2 ਕੁਰਿੰਥੀਆਂ 8

8
ਪਰਮੇਸ਼ਵਰ ਦੇ ਲੋਕਾਂ ਲਈ ਦਾਨ
1ਹੇ ਭਰਾਵੋ ਅਤੇ ਭੈਣੋ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪਰਮੇਸ਼ਵਰ ਦੀ ਉਸ ਕਿਰਪਾ ਨੂੰ ਜਾਣੋ ਜਿਹੜੀ ਮਕਦੂਨਿਯਾ ਦੀ ਕਲੀਸਿਆ ਉੱਤੇ ਹੋਈ ਹੈ। 2ਇੱਕ ਬਹੁਤ ਹੀ ਸਖ਼ਤ ਅਜ਼ਮਾਇਸ਼ ਦੇ ਦੌਰਾਨ, ਉਹਨਾਂ ਦੀ ਬਹੁਤ ਜ਼ਿਆਦਾ ਖੁਸ਼ੀ ਅਤੇ ਉਹਨਾਂ ਦੀ ਭਾਰੀ ਗਰੀਬੀ ਨੇ ਉਹਨਾਂ ਦੀ ਅੱਤ ਵੱਡੀ ਖੁੱਲ੍ਹ ਦਿਲੀ ਨੂੰ ਵਧਾ ਦਿੱਤਾ। 3ਕਿਉਂਕਿ ਮੈਂ ਗਵਾਹੀ ਦਿੰਦਾ ਹਾਂ ਕਿ ਉਹਨਾਂ ਨੇ ਆਪਣੀ ਸਮਰੱਥ ਦੇ ਅਨੁਸਾਰ, ਇੱਥੋਂ ਤੱਕ ਕਿ ਆਪਣੀ ਯੋਗਤਾ ਤੋਂ ਵੀ ਵੱਧ ਕੇ ਦਾਨ ਦਿੱਤਾ ਅਤੇ ਇਹ ਉਹਨਾਂ ਨੇ ਆਪਣੀ ਇੱਛਾ ਨਾਲ ਦਿੱਤਾ। 4ਅਤੇ ਉਹਨਾਂ ਨੇ ਵੱਡੀ ਮਿੰਨਤਾ ਨਾਲ ਸਾਡੇ ਅੱਗੇ ਬੇਨਤੀ ਕੀਤੀ, ਅਸੀਂ ਵੀ ਉਸ ਕਿਰਪਾ ਦੇ ਕੰਮ ਅਤੇ ਉਸ ਸੇਵਾ ਵਿੱਚ ਜਿਹੜੀ ਪਰਮੇਸ਼ਵਰ ਦੇ ਲੋਕਾਂ ਲਈ ਹੈ ਸਹਾਇਤਾ ਕਰਨ ਲਈ ਭਾਗੀਦਾਰ ਹੋਈਏ। 5ਅਤੇ ਜਿਵੇਂ ਸਾਨੂੰ ਆਸ ਸੀ ਉਸ ਤਰ੍ਹਾਂ ਨਹੀਂ ਸਗੋਂ ਇਸ ਤੋਂ ਵੀ ਵੱਧ ਕੇ ਪਹਿਲਾਂ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਆਪਣੇ ਆਪ ਨੂੰ ਪ੍ਰਭੂ ਨੂੰ ਸੌਂਪ ਦਿੱਤਾ, ਅਤੇ ਫਿਰ ਪ੍ਰਭੂ ਦੀ ਮਰਜ਼ੀ ਨਾਲ ਸਾਨੂੰ ਵੀ। 6ਇਸ ਲਈ ਅਸੀਂ ਤੀਤੁਸ ਦੇ ਅੱਗੇ ਬੇਨਤੀ ਕੀਤੀ, ਜਿਸ ਤਰ੍ਹਾਂ ਉਸ ਨੇ ਅੱਗੇ ਸ਼ੁਰੂ ਕੀਤਾ ਸੀ, ਉਸੇ ਤਰ੍ਹਾਂ ਇਸ ਕਿਰਪਾ ਦੇ ਕੰਮ ਨੂੰ ਪੂਰਾ ਕਰੇ। 