4
ਰਸੂਲਾਂ ਦੀ ਸੇਵਾ ਅਤੇ ਹਾਲ
1ਤੁਹਾਨੂੰ ਸਾਡੇ ਬਾਰੇ ਮਸੀਹ ਦੇ ਸੇਵਕਾਂ ਵਜੋਂ ਸੋਚਣਾ ਚਾਹੀਦਾ ਹੈ, ਜਿਨ੍ਹਾਂ ਨੂੰ ਪਰਮੇਸ਼ਵਰ ਦੀਆ ਗੁਪਤ ਸੱਚਾਈਆਂ ਦੱਸਣ ਦੀ ਜ਼ਿੰਮੇਵਾਰ ਦਿੱਤੀ ਗਈ ਹੈ। 2ਹੁਣ ਇਹ ਜ਼ਰੂਰੀ ਹੈ ਕਿ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਵਫ਼ਾਦਾਰ ਸਾਬਤ ਹੋਣ। 3ਪਰ ਮੇਰੇ ਲਈ ਇਹ ਛੋਟੀ ਗੱਲ ਹੈ ਕਿ ਮੇਰੀ ਪਰਖ ਤੁਹਾਡੇ ਦੁਆਰਾ ਜਾ ਕਿਸੇ ਅਦਾਲਤ ਤੋਂ ਕੀਤੀ ਜਾਵੇ; ਸੱਚ ਤਾਂ ਇਹ ਹੈ ਕਿ ਮੈਂ ਆਪ ਵੀ ਆਪਣੀ ਪਰਖ ਨਹੀਂ ਕਰਦਾ। 4ਮੇਰਾ ਵਿਵੇਕ ਮੈਨੂੰ ਦੋਸ਼ੀ ਨਹੀਂ ਠਹਿਰਾਉਂਦਾ, ਤਾਂ ਵੀ ਇਸ ਤੋਂ ਮੈਂ ਨਿਰਦੋਸ਼ ਨਹੀਂ ਠਹਿਰਦਾ। ਪਰ ਮੇਰਾ ਨਿਆਂ ਕਰਨ ਵਾਲਾ ਪ੍ਰਭੂ ਹੀ ਹੈ।#4:4 ਜ਼ਬੂ 19:12 5ਇਸ ਲਈ ਸਮੇਂ ਤੋਂ ਪਹਿਲਾਂ ਅਰਥਾਤ ਪ੍ਰਭੂ ਦੇ ਆਗਮਨ ਤੱਕ ਕੋਈ ਕਿਸੇ ਦਾ ਨਿਆਂ ਨਾ ਕਰੇ; ਉਹ ਆਪ ਹਨ੍ਹੇਰੇ ਵਿੱਚ ਛਿਪੀਆ ਗੱਲਾਂ ਨੂੰ ਪ੍ਰਕਾਸ਼ ਕਰੇਗਾ ਅਤੇ ਦਿਲਾਂ ਵਿੱਚ ਲੁਕੇ ਉਦੇਸ਼ਾ ਨੂੰ ਬੇਨਕਾਬ ਕਰੇਗਾ। ਉਸ ਸਮੇਂ ਹਰ ਕਿਸੇ ਨੂੰ ਪਰਮੇਸ਼ਵਰ ਵੱਲੋਂ ਵਡਿਆਈ ਮਿਲੇਗੀ।
6ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਡੀ ਖਾਤਰ ਇਹ ਸਭ ਕੁਝ ਅਪੁੱਲੋਸ ਅਤੇ ਆਪਣੇ ਆਪ ਤੇ ਲਾਗੂ ਕੀਤਾ, ਤਾਂ ਜੋ ਤੁਸੀਂ ਸਾਡੇ ਤੋਂ ਇਸ ਉਪਦੇਸ਼ ਦਾ ਅਰਥ ਸਿੱਖ ਸਕੋ, “ਉਸ ਤੋਂ ਪਰੇ ਨਾ ਜਾਓ ਜੋ ਲਿਖਿਆ ਹੋਇਆ ਹੈ।” ਕਿਤੇ ਅਜਿਹਾ ਨਾ ਹੋਵੇ ਜੋ ਤੁਹਾਡੇ ਵਿੱਚੋਂ ਕੋਈ ਇੱਕ ਦਾ ਪੱਖ ਕਰਕੇ ਅਤੇ ਦੂਸਰੇ ਦੇ ਵਿਰੁੱਧ ਹੋ ਜਾਵੇ। 7ਕਿਉਂ ਜੋ ਕੌਣ ਤੁਹਾਨੂੰ ਕਿਸੇ ਤੋਂ ਵੱਖਰਾ ਬਣਾਉਂਦਾ ਹੈ? ਤੁਹਾਡੇ ਕੋਲ ਕੀ ਹੈ, ਜੋ ਤੁਸੀਂ ਪ੍ਰਾਪਤ ਨਹੀਂ ਕੀਤਾ? ਅਤੇ ਜੇ ਪ੍ਰਾਪਤ ਕਰ ਹੀ ਲਿਆ ਹੈ, ਤਾਂ ਘਮੰਡ ਕਿਉਂ ਕਰਦੇ ਹੋ ਜਿਵੇਂ ਮਿਲਿਆ ਹੀ ਨਾ ਹੋਵੇ?
