14
ਭਵਿੱਖਬਾਣੀ ਅਤੇ ਗ਼ੈਰ-ਭਾਸ਼ਾ
1ਪਿਆਰ ਵਿੱਚ ਚੱਲੋ ਅਤੇ ਆਤਮਿਕ ਵਰਦਾਨਾਂ ਦੀ ਇੱਛਾ ਰੱਖੋ, ਖਾਸ ਕਰਕੇ ਭਵਿੱਖਬਾਣੀਆ ਦੀ। 2ਜਿਹੜਾ ਗ਼ੈਰ-ਭਾਸ਼ਾ ਬੋਲਦਾ ਹੈ ਉਹ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ਵਰ ਨਾਲ ਗੱਲਾਂ ਕਰਦਾ ਹੈ। ਇਸ ਲਈ ਕੋਈ ਨਹੀਂ ਸਮਝਦਾ ਪਰ ਪਵਿੱਤਰ ਆਤਮਾ ਵਿੱਚ ਭੇਤ ਦੀਆ ਗੱਲਾਂ ਕਰਦਾ ਹੈ। 3ਪਰ ਜਿਹੜਾ ਭਵਿੱਖਬਾਣੀ ਕਰਦਾ ਹੈ ਉਹ ਲੋਕਾਂ ਨਾਲ ਲਾਭ ਅਤੇ ਉਪਦੇਸ਼, ਤਸੱਲੀ ਦੀਆਂ ਗੱਲਾਂ ਕਰਦਾ ਹੈ। 4ਜਿਹੜਾ ਗ਼ੈਰ-ਭਾਸ਼ਾ ਬੋਲਦਾ ਹੈ ਉਹ ਆਪ ਹੀ ਲਾਭ ਲੈਂਦਾ ਹੈ, ਪਰ ਜਿਹੜਾ ਭਵਿੱਖਬਾਣੀ ਕਰਦਾ ਹੈ ਉਹ ਸਾਰੀ ਕਲੀਸਿਆ ਨੂੰ ਵੀ ਮਜ਼ਬੂਤ ਬਣਾਉਂਦਾ ਹੈ। 5ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਗ਼ੈਰ-ਭਾਸ਼ਾ ਬੋਲੋ, ਪਰ ਇਸ ਤੋਂ ਵਧੀਆ ਤੇ ਇਹ ਹੋਵੇਗਾ, ਕਿ ਤੁਸੀਂ ਭਵਿੱਖਬਾਣੀਆ ਕਰੋ। ਜਿਹੜਾ ਗ਼ੈਰ-ਭਾਸ਼ਾ ਬੋਲਣ ਵਾਲਾ ਹੈ ਜੇ ਉਹ ਅਰਥ ਨਾ ਦੱਸੇ, ਜਿਸ ਤੋਂ ਸਾਰੀ ਕਲੀਸਿਆ ਮਜ਼ਬੂਤ ਹੋਵੇ ਤਾਂ ਭਵਿੱਖਬਾਣੀਆ ਕਰਨ ਵਾਲਾ ਉਸ ਨਾਲੋਂ ਉੱਤਮ ਹੈ।
