੇ ਅਧੀਨ ਨਹੀਂ ਹਾਂ।
26ਇਸ ਲਈ ਮਸੀਹ ਯਿਸ਼ੂ ਵਿੱਚ ਤੁਸੀਂ ਵਿਸ਼ਵਾਸ ਦੁਆਰਾ ਸਾਰੇ ਪਰਮੇਸ਼ਵਰ ਦੇ ਬੱਚੇ ਹੋ, 27ਕਿਉਂਕਿ ਤੁਹਾਡੇ ਵਿੱਚੋਂ ਜਿੰਨਿਆਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਉਨ੍ਹਾਂ ਨੇ ਮਸੀਹ ਨੂੰ ਪਹਿਨ ਲਿਆ। 28ਇੱਥੇ ਨਾ ਤਾਂ ਕੋਈ ਯਹੂਦੀ ਹੈ ਅਤੇ ਨਾ ਹੀ ਗ਼ੈਰ-ਯਹੂਦੀ, ਨਾ ਹੀ ਗੁਲਾਮ ਅਤੇ ਨਾ ਹੀ ਅਜ਼ਾਦ, ਅਤੇ ਨਾ ਹੀ ਕੋਈ ਮਰਦ ਅਤੇ ਨਾ ਹੀ ਔਰਤ ਹੈ, ਕਿਉਂਕਿ ਤੁਸੀਂ ਸਾਰੇ ਮਸੀਹ ਯਿਸ਼ੂ ਵਿੱਚ ਇੱਕ ਹੋ। 29ਜੇ ਤੁਸੀਂ ਮਸੀਹ ਦੇ ਹੋ, ਤਾਂ ਤੁਸੀਂ ਅਬਰਾਹਾਮ ਦੀ ਅੰਸ ਹੋ, ਅਤੇ ਵਾਇਦੇ ਦੇ ਅਨੁਸਾਰ ਵਾਰਿਸ ਵੀ ਹੋ।