7ਪਰ ਜਿਵੇਂ ਤੁਸੀਂ ਵਿਸ਼ਵਾਸ, ਬਚਨ, ਗਿਆਨ, ਉਤਸ਼ਾਹ ਅਤੇ ਉਸ ਪਿਆਰ ਵਿੱਚ ਜੋ ਤੁਹਾਨੂੰ ਸਾਡੇ ਨਾਲ ਹੈ ਵੱਧ ਗਏ ਹੋ ਉਸੇ ਤਰ੍ਹਾਂ ਤੁਸੀਂ ਇਸ ਦਾਨ ਦੀ ਕਿਰਪਾ ਦੇ ਕੰਮ ਵਿੱਚ ਵੀ ਵੱਧਦੇ ਜਾਓ।
8ਮੈਂ ਤੁਹਾਨੂੰ ਇਹ ਹੁਕਮ ਦੇ ਤੌਰ ਨਹੀਂ ਕਹਿ ਰਿਹਾ, ਪਰ ਦੂਸਰਿਆ ਦੇ ਉਤਸ਼ਾਹ ਨਾਲ ਤੁਹਾਡੇ ਪਿਆਰ ਦੀ ਸਚਿਆਈ ਨੂੰ ਪਰਖਣ ਲਈ ਇਹ ਆਖਦਾ ਹਾਂ। 9ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ, ਭਾਵੇਂ ਕਿ ਉਹ ਧਨੀ ਸੀ, ਪਰ ਫਿਰ ਵੀ ਤੁਹਾਡੇ ਲਈ ਗਰੀਬ ਬਣਿਆ, ਤਾਕਿ ਤੁਸੀਂ ਉਸ ਦੀ ਗਰੀਬੀ ਤੋਂ ਧਨੀ ਬਣ ਜਾਓ।
10ਅਤੇ ਮੈਂ ਇਸ ਗੱਲ ਵਿੱਚ ਸਲਾਹ ਦਿੰਦਾ ਹਾਂ ਕਿ ਇਹੋ ਤੁਹਾਡੇ ਲਈ ਚੰਗਾ ਹੈ, ਪਿਛਲੇ ਸਾਲ ਤੁਸੀਂ ਦੇਣ ਲਈ ਹੀ ਨਹੀਂ ਪਰ ਅਜਿਹਾ ਕਰਨ ਦੀ ਇੱਛਾ ਰੱਖਣ ਵਿੱਚ ਵੀ ਪਹਿਲੇ ਸੀ। 11ਇਸ ਲਈ ਜੋ ਕੰਮ ਸ਼ੁਰੂ ਕੀਤਾ ਹੈ ਉਸ ਨੂੰ ਪੂਰਾ ਕਰੋ, ਜਿਸ ਤਰ੍ਹਾਂ ਇੱਛਾ ਕਰਨ ਦੀ ਤਿਆਰੀ ਸੀ ਉਸੇ ਤਰ੍ਹਾਂ ਆਪਣੇ ਵਾਧੇ ਦੇ ਅਨੁਸਾਰ ਸਿਰੇ ਚਾੜਨਾ ਵੀ ਹੋਵੇ। 12ਜੇ ਕਿਸੇ ਕੋਲ ਦਾਨ ਦੇਣ ਦੀ ਇੱਛਾ ਹੈ, ਤਾਂ ਜੋ ਕੁਝ ਉਸ ਦੇ ਕੋਲ ਹੈ, ਉਸ ਦੇ ਅਨੁਸਾਰ ਉਸ ਦਾ ਦਾਨ ਪਰਵਾਨ ਹੁੰਦਾ ਹੈ, ਨਾ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ ਹੈ।