6ਹੁਣ ਭਰਾਵੋ ਅਤੇ ਭੈਣੋ, ਜੇ ਮੈਂ ਗ਼ੈਰ-ਭਾਸ਼ਾ ਬੋਲਦਾ ਹੋਇਆ ਤੁਹਾਡੇ ਕੋਲ ਆਵਾਂ, ਅਤੇ ਪ੍ਰਕਾਸ਼ ਜਾਂ ਗਿਆਨ ਜਾਂ ਭਵਿੱਖਬਾਣੀ ਜਾਂ ਸਿੱਖਿਆ ਦੀ ਗੱਲ ਤੁਹਾਡੇ ਨਾਲ ਨਾ ਕਰਾ ਤਾਂ ਮੇਰੇ ਤੋਂ ਤੁਹਾਨੂੰ ਕੀ ਲਾਭ ਹੋਵੇਗਾ? 7ਉਹ ਵਸਤਾਂ ਜਿਨ੍ਹਾਂ ਦੇ ਵਿੱਚ ਜਾਨ ਨਹੀਂ ਹੈ ਜਿਹੜੀਆਂ ਆਵਾਜ਼ ਦਿੰਦੀਆਂ ਹਨ ਭਾਵੇਂ ਬੰਸਰੀ ਭਾਵੇਂ ਸਿਤਾਰ ਜੇ ਉਹਨਾਂ ਦੀਆਂ ਸੁਰਾਂ ਵਿੱਚ ਭੇਦ ਨਾ ਹੋਵੇ ਤਾਂ ਕਿਵੇਂ ਪਤਾ ਲੱਗੇਗਾ ਜੋ ਕੀ ਵਜਾਇਆ ਜਾਂਦਾ ਹੈ? 8ਜੇ ਤੁਰ੍ਹੀ ਬੇ ਟਿਕਾਣੇ ਆਵਾਜ਼ ਦੇਵੇ ਤਾਂ ਕੌਣ ਲੜਾਈ ਲਈ ਤਿਆਰ ਹੋਵੇਗਾ? 9ਇਸੇ ਤਰ੍ਹਾਂ ਤੁਹਾਡੇ ਨਾਲ ਵੀ, ਜੇ ਤੁਸੀਂ ਸਾਫ਼ ਗੱਲ ਆਪਣੀ ਜ਼ੁਬਾਨ ਤੋਂ ਨਾ ਬੋਲੋ, ਤਾਂ ਕਿਵੇਂ ਸਮਝਿਆ ਜਾਵੇਗਾ ਜੋ ਤੁਸੀਂ ਕੀ ਬੋਲ ਰਹੇ ਹੋ? ਤੁਸੀਂ ਹਵਾ ਨਾਲ ਗੱਲਾਂ ਕਰਨ ਵਾਲੇ ਹੋਵੇਗੇ। 10ਸੰਸਾਰ ਵਿੱਚ ਬਹੁਤ ਸਾਰੀਆਂ ਵੱਖਰੀਆਂ ਭਾਸ਼ਾਵਾਂ ਹਨ, ਅਤੇ ਉਹਨਾਂ ਵਿੱਚੋਂ ਕੋਈ ਵੀ ਬਿਨ੍ਹਾਂ ਮਤਲਬ ਦੇ ਨਹੀਂ ਹਨ। 11ਪਰ ਜੇ ਮੈਂ ਉਸ ਭਾਸ਼ਾ ਨੂੰ ਨਹੀਂ ਸਮਝਦਾ ਜਿਹੜੀ ਬੋਲੀ ਜਾ ਰਹੀ ਹੈ, ਤਾਂ ਮੈਂ ਬੋਲਣ ਵਾਲੇ ਲਈ ਅਜੀਬ ਹੋਵਾਗਾ, ਅਤੇ ਬੋਲਣ ਵਾਲਾ ਮੇਰੇ ਲਈ ਅਜੀਬ ਹੋਵਾਗਾ। 12ਇਸੇ ਤਰ੍ਹਾਂ ਤੁਹਾਡੇ ਨਾਲ ਵੀ ਹੈ, ਜਦੋਂ ਤੁਸੀਂ ਆਤਮਿਕ ਵਰਦਾਨਾ ਦੀ ਭਾਲ ਕਰਦੇ ਹੋ, ਤਾਂ ਜਤਨ ਕਰੋ ਜੋ ਸਾਰੀ ਕਲੀਸਿਆ ਦੀ ਮਜ਼ਬੂਤੀ ਦੇ ਲਈ ਹੋਵੇ।