8ਪਹਿਲਾਂ ਹੀ ਤੁਹਾਡੇ ਕੋਲ ਸਭ ਹੈ ਜੋ ਤੁਸੀਂ ਚਾਹੁੰਦੇ ਹੋ! ਤੁਸੀਂ ਤਾਂ ਪਹਿਲਾਂ ਹੀ ਅਮੀਰ ਹੋ! ਅਤੇ ਤੁਸੀਂ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ ਉਹ ਵੀ ਸਾਡੇ ਤੋਂ ਬਿਨ੍ਹਾਂ! ਇਹੀ ਮੈਂ ਚਾਹੁੰਦਾ ਹਾਂ ਕਿ ਤੁਸੀਂ ਸੱਚ-ਮੁੱਚ ਰਾਜ ਕਰਦੇ ਤਾਂ ਜੋ ਅਸੀਂ ਵੀ ਤੁਹਾਡੇ ਨਾਲ ਰਲ ਕੇ ਰਾਜ ਕਰਦੇ! 9ਕਿਉਂ ਜੋ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਪਰਮੇਸ਼ਵਰ ਨੇ ਸਾਨੂੰ ਰਸੂਲਾਂ ਨੂੰ ਕਤਲ ਹੋਣ ਵਾਲਿਆਂ ਵਰਗੇ ਆਖ਼ਿਰ ਤੇ ਪ੍ਰਦਰਸ਼ਿਤ ਕੀਤਾ ਹੈ ਕਿਉਂ ਜੋ ਅਸੀਂ ਸੰਸਾਰ ਅਤੇ ਦੂਤਾਂ ਅਤੇ ਮਨੁੱਖਾਂ ਦੇ ਲਈ ਇੱਕ ਤਮਾਸ਼ਾ ਬਣੇ ਹੋਏ ਹਾਂ। 10ਅਸੀਂ ਮਸੀਹ ਦੇ ਕਾਰਨ ਮੂਰਖ ਹਾਂ, ਪਰ ਤੁਸੀਂ ਮਸੀਹ ਵਿੱਚ ਬੁੱਧਵਾਨ ਹੋ! ਅਸੀਂ ਨਿਰਬਲ ਹਾਂ, ਪਰ ਤੁਸੀਂ ਬਲਵੰਤ ਹੋ! ਤੁਹਾਨੂੰ ਆਦਰ ਮਿਲਦਾ ਹੈ, ਪਰ ਸਾਨੂੰ ਨਿਰਾਦਰ! 11ਇਸ ਸਮੇਂ ਤੱਕ ਅਸੀਂ ਭੁੱਖੇ, ਪਿਆਸੇ ਅਤੇ ਬਿਨ੍ਹਾਂ ਕੱਪੜਿਆ ਦੇ ਹਾਂ, ਸਤਾਏ ਜਾਂਦੇ ਅਤੇ ਸਾਡੇ ਨਾਲ ਬੇਰਹਿਮੀ ਨਾਲ ਵਰਤਾਓ ਕੀਤਾ ਜਾਂਦਾ ਹੈ, ਅਸੀਂ ਬਿਨ੍ਹਾਂ ਘਰ ਤੋਂ ਹਾਂ। 12ਅਸੀਂ ਆਪਣੇ ਹੱਥਾਂ ਨਾਲ ਕੰਮ-ਧੰਦੇ ਕਰਕੇ ਮਿਹਨਤ ਕਰਦੇ ਹਾਂ। ਜਦੋਂ ਸਾਨੂੰ ਸਰਾਪ ਮਿਲਦੇ ਹਨ, ਤਾਂ ਅਸੀਂ ਅਸੀਸ ਦਿੰਦੇ ਹਾਂ; ਜਦੋਂ ਸਾਨੂੰ ਸਤਾਉਂਦੇ ਹਨ ਤਾਂ ਅਸੀਂ ਸਹਿਣ ਕਰਦੇ ਹਾਂ। 13ਜਦੋਂ ਸਾਡੀ ਨਿੰਦਿਆ ਕੀਤੀ ਜਾਂਦੀ ਹੈ, ਤਾਂ ਅਸੀਂ ਨਿਮਰਤਾ ਨਾਲ ਉੱਤਰ ਦਿੰਦੇ ਹਾਂ। ਇਸ ਪਲ ਤੱਕ ਅਸੀਂ ਸੰਸਾਰ ਦੀ ਮੈਲ ਅਤੇ ਸਭਨਾਂ ਲਈ ਕੂੜਾ ਕਰਕਟ ਬਣੇ ਹੋਏ ਹਾਂ।
ਪੌਲੁਸ ਦੀ ਬੇਨਤੀ ਅਤੇ ਚੇਤਾਵਨੀ