13ਕਿਉਂ ਜੋ ਸਾਡੀ ਇੱਛਾ ਇਹ ਨਹੀਂ ਹੈ ਕਿ ਹੋਰਨਾਂ ਨੂੰ ਸੌਖਾ ਅਤੇ ਤੁਹਾਨੂੰ ਔਖਾ ਹੋਵੇ, ਪਰ ਇਹ ਕਿ ਸਮਾਨਤਾ ਹੋ ਸਕੇ। 14ਵਰਤਮਾਨ ਸਮੇਂ ਵਿੱਚ ਤੁਹਾਡਾ ਬਹੁਤ ਸਾਰਾ ਉਹਨਾਂ ਦੀ ਜ਼ਰੂਰਤ ਪੂਰੀ ਕਰ ਸਕੇ, ਤਾਂ ਜੋ ਬਦਲੇ ਵਿੱਚ ਉਹਨਾਂ ਦੀ ਬਹੁਤਾਤ ਤੁਹਾਡੀ ਜ਼ਰੂਰਤ ਨੂੰ ਪੂਰਾ ਕਰੇ। ਤਾਕਿ ਦੋਨੋ ਹੀ ਬਰਾਬਰ ਹੋ ਸਕਣ, 15ਜਿਵੇਂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ: “ਜਿਸ ਨੇ ਵੱਧ ਇਕੱਠਾ ਕੀਤਾ ਸੀ ਉਸਦਾ ਵੱਧ ਨਾ ਨਿੱਕਲਿਆ, ਅਤੇ ਜਿਸ ਨੇ ਥੋੜ੍ਹਾ ਇਕੱਠਾ ਕੀਤਾ ਸੀ ਉਸਦਾ ਘੱਟ ਨਾ ਨਿੱਕਲਿਆ।”
ਤੀਤੁਸ ਅਤੇ ਉਸ ਦੇ ਸਹਿ-ਕਰਮੀ
16ਧੰਨਵਾਦ ਹੈ ਪਰਮੇਸ਼ਵਰ ਦਾ ਜਿਹੜਾ ਤੀਤੁਸ ਦੇ ਦਿਲ ਵਿੱਚ ਤੁਹਾਡੇ ਲਈ ਇਹੋ ਜਿਹਾ ਉਤਸ਼ਾਹ ਪਾਉਂਦਾ ਹੈ। 17ਕਿਉਂਕਿ ਉਸ ਨੇ ਸਿਰਫ ਸਾਡੀ ਬੇਨਤੀ ਹੀ ਨਹੀਂ ਸਵੀਕਾਰ ਕੀਤੀ, ਸਗੋਂ ਉਹ ਵੱਡੇ ਉਤਸ਼ਾਹ ਨਾਲ ਆਪਣੇ ਆਪ ਹੀ ਤੁਹਾਡੇ ਕੋਲ ਆਉਣ ਨੂੰ ਬਹੁਤ ਕਾਹਲਾ ਹੈ। 18ਅਤੇ ਉਸ ਦੇ ਨਾਲ ਉਸ ਭਰਾ ਨੂੰ ਭੇਜ ਰਹੇ ਹਾਂ ਜਿਸ ਦਾ ਮਾਣ ਖੁਸ਼ਖ਼ਬਰੀ ਦੇ ਵਿਖੇ ਸਾਰੀਆਂ ਕਲੀਸਿਆ ਵਿੱਚ ਹੁੰਦਾ ਹੈ। 19ਪਰ ਕੇਵਲ ਇਹੋ ਨਹੀਂ, ਉਸ ਨੂੰ ਕਲੀਸਿਆ ਦੁਆਰਾ ਚੁਣਿਆ ਗਿਆ ਸੀ ਤਾਕਿ ਉਹ ਸਾਡੇ ਨਾਲ ਇਸ ਨੇਕ ਕਾਰਜ ਲਈ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਸਾਡੇ ਨਾਲ ਯਾਤਰਾ ਕਰ ਸਕੇ ਤਾਂ ਜੋ ਪ੍ਰਭੂ ਦੀ ਵਡਿਆਈ, ਨਾਲੇ ਸਾਡੇ ਮਨ ਦੀ ਤਿਆਰੀ ਪ੍ਰਗਟ ਹੋਵੇ। 