13ਇਸ ਲਈ ਜੋ ਗ਼ੈਰ-ਭਾਸ਼ਾ ਬੋਲਦਾ ਹੈ ਪ੍ਰਾਰਥਨਾ ਕਰੇ ਤਾਂ ਜੋ ਇਸ ਦਾ ਅਨੁਵਾਦ ਹੋ ਸਕੇ ਜੋ ਉਹ ਕੀ ਬੋਲਦਾ ਹੈ। 14ਜੇ ਮੈਂ ਗ਼ੈਰ-ਭਾਸ਼ਾ ਵਿੱਚ ਪ੍ਰਾਰਥਨਾ ਕਰਾ ਤਾਂ ਮੇਰਾ ਆਤਮਾ ਪ੍ਰਾਰਥਨਾ ਕਰਦਾ ਹੈ ਪਰ ਮੇਰੀ ਸਮਝ ਨਿਸ਼ਫਲ ਹੈ। 15ਤਾਂ ਮੈਂ ਕੀ ਕਰਾਂਗਾ? ਮੈਂ ਆਤਮਾ ਵਿੱਚ ਪ੍ਰਾਰਥਨਾ ਕਰਾਂਗਾ, ਪਰ ਮੈਂ ਸਮਝ ਨਾਲ ਵੀ ਪ੍ਰਾਰਥਨਾ ਕਰਾਂਗਾ; ਮੈਂ ਆਪਣੀ ਆਤਮਾ ਨਾਲ ਗਾਵਾਂਗਾ, ਪਰ ਮੈਂ ਸਮਝ ਨਾਲ ਵੀ ਗਾਵਾਂਗਾ। 16ਨਹੀਂ ਤਾਂ ਜਦੋਂ ਤੁਸੀਂ ਆਤਮਾ ਵਿੱਚ ਉਸਤਤ ਕਰਦੇ ਹੋ, ਤਾਂ ਜਿਹੜਾ ਅਣਜਾਣ ਤੁਹਾਡੇ ਕੋਲ ਬੈਠਾ ਹੋਇਆ ਹੈ, ਜਦੋਂ ਉਹ ਨਹੀਂ ਜਾਣਦਾ ਜੋ ਤੁਸੀਂ ਕੀ ਬੋਲ ਰਹੇ ਹੋ ਤਾਂ ਉਹ ਤੁਹਾਡੇ ਧੰਨਵਾਦ ਕਰਨ ਤੇ, “ਆਮੀਨ” ਕਿਵੇਂ ਆਖੇਗਾ? 17ਤੁਸੀਂ ਤਾਂ ਧੰਨਵਾਦ ਚੰਗੀ ਤਰ੍ਹਾਂ ਨਾਲ ਕਰਦੇ ਹੋ, ਪਰ ਦੂਸਰੇ ਦੀ ਕੋਈ ਮਜ਼ਬੂਤੀ ਨਹੀਂ ਹੁੰਦੀ।
18ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਕਿ ਤੁਹਾਡੇ ਸਾਰਿਆ ਨਾਲੋਂ ਜ਼ਿਆਦਾ ਗ਼ੈਰ-ਭਾਸ਼ਾ ਬੋਲਦਾ ਹਾਂ। 19ਫਿਰ ਵੀ ਪੰਜ ਗੱਲਾਂ ਕਲੀਸਿਆ ਵਿੱਚ ਆਪਣੀ ਸਮਝ ਨਾਲ ਬੋਲਦਾ ਹਾਂ ਤਾਂ ਕਿ ਹੋਰਨਾਂ ਨੂੰ ਸਿਖਾਵਾਂ ਇਹ ਮੈਨੂੰ ਇਸ ਨਾਲੋਂ ਜ਼ਿਆਦਾ ਪਸੰਦ ਹੈ ਜੋ ਦਸ ਹਜ਼ਾਰ ਗੱਲਾਂ ਗ਼ੈਰ-ਭਾਸ਼ਾ ਵਿੱਚ ਬੋਲਾਂ।