14ਇਹ ਗੱਲਾਂ ਮੈਂ ਤੁਹਾਨੂੰ ਸ਼ਰਮਿੰਦਾ ਕਰਨ ਲਈ ਨਹੀਂ ਪਰ ਆਪਣੇ ਪਿਆਰੇ ਬਾਲਕਾਂ ਦੀ ਤਰ੍ਹਾਂ ਸਮਝਾਉਣ ਲਈ ਲਿਖ ਰਿਹਾ ਹਾਂ। 15ਭਾਵੇਂ ਮਸੀਹ ਵਿੱਚ#4:15 ਮਸੀਹ ਵਿੱਚ ਤੁਹਾਡੇ ਮਸੀਹ ਜੀਵਨ ਵਿੱਚ ਤੁਹਾਡੇ ਦਸ ਹਜ਼ਾਰ ਉਸਤਾਦ ਹੋਣ, ਪਰ ਪਿਤਾ ਬਹੁਤੇ ਨਹੀਂ ਹਨ, ਮਸੀਹ ਯਿਸ਼ੂ ਦੇ ਵਿੱਚ ਖੁਸ਼ਖ਼ਬਰੀ ਦੇ ਵਸੀਲੇ ਨਾਲ ਮੈਂ ਹੀ ਤੁਹਾਡਾ ਪਿਤਾ ਹਾਂ। 16ਇਸ ਲਈ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਤੁਸੀਂ ਮੇਰੀ ਰੀਸ ਕਰੋ।#4:16 1 ਥੱਸ 2:1-9 17ਇਸ ਕਰਕੇ ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਭੇਜਿਆ, ਜਿਹੜਾ ਪ੍ਰਭੂ ਵਿੱਚ ਮੇਰਾ ਪਿਆਰਾ, ਵਿਸ਼ਵਾਸਯੋਗ ਪੁੱਤਰ ਹੈ। ਉਹ ਤੁਹਾਨੂੰ ਮਸੀਹ ਯਿਸ਼ੂ ਵਿੱਚ ਮੇਰੇ ਜੀਵਨ ਦੇ ਤੌਰ ਤਰੀਕੇ ਨੂੰ ਯਾਦ ਕਰਾਵੇਗਾ, ਜੋ ਇਸ ਗੱਲ ਵਿੱਚ ਸਹਿਮਤ ਹੈ ਮੈਂ ਹਰ ਇੱਕ ਕਲੀਸਿਆ ਵਿੱਚ ਅਤੇ ਹਰ ਜਗ੍ਹਾ ਤੇ ਕੀ ਸਿਖਾਉਂਦਾ ਹਾਂ।
18ਕਈ ਤੁਹਾਡੇ ਵਿੱਚੋਂ ਹੰਕਾਰੀ ਬਣ ਗਏ ਹਨ, ਜਿਵੇਂ ਮੈਂ ਤੁਹਾਡੇ ਕੋਲ ਨਹੀਂ ਆਵਾਂਗਾ। 19ਪਰ ਮੈਂ ਤੁਹਾਡੇ ਕੋਲ ਜਲਦੀ ਹੀ ਆਵਾਂਗਾ, ਅਗਰ ਪ੍ਰਭੂ ਦੀ ਇੱਛਾ ਹੋਈ, ਅਤੇ ਫਿਰ ਮੈਂ ਇਹਨਾਂ ਹੰਕਾਰਿਆਂ ਹੋਇਆ ਲੋਕਾਂ ਦੀਆ ਗੱਲਾਂ ਨੂੰ ਨਹੀਂ ਸਗੋਂ ਇਹ ਵੀ ਪਤਾ ਲਗਾਵਾਂਗਾ, ਕਿ ਇਹਨਾਂ ਕੋਲ ਕਿਹੜੀ ਸ਼ਕਤੀ ਹੈ। 20ਕਿਉਂਕਿ ਪਰਮੇਸ਼ਵਰ ਦਾ ਰਾਜ ਗੱਲਾਂ ਵਿੱਚ ਨਹੀਂ, ਪਰ ਪਰਮੇਸ਼ਵਰ ਦੀ ਸਮਰੱਥ ਵਿੱਚ ਹੈ।#4:20 ਰੋਮਿ 14:17 21ਤੁਸੀਂ ਕੀ ਚਾਹੁੰਦੇ ਹੋ? ਕਿ ਮੈਂ ਤੁਹਾਡੇ ਕੋਲ ਸੋਟੀ ਫੜ੍ਹ ਕੇ ਆਵਾਂ, ਜਾਂ ਪਿਆਰ ਅਤੇ ਨਮਰ ਆਤਮਾ ਨਾਲ?