20ਕਿਉਂਕਿ ਅਸੀਂ ਸਾਵਧਾਨ ਰਹਿੰਦੇ ਹਾਂ ਇਸ ਵੱਡੀ ਦਾਤ ਦੇ ਵਿਖੇ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਕੋਈ ਸਾਡੇ ਉੱਤੇ ਦੋਸ਼ ਨਾ ਲਾਵੇ। 21ਕਿਉਂ ਜੋ ਜਿਹੜੀਆਂ ਗੱਲਾਂ ਕੇਵਲ ਪ੍ਰਭੂ ਦੇ ਸਨਮੁਖ ਹੀ ਨਹੀਂ ਸਗੋਂ ਮਨੁੱਖਾਂ ਦੇ ਸਨਮੁਖ ਵੀ ਚੰਗੀਆਂ ਹਨ ਅਸੀਂ ਉਹਨਾਂ ਦਾ ਧਿਆਨ ਰੱਖਦੇ ਹਾਂ।
22ਇਸ ਤੋਂ ਇਲਾਵਾ, ਅਸੀਂ ਉਹਨਾਂ ਦੇ ਨਾਲ ਆਪਣੇ ਭਰਾ ਨੂੰ ਭੇਜ ਰਹੇ ਹਾਂ ਜਿਸ ਨੂੰ ਅਕਸਰ ਅਸੀਂ ਬਹੁਤ ਸਾਰੀਆਂ ਗੱਲਾਂ ਵਿੱਚ ਪਰਖਿਆ ਅਤੇ ਉਸ ਨੂੰ ਉੱਦਮੀ ਵੇਖਿਆ ਹੈ, ਅਤੇ ਹੁਣ ਉਸ ਵੱਡੇ ਭਰੋਸੇ ਦੇ ਕਾਰਨ ਜਿਹੜਾ ਉਸ ਨੂੰ ਤੁਹਾਡੇ ਉੱਤੇ ਹੈ ਉਹ ਹੋਰ ਵੀ ਬਹੁਤ ਉੱਦਮੀ ਜਾਪਦਾ ਹੈ। 23ਜੇ ਕੋਈ ਤੀਤੁਸ ਬਾਰੇ ਪੁੱਛੇ, ਉਹ ਤੁਹਾਡੀ ਸੇਵਾ ਵਿੱਚ ਮੇਰਾ ਸਾਥੀ ਅਤੇ ਸਹਿ-ਕਰਮੀ ਹੈ; ਅਤੇ ਸਾਡੇ ਬਾਕੀ ਭਰਾ, ਉਹ ਕਲੀਸਿਆ ਦੇ ਭੇਜੇ ਹੋਏ ਅਤੇ ਮਸੀਹ ਦੀ ਮਹਿਮਾ ਹਨ। 24ਇਸ ਲਈ ਤੁਸੀਂ ਕਲੀਸਿਆ ਦੇ ਸਾਹਮਣੇ ਇਹਨਾਂ ਮਨੁੱਖਾਂ ਨੂੰ ਆਪਣੇ ਪਿਆਰ ਦਾ ਪ੍ਰਮਾਣ ਦਿਓ, ਅਤੇ ਉਸ ਮਾਣ ਦਾ ਜਿਹੜਾ ਅਸੀਂ ਤੁਹਾਡੇ ਨਾਲ ਕਰਦੇ ਹਾਂ।

Айни замон обунашуда:

2 ਕੁਰਿੰਥੀਆਂ 8: PCB

Лаҳзаҳои махсус

Нусха

Муқоиса

Паҳн кунед

None

Want to have your highlights saved across all your devices? Sign up or sign in