20ਹੇ ਭਰਾਵੋ ਅਤੇ ਭੈਣੋ, ਬੱਚਿਆਂ ਵਾਂਗ ਸੋਚਣਾ ਬੰਦ ਕਰ ਦਿਓ। ਬੁਰਿਆਈ ਵਿੱਚ ਬੱਚੇ ਹੀ ਬਣੇ ਰਹੋ, ਪਰ ਬੁੱਧ ਵਿੱਚ ਸਿਆਣੇ ਬਣ ਕੇ ਰਹੋ। 21ਬਿਵਸਥਾ ਵਿੱਚ ਲਿਖਿਆ ਹੋਇਆ ਹੈ:
“ਮੈਂ ਗ਼ੈਰ-ਭਾਸ਼ਾ ਬੋਲਣ ਵਾਲੇ
ਅਤੇ ਅਣਜਾਣ ਲੋਕਾਂ ਦੇ ਬੁੱਲ੍ਹਾਂ ਦੇ ਦੁਆਰਾ
ਇਨ੍ਹਾਂ ਲੋਕਾਂ ਨਾਲ ਬੋਲਾਂਗਾ,
ਪਰ ਉਹ ਮੇਰੀ ਨਾ ਸੁਣਨਗੇ,
ਇਹ ਪ੍ਰਭੂ ਦਾ ਵਚਨ ਹੈ।”#14:21 ਯਸ਼ਾ 28:11-12
22ਗ਼ੈਰ-ਭਾਸ਼ਾ, ਵਿਸ਼ਵਾਸੀਆ ਲਈ ਨਹੀਂ ਸਗੋਂ ਅਵਿਸ਼ਵਾਸੀਆਂ ਲਈ ਇੱਕ ਨਿਸ਼ਾਨੀ ਹੈ; ਭਵਿੱਖਬਾਣੀ ਅਵਿਸ਼ਵਾਸੀਆਂ ਲਈ ਨਹੀਂ ਸਗੋਂ ਵਿਸ਼ਵਾਸੀਆ ਲਈ ਹੈ। 23ਇਸ ਲਈ ਸਾਰੀ ਕਲੀਸਿਆ ਇੱਕ ਜਗ੍ਹਾ ਇਕੱਠੀ ਹੋ ਜਾਵੇ ਅਤੇ ਸਾਰੇ ਗ਼ੈਰ-ਭਾਸ਼ਾ ਬੋਲਣ, ਜੇ ਉਸ ਜਗ੍ਹਾ ਅਵਿਸ਼ਵਾਸੀ ਅੰਦਰ ਆ ਜਾਣ ਤਾਂ ਕੀ ਉਹ ਇਹ ਨਹੀਂ ਆਖਣਗੇ ਤੁਸੀਂ ਪਾਗਲ ਹੋ ਗਏ ਹੋ। 24ਪਰ ਜੇ ਸਾਰੇ ਭਵਿੱਖਬਾਣੀ ਬੋਲਣ ਅਤੇ ਕੋਈ ਅਵਿਸ਼ਵਾਸੀ ਅਥਵਾ ਕੋਈ ਅਜਨਬੀ ਅੰਦਰ ਆ ਜਾਵੇਂ, ਤਾਂ ਉਹਨਾਂ ਨੂੰ ਪਾਪ ਦਾ ਦੋਸ਼ੀ ਠਹਿਰਾਇਆ ਜਾਵੇਗਾ ਅਤੇ ਤੁਹਾਡੀ ਗੱਲ ਦੁਆਰਾ ਉਸ ਦਾ ਨਿਆਂ ਕੀਤਾ ਜਾਵੇਗਾ। 25ਉਹਨਾਂ ਦੇ ਮਨਾਂ ਦੀਆਂ ਗੁਪਤ ਗੱਲਾਂ ਪ੍ਰਗਟ ਹੋਣਗੀਆਂ। ਅਤੇ ਉਹ ਝੁਕ ਕੇ ਜਿਉਂਦੇ ਪਰਮੇਸ਼ਵਰ ਦੀ ਮਹਿਮਾ ਕਰਨਗੇ, ਅਤੇ ਆਖਣਗੇ, “ਪਰਮੇਸ਼ਵਰ ਸੱਚ-ਮੁੱਚ ਤੁਹਾਡੇ ਵਿੱਚ ਹੈ!”
ਅਰਾਧਨਾ ਵਿੱਚ ਅਨੁਸ਼ਾਸਨ
26ਸੋ ਭਰਾਵੋ ਅਤੇ ਭੈਣੋ, ਅਸੀਂ ਕੀ ਆਖੀਏ? ਜਦੋਂ ਤੁਸੀਂ ਕਲੀਸਿਆ ਵਿੱਚ ਅਰਾਧਨਾ ਲਈ ਇਕੱਠੇ ਹੁੰਦੇ ਹੋ, ਕਿਸੇ ਦੇ ਕੋਲ ਭਜਨ, ਕਿਸੇ ਦੇ ਕੋਲ ਸਿੱਖਿਆ, ਕਿਸੇ ਕੋਲ ਪ੍ਰਕਾਸ਼ਨ, ਕਿਸੇ ਕੋਲ ਗ਼ੈਰ-ਭਾਸ਼ਾ, ਕਿਸੇ ਕੋਲੋ ਗ਼ੈਰ-ਭਾਸ਼ਾ ਦਾ ਅਨੁਵਾਦ ਹੈ। ਇਹ ਸਭ ਕੁਝ ਹੋਵੇ ਤਾਂ ਜੋ ਕਲੀਸਿਆ ਮਜ਼ਬੂਤ ਹੋ ਸਕੇ। 27ਜੇ ਕੋਈ ਗ਼ੈਰ-ਭਾਸ਼ਾ ਬੋਲੇ ਤਾਂ ਦੋ ਜਾਂ ਵੱਧ ਤੋਂ ਵੱਧ ਤਿੰਨ ਵਿਅਕਤੀ ਹੀ ਬੋਲਣ ਅਤੇ ਇੱਕ ਵਿਅਕਤੀ ਇਸ ਦਾ ਅਨੁਵਾਦ ਕਰੇ। 28ਪਰ ਜੇ ਕੋਈ ਇਸ ਦਾ ਅਨੁਵਾਦ ਕਰਨ ਵਾਲਾ ਨਾ ਹੋਵੇ, ਤਾਂ ਕਲੀਸਿਆ ਵਿੱਚ ਬੋਲਣ ਵਾਲਾ ਚੁੱਪ ਹੀ ਰਹੇ, ਅਤੇ ਉਹ ਆਪਣੇ ਅਤੇ ਪਰਮੇਸ਼ਵਰ ਨਾਲ ਬੋਲੇ।
29ਨਬੀਆਂ ਵਿੱਚੋਂ ਦੋ ਜਾਂ ਤਿੰਨ ਵਿਅਕਤੀ ਬੋਲਣ ਅਤੇ ਬਾਕੀ ਪਰਖ ਕਰਨ ਜੋ ਕੀ ਬੋਲਦੇ ਹਨ। 30ਅਤੇ ਜੇ ਕਿਸੇ ਉੱਤੇ ਜੋ ਕੋਲ ਬੈਠਾ ਹੋਇਆ ਹੈ ਪ੍ਰਕਾਸ਼ਨ ਹੋਵੇ, ਤਾਂ ਪਹਿਲਾਂ ਬੋਲਣ ਵਾਲਾ ਚੁੱਪ ਹੀ ਰਹੇ। 31ਕਿਉਂ ਜੋ ਤੁਸੀਂ ਇੱਕ-ਇੱਕ ਕਰਕੇ ਭਵਿੱਖਬਾਣੀ ਕਰ ਸਕਦੇ ਹੋ ਤਾਂ ਜੋ ਸਾਰੇ ਸਿੱਖਣ ਅਤੇ ਸਾਰੇ ਦਿਲਾਸਾ ਪਾਉਣ। 32ਨਬੀਆਂ ਦੇ ਆਤਮੇ ਨਬੀਆਂ ਦੇ ਵੱਸ ਵਿੱਚ ਹਨ। 33ਕਿਉਂਕਿ ਪਰਮੇਸ਼ਵਰ ਗੜਬੜੀ ਦਾ ਨਹੀਂ ਸਗੋਂ ਸ਼ਾਂਤੀ ਦਾ ਪਰਮੇਸ਼ਵਰ ਹੈ। ਜਿਵੇਂ ਕਿ ਪ੍ਰਭੂ ਦੀਆ ਸਾਰੀਆਂ ਪਵਿੱਤਰ ਕਲੀਸਿਆ ਵਿੱਚ ਹੈ।
34ਔਰਤਾਂ ਕਲੀਸਿਆ ਵਿੱਚ ਚੁੱਪ ਰਹਿਣ। ਕਿਉਂ ਜੋ ਉਹਨਾਂ ਨੂੰ ਬੋਲਣ ਦੀ ਆਗਿਆ ਨਹੀਂ ਹੈ, ਸਗੋਂ ਉਹ ਅਧੀਨ ਰਹਿਣ ਜਿਵੇਂ ਬਿਵਸਥਾ ਵੀ ਕਹਿੰਦੀ ਹੈ। 35ਅਤੇ ਜੇ ਉਹ ਕੁਝ ਪੁੱਛਣਾ ਚਾਹੁੰਦੀਆਂ ਹਨ, ਤਾਂ ਘਰ ਵਿੱਚ ਆਪਣੇ ਪਤੀਆਂ ਨੂੰ ਪੁੱਛਣ ਕਿਉਂ ਜੋ ਔਰਤ ਦੇ ਲਈ ਕਲੀਸਿਆ ਵਿੱਚ ਇੱਕ ਦੂਸਰੇ ਨੂੰ ਬੋਲਣਾ ਸਹੀ ਨਹੀਂ ਹੈ।
36ਕਿ ਪਰਮੇਸ਼ਵਰ ਦਾ ਬਚਨ ਤੁਹਾਡੇ ਵਿੱਚੋਂ ਨਿੱਕਲਿਆ? ਜਾਂ ਫਿਰ ਤੁਸੀਂ ਹੀ ਉਹ ਲੋਕ ਹੋ ਜਿਨ੍ਹਾ ਤੱਕ ਪਹੁੰਚਿਆ? 37ਜੇ ਕੋਈ ਆਪਣੇ ਆਪ ਨੂੰ ਨਬੀ ਸਮਝੇ ਜਾਂ ਆਤਮਿਕ ਸਮਝੇ ਤਾਂ, ਤਾਂ ਉਹ ਇਹ ਜਾਣ ਲਵੇ ਕਿ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਲਿਖਦਾ ਹਾਂ ਉਹ ਪ੍ਰਭੂ ਦਾ ਹੁਕਮ ਹੈ। 38ਪਰ ਜੇ ਕੋਈ ਇਨ੍ਹਾਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰੇ, ਤਾਂ ਉਹਨਾਂ ਨਾਲ ਵੀ ਇਸ ਤਰ੍ਹਾਂ ਹੋਵੇਗਾ।
39ਇਸ ਲਈ ਮੇਰੇ ਭਰਾਵੋ ਤੇ ਭੈਣੋ ਭਵਿੱਖਬਾਣੀ ਕਰਨ ਦੀ ਇੱਛਾ ਰੱਖੋ, ਅਤੇ ਗ਼ੈਰ-ਭਾਸ਼ਾ ਬੋਲਣ ਤੋਂ ਨਾ ਰੁਕੋ। 40ਪਰ ਸਭ ਕੁਝ ਢੰਗ ਅਤੇ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ।